ਸਿਰੀਰਾਗੁ ਮਹਲਾ ੫ ॥
ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ ॥
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥੧॥

ਸਾਹਿਬੁ ਨਿਤਾਣਿਆ ਕਾ ਤਾਣੁ ॥
ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ ॥੧॥ ਰਹਾਉ ॥

ਜੇ ਕੋ ਹੋਵੈ ਦੁਬਲਾ ਨੰਗ ਭੁਖ ਕੀ ਪੀਰ ॥
ਦਮੜਾ ਪਲੈ ਨਾ ਪਵੈ ਨਾ ਕੋ ਦੇਵੈ ਧੀਰ ॥
ਸੁਆਰਥੁ ਸੁਆਉ ਨ ਕੋ ਕਰੇ ਨਾ ਕਿਛੁ ਹੋਵੈ ਕਾਜੁ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥੨॥

ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥੩॥

ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥੪॥

ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥
ਖਟੁ ਕਰਮਾ ਤੇ ਦੁਗੁਣੇ ਪੂਜਾ ਕਰਤਾ ਨਾਇ ॥
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥੫॥

ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥੬॥

ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥
ਲਸਕਰ ਤਰਕਸਬੰਦ ਬੰਦ ਜੀਉ ਜੀਉ ਸਗਲੀ ਕੀਤ ॥
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥੭॥

ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥
ਮਿਰਤੁ ਨ ਆਵੀ ਚਿਤਿ ਤਿਸੁ ਅਹਿਨਿਸਿ ਭੋਗੈ ਭੋਗੁ ॥
ਸਭ ਕਿਛੁ ਕੀਤੋਨੁ ਆਪਣਾ ਜੀਇ ਨ ਸੰਕ ਧਰਿਆ ॥
ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥੮॥

ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥
ਜਿਉ ਜਿਉ ਓਹੁ ਵਧਾਈਐ ਤਿਉ ਤਿਉ ਹਰਿ ਸਿਉ ਰੰਗੁ ॥
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥
ਸਤਿਗੁਰ ਤੁਠੈ ਪਾਇਆ ਨਾਨਕ ਸਚਾ ਨਾਉ ॥੯॥੧॥੨੬॥

