ਸਿਰੀਰਾਗੁ ਮਹਲਾ ੧ ॥
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥
ਆਪੇ ਰਤਨੁ ਪਰਖਿ ਤੂੰ ਆਪੇ ਮੋਲੁ ਅਪਾਰੁ ॥
ਸਾਚਉ ਮਾਨੁ ਮਹਤੁ ਤੂੰ ਆਪੇ ਦੇਵਣਹਾਰੁ ॥੧॥

ਹਰਿ ਜੀਉ ਤੂੰ ਕਰਤਾ ਕਰਤਾਰੁ ॥
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥੧॥ ਰਹਾਉ ॥

ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥
ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥੨॥

ਆਪੇ ਸਾਗਰੁ ਬੋਹਿਥਾ ਆਪੇ ਪਾਰੁ ਅਪਾਰੁ ॥
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥
ਨਿਡਰਿਆ ਡਰੁ ਜਾਣੀਐ ਬਾਝੁ ਗੁਰੂ ਗੁਬਾਰੁ ॥੩॥

ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥੪॥

ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥
ਤਿਤੁ ਤਨਿ ਮੈਲੁ ਨ ਲਗਈ ਸਚ ਘਰਿ ਜਿਸੁ ਓਤਾਕੁ ॥
ਨਦਰਿ ਕਰੇ ਸਚੁ ਪਾਈਐ ਬਿਨੁ ਨਾਵੈ ਕਿਆ ਸਾਕੁ ॥੫॥

ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥੬॥

ਸਾਚਉ ਵਖਰੁ ਲਾਦੀਐ ਲਾਭੁ ਸਦਾ ਸਚੁ ਰਾਸਿ ॥
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥੭॥

ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥
ਜਹ ਦੇਖਾ ਤਹ ਏਕੁ ਤੂੰ ਸਤਿਗੁਰਿ ਦੀਆ ਦਿਖਾਇ ॥
ਜੋਤਿ ਨਿਰੰਤਰਿ ਜਾਣੀਐ ਨਾਨਕ ਸਹਜਿ ਸੁਭਾਇ ॥੮॥੩॥

Sahib Singh
ਆਪੇ = (ਪ੍ਰਭੂ) ਆਪ ਹੀ ।
ਕਥੈ = ਬਿਆਨ ਕਰਦਾ ਹੈ ।
ਸੁਣਿ = ਸੁਣ ਕੇ ।
ਪਰਖਿ = ਪਰਖਹਿ, ਪਰਖਦਾ ਹੈਂ ।
ਸਚਾਉ = ਸਦਾ ਕਾਇਮ ਰਹਿਣ ਵਾਲਾ ।
ਮਹਤੁ = ਵਡਿਆਈ ।੧ ।
ਆਚਾਰੁ = ਧਾਰਮਿਕ ਰਸਮ ।੧।ਰਹਾਉ ।
ਊਜਲੋ = ਚਮਕੀਲਾ ।
ਬਸੀਠੁ = ਵਕੀਲ, ਵਿਚੋਲਾ ।
ਡੀਠੁ = ਦਿੱਸਦਾ ।
ਅਡੀਠੁ = ਅਦਿ੍ਰਸ਼ਟ ।੨।ਬੋਹਿਥਾ—ਜਹਾਜ਼ ।
ਅਪਾਰੁ = ਉਰਲਾ ਕੰਢਾ ।
ਵਾਟ = ਪੈਂਡਾ ।
ਸਬਦਿ = ਸ਼ਬਦ ਦੀ ਰਾਹੀਂ ।
ਗੁਬਾਰੁ = ਘੁੱਪ ਹਨੇਰਾ ।੩ ।
ਕੇਤੀ = ਬੇਅੰਤ (ਸਿ੍ਰਸ਼ਟੀ) ।
ਧੰਧੈ = ਧੰਧੇ ਵਿਚ, ਬੰਧਨ ਵਿਚ ।
ਗੁਰਿ = ਗੁਰੂ ਨੇ ।੪ ।
ਵਾਕਿ = ਵਾਕ ਦੀ ਰਾਹੀਂ ।
ਤਿਤੁ ਤਨਿ = ਉਸ ਸਰੀਰ ਵਿਚ ।
ਓਤਾਕੁ = ਬੈਠਕ, ਟਿਕਾਣਾ ।੫ ।
ਜੁਗ ਚਾਰਿ = ਸਦਾ ਹੀ ।
ਉਰ = ਹਿਰਦਾ ।
ਲਾਹਾ = ਲਾਭ ।੬ ।
ਰਾਸਿ = ਪੂੰਜੀ ।
ਬੈਸਈ = ਬੈਠਦਾ ਹੈ ।
ਪਤਿ = ਇੱਜ਼ਤ ।੭ ।
ਕਹਉ = ਕਹਉਂ, ਮੈਂ ਆਖਦਾ ਹਾਂ ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ ।
ਸਤਿਗੁਰਿ = ਸਤਿਗੁਰੂ ਨੇ ।
ਨਿਰੰਤਰਿ = ਅੰਤਰ ਤੋਂ ਬਿਨਾ, ਵਿੱਥ ਤੋਂ ਬਿਨਾ, ਇਕ-ਰਸ ।
ਸਹਜਿ = ਸਹਜ ਅਵਸਥਾ ਵਿਚ ਟਿਕ ਕੇ ।
ਸੁਭਾਇ = ਪ੍ਰਭੂ ਦੇ ਪ੍ਰੇਮ ਵਿਚ ਜੁੜ ਕੇ ।੮ ।
    
