ੴ ਸਤਿਗੁਰ ਪ੍ਰਸਾਦਿ ॥
ਸਿਰੀਰਾਗੁ ਮਹਲਾ ੧ ਘਰੁ ੧ ਅਸਟਪਦੀਆ ॥
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥੧॥

ਬਾਬਾ ਅਲਹੁ ਅਗਮ ਅਪਾਰੁ ॥
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥੧॥ ਰਹਾਉ ॥

ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥
ਜੇ ਸਉ ਸਾਇਰ ਮੇਲੀਅਹਿ ਤਿਲੁ ਨ ਪੁਜਾਵਹਿ ਰੋਇ ॥
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥੨॥

ਪੀਰ ਪੈਕਾਮਰ ਸਾਲਕ ਸਾਦਕ ਸੁਹਦੇ ਅਉਰੁ ਸਹੀਦ ॥
ਸੇਖ ਮਸਾਇਕ ਕਾਜੀ ਮੁਲਾ ਦਰਿ ਦਰਵੇਸ ਰਸੀਦ ॥
ਬਰਕਤਿ ਤਿਨ ਕਉ ਅਗਲੀ ਪੜਦੇ ਰਹਨਿ ਦਰੂਦ ॥੩॥

ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥
ਆਪਣੀ ਕੁਦਰਤਿ ਆਪੇ ਜਾਣੈ ਆਪੇ ਕਰਣੁ ਕਰੇਇ ॥
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥੪॥

ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥
ਅੰਬੜਿ ਕੋਇ ਨ ਸਕਈ ਹਉ ਕਿਸ ਨੋ ਪੁਛਣਿ ਜਾਉ ॥੫॥

ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥੬॥

ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥
ਕੇਵਡੁ ਦਾਤਾ ਆਖੀਐ ਦੇ ਕੈ ਰਹਿਆ ਸੁਮਾਰਿ ॥
ਨਾਨਕ ਤੋਟਿ ਨ ਆਵਈ ਤੇਰੇ ਜੁਗਹ ਜੁਗਹ ਭੰਡਾਰ ॥੭॥੧॥