Sahib Singh
ਕਉ = ਨੂੰ ।
ਅਤਿ = ਵਡੀ ।
ਮੁਸਕਲੁ = ਬਿਪਤਾ ।
ਢੋਈ = ਆਸਰਾ ।
ਲਾਗੂ = ਮਾਰੂ ।
ਭਜਿ ਖਲੇ = ਦੌੜ ਗਏ ।
ਚੁਕੈ = ਮੁੱਕ ਜਾਏ ।
ਅਸਰਾਉ = ਆਸਰਾ ।
ਓਸੁ ਚਿਤਿ = ਉਸ ਦੇ ਚਿੱਤ ਵਿੱਚ ।੧।ਆਇ ਨ ਜਾਈ—ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ ।
ਥਿਰੁ = ਕਾਇਮ ਰਹਿਣ ਵਾਲਾ ।
ਸਚੁ = ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ।
ਜਾਣੁ = ਜਾਣ = ਪਛਾਣ ਪਾ, ਡੂੰਘੀ ਸਾਂਝ ਬਣਾ ।੧।ਰਹਾਉ ।
ਦੁਬਲਾ = ਕਮਜ਼ੋਰ ।
ਪੀਰ = ਪੀੜਾ, ਦੁੱਖ ।
ਧੀਰ = ਧੀਰਜ, ਹੌਸਲਾ, ਧਰਵਾਸ ।
ਸੁਆਰਥੁ = ਆਪਣੀ ਗ਼ਰਜ਼ ।
ਸੁਆਉ = ਸੁਆਰਥ, ਮਨੋਰਥ ।
ਨਿਹਚਲੁ = ਅਟੱਲ ।੨ ।
ਦੇਹੀ = ਸਰੀਰ (ਨੂੰ) ।
ਵਿਆਪੈ = ਜ਼ੋਰ ਪਾ ਲਏ ।
ਗਿ੍ਰਸਤਿ = ਗਿ੍ਰਹਸਤ ਵਿਚ ।
ਹਰਖੁ = ਖ਼ੁਸ਼ੀ ।
ਸੋਗੁ = ਚਿੰਤਾ ।
ਗਉਣੁ = ਗਮਨ, ਭ੍ਰਮਨ ।
ਬੈਸਣੁ = ਬੈਠਣਾ, ਆਰਾਮ ।
ਸੋਇ = ਉਹ ਮਨੁੱਖ ।੩ ।
ਕਾਮਿ = ਕਾਮ ਨੇ ।
ਮੋਹਿ = ਮੋਹ ਨੇ ।
ਕਿਰਪਨ = ਕੰਜੂਸ ।
ਲੋਭਿ = ਲੋਭ ਵਿਚ ।
ਕਿਲਵਿਖ = ਪਾਪ ।
ਉਨਿ = ਉਸ ਨੇ ।
ਅਘ = ਪਾਪ ।
ਚਾਰੇ ਕਿਲਵਿਖ = {ਬ੍ਰਾਹਮਣ ਕੈਲੀ ਘਾਤ ਕੰਞਕਾ, ਅਣਚਾਰੀ ਕਾ ਧਾਨੁ} ।
ਅਸੁਰ ਸੰਘਾਰੁ = ਸੰਘਾਰਨ ਜੋਗ ਅਸੁਰ ।
ਕਰਨਿ = ਕੰਨ ਵਿਚ ।
ਕਰਨਿ ਧਰਿਆ = ਸੁਣਿਆ ।
ਨਿਮਖ = {ਨਿਮੇ—} ਅੱਖ ਝਮਕਣ ਜਿਤਨਾ ਸਮਾ ।੪ ।
ਮੁਖਾਗਰ = {ਮੁਖ ਅੱਗ੍ਰ} ਜ਼ਬਾਨੀ ।
ਬਿਚਰੇ = ਵਿਚਾਰ ਸਕੇ ।
ਤੀਰਥਿ = ਤੀਰਥ ਉਤੇ ।
ਨਾਇ = ਨਾ ਕੇ ।
ਖਟੁ = ਛੇ ।
ਸਰਪਰ = ਜ਼ਰੂਰ ।੫ ।
ਮਿਲਕ = ਮਿਲਖ, ਜ਼ਮੀਨ ।
ਅਫਾਰ = ਆਫਰੇ ਹੋਏ ਦਾ, ਅਹੰਕਾਰੀ ਦਾ ।
ਚਾਇ = ਚਾ ਵਿਚ ।੬ ।
ਅਚਾਰਵੰਤੁ = ਚੰਗੀ ਰਹਿਣੀ = ਬਹਿਣੀ ਵਾਲਾ ।
ਸੁਤ = ਪੁੱਤਰ ।
ਤਰਕਸਬੰਦ ਲਸਕਰ = ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ।
ਬੰਦ = ਬੰਦਨਾ ।
ਜੀਉ ਜੀਉ = ਜੀ ਜੀ !
ਖੜਿ = ਲੈ ਜਾ ਕੇ ।
ਰਸਾਤਲਿ = ਰਸਾਤਲ ਵਿਚ, ਨਰਕ ਵਿਚ ।੭ ।
ਕਾਇਆ = ਸਰੀਰ ।
ਛਿਦ੍ਰü = ਨੁਕਸ, ਛੇਕ, ਐਬ ।
ਕਾੜਾ = ਫ਼ਿਕਰ, ਚਿੰਤਾ ।
ਮਿਰਤੁ = {ਮãÄਯੁ} ਮੌਤ ।
ਅਹਿ = ਦਿਨ ।
ਨਿਸਿ = ਰਾਤ ।
ਜੀਇ = ਜਿੰਦ ਵਿਚ, ਦਿਲ ਵਿਚ ।
ਸੰਕ = ਸ਼ੰਕਾ, ਝਾਕਾ ।
ਕੰਕਰ = ਕਿੰਕਰ, ਨੌਕਰ ।
ਵਸਿ = ਵੱਸ ਵਿਚ ।੮ ।
ਓਹੁ = ਉਹ (ਸਾਧੂ ਸੰਗੁ) ।
ਰੰਗੁ = ਪ੍ਰੇਮ ।
ਤੁਠੈ = ਪ੍ਰਸੰਨ ਹੋਣ ਨਾਲ ।੯ ।
    