Sahib Singh
ਹੇ ਪ੍ਰਭੂ ਜੀ! (ਹਰੇਕ ਸ਼ੈ ਦਾ) ਪੈਦਾ ਕਰਨ ਵਾਲਾ ਤੂੰ ਆਪ ਹੀ ਹੈਂ ।
ਹੇ ਪ੍ਰਭੂ! ਜਿਵੇਂ ਤੈਨੂੰ ਚੰਗਾ ਲੱਗੇ, ਮੈਨੂੰ (ਆਪਣੇ ਨਾਮ ਵਿਚ ਜੋੜੀ) ਰੱਖ ।
ਹੇ ਹਰੀ! (ਮਿਹਰ ਕਰ) ਮੈਨੂੰ ਤੇਰਾ ਨਾਮ ਮਿਲ ਜਾਏ ।
ਤੇਰਾ ਨਾਮ ਹੀ ਮੇਰੇ ਵਾਸਤੇ (ਚੰਗੇ ਤੋਂ ਚੰਗਾ) ਕਰਤੱਬ ਹੈ ।੧।ਰਹਾਉ ।
ਪ੍ਰਭੂ ਆਪ ਹੀ (ਆਪਣੇ) ਗੁਣ ਹੈ, ਆਪ ਹੀ (ਉਹਨਾਂ ਗੁਣਾਂ ਨੂੰ) ਬਿਆਨ ਕਰਦਾ ਹੈ, ਆਪ ਹੀ (ਆਪਣੀ ਸਿਫ਼ਤਿ-ਸਾਲਾਹ) ਸੁਣ ਕੇ ਉਸ ਨੂੰ ਵਿਚਾਰਦਾ ਹੈ (ਉਸ ਵਿਚ ਸੁਰਤਿ ਜੋੜਦਾ ਹੈ) ।
ਹੇ ਪ੍ਰਭੂ! ਤੂੰ ਆਪ ਹੀ (ਆਪਣਾ ਨਾਮ-ਰੂਪ) ਰਤਨ ਹੈਂ, ਤੂੰ ਆਪ ਹੀ ਉਸ ਰਤਨ ਦਾ ਮੁੱਲ ਪਾਣ ਵਾਲਾ ਹੈਂ, ਤੂੰ ਆਪ ਹੀ (ਆਪਣੇ ਨਾਮ-ਰਤਨ ਦਾ) ਬੇਅੰਤ ਮੁੱਲ ਹੈਂ ।
ਤੂੰ ਆਪ ਹੀ ਸਦਾ ਕਾਇਮ ਰਹਿਣ ਵਾਲਾ ਮਾਣ ਹੈਂ, ਵਡਿਆਈ ਹੈਂ, ਤੂੰ ਆਪ ਹੀ (ਜੀਵਾਂ ਨੂੰ ਮਾਣ-ਵਡਿਆਈ) ਦੇਣ ਵਾਲਾ ਹੈਂ ।੧ ।
ਹੇ ਪ੍ਰਭੂ! ਤੂੰ ਆਪ ਹੀ ਚਮਕਦਾ ਹੀਰਾ ਹੈਂ, ਤੂੰ ਆਪ ਹੀ ਮਜੀਠ ਦਾ ਰੰਗ ਹੈਂ, ਤੂੰ ਆਪ ਹੀ ਲਿਸ਼ਕਦਾ ਮੋਤੀ ਹੈਂ, ਤੂੰ ਆਪ ਹੀ (ਆਪਣੇ) ਭਗਤਾਂ ਦਾ ਵਿਚੋਲਾ ਹੈਂ ।
