ਸਿਰੀਰਾਗੁ ਮਹਲਾ ੧ ॥
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥੧॥

ਭਾਈ ਰੇ ਤਨੁ ਧਨੁ ਸਾਥਿ ਨ ਹੋਇ ॥
ਰਾਮ ਨਾਮੁ ਧਨੁ ਨਿਰਮਲੋ ਗੁਰੁ ਦਾਤਿ ਕਰੇ ਪ੍ਰਭੁ ਸੋਇ ॥੧॥ ਰਹਾਉ ॥

ਰਾਮ ਨਾਮੁ ਧਨੁ ਨਿਰਮਲੋ ਜੇ ਦੇਵੈ ਦੇਵਣਹਾਰੁ ॥
ਆਗੈ ਪੂਛ ਨ ਹੋਵਈ ਜਿਸੁ ਬੇਲੀ ਗੁਰੁ ਕਰਤਾਰੁ ॥
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥੨॥

ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥੩॥

ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥੪॥

ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥
ਪਵਣੈ ਕੈ ਵਸਿ ਦੇਹੁਰੀ ਮਸਤਕਿ ਸਚੁ ਨੀਸਾਣੁ ॥੫॥

ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥੬॥

ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥
ਇਉ ਸਰਪਨਿ ਕੈ ਵਸਿ ਜੀਅੜਾ ਅੰਤਰਿ ਹਉਮੈ ਦੋਇ ॥
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥੭॥

ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥੮॥੧੫॥

Sahib Singh
ਚਿਤੇ = ਚਿੱਤ੍ਰੇ ਹੋਏ ।
ਧਉਲਹਰ = ਮਹਲ = ਮਾੜੀਆਂ ।
ਬਗੇ = ਬੱਗੇ, ਚਿੱਟੇ ।
ਬੰਕ = ਬਾਂਕੇ ।
ਕਰਿ ਖੁਸੀ = ਖ਼ੁਸ਼ੀਆਂ ਕਰ ਕੇ, ਚਾਉ ਨਾਲ ।
ਮਨ = ਹੇ ਮਨ !
ਦੂਜੈ ਹੇਤਿ = ਮਾਇਆ ਦੇ ਪ੍ਰੇਮ ਵਿਚ ।
ਅੰਦਰੁ = ਅੰਦਰਲਾ, ਹਿਰਦਾ ।
ਢਹਿ = ਢਹਿ ਕੇ ।
ਛਾਰੁ = ਸੁਆਹ ।੧ ।
ਨਿਰਮਲੋ = ਪਵਿਤ੍ਰ ।
ਸੋਇ = ਉਹ ।੧।ਰਹਾਉ ।
ਪੂਛ = ਪੁੱਛ = ਪੜਤਾਲ, ਰੋਕ ।
ਬੇਲੀ = ਸਹਾਈ ।੨ ।
ਸੰਜੋਗੁ = ਮੇਲ ।
ਦੇਖਿ = ਵੇਖ ਕੇ ।
ਵਿਗਾਸੀਅਹਿ = ਖ਼ੁਸ਼ ਹੁੰਦੇ ਹਨ ।
ਹਰਖੁ = ਖ਼ੁਸ਼ੀ ।
ਸੋਗੁ = ਚਿੰਤਾ, ਸਹਮ ।
ਸਬਦਿ = (ਗੁਰੂ ਦੇ) ਸ਼ਬਦ ਵਿਚ (ਜੁੜ ਕੇ) ।
ਅਹਿ = ਦਿਨ ।
ਨਿਸਿ = ਰਾਤ ।
ਭੋਗੁ = (ਆਤਮਕ) ਭੋਜਨ ।੩ ।
ਚਲੈ = ਡੋਲਦਾ ਹੈ ।
ਵਿਤੁ = ਧਨੁ ।
ਡੋਲਾਇ = ਮੁੜ ਮੁੜ ਡੋਲਦਾ ਹੈ ।
ਵਿਗੁਚੀਐ = ਖ਼ੁਆਰ ਹੋਈਦਾ ਹੈ ।
ਵਸਤੁ = ਨਾਮ = ਧਨ ।
ਸੁਥਾਇ = ਥਾਂ ਸਿਰ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ।
ਮੁਸੀ = ਮੁੱਸੀ, ਠੱਗੀ ਜਾਂਦੀ ਹੈ, ਲੁੱਟੀ ਜਾਂਦੀ ਹੈ ।
ਪਲੈ ਪਾਇ = (ਵਸਤੁ ਨੂੰੰੰੰ) ਹਾਸਲ ਕਰ ਲੈਂਦੀ ਹੈ ।੪ ।
ਸਾਕਤ = ਹੇ ਸਾਕਤ !
ਹੇ ਪ੍ਰਭੂ = ਚਰਨਾਂ ਤੋਂ ਵਿੱਛੁੜੇ ਜੀਵ !
ਰਕਤੁ = (ਮਾਂ ਦਾ) ਲਹੂ ।
ਬਿੰਦੁ = ਪਿਤਾ ਦਾ ਵੀਰਜ ।
ਪਿਰਾਣੁ = ਪਛਾਣ, ਚੇਤੇ ਰੱਖ ।
ਪਵਣ = ਸੁਆਸ ।
ਮਸਤਕਿ = ਮੱਥੇ ਉੱਤੇ ।
ਨੀਸਾਣੁ = ਅਟੱਲ ਹੁਕਮ ।੫ ।
ਜਿਸੁ = ਜਿਸੁ (ਮਨਿ), ਜਿਸ ਦੇ ਮਨ ਵਿਚ ।
ਸੋਇ = ਉਹ ਪ੍ਰਭੂ ।
ਕਿਆ ਗਣੀ = ਮੈਂ ਕੀਹ (ਜੀਊਂਦਾ) ਸਮਝਾਂ ?
    ੬ ।
ਭੁਲੀਐ = ਭੁਲੇਖਾ ਖਾ ਜਾਈਦਾ ਹੈ ।
ਨਿਦ੍ਰਾ = ਨੀਂਦ ।
ਸਰਪਨਿ = ਸਪਣੀ, ਮਾਇਆ ।
ਜੀਅੜਾ = ਕਮਜ਼ੋਰ ਜਿੰਦ ।
ਦੋਇ = ਦ੍ਵੈਤ, ਮੇਰ = ਤੇਰ ।
ਵੀਚਾਰੀਐ = ਸਮਝ ਪੈਂਦੀ ਹੈ ।
ਲੋਇ = ਲੋਕ, ਦੁਨੀਆ ।੭ ।
ਦੂਧੈ ਮਾਇ = ਮਾਂ ਦੇ ਦੁੱਧ ਨਾਲ ।
ਨਾ ਥੀਐ = ਨਹੀਂ ਰਹਿ ਸਕਦਾ ।
ਮੀਨੁ = ਮੱਛੀ ।
ਰਸਿ = ਰਸ ਵਿਚ ।੮ ।
    
