ਸਿਰੀਰਾਗੁ ਮਹਲਾ ੩ ॥
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥
ਸਹਜੇ ਹੀ ਸੁਖੁ ਪਾਈਐ ਸਹਜੇ ਰਹੈ ਸਮਾਇ ॥੧॥

ਭਾਈ ਰੇ ਦਾਸਨਿ ਦਾਸਾ ਹੋਇ ॥
ਗੁਰ ਕੀ ਸੇਵਾ ਗੁਰ ਭਗਤਿ ਹੈ ਵਿਰਲਾ ਪਾਏ ਕੋਇ ॥੧॥ ਰਹਾਉ ॥

ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥
ਸਦਾ ਪਿਰੁ ਨਿਹਚਲੁ ਪਾਈਐ ਨਾ ਓਹੁ ਮਰੈ ਨ ਜਾਇ ॥
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥੨॥

ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥
ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਇ ॥
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥੩॥

ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥
ਬਿਨੁ ਸਬਦੈ ਜਗੁ ਦੁਖੀਆ ਫਿਰੈ ਮਨਮੁਖਾ ਨੋ ਗਈ ਖਾਇ ॥
ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥੪॥

ਮਾਇਆ ਭੂਲੇ ਸਿਧ ਫਿਰਹਿ ਸਮਾਧਿ ਨ ਲਗੈ ਸੁਭਾਇ ॥
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥੫॥

ਮਾਇਆ ਕਿਸ ਨੋ ਆਖੀਐ ਕਿਆ ਮਾਇਆ ਕਰਮ ਕਮਾਇ ॥
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥
ਬਿਨੁ ਸਬਦੈ ਭਰਮੁ ਨ ਚੂਕਈ ਨਾ ਵਿਚਹੁ ਹਉਮੈ ਜਾਇ ॥੬॥

ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥
ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥
ਨਾਮੁ ਪਦਾਰਥੁ ਪਾਈਐ ਗੁਰਮੁਖਿ ਸਹਜਿ ਸੁਭਾਇ ॥੭॥

ਬਿਨੁ ਗੁਰ ਗੁਣ ਨ ਜਾਪਨੀ ਬਿਨੁ ਗੁਣ ਭਗਤਿ ਨ ਹੋਇ ॥
ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥
ਨਾਨਕ ਸਬਦੇ ਹਰਿ ਸਾਲਾਹੀਐ ਕਰਮਿ ਪਰਾਪਤਿ ਹੋਇ ॥੮॥੪॥੨੧॥

Sahib Singh
ਗੁਰਮੁਖਿ = ਗੁਰੂ ਵਲ ਮੂੰਹ ਕਰ ਕੇ ।
ਧਿਆਈਐ = ਸਿਮਰਿਆ ਜਾ ਸਕਦਾ ਹੈ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਿਆਂ ।
ਬੂਝ = ਸਮਝ ।
ਊਜਲੇ = ਰੋਸ਼ਨ ।
ਮਨਿ = ਮਨ ਵਿਚ ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ।੧ ।
ਸੁਹਾਗੁ = {ਸੋਭਾÀਯਜ਼} ਪਤੀ ਨੂੰ ਪ੍ਰਸੰਨ ਰੱਖਣ ਦੀ ਸੁਭਾਗਤਾ ।
ਭਾਇ = ਪ੍ਰੇਮ ਵਿਚ ।
ਨਿਹਚਲੁ = ਅਟੱਲ, ਅਬਿਨਾਸ਼ੀ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਅੰਕਿ = ਗੋਦ ਵਿਚ ।੨ ।
ਬੂਝਈ = ਬੂਝਏ, ਬੂਝੈ, ਸਮਝ ਸਕਦਾ ।
ਭਰਮਿ = ਭਟਕਣਾ ਵਿਚ, ਮਾਇਆ ਦੀ ਦੌੜ-ਭੱਜ ਵਿਚ ।
ਰਸਨਾ = ਜੀਭ (ਵਿਚ) ।
ਸਮਾਇ = ਲੀਨ ਰਹਿੰਦਾ ਹੈ ।੩ ।
ਸੁਭਾਇ = ਪ੍ਰੇਮ ਵਿਚ ।
ਨੋ = ਨੂੰ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
ਸਿਧ = ਸਿੱਧ, ਜੋਗ = ਸਾਧਨਾਂ ਵਿਚ ਪੁੱਗੇ ਹੋਏ ਜੋਗੀ ।
ਲੋਅ = ਲੋਕ, ਭਵਨ ।
ਵਿਆਪਤ ਹੈ = (ਆਪਣਾ) ਜ਼ੋਰ ਪਾਈ ਰੱਖਦੀ ਹੈ ।
ਅਧਿਕ = ਬਹੁਤ ।
ਮੁਕਤਿ = ਖ਼ਲਾਸੀ ।
ਦੁਬਿਧਾ = ਦੁ = ਕਿਸਮਾ-ਪਨ, ਦੁ-ਚਿੱਤਾ-ਪਨ ।੫ ।
ਕਿਸ ਨੋ = ਕਿਸ ਨੂੰ {ਨੋਟ:- ਲਫ਼ਜ਼ ‘ਕਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਦੁਖਿ = ਦੁੱਖ ਵਿਚ ।
ਬਧੁ = ਬੱਝਾ ਹੋਇਆ ।੬ ।
ਥਾਇ = ਥਾਂ ਵਿਚ ।
ਥਾਇ ਨ ਪਾਇ = ਕਬੂਲ ਨਹੀਂ ਪੈਂਦਾ ।
ਭ੍ਰਮੁ = ਭਟਕਣਾ ।੭ ।
ਨ ਜਾਪਨੀ = ਨ ਜਾਪਨਿ, ਨਹੀਂ ਜਾਪਦੇ, ਕਦਰ ਨਹੀਂ ਪੈਂਦੀ ।
ਭਗਤਿ ਵਛਲੁ = ਭਗਤੀ ਨੂੰ ਪਿਆਰ ਕਰਨ ਵਾਲਾ ।
ਮਨਿ = ਮਨ ਵਿਚ ।
ਕਰਮਿ = ਮਿਹਰ ਦੀ ਰਾਹੀਂ ।
ਕਰਮੁ = ਬਖ਼ਸ਼ਸ਼ ।੮ ।
    