Sahib Singh
ਮਾਲਕ-ਪ੍ਰਭੂ ਕਮਜ਼ੋਰਾਂ ਦਾ ਸਹਾਰਾ ਹੈ, ਉਹ ਨਾਹ ਜੰਮਦਾ ਹੈ ਨਾਹ ਮਰਦਾ ਹੈ, ਸਦਾ ਹੀ ਕਾਇਮ ਰਹਿਣ ਵਾਲਾ ਹੈ ।
(ਹੇ ਭਾਈ!) ਗੁਰੂ ਦੇ ਸ਼ਬਦ ਵਿਚ ਜੁੜ ਕੇ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਡੂੰਘੀ ਸਾਂਝ ਬਣਾ ।੧।ਰਹਾਉ ।
ਜਿਸ ਮਨੁੱਖ ਨੂੰ (ਕੋਈ) ਭਾਰੀ ਬਿਪਤਾ ਆ ਪਏ (ਜਿਸ ਤੋਂ ਬਚਣ ਲਈ) ਕੋਈ ਮਨੁੱਖ ਉਸ ਨੂੰ ਸਹਾਰਾ ਨਾਹ ਦੇਵੇ, ਵੈਰੀ ਉਸ ਦੇ ਮਾਰੂ ਬਣ ਜਾਣ, ਉਸ ਦੇ ਸਾਕ-ਸਨਬੰਧੀ ਉਸ ਤੋਂ ਪਰੇ ਦੌੜ ਜਾਣ, ਉਸ ਦਾ ਹਰੇਕ ਕਿਸਮ ਦਾ ਆਸਰਾ ਖ਼ਤਮ ਹੋ ਜਾਏ, ਹਰੇਕ ਤ੍ਰਹਾਂ ਦਾ ਸਹਾਰਾ ਮੁੱਕ ਜਾਏ, ਜੇ ਉਸ (ਬਿਪਤਾ-ਮਾਰੇ) ਮਨੁੱਖ ਦੇ ਹਿਰਦੇ ਵਿਚ ਪਰਮਾਤਮਾ (ਯਾਦ) ਆ ਜਾਏ, ਤਾ ਉਸ ਦਾ ਵਾਲ ਭੀ ਵਿੰਗਾ ਨਹੀਂ ਹੁੰਦਾ ।੧ ।
ਜੇ ਕੋਈ ਮਨੁੱਖ (ਅਜੇਹਾ) ਕਮਜ਼ੋਰ ਹੋ ਜਾਏ (ਕਿ) ਭੁੱਖ ਨੰਗ ਦਾ ਦੁੱਖ (ਉਸ ਨੂੰ ਹਰ ਵੇਲੇ ਖਾਂਦਾ ਰਹੇ), ਜੇ ਉਸ ਦੇ ਪੱਲੇ ਪੈਸਾ ਨਾਹ ਹੋਵੇ, ਕੋਈ ਮਨੁੱਖ ਉਸ ਨੂੰ ਹੌਸਲਾ ਨਾ ਦੇਵੇ; ਕੋਈ ਮਨੁੱਖ ਉਸ ਦੀ ਲੋੜ-ਗ਼ਰਜ਼ ਪੂਰੀ ਨਾਹ ਕਰੇ, ਉਸ ਪਾਸੋਂ ਆਪਣਾ ਕੋਈ ਕੰਮ ਸਿਰੇ ਨਾਹ ਚੜ੍ਹ ਸਕੇ (ਅਜੇਹੀ ਦੁਰਦਸ਼ਾ ਵਿਚ ਹੁੰਦਿਆਂ ਭੀ) ਜੇ ਪਰਮਾਤਮਾ ਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਸ ਦਾ ਅਟੱਲ ਰਾਜ ਬਣ ਜਾਂਦਾ ਹੈ (ਭਾਵ, ਉਸ ਦੀ ਆਤਮਕ ਅਵਸਥਾ ਅਜੇਹੇ ਬਾਦਸ਼ਾਹਾਂ ਵਾਲੀ ਹੋ ਜਾਂਦੀ ਹੈ ਜਿਨ੍ਹਾਂ ਦਾ ਰਾਜ ਕਦੇ ਨਾਹ ਡੋਲੇ) ।੨ ।