Sahib Singh
ਹੇ ਭਾਈ! ਇਹ ਸਰੀਰ ਇਹ ਧਨ (ਜਗਤ ਤੋਂ ਚਲਣ ਵੇਲੇ) ਨਾਲ ਨਹੀਂ ਨਿਭਦਾ ।
ਪਰਮਾਤਮਾ ਦਾ ਨਾਮ (ਐਸਾ) ਪਵਿਤ੍ਰ ਧਨ ਹੈ (ਜੋ ਸਦਾ ਨਾਲ ਨਿਭਦਾ ਹੈ, ਪਰ ਇਹ ਮਿਲਦਾ ਉਸ ਨੂੰ ਹੈ) ਜਿਸ ਨੂੰ ਗੁਰੂ ਦੇਂਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤਿ ਕਰਦਾ ਹੈ ।੧।ਰਹਾਉ ।
ਹੇ ਮਨ! ਜਿਵੇਂ ਬੜੇ ਚਾਉ ਨਾਲ ਉਸਾਰੇ ਹੋਏ ਚਿੱਤਰੇ ਹੋਏ ਮਹਲ-ਮਾੜੀਆਂ (ਸੁੰਦਰ) ਦਿੱਸਦੇ ਹਨ, ਉਹਨਾਂ ਦੇ ਸਫ਼ੈਦ ਬਾਂਕੇ ਦਰਵਾਜ਼ੇ ਹੁੰਦੇ ਹਨ ।
(ਪਰ ਜੇ ਉਹ ਅੰਦਰੋਂ ਖ਼ਾਲੀ ਰਹਿਣ ਤਾਂ ਢਹਿ ਕੇ ਢੇਰੀ ਹੋ ਜਾਂਦੇ ਹਨ, ਤਿਵੇਂ ਮਾਇਆ ਦੇ ਮੋਹ ਵਿਚ ਪਿਆਰ ਵਿਚ (ਇਹ ਸਰੀਰ) ਪਾਲੀਦਾ ਹੈ, ਪਰ ਜੇ ਹਿਰਦਾ ਨਾਮ ਤੋਂ ਸੱਖਣਾ ਹੈ, ਪ੍ਰੇਮ ਤੋਂ ਬਿਨਾ ਹੈ, ਤਾਂ ਇਹ ਸਰੀਰ ਢਹਿ ਕੇ ਢੇਰੀ ਹੋ ਜਾਂਦਾ ਹੈ (ਵਿਅਰਥ ਜਾਂਦਾ ਹੈ) ।੧ ।
ਪਰਮਾਤਮਾ ਦਾ ਨਾਮ ਪਵਿਤ੍ਰ ਧਨ ਹੈ (ਤਦੋਂ ਹੀ ਮਿਲਦਾ ਹੈ) ਜੇ ਦੇਣ ਦੇ ਸਮਰੱਥ ਹਰੀ ਆਪ ਦੇਵੇ ।
(ਨਾਮ-ਧਨ ਹਾਸਲ ਕਰਨ ਵਿਚ) ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣੇ, ਕਰਤਾਰ ਆਪ ਬਣੇ, ਪਰਲੋਕ ਵਿਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ ।
ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਏ ਤਾਂ ਬਚ ਸਕੀਦਾ ਹੈ, ਪ੍ਰਭੂ ਆਪ ਹੀ ਬਖ਼ਸ਼ਸ਼ ਕਰਨ ਵਾਲਾ ਹੈ ।੨ ।
(ਪ੍ਰਭੂ ਦੀ ਰਜ਼ਾ ਅਨੁਸਾਰ ਜਗਤ ਵਿਚ) ਧੀਆਂ ਪੁੱਤਰਾਂ ਦਾ ਮੇਲ (ਆ ਬਣਦਾ ਹੈ) ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ ਇਹਨਾਂ ਨੂੰ ਆਪਣੇ ਸਮਝ ਲੈਂਦਾ ਹੈ ।