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਤੇਰੀ ਸਿਫ਼ਤਿ-ਸਾਲਾਹ ਹੋ ਸਕਦੀ ਹੈ, ਹਰੇਕ ਸਰੀਰ ਵਿਚ ਤੂੰ ਹੀ ਦਿੱਸ ਰਿਹਾ ਹੈਂ, ਤੇ ਤੂੰ ਹੀ ਅਦਿ੍ਰਸ਼ਟ ਹੈਂ ।੨ ।
ਹੇ ਪ੍ਰਭੂ! (ਇਹ ਸੰਸਾਰ-) ਸਮੁੰਦਰ ਤੂੰ ਆਪ ਹੀ ਹੈਂ, (ਇਸ ਵਿਚੋਂ ਪਾਰ ਲੰਘਾਣ ਲਈ) ਜਹਾਜ਼ ਭੀ ਤੂੰ ਆਪ ਹੀ ਹੈਂ (ਇਸ ਸੰਸਾਰ-ਸਮੁੰਦਰ ਦਾ) ਪਾਰਲਾ ਤੇ ਉਰਾਰਲਾ ਕੰਢਾ ਭੀ ਤੂੰ ਆਪ ਹੀ ਹੈਂ ।
(ਹੇ ਪ੍ਰਭੂ! ਤੇਰੀ ਭਗਤੀ-ਰੂਪ) ਪੈਂਡਾ ਭੀ ਤੂੰ ਆਪ ਹੀ ਹੈਂ, ਤੂੰ ਸਭ ਕੁਝ ਜਾਣਦਾ ਹੈਂ, ਗੁਰ-ਸ਼ਬਦ ਦੀ ਰਾਹੀਂ (ਇਸ ਸੰਸਾਰ-ਸਮੁੰਦਰ ਵਿਚੋਂ ਭਗਤੀ ਦੀ ਰਾਹੀਂ) ਪਾਰ ਲੰਘਾਣ ਵਾਲਾ ਭੀ ਤੂੰ ਹੀ ਹੈਂ ।
ਗੁਰੂ ਦੀ ਸਰਨ ਤੋਂ ਬਿਨਾ (ਇਹ ਜੀਵਨ-ਸਫ਼ਰ ਜੀਵਾਂ ਵਾਸਤੇ) ਘੁੱਪ ਹਨੇਰਾ ਹੈ ।
ਹੇ ਪ੍ਰਭੂ! ਜੇਹੜੇ ਜੀਵ ਤੇਰਾ ਡਰ-ਭਉ ਨਹੀਂ ਰੱਖਦੇ, ਉਹਨਾਂ ਨੂੰ ਦੁਨੀਆ ਦਾ ਸਹਮ ਸਹਾਰਨਾ ਪੈਂਦਾ ਹੈ ।੩ ।
(ਇਸ ਜਗਤ ਵਿਚ) ਇਕ ਕਰਤਾਰ ਹੀ ਸਦਾ-ਥਿਰ ਰਹਿਣ ਵਾਲਾ ਦਿੱਸਦਾ ਹੈ, ਹੋਰ ਬੇਅੰਤ ਸਿ੍ਰਸ਼ਟੀ ਜੰਮਦੀ ਮਰਦੀ ਰਹਿੰਦੀ ਹੈ ।
ਹੇ ਪ੍ਰਭੂ! ਇਕ ਤੂੰ ਹੀ (ਮਾਇਆ ਦੇ ਮੋਹ ਦੀ) ਮੈਲ ਤੋਂ ਸਾਫ਼ ਹੈਂ, ਬਾਕੀ ਸਾਰੀ ਦੁਨੀਆ (ਮਾਇਆ ਦੇ ਮੋਹ ਦੇ) ਬੰਧਨ ਵਿਚ ਬੱਝੀ ਪਈ ਹੈ ।