ਜਿਸ ਮਨੁੱਖ ਨੂੰ ਹਰ ਵੇਲੇ ਬੜੀ ਚਿੰਤਾ ਬਣੀ ਰਹੇ, ਜਿਸ ਦੇ ਸਰੀਰ ਨੂੰ (ਕੋਈ ਨ ਕੋਈ) ਰੋਗ ਗ੍ਰਸੀ ਰੱਖੇ, ਜੇਹੜਾ ਗਿ੍ਰਹਸਤ (ਦੇ ਜੰਜਾਲ) ਵਿਚ ਪਰਵਾਰ (ਦੇ ਜੰਜਾਲ) ਵਿਚ (ਸਦਾ) ਫਸਿਆ ਰਹੇ, ਜਿਸ ਨੂੰ ਕਦੇ ਕੋਈ ਖ਼ੁਸ਼ੀ ਹੈ ਤੇ ਕਦੇ ਕੋਈ ਗ਼ਮ ਘੇਰੀ ਰਖਦਾ ਹੈ, ਜੇਹੜਾ ਮਨੁੱਖ ਸਾਰੀ ਧਰਤੀ ਉੱਤੇ ਇਸ ਤ੍ਰਹਾਂ ਭਟਕਦਾ ਫਿਰਦਾ ਹੈ ਕਿ ਉਸ ਨੂੰ ਘੜੀ ਭਰ ਬਹਿਣਾ ਭੀ ਨਸੀਬ ਨਹੀਂ ਹੁੰਦਾ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿੱਚ ਆ ਵੱਸੇ, ਤਾਂ ਉਸ ਦਾ ਤਨ ਸ਼ਾਂਤ ਹੋ ਜਾਂਦਾ ਹੈ ਉਸ ਦਾ ਮਨ (ਸੰਤੋਖ ਨਾਲ) ਠੰਢਾ-ਠਾਰ ਹੋ ਜਾਂਦਾ ਹੈ ।੩ ।
ਜੇ ਕਿਸੇ ਮਨੁੱਖ ਨੂੰ ਕਾਮ ਨੇ ਕ੍ਰੋਧ ਨੇ ਮੋਹ ਨੇ ਆਪਣੇ ਵੱਸ ਵਿਚ ਕੀਤਾ ਹੋਇਆ ਹੋਵੇ, ਜੇ ਉਸ ਸ਼ੂਮ ਦਾ ਪਿਆਰ (ਸਦਾ) ਲੋਭ ਵਿਚ ਹੀ ਹੋਵੇ, ਜੇ ਉਸ ਨੇ (ਉਹਨਾਂ ਵਿਕਾਰਾਂ ਦੇ ਵੱਸ ਹੋ ਕੇ) ਚਾਰੇ ਹੀ ਉੱਘੇ ਪਾਪ-ਅਪਰਾਧ ਕੀਤੇ ਹੋਏ ਹੋਣ, ਜੇ ਉਹ ਅਜੇਹਾ ਭੈੜਾ ਹੋ ਗਿਆ ਹੋਵੇ ਕਿ ਉਸ ਦਾ ਮਾਰ ਦੇਣਾ ਹੀ ਚੰਗਾ ਹੋਵੇ, ਜੇ ਉਸ ਨੇ ਕਦੇ ਭੀ ਕੋਈ ਧਰਮ-ਪੁਸਤਕ ਕੋਈ ਧਰਮ-ਗੀਤ ਕੋਈ ਧਾਰਮਿਕ ਕਵਿਤਾ ਸੁਣੀ ਨਾਹ ਹੋਵੇ, ਪਰ ਜੇ ਪਰਮਾਤਮਾਉਸ ਦੇ ਚਿੱਤ ਵਿਚ ਆ ਵੱਸੇ, ਤਾਂ ਉਹ ਅੱਖ ਦੇ ਫੋਰ ਜਿਤਨੇ ਜਿਤਨੇ ਸਮੇ ਲਈ ਹੀ ਪ੍ਰਭੂ ਦਾ ਸਿਮਰਨ ਕਰ ਕੇ (ਇਹਨਾਂ ਸਾਰੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ।੪ ।
ਜੇ ਕੋਈ ਮਨੁੱਖ ਚਾਰੇ ਵੇਦ ਸਾਰੇ ਸ਼ਾਸਤ੍ਰ ਤੇ ਸਾਰੀਆਂ ਸਿਮਿ੍ਰਤੀਆਂ ਨੂੰ ਮੂੰਹ-ਜ਼ਬਾਨੀ (ਉਚਾਰ ਕੇ) ਵਿਚਾਰ ਸਕਦਾ ਹੋਵੇ, ਜੇ ਉਹ ਵੱਡੇ ਵੱਡੇ ਤਪੀਆਂ ਤੇ ਜੋਗੀਆਂ ਵਾਂਗ (ਹਰੇਕ) ਤੀਰਥ ਉਤੇ ਜਾਂਦਾ ਹੋਵੇ, ਜੇ ਉਹ (ਤੀਰਥਾਂ ਉਤੇ) ਇਸ਼ਨਾਨ ਕਰ ਕੇ (ਦੇਵੀ ਦੇਵਤਿਆਂ ਦੀ) ਪੂਜਾ ਕਰਦਾ ਹੋਵੇ ਤੇ (ਮੰਨੇ-ਪਰਮੰਨੇ) ਛੇ (ਧਾਰਮਿਕ) ਕੰਮਾਂ ਨਾਲੋਂ ਦੂਣੇ (ਧਾਰਮਿਕ ਕਰਮ ਨਿੱਤ) ਕਰਦਾ ਹੋਵੇ; ਪਰ ਜੇ ਪਰਮਾਤਮਾ (ਦੇ ਚਰਨਾਂ) ਦਾ ਪਿਆਰ (ਉਸ ਦੇ ਅੰਦਰ) ਨਹੀਂ ਹੈ, ਤਾਂ ਉਹ ਜ਼ਰੂਰ ਨਰਕ ਵਿਚ ਹੀ ਜਾਂਦਾ ਹੈ ।੫ ।
