ਸਿਰੀਰਾਗੁ ਮਹਲਾ ੧ ॥
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥

ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥

ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥
ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥

ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥
ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥

ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥
ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥
ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥

ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥
ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥
ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥

ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥
ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥

ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥
ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥

ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥
ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥

Sahib Singh
ਸਰਬ ਪਿਆਰੁ = ਸਭ ਨਾਲ ਪਿਆਰ ਕਰਨ ਵਾਲਾ ਪਰਮਾਤਮਾ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਪਦਾਰਥੁ = ਕੀਮਤੀ ਚੀਜ਼ ।੧ ।
ਗਿਆਨੁ = ਆਤਮਕ ਜੀਵਨ ਦੀ ਸਮਝ, ਪਰਮਾਤਮਾ ਨਾਲ ਡੂੰਘੀ ਸਾਂਝ ।੧।ਰਹਾਉ ।
ਕਹਾਵੈ = ਸਿਮਰਨ ਕਰਾਂਦਾ ਹੈ ।
ਸੋਇ = ਉਹ ਗੁਰੂ ਹੀ ।
ਸਫਲਿਓ = ਫਲ ਦੇਣ ਵਾਲਾ ।
ਮਾਣਿਕ = ਮਾਣਕਾਂ ਨਾਲ (ਭਰਪੂਰ) ।
ਸੋਇ = ਉਹ ਪਰਮਾਤਮਾ ।੨।ਭੰਡਾਰੇ—ਖ਼ਜ਼ਾਨੇ ਵਿਚ ।
ਸੰਚੀਐ = ਇਕੱਠਾ ਕੀਤਾ ਜਾ ਸਕਦਾ ਹੈ ।
ਕਰਮਿ = ਮਿਹਰ ਨਾਲ ।
ਅਸੁਰ = ਕਾਮਾਦਿਕ ਦੈਂਤ ।੩ ।
ਭਵਜਲੁ = ਸੰਸਾਰ = ਸਮੁੰਦਰ ।
ਬਿਖਮੁ = ਅੌਖਾ ।
ਕੰਧੀ = ਕੰਢਾ ।
ਮਲਾਰੁ = ਮਲਾਹ ।
ਭੈ ਕਾ ਬੋਹਿਥਾ = ਡਰਾਂ ਤੋਂ ਬਚਾਣ ਵਾਲਾ ਜਹਾਜ਼ ।
{ਨੋਟ: = ਲਫ਼ਜ਼ ‘ਪਾਰੁ’ ਅਤੇ ‘ਪਾਰਿ’ ਦਾ ਫ਼ਰਕ ਚੇਤੇ ਰੱਖਣ-ਯੋਗ ਹੈ ।
ਪਾਰੁ = ਪਾਰਲਾ ਪਾਸਾ (ਨਾਂਵ) ।
ਪਾਰਿ = ਪਾਰਲੇ ਪਾਸੇ (ਕਿ੍ਰਆ ਵਿਸ਼ੇਸ਼ਣ)} ।੪ ।
ਜਾਇ = ਚਲਾ ਜਾਂਦਾ ਹੈ ।
ਜਲਉ = ਸੜ ਜਾਏ {ਹੁਕਮੀ ਭਵਿੱਖਤ} ।
ਜਲਾਵਣੀ = ਸੜਨ = ਜੋਗੀ ।
ਰਸਾਇ = ਰਸ ਨਾਲ, ਸੁਆਦ ਨਾਲ ।
ਅਗਲੋ = ਬਹੁਤਾ ।੫ ।
ਕਲਤੁ = ਇਸਤ੍ਰੀ ।
ਬਾਦਿ = ਵਿਅਰਥ ।
ਮਾਰਗਿ = ਰਸਤੇ ਉਤੇ ।
ਆਥਿ = {ਅਥL} ਮਾਇਆ ।
ਮਾਰਗਿ ਆਥਿ = ਮਾਇਆ ਦੇ ਰਸਤੇ ਤੇ ।
ਅਕਥੋ = ਜਿਸ ਦੇ ਗੁਣ ਬਿਆਨ ਨ ਕੀਤੇ ਜਾ ਸਕਣ ।
ਕਾਥਿ = ਕਥੀਦਾ ਹੈ, ਸਿਫ਼ਤਿ-ਸਾਲਾਹ ਕਰੀਦੀ ਹੈ ।੬ ।
ਪਇਐ ਕਿਰਤਿ = ਪਿਛਲੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਕਿਰਤ ਅਨੁਸਾਰ ਜੋ ਸੰਸਕਾਰ ਰੂਪ ਹੋ ਕੇ ਮਨ ਵਿਚ ਟਿਕੀ ਪਈ ਹੈ ।
ਕਮਾਇ = ਕਰਮ ਕਰਦਾ ਹੈ ।੭ ।
ਜੀਉ = ਜੀਵ, ਜਿੰਦ ।
ਪੁਰਾਨੁ = ਪ੍ਰਾਣ, ਸੁਆਸ ।
ਜਲਿ ਬਲਉ = {ਹੁਕਮੀ ਭਵਿੱਖਤ} ਜਲ ਬਲ ਜਾਏ ।
ਜਲਉ = ਜਲ ਜਾਏ ।
ਗੁਣੀ ਨਿਧਾਨੁ = ਗੁਣਾਂ ਦਾ ਖæਜ਼ਾਨਾ ਪ੍ਰਭੂ ।੮ ।
    
Sahib Singh
ਹੇ ਭਾਈ! (ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ, ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ ।੧।ਰਹਾਉ ।
ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ ।
ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤ੍ਰਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ ।
(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਅੌਗੁਣ ਮਿਟਾਣ ਦੇ ਸਮਰੱਥ ਹੈ ।੧ ।
ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ—(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ ।
ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ ।
ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੁੱਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ ।
ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ।੨ ।
ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹੈ ।
ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ ।
ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੁੱਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ।੩ ।
ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ ।
ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ—ਕੋਈ ਭੀਇਸ ਸੰਸਾਰ-ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ ।
(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ।੪ ।
ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ ।
ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ ।
(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੁੰਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ?) ।੫ ।
(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ ।
ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ ।
(ਇਸ ਵਾਸਤੇ, ਹੇ ਭਾਈ!) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ ।
ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤਿ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ।੬ ।
ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ ।
ਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ?
(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ ।
ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ।੭ ।
(ਹੇ ਭਾਈ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ ।
ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ) ।
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ।੮।੧੦ ।
Follow us on Twitter Facebook Tumblr Reddit Instagram Youtube