ਜਿਨ੍ਹਾਂ ਨੂੰ ਗੁਰੂ ਨੇ (ਇਸ ਮੋਹ ਤੋਂ) ਬਚਾ ਲਿਆ ਹੈ, ਉਹ ਸਦਾ-ਥਿਰ ਪ੍ਰਭੂ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ ਬਚ ਗਏ ਹਨ ।੪।ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ ਹੈ ।
(ਗੁਰੂ ਦੀ ਰਾਹੀਂ) ਜਿਸ ਮਨੁੱਖ ਦੀ ਬੈਠਕ ਸਦਾ-ਥਿਰ ਪ੍ਰਭੂ ਦੇ ਘਰ ਵਿਚ (ਚਰਨਾਂ ਵਿਚ) ਹੋ ਜਾਂਦੀ ਹੈ, ਉਸ ਦੇ ਸਰੀਰ ਵਿਚ (ਮਾਇਆ ਦੀ) ਮੈਲ ਨਹੀਂ ਲੱਗਦੀ ।
ਉਹ ਸਦਾ-ਥਿਰ ਪ੍ਰਭੂ ਜਿਸ ਉਤੇ ਮਿਹਰ ਦੀ ਨਿਗਾਹ ਕਰਦਾ ਹੈ, ਉਸੇ ਨੂੰ ਉਸ ਦੀ ਪ੍ਰਾਪਤੀ ਹੁੰਦੀ ਹੈ ।
ਉਸ ਦਾ ਨਾਮ ਸਿਮਰਨ ਤੋਂ ਬਿਨਾ ਉਸ ਨਾਲ ਸੰਬੰਧ ਨਹੀਂ ਬਣ ਸਕਦਾ ।੫ ।
ਜਿਨ੍ਹਾਂ ਬੰਦਿਆਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ ਹੈ, ਉਹ ਸਦਾ ਹੀ ਆਤਮਕ ਆਨੰਦ ਮਾਣਦੇ ਹਨ, ਉਹ ਆਪਣੀ ਹਉਮੈ ਅਤੇ (ਮਾਇਆ ਵਾਲੀ) ਤ੍ਰਿਸ਼ਨਾ ਮਾਰ ਕੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ ।
ਜਗਤ ਵਿਚ (ਆਉਣ ਦਾ) ਪਰਮਾਤਮਾ ਦਾ ਇਕ ਨਾਮ ਹੀ ਲਾਭ ਹੈ (ਜੋ ਮਨੁੱਖ ਨੂੰ ਖੱਟਣਾ ਚਾਹੀਦਾ ਹੈ, ਤੇ ਇਹ ਨਾਮ) ਗੁਰੂ ਦੀ ਦੱਸੀ ਸਿੱਖਿਆ ਦੀ ਰਾਹੀਂ ਹੀ ਮਿਲ ਸਕਦਾ ਹੈ ।੬ ।
(ਹੇ ਵਣਜਾਰੇ ਜੀਵ!) ਸਦਾ-ਥਿਰ ਰਹਿਣ ਵਾਲੀ (ਨਾਮ ਦੀ ਰਾਸ-ਪੂੰਜੀ ਹੀ ਜੋੜਨੀ ਚਾਹੀਦੀ ਹੈ, (ਇਸ ਵਿਚੋਂ ਉਹ) ਨਫ਼ਾ (ਪੈਂਦਾ ਹੈ ਜੋ) ਸਦਾ (ਕਾਇਮ ਰਹਿੰਦਾ ਹੈ) ।