ਜੇ ਕਿਸੇ ਮਨੁੱਖ ਨੂੰ (ਮੁਲਕਾਂ ਦੇ) ਰਾਜ ਮਿਲੇ ਹੋਏ ਹੋਣ, ਬੇਅੰਤ ਜ਼ਮੀਨਾਂ ਦੀ ਮਾਲਕੀ ਮਿਲੀ ਹੋਵੇ, ਜੇ (ਉਸ ਦੀਆਂ ਹਰ ਥਾਂ) ਸਰਦਾਰੀਆਂ ਬਣੀਆਂ ਹੋਈਆਂ ਹੋਣ, ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਭੋਗ ਭੋਗਦਾ ਹੋਵੇ, ਜੇਉਸ ਦੇ ਪਾਸ ਸੋਹਣੇ ਸੁੰਦਰ ਬਾਗ਼ ਹੋਣ, ਜੇ (ਇਹਨਾਂ ਸਾਰੇ ਪਦਾਰਥਾਂ ਦੀ ਮਲਕੀਅਤ ਦੇ ਕਾਰਨ ਉਸ) ਅਹੰਕਾਰੀ (ਹੋਏ) ਦਾ ਹੁਕਮ ਹਰ ਕੋਈ ਮੰਨਦਾ ਹੋਵੇ, ਜੇ ਉਹ ਦੁਨੀਆ ਦੇ ਕਈ ਕਿਸਮਾਂ ਦੇ ਰੰਗ-ਤਮਾਸ਼ਿਆਂ ਵਿਚ ਚਾ-ਮਲਾਰ ਵਿਚ ਰੁੱਝਾ ਰਹਿੰਦਾ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਾਹ ਆਇਆ ਹੋਵੇ ਤਾਂ ਉਸ ਨੂੰ ਸੱਪ ਦੀ ਜੂਨ ਵਿਚ ਗਿਆ ਸਮਝੋ ।੬ ।
ਜੇ ਕੋਈ ਮਨੁੱਖ ਬੜੇ ਧਨ ਵਾਲਾ ਹੋਵੇ, ਚੰਗੀ ਰਹਿਣੀ-ਬਹਿਣੀ ਵਾਲਾ ਹੋਵੇ, ਸੋਭਾ ਵਾਲਾ ਹੋਵੇ ਤੇ ਸਾਫ਼ ਸੁਥਰੀ ਜੀਵਨ-ਮਰਯਾਦਾ ਵਾਲਾ ਹੋਵੇ, ਜੇ ਉਸ ਦਾ ਆਪਣੇ ਮਾਂ ਪਿਉ ਪੁੱਤਰਾਂ ਭਰਾਵਾਂ ਤੇ ਸੱਜਣਾਂ-ਮਿੱਤਰਾਂ ਨਾਲ ਪ੍ਰੇਮ ਹੋਵੇ, ਜੇ ਤਰਕਸ਼ ਬੰਨ੍ਹਣ ਵਾਲੇ ਜੋਧਿਆਂ ਦੇ ਲਸ਼ਕਰ ਉਸ ਨੂੰ ਸਲਾਮਾਂ ਕਰਦੇ ਹੋਣ, ਸਾਰੀ ਸਿ੍ਰਸ਼ਟੀ ਹੀ ਉਸ ਨੂੰ ‘ਜੀ ਜੀ’ ਆਖਦੀ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਨਹੀਂ ਵੱਸਦਾ ਤਾਂ ਉਹ (ਆਖ਼ਰ) ਲਿਜਾ ਕੇ ਨਰਕ ਵਿਚ ਪਾਇਆ ਜਾਂਦਾ ਹੈ ।੭ ।
