ਸਿਰੀਰਾਗੁ ਮਹਲਾ ੩ ॥
ਹਉਮੈ ਕਰਮ ਕਮਾਵਦੇ ਜਮਡੰਡੁ ਲਗੈ ਤਿਨ ਆਇ ॥
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥੧॥

ਮਨ ਰੇ ਗੁਰਮੁਖਿ ਨਾਮੁ ਧਿਆਇ ॥
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥੧॥ ਰਹਾਉ ॥

ਵਿਣੁ ਸਤਿਗੁਰ ਪਰਤੀਤਿ ਨ ਆਵਈ ਨਾਮਿ ਨ ਲਾਗੋ ਭਾਉ ॥
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥੨॥

ਜੇ ਹਰਿ ਹਰਿ ਕੀਚੈ ਬਹੁਤੁ ਲੋਚੀਐ ਕਿਰਤੁ ਨ ਮੇਟਿਆ ਜਾਇ ॥
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥੩॥

ਗੁਰੁ ਸਬਦੁ ਦਿੜਾਵੈ ਰੰਗ ਸਿਉ ਬਿਨੁ ਕਿਰਪਾ ਲਇਆ ਨ ਜਾਇ ॥
ਜੇ ਸਉ ਅੰਮ੍ਰਿਤੁ ਨੀਰੀਐ ਭੀ ਬਿਖੁ ਫਲੁ ਲਾਗੈ ਧਾਇ ॥੪॥

ਸੇ ਜਨ ਸਚੇ ਨਿਰਮਲੇ ਜਿਨ ਸਤਿਗੁਰ ਨਾਲਿ ਪਿਆਰੁ ॥
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥੫॥

ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥੬॥

ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥੭॥

ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥੮॥੨॥੧੯॥

Sahib Singh
ਡੰਡੁ = ਡੰਡਾ ।
ਕਰਮ = (ਮਿਥੇ ਹੋਏ ਧਾਰਮਿਕ) ਕੰਮ ।
ਆਇ = ਆ ਕੇ ।
ਜਿ = ਜਿਹੜੇ ਮਨੁੱਖ ।
ਸੇਵਨਿ = ਸੇਂਵਦੇ ਹਨ ।
ਲਾਇ = ਲਾ ਕੇ ।੧ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਧੁਰਿ = ਧੁਰੋਂ ।
ਪੂਰਬਿ = ਪਹਿਲੇ ਜਨਮ ਵਿਚ ।
ਕਰਤੈ = ਕਰਤਾਰ ਨੇ ।
ਸਮਾਇ = ਸਮਾਈ ।੧।ਰਹਾਉ ।
ਪਰਤੀਤਿ = ਸ਼ਰਧਾ ।
ਨਾਮਿ = ਨਾਮ ਵਿਚ ।
ਭਾਉ = ਪ੍ਰੇਮ ।
ਪਾਵਈ = ਪਾਵਏ, ਪਾਵੈ, ਪਾਂਦਾ ।
ਸਵੈ = ਸੌਂਦਾ ਹੈ, ਫਸਿਆ ਰਹਿੰਦਾ ਹੈ ।੨ ।
ਕੀਚੈ = ਕਰਨਾ ਚਾਹੀਦਾ ਹੈ ।
ਲੋਚੀਐ = ਤਾਂਘ ਕਰੀਏ ।
ਕਿਰਤੁ = ਪਿਛਲੇ ਕੀਤੇ ਕਰਮਾਂ ਦਾ ਅਸਰ {øਤ} ।
ਭਗਤੀ = ਭਗਤੀਂ, ਭਗਤਾਂ ਨੇ ।
ਦਰਿ = (ਪ੍ਰਭੂ ਦੇ) ਦਰ ਤੇ ।
ਥਾਇ = ਥਾਂ ਵਿਚ, ਕਬੂਲ ।੩ ।
ਰੰਗ = ਪ੍ਰੇਮ ।
ਸਉ = ਸੌ ਵਾਰੀ ।
ਨੀਰੀਐ = ਸਿੰਜੀਏ ।
ਬਿਖੁ = ਜ਼ਹਰ, (ਆਤਮਕ ਮੌਤ ਲਿਆਉਣ ਵਾਲਾ) ਵਿਸੁ ।
ਧਾਇ = ਧਾ ਕੇ, ਦੌੜ ਕੇ, ਛੇਤੀ ।੪ ।
ਤਜਿ = ਤਜ ਕੇ ।੫।ਹਠਿ—ਹਠ ਨਾਲ ।
ਕਿਤੈ ਉਪਾਇ = ਕਿਸੇ ਭੀ ਤਰੀਕੇ ਨਾਲ ।
ਜਾਇ = ਜਾ ਕੇ ।
ਸੋਧਹੁ = ਵਿਚਾਰ ਕੇ ਪੜ੍ਹ ਵੇਖੋ ।
ਮਿਲਿ = ਮਿਲ ਕੇ ।
ਸਾਧੂ = ਗੁਰੂ ।੬ ।
ਨਿਧਾਨੁ = ਖ਼ਜ਼ਾਨਾ ।
ਸੇਈ = ਉਹੀ ਬੰਦੇ ।੭ ।
ਗੁਰ ਪਰਸਾਦੀ = ਗੁਰ ਪਰਸਾਦਿ, ਗੁਰੂ ਦੀ ਕਿਰਪਾ ਨਾਲ ।
ਕਰਮਿ = (ਪਰਮਾਤਮਾ ਦੀ ਮਿਹਰ) ਮਿਹਰ ਨਾਲ ।੮ ।
    
Sahib Singh
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ ।
(ਨਾਮ ਬੜੀ ਦੁਰਲੱਭ ਦਾਤਿ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ।੧।ਰਹਾਉ ।
ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ ।
(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤਿ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ।੧ ।
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ (ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ।੨ ।
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ ।
ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ।੩ ।
ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ ।
(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮਿ੍ਰਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ।੪ ।
ਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ ।
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ।੫ ।
(ਹੇ ਭਾਈ!) ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮਿ੍ਰਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ ।
ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ।੬ ।
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ ।
ਗੁਰੂ ਦੀ ਸਰਨ ਪੈ ਕੇ ਉਹੀਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ।੭ ।
ਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤਿ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤਿ ਦੇ ਸਕੇ ।
ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ।੮।੨।੧੯ ।
Follow us on Twitter Facebook Tumblr Reddit Instagram Youtube