(ਮਨਮੁਖ ਬੰਦੇ ਆਪੋ ਆਪਣੀ) ਇਸਤ੍ਰੀ ਨੂੰ ਵੇਖ ਕੇ ਖ਼ੁਸ਼ ਹੁੰਦੇ ਹਨ, (ਵੇਖ ਕੇ) ਖ਼ੁਸ਼ੀ ਭੀ ਹੁੰਦੀ ਹੈ ਸਹਮ ਭੀ ਹੁੰਦਾ ਹੈ (ਕਿ ਕਿਤੇ ਇਹ ਧੀਆਂ ਪੁੱਤਰ ਇਸਤ੍ਰੀ ਮਰ ਨਾਹ ਜਾਣ) ।
ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ ਬੰਦੇ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਰੰਗ ਮਾਣਦੇ ਹਨ, ਪਰਮਾਤਮਾ ਦਾ ਨਾਮ-ਰਸ ਦਿਨ-ਰਾਤ ਉਹਨਾਂ ਦੀ ਆਤਮਕ ਖ਼ੁਰਾਕ ਹੁੰਦਾ ਹੈ ।੩ ।
(ਮਨੁੱਖ ਧਨ ਨੂੰ ਸੁਖ ਦਾ ਮੂਲ ਸਮਝਦਾ ਹੈ, ਜਦੋਂ) ਧਨ ਜਾਣ ਲਗਦਾ ਹੈ ਤਾਂ ਸਾਕਤ ਦਾ ਮਨ ਡੋਲਦਾ ਹੈ ।
(ਸੁਖ ਨੂੰ) ਬਾਹਰੋਂ ਢੂੰਡਿਆਂ ਖ਼ੁਆਰ ਹੀ ਹੋਈਦਾ ਹੈ ।
(ਸਾਕਤ ਮਨੁੱਖ ਇਹ ਨਹੀਂ ਸਮਝਦਾ ਕਿ ਸੁਖ ਦਾ ਮੂਲ) ਪਰਮਾਤਮਾ ਦਾ ਨਾਮ-ਧਨ ਘਰ ਵਿਚ ਹੀ ਹੈ ਹਿਰਦੇ ਵਿਚ ਹੀ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ‘ਹਉ ਹਉ ਮੈਂ ਮੈਂ’ ਕਰ ਕੇ ਹੀ ਲੁੱਟੀ ਜਾਂਦੀ ਹੈ (ਨਾਮ-ਧਨ ਅੰਦਰੋਂ ਲੁਟਾ ਲੈਂਦੀ ਹੈ), ਗੁਰੂ ਦੇ ਰਸਤੇ ਤੁਰਨ ਵਾਲੀ ਇਹ ਧਨ ਹਾਸਲ ਕਰ ਲੈਂਦੀ ਹੈ ।੪ ।
ਹੇ ਗੁਣ-ਹੀਨ ਸਾਕਤ ਮਨੁੱਖ! (ਤੂੰ ਮਾਣ ਕਰਦਾ ਹੈਂ ਆਪਣੇ ਸਰੀਰ ਦਾ) ਆਪਣਾ ਅਸਲਾ ਤਾਂ ਪਛਾਣ ।
ਇਹ ਸਰੀਰ ਮਾਂ ਦੇ ਲਹੂ ਤੇ ਪਿਤਾ ਦੇ ਵੀਰਜ ਤੋਂ ਬਣਿਆ ਹੈ, ਚੇਤੇ ਰੱਖ, (ਆਖ਼ਰ ਇਸ ਨੇ) ਅੱਗ ਵਿਚ (ਪੈ ਜਾਣਾ ਹੈ) ।
ਹਰੇਕ ਜੀਵ ਦੇ ਮੱਥੇ ਉੱਤੇ ਇਹ ਅਟੱਲ ਹੁਕਮ ਹੈ, ਕਿ ਇਹ ਸਰੀਰ ਸੁਆਸਾਂ ਦੇ ਅਧੀਨ ਹੈ (ਹਰੇਕ ਦੇ ਗਿਣੇ ਮਿਥੇ ਸੁਆਸ ਹਨ) ।੫ ।
ਲੰਮੀ ਲੰਮੀ ਉਮਰ ਮੰਗੀਦੀ ਹੈ, ਕੋਈ ਭੀ (ਛੇਤੀ) ਮਰਨਾ ਨਹੀਂ ਚਾਹੁੰਦਾ ।
ਪਰ ਉਸੇ ਮਨੁੱਖ ਦਾ ਸੁਖੀ ਜੀਵਨ ਕਹਿ ਸਕੀਦਾ ਹੈ, ਜਿਸ ਦੇ ਮਨ ਵਿਚ, ਗੁਰੂ ਦੀ ਸਰਨ ਪੈ ਕੇ, ਪਰਮਾਤਮਾ ਆ ਵੱਸਦਾ ਹੈ ।