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦੀ ਭਗਤੀ ਕਰਦਾ ਹ ੈ, (ਉਸ ਦੇ ਤੇ) ਅਰਦਾਸ ਕਰਦਾ ਹੈ, ਉਹ ਉਸ ਦੀ ਸਦਾ-ਥਿਰ ਹਜ਼ੂਰੀ ਵਿਚ ਬੈਠਦਾ ਹੈ, ਉਸ ਦਾ (ਜੀਵਨ-ਸਫ਼ਰ ਦਾ) ਲੇਖਾ (ਇੱਜ਼ਤ ਨਾਲ) ਸਾਫ਼ ਹੋ ਜਾਂਦਾ ਹੈ (ਕਿਉਂਕਿ ਉਸ ਦੇ ਅੰਦਰ) ਪ੍ਰਭੂ ਦਾ ਨਾਮ ਉਜਾਗਰ ਹੋ ਜਾਂਦਾ ਹੈ ।੭ ।
ਪਰਮਾਤਮਾ ਸਭ ਤੋਂ ਉੱਚਾ ਹੈ, ਪਰਮਾਤਮਾ ਸਭ ਤੋਂ ਉੱਚਾ ਹੈ—(ਹਰ ਪਾਸੇ ਵਲੋਂ ਇਹੀ) ਆਖਿਆ ਜਾਂਦਾ ਹੈ, ਮੈਂ (ਭੀ) ਆਖਦਾ ਹਾਂ (ਕਿ ਪਰਮਾਤਮਾ ਸਭ ਤੋਂ ਉੱਚਾ ਹੈ, ਪਰ ਨਿਰਾ ਕਹਿਣ ਨਾਲ) ਉਸ ਦਾ ਦਰਸ਼ਨ ਨਹੀਂ ਕੀਤਾ ਜਾ ਸਕਦਾ ।
ਜਦੋਂ ਸਤਿਗੁਰੂ ਨੇ ਮੈਨੂੰ, (ਹੇ ਪ੍ਰਭੂ! ਤੇਰਾ) ਦਰਸ਼ਨ ਕਰਾ ਦਿੱਤਾ, ਤਾਂ ਹੁਣ ਮੈਂ ਜਿੱਧਰ ਵੇਖਦਾ ਹਾਂ, ਤੂੰ ਹੀ ਤੂੰ ਦਿੱਸਦਾ ਹੈਂ ।
ਹੇ ਨਾਨਕ! (ਗੁਰੂ ਦੀ ਸਰਨ ਪੈ ਕੇ) ਆਤਮਕ ਅਡੋਲਤਾ ਵਾਲੀ ਅਵਸਥਾ ਵਿਚ ਟਿਕ ਕੇ ਪ੍ਰੇਮ ਵਿਚ ਜੁੜ ਕੇ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਦੀ ਜੋਤਿ ਇਕ-ਰਸ ਹਰ ਥਾਂ ਮੌਜੂਦ ਹੈ ।੮।੩ ।
Follow us on Twitter Facebook Tumblr Reddit Instagram Youtube