Sahib Singh
ਹੇ ਭਾਈ! ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ—ਇਹੀ ਹੈ ਗੁਰੂ ਦੀ (ਦੱਸੀ) ਸੇਵਾ, ਇਹ ਹੈ ਗੁਰੂ ਦੀ (ਦੱਸੀ) ਭਗਤੀ ।
(ਇਹ ਦਾਤਿ) ਕਿਸੇ ਵਿਰਲੇ (ਭਾਗਾਂ ਵਾਲੇ) ਨੂੰ ਮਿਲਦੀ ਹੈ ।੧।ਰਹਾਉ ।
ਗੁਰੂ ਦੀ ਸਰਨ ਪਿਆਂ (ਹੀ) ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਆਪਣੇ ਮਨ ਦੇ ਪਿੱਛੇ ਤੁਰਿਆਂ (ਸਿਮਰਨ ਦੀ) ਸੂਝ ਨਹੀਂ ਪੈਂਦੀ ।
ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ, ਉਹ (ਲੋਕ ਪਰਲੋਕ ਵਿਚ) ਸਦਾ ਸੁਰਖ਼ਰੂ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ (ਤੇ ਉਹਨਾਂ ਦੇ ਅੰਦਰ ਆਤਮਕਅਡੋਲਤਾ ਬਣ ਜਾਂਦੀ ਹੈ) ।
ਆਤਮਕ ਅਡੋਲਤਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ ।
(ਗੁਰੂ ਦੀ ਸਰਨ ਪਿਆਂ ਮਨੁੱਖ ਸਦਾ) ਆਤਮਕ ਅਡੋਲਤਾ ਵਿਚ ਲੀਨ ਰਹਿੰਦਾ ਹੈ ।੧ ।
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ (ਟਿਕ ਕੇ ਜੀਵਨ-ਰਾਹ ਤੇ) ਤੁਰਦੀਆਂ ਹਨ, ਉਹ ਪਰਮਾਤਮਾ-ਪਤੀ ਦੀ ਪ੍ਰਸੰਨਤਾ ਦੀ ਸੁਭਾਗਤਾ ਵਾਲੀਆਂ ਬਣ ਜਾਂਦੀਆਂ ਹਨ, ਉਹਨਾਂ ਦੀ ਇਹ ਸੁਭਾਗਤਾ ਸਦਾ ਕਾਇਮ ਰਹਿੰਦੀ ਹੈ ।
(ਗੁਰੂ ਦੀ ਸਰਨ ਪਿਆਂ) ਉਹ ਪਤੀ-ਪ੍ਰਭੂ ਮਿਲ ਪੈਂਦਾ ਹੈ ਜੋ ਸਦਾ ਅਟੱਲ ਹੈ, ਜੋ ਨਾਹ ਮਰਦਾ ਹੈ ਨਾਹ ਕਦੇ ਜੰਮਦਾ ਹੈ ।
ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪ੍ਰਭੂ ਵਿਚ ਮਿਲਦੀ ਹੈ, ਉਹ ਮੁੜ ਉਸ ਤੋਂ ਵਿੱਛੁੜਦੀ ਨਹੀਂ, ਉਹ ਸਦਾ ਪ੍ਰਭੂ-ਪਤੀ ਦੀ ਗੋਦ ਵਿਚ ਸਮਾਈ ਰਹਿੰਦੀ ਹੈ ।੨ ।
ਪਰਮਾਤਮਾ ਪਵਿਤ੍ਰ-ਸਰੂਪ ਹੈ, ਬਹੁਤ ਹੀ ਪਵਿਤ੍ਰ-ਸਰੂਪ ਹੈ, ਗੁਰੂ ਦੀ ਸਰਨ ਤੋਂ ਬਿਨਾ ਉਸ ਨਾਲ ਮਿਲਾਪ ਨਹੀਂ ਹੋ ਸਕਦਾ ।