Sahib Singh
ਅਸਟਪਦੀ = {ਅਸਟ—ਅੱਠ ।
ਪਦ = ਬੰਦ} ਅੱਠ ਬੰਦਾਂ ਵਾਲੀ ।
ਆਖਿ = ਆਖ ਕੇ, ਬਿਆਨ ਕਰ ਕੇ ।
ਵਾਵਣਾ = ਖਪਾਣਾ, ਖ਼ੁਆਰ ਕਰਨਾ ।
ਜਾਪੈ = ਜਾਪਦਾ ਹੈ, ਸਮਝ ਪੈਂਦੀ ਹੈ ।
ਵਾਇ ਜਾਪੈ = ਬੋਲਣ ਦੀ ਸਮਝ ਪੈਂਦੀ ਹੈ ।
ਵਾਇ = ਬੋਲ ਕੇ ।
ਕਿਤੁ = ਕਿਸ ਵਿਚ ?
ਥਾਇ = ਥਾਂ ਵਿਚ ।
ਕਿਤੁ ਥਾਇ = ਕਿਸ ਥਾਂ ਵਿਚ ?
    ਕਿਸ ਅਸਥਾਨ ਤੇ ?
ਸਭਿ = ਸਾਰੇ ।
ਰਹੇ = ਰਹਿ ਗਏ, ਥੱਕ ਗਏ ।
ਲਿਵ ਲਾਇ = ਸੁਰਤਿ ਜੋੜ ਕੇ ।੧ ।
ਬਾਬਾ = ਹੇ ਭਾਈ !
ਅਲਹੁ = ਅੱਲਾ, ਰੱਬ, ਪਰਮਾਤਮਾ ।
ਅਗਮ = ਅਪਹੁੰਚ, ਜਿਸ ਤਕ ਪਹੁੰਚ ਨ ਹੋ ਸਕੇ, ਜਿਸ ਨੂੰ ਸਮਝਿਆ ਨ ਜਾ ਸਕੇ ।
ਅਪਾਰੁ = ਜਿਸ ਦੇ ਗੁਣਾਂ ਦਾ ਪਾਰ ਨ ਪਾਇਆ ਜਾ ਸਕੇ ।
ਪਾਕੀ = ਪਵਿਤ੍ਰ ।
ਨਾਈ = ਵਡਿਆਈ {ਨੋਟ: = ਲਫ਼ਜ਼ ‘ਨਾਈ’ ਅਰਬੀ ਲਫ਼ਜ਼ ‘Ôਨਾ’ ਹੈ ।
    ਇਸ ਦਾ ਅਰਥ ਹੈ ‘ਵਡਿਆਈ, ਸਿਫ਼ਤਿ’ ਪੰਜਾਬੀ ਵਿਚ ਇਸ ਦੇ ਦੋ ਰੂਪ ਹਨ—‘ਅਸਨਾਈ’ ਅਤੇ ‘ਨਾਈ’ ।
    ਜਿਵੇਂ ਸੰਸਕ੍ਰਿਤ ਲਫ਼ਜ਼ ‘Ôਥਾਨ’ ਤੋਂ ਪੰਜਾਬੀ ਵਿਚ ਦੋ ਰੂਪ—ਥਾਨ ਅਤੇ ਅਸਥਾਨ} ।
ਥਾਇ = ਥਾਂ ਵਿਚ, ਅਸਥਾਨ ਤੇ ।
ਪਰਵਿਦਗਾਰੁ = (ਸਭ) ਨੂੰ ਪਾਲਣ ਵਾਲਾ ਪਰਮਾਤਮਾ ।੧।ਰਹਾਉ ।
ਨ ਜਾਪੀ = ਸਮਝ ਵਿਚ ਨਹੀਂ ਆਉਂਦਾ ।
ਕੇਤੜਾ = ਕੇਡਾ (ਅਟੱਲ) ?
ਲਿਖਿ ਨ ਜਾਣੈ = ਬਿਆਨ ਨਹੀਂ ਕਰ ਸਕਦਾ ।