ਜਿਸ ਮਨੁੱਖ ਨੂੰ ਕਦੇ ਗੁਰੂ ਦਾ ਦਰਸ਼ਨ ਨਹੀਂ ਹੋਇਆ, ਕਦੇ ਪਰਮਾਤਮਾ ਦਾ ਦੀਦਾਰ ਨਹੀਂ ਹੋਇਆ, ਉਸ ਪ੍ਰਭੂ-ਨਾਮ ਤੋਂ ਸੱਖਣੇ ਮਨੁੱਖ ਨੂੰ ਮੈਂ (ਜੀਊਂਦਾ) ਕੀਹ ਸਮਝਾਂ ?
੬ ।
ਜਿਵੇਂ ਰਾਤ ਨੂੰ (ਸੁੱਤੇ ਪਿਆਂ) ਸੁਪਨੇ ਵਿਚ (ਕਈ ਚੀਜ਼ਾਂ ਵੇਖ ਕੇ) ਭੁਲੇਖਾ ਖਾ ਜਾਈਦਾ ਹੈ (ਕਿ ਜੋ ਕੁਝ ਵੇਖ ਰਹੇ ਹਾਂ ਇਹ ਸਚ-ਮੁਚ ਠੀਕ ਹੈ, ਤੇ ਇਹ ਭੁਲੇਖਾ ਤਦ ਤਕ ਟਿਕਿਆ ਰਹਿੰਦਾ ਹੈ) ਜਦ ਤਕ ਨੀਂਦ ਟਿਕੀ ਰਹਿੰਦੀ ਹੈ, ਇਸੇ ਤ੍ਰਹਾਂ ਇਹ ਕਮਜ਼ੋਰ ਜੀਵ ਮਾਇਆ ਸਪਣੀ ਦੇ ਵੱਸ ਵਿਚ (ਜਦ ਤਕ) ਹੈ (ਤਦ ਤਕ) ਇਸ ਦੇ ਅੰਦਰ ਹਉਮੈ ਤੇ ਮੇਰ-ਤੇਰ ਬਣੀ ਰਹਿੰਦੀ ਹੈ (ਤੇ ਇਸ ਹਉਮੈ ਤੇ ਮੇਰ-ਤੇਰ ਨੂੰ ਇਹ ਜੀਵਨ ਸਹੀ ਜੀਵਨਸਮਝਦਾ ਹੈ) ।
ਜਦੋਂ ਗੁਰੂ ਦੀ ਮਤਿ ਪ੍ਰਾਪਤ ਹੋਵੇ ਤਾਂ ਇਹ ਸਮਝ ਪੈਂਦੀ ਹੈ ਕਿ ਇਹ ਜਗਤ (ਦਾ ਮੋਹ) ਇਹ ਦੁਨੀਆ (ਵਾਲੀ ਮੇਰ-ਤੇਰ) ਨਿਰਾ ਸੁਪਨਾ ਹੀ ਹੈ ।੭ ।
ਜਿਵੇਂ ਬਾਲਕ ਦੀ ਅੱਗ (ਪੇਟ ਦੀ ਅੱਗ, ਭੁਖ) ਮਾਂ ਦਾ ਦੁੱਧ ਪੀਤਿਆਂ ਸ਼ਾਂਤ ਹੁੰਦੀ ਹੈ, ਤਿਵੇਂ ਇਹ ਤ੍ਰਿਸ਼ਨਾ ਦੀ ਅੱਗ ਤਦੋਂ ਬੁੱਝਦੀ ਹੈ ਜਦੋਂ ਪ੍ਰਭੂ ਦੇ ਨਾਮ ਦਾ ਜਲ ਇਸ ਉੱਤੇ ਪਾਈਏ ।
ਪਾਣੀ ਤੋਂ ਬਿਨਾ ਕੌਲ ਫੁੱਲ ਨਹੀਂ ਰਹਿ ਸਕਦਾ, ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ, ਤਿਵੇਂ ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਪ੍ਰਭੂ-ਨਾਮ ਤੋਂ ਬਿਨਾ ਜੀਊ ਨਹੀਂ ਸਕਦਾ, ਉਸ ਦਾ ਆਤਮਕ ਜੀਵਨ ਤਦੋਂ ਹੀ ਪ੍ਰਫੁਲਤ ਹੁੰਦਾ ਹੈ ਜਦੋਂ) ਉਹ ਪਰਮਾਤਮਾ ਦੇ ਨਾਮ-ਰਸ ਵਿਚ ਲੀਨ ਹੁੰਦਾ ਹੈ ।
ਹੇ ਨਾਨਕ! (ਪ੍ਰਭੂ-ਦਰ ਤੇ ਅਰਦਾਸ ਕਰ ਤੇ ਆਖ—ਹੇ ਪ੍ਰਭੂ! ਮਿਹਰ ਕਰ), ਮੈਂ ਤੇਰੇ ਗੁਣ ਗਾ ਕੇ (ਆਤਮਕ ਜੀਵਨ) ਜੀਵਾਂ ।੮।੧੫ ।
Follow us on Twitter Facebook Tumblr Reddit Instagram Youtube