ਜੇ ਕਿਸੇ ਮਨੁੱਖ ਦੇ ਸਰੀਰ ਨੂੰ ਕਦੇ ਕੋਈ ਰੋਗ ਨਾਹ ਲੱਗਾ ਹੋਵੇ, ਕੋਈ ਕਿਸੇ ਤ੍ਰਹਾਂ ਦੀ ਤਕਲੀਫ਼ ਨਾਹ ਆਈ ਹੋਵੇ, ਕਿਸੇ ਤ੍ਰਹਾਂ ਦਾ ਕੋਈ ਚਿੰਤਾ-ਫ਼ਿਕਰ ਉਸ ਨੂੰ ਨਾਹ ਹੋਵੇ, ਜੇ ਉਸ ਨੂੰ ਕਦੇ ਮੌਤ (ਦਾ ਫ਼ਿਕਰ) ਚੇਤੇ ਨਾਹ ਆਇਆ ਹੋਵੇ, ਜੇ ਉਹ ਦਿਨ ਰਾਤ ਦੁਨੀਆ ਦੇ ਭੋਗ ਭੋਗਦਾ ਰਹਿੰਦਾ ਹੋਵੇ, ਜੇ ਉਸ ਨੇ ਦੁਨੀਆ ਦੀ ਹਰੇਕ ਚੀਜ਼ ਨੂੰ ਆਪਣੀ ਬਣਾ ਲਿਆ ਹੋਵੇ, ਕਦੇ ਉਸ ਦੇ ਚਿਤ ਵਿਚ (ਆਪਣੀ ਮਲਕੀਅਤ ਬਾਰੇ) ਕੋਈ ਸ਼ੰਕਾ ਨਾਹ ਉਠਿਆ ਹੋਵੇ, ਪਰ ਜੇ ਪਰਮਾਤਮਾ ਉਸ ਦੇ ਚਿੱਤ ਵਿਚ ਕਦੇ ਨਹੀਂ ਆਇਆ ਤਾਂ ਉਹ ਅੰਤ ਜਮਰਾਜ ਦੇ ਦੂਤਾਂ ਦੇ ਵੱਸ ਪੈਂਦਾ ਹੈ ।੮ ।
ਜਿਸ (ਵਡ-ਭਾਗੀ) ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਸ ਨੂੰ ਸਤ ਸੰਗ ਪ੍ਰਪਤ ਹੁੰਦਾ ਹੈ (ਤੇ ਇਹ ਇਕ ਕੁਦਰਤੀ ਨਿਯਮ ਹੈ ਕਿ) ਜਿਉਂ ਜਿਉਂ ਉਹ (ਸਤ ਸੰਗ ਵਿਚ ਬੈਠਣਾ) ਵਧਾਇਆ ਜਾਂਦਾ ਹੈ ਤਿਉਂ ਤਿਉਂ ਪਰਮਾਤਮਾ ਨਾਲ ਪਿਆਰ (ਭੀ ਵਧਦਾ ਜਾਂਦਾ ਹੈ) ।
(ਪਰ ਦੁਨੀਆ ਦਾ ਮੋਹ ਤੇ ਪ੍ਰਭੂ-ਚਰਨਾਂ ਦਾ ਪਿਆਰ ਇਹਨਾਂ) ਦੋਹਾਂ ਪਾਸਿਆਂ ਦਾ ਮਾਲਕ ਪਰਮਾਤਮਾ ਆਪ ਹੈ (ਕਿਸੇ ਨੂੰ ਮਾਇਆ ਦੇ ਮੋਹ ਵਿਚ ਪਾਈ ਰੱਖਦਾ ਹੈ, ਕਿਸੇ ਨੂੰ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ, ਉਸ ਪ੍ਰਭੂ ਤੋਂ ਬਿਨਾ ਜੀਵਾਂ ਵਸਤੇ) ਕੋਈ ਹੋਰ ਦੂਜਾ ਸਹਾਰਾ ਨਹੀਂ ਹੈ ।
ਹੇ ਨਾਨਕ! (ਜਦੋਂ ਪ੍ਰਭੂ ਦੀ ਮਿਹਰ ਹੋਵੇ, ਤਾਂ ਉਹ ਗੁਰੂ ਮਿਲਾਂਦਾ ਹੈ, ਤੇ) ਗੁਰੂ ਦੇ ਪ੍ਰਸੰਨ ਹੋਇਆਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ ।੯।੧।੨੬ ।
Follow us on Twitter Facebook Tumblr Reddit Instagram Youtube