ਸਾਇਰ = ਸ਼ਾਇਰ, ਕਵੀ ।
ਮੇਲੀਅਹਿ = ਇਕੱਠੇ ਕੀਤੇ ਜਾਣ ।
ਰੋਇ = ਖਪ ਕੇ, ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ।
ਪੁਜਾਵਹਿ = ਅੱਪੜਦੇ ।
ਕਿਨੈ = ਕਿਸੇ ਨੇ ਭੀ ।
ਸੋਇ = ਖ਼ਬਰ ।੨।ਪੈਕਾਮਰ—ਪੈਗ਼ੰਬਰ ।
ਸਾਲਕ = ਰਸਤਾ ਵਿਖਾਣ ਵਾਲੇ ।
ਸਾਦਕ = ਸਿਦਕ ਵਾਲੇ ।
ਸੁਹਦੇ = ਸ਼ੁਹਦੇ, ਮਸਤ ਫ਼ਕੀਰ ।
ਮਸਾਇਕ = ਅਨੇਕਾਂ ਸ਼ੇਖ਼ ।
ਦਰਿ = (ਪ੍ਰਭੂ ਦੇ) ਦਰ ਤੇ ।
ਰਸੀਦ = ਪਹੁੰਚੇ ਹੋਏ ।
ਅਗਲੀ = ਬਹੁਤ ।
ਦਰੂਦ = ਨਿਮਾਜ਼ ਤੋਂ ਪਿਛੋਂ ਦੀ ਦੁਆ ।੩ ।
ਕਰੁਣ = ਸਿ੍ਰਸ਼ਟੀ ।
ਨਦਰਿ = ਮਿਹਰ ਦੀ ਨਿਗਾਹ ।
ਜੈ = ਜੋ ਉਸ ਨੂੰ ।
ਤੈ = ਤਿਸ ਨੂੰ ।੪ ।
ਥਾਵਾ ਨਾਵ = ਅਨੇਕਾਂ ਥਾਵਾਂ ਦੇ ਨਾਮ {ਲਫ਼ਜ਼ 'ਨਾਉ' ਤੋਂ ਬਹੁ-ਵਚਨ 'ਨਾਵ'} ਕੇਵਡੁ—ਕਿਤਨਾ ਵੱਡਾ ?
ਅੰਬੜਿ ਨ ਸਕਈ = ਪਹੁੰਚ ਨਹੀਂ ਸਕਦਾ ।੫ ।
ਵਰਨਾਵਰਨ = ਵਰਨ ਅਵਰਨ, ਉੱਚੀਆਂ ਤੇ ਨੀਵੀਆਂ ਜਾਤਾਂ ।
ਕਿਸੈ = ਕਿਸੇ ਖ਼ਾਸ ਜਾਤਿ ਨੂੰ ।
ਹੁਕਮਿ = ਹੁਕਮ ਵਿਚ ।
ਚਸਾ = ਰਤਾ ਭਰ ਸਮਾ ਭੀ ।੬ ।
ਸਭੁ ਕੋ = ਹਰੇਕ ਜੀਵ ।
ਵੀਚਾਰਿ = ਵਿਚਾਰ ਨਾਲ, ਖਿ਼ਆਲ ਨਾਲ ।
ਲੈਣੈ ਕੈ ਵੀਚਾਰਿ = ਪ੍ਰਭੂ ਤੋਂ ਲੈਣ ਦੇ ਖਿ਼ਆਲ ਨਾਲ ।
ਸੁਮਾਰਿ = ਸ਼ੁਮਾਰ ਤੋਂ, ਗਿਣਤੀ ਤੋਂ ।
ਭੰਡਾਰ = ਖ਼ਜ਼ਾਨੇ ।੭ ।
    
