ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ ੧ ਪਹਰੇ ਘਰੁ ੧ ॥
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥
ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥੧॥

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥
ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥

Sahib Singh
ਹਥੋ ਹਥਿ = ਹਰੇਕ (ਸੰਬੰਧੀ) ਦੇ ਹੱਥ ਵਿਚ ।
ਜਸੁਦਾ ਘਰਿ = ਜਸੋਦਾ ਦੇ ਘਰ ਵਿਚ {ਗੋਲਕ-ਨਿਵਾਸੀ ਨੰਦ ਦੀ ਇਸਤ੍ਰੀ ਜਸੋਦਾ ਨੇ ਸ੍ਰੀ ਕਿ੍ਰਸ਼ਨ ਜੀ ਨੂੰ ਪਾਲਿਆ ਸੀ} ।
ਕਾਨੁ = ਕਿ੍ਰਸ਼ਨ ਜੀ ।
ਅਚੇਤ ਮੂੜ ਮਨ = ਹੇ ਗ਼ਾਫ਼ਿਲ ਮੂਰਖ ਮਨ !
ਚੇਤਿ = ਚੇਤੇ ਰੱਖ ।
ਅੰਤਿ = ਆਖਿ਼ਰ ਸਮੇ ।
ਜਿਨਿ = ਜਿਸ (ਪਰਮਾਤਮਾ) ਨੇ ।
ਧਰਿ = ਧਰ ਕੇ ।
ਗਿਆਨੁ = ਜਾਣ = ਪਛਾਣ ।੨ ।
ਨ ਚੇਤਹੀ = ਤੂੰ ਨਹੀਂ ਚੇਤਦਾ ।
ਬਧਾ = ਬੱਧਾ, (ਧਨ ਜੋਬਨ ਦੇ ਮੋਹ ਵਿਚ) ਬੱਝਾ ਹੋਇਆ ।
ਜਿਤੁ = ਜਿਸ ਨਾਮ ਦੀ ਰਾਹੀਂ ।
ਬਿਕਲੁ = ਵਿਆਕੁਲ, ਮਤਿ = ਹੀਣ ।
ਰਤਾ = ਰੱਤਾ, ਰੰਗਿਆ ਹੋਇਆ ।
ਜੋਬਨਿ = ਜੋਬਨ (ਦੇ ਨਸ਼ੇ) ਵਿਚ ।
ਅਹਿਲਾ = ਆਹਲਾ, ਵਧੀਆ, ਸ੍ਰੇਸ਼ਟ ।
ਕਰਮੁ = ਸ੍ਰੇਸ਼ਟ ਕਰਮ, ਉੱਚਾ ਆਚਰਨ ।੩ ।
ਲਾਵੀ = ਫ਼ਸਲ ਕੱਟਣ ਵਾਲਾ, ਵਾਢਾ, ਜਮਦੂਤ ।
ਜਮਿ = ਜਮ ਨੇ ।
ਨ ਮਿਲਿਆ ਭੇਤੁ = ਸਮਝ ਨ ਪਈ ।
ਚੇਤੁ = ਚਿੱਤ, ਇਰਾਦਾ ।
ਜਾ = ਜਦੋਂ ।
ਦੁੋਆਲੈ = ਚੁਫੇਰੇ {ਨੋਟ: = ਲਫ਼ਜ਼ ਦੋੁਆਲੈ ਦੇ ਅੱਖਰ ‘ਦ’ ਦੇ ਨਾਲ ਦੋ ਲਗਾ ਹਨ— ੋ ਅਤੇ ੁ ।
    ਅਸਲ ਲਫ਼ਜ਼ ਹੈ ‘ਦੁਆਲੈ’, ਇੱਥੇ ਪੜ੍ਹਨਾ ਹੈ ਦੋਆਲੈ} ।
ਹੇਤੁ = ਹਿਤ, ਪਿਆਰ ।
ਲੁਣਿਆ = ਕੱਟਿਆ ।੪ ।
    
Sahib Singh
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ ਜੀਵਨ ਨੂੰ ਪਰਮਾਤਮਾ ਦੇ ਚਰਨਾਂ ਵਿਚ ਉਹ) ਧਿਆਨ ਭੁੱਲ ਜਾਂਦਾ ਹੈ (ਜੋ ਉਸ ਨੂੰ ਮਾਂ ਦੇ ਪੇਟ ਵਿਚ ਰਹਿਣ ਸਮੇ ਹੁੰਦਾ ਹੈ) ।
ਹੇ ਵਣਜਾਰੇ ਮਿਤ੍ਰ! (ਜਨਮ ਲੈ ਕੇ ਜੀਵ ਘਰ ਦੇ) ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕਿ੍ਰਸ਼ਨ ਜੀ ਨੂੰ ।
(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ ।
ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ ।
ਜੀਵ ਆਪਣੇ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ ।
ਹੇ ਨਾਨਕ! ਆਖ—(ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ ।੨ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ ।
ਵਣਜਾਰੇ ਮਿਤ੍ਰ! ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ ।
ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਮਨ ਦੇ ਰੰਗ ਵਿਚ ਰੰਗਿਆ ਜਾਂਦਾ ਹੈ, ਜਵਾਨੀ (ਦੇ ਨਸ਼ੇ) ਵਿਚ ਮਸਤਿਆ ਜਾਂਦਾ ਹੈ, (ਤੇ ਇਸ ਤ੍ਰਰਾਂ) ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ, ਨਾਹ ਇਸ ਨੇ ਧਰਮ (ਭਾਵ, ਹਰਿ ਨਾਮ ਸਿਮਰਨ) ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ ।ਹੇ ਨਾਨਕ! ਆਖ—(ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ ।੩ ।
ਹਰਿ-ਨਾਮ ਦਾ ਵਣਜ ਕਰਨ ਆਏ ਹੇ ਜੀਵ-ਮਿ੍ਰਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ ।
ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ (ਸਬੰਧੀ) ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ ।
ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ ।
ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ, ਤਾਂ (ਉਸ ਦੇ ਮਿਰਤਕ ਸਰੀਰ ਦੇ) ਦੁਆਲੇ ਵਿਅਰਥ ਰੋਣ-ਕੁਰਲਾਣ ਸ਼ੁਰੂ ਹੋ ਗਿਆ ।
(ਉਹ ਜਿਸ ਨੂੰ ਸਾਰੇ ਹੀ ਸੰਬੰਧੀ ‘ਮੇਰਾ, ਮੇਰਾ’ ਕਿਹਾ ਕਰਦੇ ਸਨ) ਇਕ ਖਿਨ ਵਿਚ ਹੀ ਓਪਰਾ ਹੋ ਗਿਆ ।
ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ (ਤੇ ਉਸ ਦੇ ਅਨੁਸਾਰ ਜੋ ਜੋ ਕਰਮ ਕੀਤੇ, ਅੰਤ ਵੇਲੇ) ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ) ।
ਹੇ ਨਾਨਕ! ਆਖ—(ਜ਼ਿੰਦਗੀ ਦੀ ਰਾਤ ਦੇ) ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ (ਜਮਦੂਤ) ਨੇ (ਸਰੀਰ-) ਖੇਤ ਨੂੰ ਆ ਕੱਟਿਆ ।੪।੧ ।
Follow us on Twitter Facebook Tumblr Reddit Instagram Youtube