(ਜੇਹੜਾ ਮਨੁੱਖ ਧਾਰਮਿਕ ਪੁਸਤਕਾਂ ਦਾ) ਨਿਰਾ ਪਾਠ (ਹੀ) ਪੜ੍ਹਦਾ ਹੈ, (ਉਹ ਇਸ ਭੇਤ ਨੂੰ) ਨਹੀਂ ਸਮਝਦਾ, (ਨਿਰੇ) ਧਾਰਮਿਕ ਭੇਖਾਂ ਨਾਲ (ਸਗੋਂ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦਾ ਹੈ ।
ਗੁਰੂ ਦੀ ਮਤਿ ਤੇ ਤੁਰ ਕੇ ਹੀ ਸਦਾ ਪਰਮਾਤਮਾ ਮਿਲਦਾ ਹੈ, ਤੇ (ਮਨੁੱਖ ਦੀ) ਜੀਭ ਵਿਚ ਪਰਮਾਤਮਾ ਦੇ ਨਾਮ ਦਾ ਸੁਆਦ ਟਿਕਿਆ ਰਹਿੰਦਾ ਹੈ ।੩ ।
(ਜੇਹੜਾ ਮਨੁੱਖ) ਗੁਰੂ ਦੀ ਮਤਿ ਅਨੁਸਾਰ (ਤੁਰਦਾ ਹੈ ਉਹ ਆਪਣੇ ਅੰਦਰੋਂ) ਮਾਇਆ ਦਾ ਮੋਹ ਮੁਕਾ ਲੈਂਦਾ ਹੈ (ਉਹ) ਆਤਮਕ ਅਡੋਲਤਾ ਵਿਚ (ਟਿਕ ਜਾਂਦਾ ਹੈ, ਉਹ ਪ੍ਰਭੂ ਦੇ) ਪ੍ਰੇਮ ਵਿਚ (ਲੀਨ ਰਹਿਂਦਾ ਹੈ) ।
ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਮਾਇਆ ਦੇ ਮੋਹ ਦੇ ਕਾਰਨ) ਦੁਖੀ ਫਿਰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਮਾਇਆ ਦੀ ਤ੍ਰਿਸ਼ਨਾ ਗ੍ਰਸੀ ਰੱਖਦੀ ਹੈ ।
(ਹੇ ਭਾਈ!) ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿ ਸਕੀਦਾ ਹੈ ।੪ ।
(ਸਾਧਾਰਨ ਬੰਦੇ ਤਾਂ ਕਿਤੇ ਰਹੇ, ਜੋਗ-ਸਾਧਨਾਂ ਵਿਚ) ਪੁੱਗੇ ਹੋਏ ਜੋਗੀ ਭੀ ਮਾਇਆ ਦੇ ਪ੍ਰਭਾਵ ਹੇਠ ਕੁਰਾਹੇ ਪਏ ਭਟਕਦੇ ਫਿਰਦੇ ਹਨ, ਪ੍ਰਭੂ-ਪ੍ਰੇਮ ਵਿਚ ਉਹਨਾਂ ਦੀ ਸੁਰਤਿ ਨਹੀਂ ਜੁੜਦੀ ।
ਇਹ ਮਾਇਆ ਤਿੰਨਾਂ ਭਵਨਾਂ ਵਿਚ ਹੀ ਗ਼ਲਬਾ ਪਾ ਰਹੀ ਹੈ, (ਸਭ ਜੀਵਾਂ ਨੂੰ ਹੀ) ਬਹੁਤ ਚੰਬੜੀ ਹੋਈ ਹੈ ।
(ਹੇ ਭਾਈ!) ਗੁਰੂ ਦੀ ਸਰਨ ਤੋਂ ਬਿਨਾਂ (ਮਾਇਆ ਤੋਂ) ਖਲਾਸੀ ਨਹੀਂ ਮਿਲ ਸਕਦੀ, ਮਾਇਆ ਦੇ ਪ੍ਰਭਾਵ ਦੇ ਕਾਰਨ ਪੈਦਾ ਹੋਇਆ ਵਿਤਕਰਾ ਭੀ ਦੂਰ ਨਹੀਂ ਹੁੰਦਾ ।੫ ।
(ਜੇ ਪੁੱਛੋ ਕਿ) ਮਾਇਆ ਕਿਸ ਚੀਜ਼ ਦਾ ਨਾਮ ਹੈ ?
(ਮਾਇਆ ਦਾ ਕੀਹ ਸਰੂਪ ਹੈ ?
ਜੀਵਾਂ ਉੱਤੇ ਪ੍ਰਭਾਵ ਪਾ ਕੇ ਉਹਨਾਂ ਦੀ ਰਾਹੀਂ) ਮਾਇਆ ਕੇਹੜੇ ਕੰਮ ਕਰਦੀ ਹੈ ?
(ਤਾਂ ਉੱਤਰ ਇਹ ਹੈ ਕਿ ਮਾਇਆ ਦੇ ਪ੍ਰਭਾਵ ਹੇਠ) ਇਹ ਜੀਵ ਦੁੱਖ (ਦੀ ਨਿਵਿਰਤੀ) ਵਿਚ ਤੇ ਸੁਖ (ਦੀ ਲਾਲਸਾ) ਵਿਚ ਬੱਝਾ ਰਹਿੰਦਾ ਹੈ, ਤੇ ‘ਮੈਂ ਵੱਡਾ ਹਾਂ ਮੈਂ ਵੱਡਾ ਬਣ ਜਾਵਾਂ’ ਦੀ ਪ੍ਰੇਰਨਾ ਵਿਚ ਹੀ ਸਾਰੇ ਕੰਮ ਕਰਦਾ ਹੈ ।
ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਦੀ ਇਹ ਭਟਕਣਾ ਮੁੱਕਦੀ ਨਹੀਂ, ਨਾਹ ਹੀ ਇਸ ਦੇ ਅੰਦਰੋਂ ਮੈਂ-ਮੇਰੀ ਦੀ ਪ੍ਰੇਰਨਾ ਦੂਰ ਹੁੰਦੀ ਹੈ ।੬ ।
ਗੁਰੂ ਦੇ ਸ਼ਬਦ ਤੋਂ ਬਿਨਾ (ਮਨੁੱਖ ਦੇ ਅੰਦਰ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਨਹੀਂ ਹੁੰਦੀ, ਤੇ) ਪ੍ਰੀਤਿ ਤੋਂ ਬਿਨਾ (ਜੀਵ ਪਾਸੋਂ) ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ ਦਰ ਤੇ) ਜੀਵ ਕਬੂਲ ਨਹੀਂ ਹੁੰਦਾ ।
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਹਉਮੈ (ਮਨ ਵਿਚੋਂ) ਮਾਰੀ ਜਾ ਸਕਦੀ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਾਇਆ ਦੀ ਪ੍ਰੇਰਨਾ ਤੋਂ ਪੈਦਾ ਹੋਈ ਭਟਕਣਾ ਦੂਰ ਹੁੰਦੀ ਹੈ ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਦਾ ਨਾਮ (ਕੀਮਤੀ ਪਦਾਰਥ) ਮਿਲਦਾ ਹੈ, ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਸਮਾਈ ਹੁੰਦੀ ਹੈ ।੭।ਗੁਰੂ ਦੀ ਸਰਨ ਤੋਂ ਬਿਨਾ ਉੱਚੇ ਆਤਮਕ ਜੀਵਨ ਦੇ ਗੁਣਾਂ ਦੀ ਕਦਰ ਨਹੀਂ ਪੈਂਦੀ, ਤੇ, ਆਤਮਕ ਜੀਵਨ ਵਾਲੇ ਗੁਣਾਂ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ।
(ਗੁਰੂ ਦੇ ਸ਼ਬਦ ਦੀ ਰਾਹੀਂ ਹੀ) ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ) ਆਤਮਕ ਅਡੋਲਤਾ ਵਿਚ ਟਿਕਿਆਂ ਉਹ ਪ੍ਰਭੂ ਮਿਲ ਪੈਂਦਾ ਹੈ ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕੀਤੀ ਜਾ ਸਕਦੀ ਹੈ ।
(ਪਰ ਇਹ ਦਾਤਿ) ਉਸ ਦੀ ਮਿਹਰ ਨਾਲ ਹੀ ਮਿਲਦੀ ਹੈ ।੮।੪।੨੧ ।
Follow us on Twitter Facebook Tumblr Reddit Instagram Youtube