Sahib Singh
ਹੇ ਭਾਈ! ਪਰਮਾਤਮਾ ਦੇ ਗੁਣਾਂ ਤਕ ਪਹੁੰਚ ਨਹੀਂ ਹੋ ਸਕਦੀ, ਉਸ ਦੇ ਗੁਣਾਂ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਉਸ ਦੀ ਵਡਿਆਈ ਪਵਿਤ੍ਰ ਹੈ, ਉਹ ਪਵਿਤ੍ਰ ਅਸਥਾਨ ਤੇ (ਸੋਭ ਰਿਹਾ) ਹੈ ।
ਉਹ ਸਦਾ ਕਾਇਮ ਰਹਿਣ ਵਾਲਾ ਪ੍ਰਭੂ (ਸਭ ਜੀਵਾਂ ਦਾ) ਪਾਲਣ ਵਾਲਾ ਹੈ ।੧ ।
ਜਿਉਂ ਜਿਉਂ ਕਿਸੇ ਜੀਵ ਨੂੰ (ਪ੍ਰਭੂ ਦੇ ਗੁਣ) ਬੋਲਣ ਦੀ ਸਮਝ ਪੈਂਦੀ ਹੈ (ਤਿਉਂ ਤਿਉਂ ਇਹ ਸਮਝ ਭੀ ਆਉਂਦੀ ਜਾਂਦੀ ਹੈ ਕਿ ਉਸ ਦੇ ਗੁਣ) ਬਿਆਨ ਕਰ ਕਰ ਕੇ ਮਨ ਨੂੰ ਖਪਾਣਾ ਹੀ ਹੈ ।
ਜਿਸ ਪ੍ਰਭੂ ਨੂੰ ਬੋਲ ਕੇ ਸੁਣਾਈਦਾ ਹੈ (ਭਾਵ, ਜਿਸ ਪ੍ਰਭੂ ਦੇ ਗੁਣਾਂ ਬਾਰੇ ਬੋਲ ਕੇ ਹੋਰਨਾਂ ਨੂੰ ਦੱਸੀਦਾ ਹੈ, ਉਸ ਦੀ ਬਾਬਤ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿ) ਉਹ ਕੇਡਾ ਵੱਡਾ ਹੈ ਤੇ ਕਿਸ ਥਾਂ ਤੇ (ਨਿਵਾਸ ਰੱਖਦਾ) ਹੈ ।
ਉਹ ਸਾਰੇ ਬਿਆਨ ਕਰਦੇ ਥੱਕ ਜਾਂਦੇ ਹਨ, (ਗੁਣਾਂ ਵਿਚ) ਸੁਰਤਿ ਜੋੜਦੇ ਰਹਿ ਜਾਂਦੇ ਹਨ ।੧ ।
ਹੇ ਪ੍ਰਭੂ! ਕਿਸੇ ਨੂੰ ਭੀ ਇਹ ਸਮਝ ਨਹੀਂ ਪਈ, ਕਿ ਤੇਰਾ ਹੁਕਮ ਕਿਤਨਾ ਅਟੱਲ ਹੈ, ਕੋਈ ਭੀ ਤੇਰੇ ਹੁਕਮ ਨੂੰ ਬਿਆਨ ਨਹੀਂ ਕਰ ਸਕਦਾ ।
ਜੇ ਸੌ ਕਵੀ ਭੀ ਇਕੱਠੇ ਕਰ ਲਏ ਜਾਣ, ਤਾਂ ਭੀ ਉਹ ਬਿਆਨ ਕਰਨ ਦਾ ਵਿਅਰਥ ਜਤਨ ਕਰ ਕੇ ਤੇਰੇ ਗੁਣਾਂ ਦੇ ਇਕ ਤਿਲ ਮਾਤ੍ਰ ਤਕ ਨਹੀਂ ਪਹੁੰਚ ਸਕਦੇ ।
ਕਿਸੇ ਭੀ ਜੀਵ ਨੇ ਤੇਰਾ ਮੁੱਲ ਨਹੀਂ ਪਾਇਆ, ਸਾਰੇ ਜੀਵ ਤੇਰੀ ਬਾਬਤ (ਦੂਜਿਆਂ ਤੋਂ) ਸੁਣ ਸੁਣ ਕੇ ਹੀ ਆਖ ਦੇਂਦੇ ਹਨ ।੨ ।
(ਦੁਨੀਆ ਤੇ) ਅਨੇਕਾਂ ਪੀਰ ਪੈਗ਼ੰਬਰ, ਹੋਰਨਾਂ ਨੂੰ ਜੀਵਨ-ਰਾਹ ਦੱਸਣ ਵਾਲੇ, ਅਨੇਕਾਂ, ਸ਼ੇਖ਼, ਕਾਜ਼ੀ, ਮੁੱਲਾਂ ਅਤੇ ਤੇਰੇ ਦਰਵਾਜ਼ੇ ਤਕ ਪਹੁੰਚੇ ਹੋਏ ਦਰਵੇਸ਼ ਆਏ (ਕਿਸੇ ਨੇ, ਹੇ ਪ੍ਰਭੂ! ਤੇਰੇ ਗੁਣਾਂ ਦਾ ਅੰਤ ਨ ਲੱਭਾ, ਹਾਂ ਸਿਰਫ਼) ਉਹਨਾਂ ਨੂੰ ਬਹੁਤ ਬਰਕਤਿ ਮਿਲੀ (ਉਹਨਾਂ ਦੇ ਹੀ ਭਾਗ ਜਾਗੇ) ਜੋ (ਤੇਰੇ ਦਰ ਤੇ) ਦੁਆ (ਅਰਜ਼ੋਈ) ਕਰਦੇ ਰਹਿੰਦੇ ਹਨ ।੩ ।
ਪ੍ਰਭੂ ਇਹ ਜਗਤ ਨਾਹ ਕਿਸੇ ਪਾਸੋਂ ਸਲਾਹ ਲੈ ਕੇ ਬਣਾਂਦਾ ਹੈ ਨਾਹ ਹੀ ਪੁੱਛ ਕੇ ਨਾਸ ਕਰਦਾ ਹੈ, ਨਾਹ ਹੀ ਕਿਸੇ ਦੀ ਸਲਾਹ ਨਾਲ ਸਰੀਰ ਵਿਚ ਜਿੰਦ ਪਾਂਦਾ ਹੈ ਨਾਹ ਕੱਢਦਾ ਹੈ ।
ਪਰਮਾਤਮਾ ਆਪਣੀ ਕੁਦਰਤਿ ਆਪ ਹੀ ਜਾਣਦਾ ਹੈ, ਆਪ ਹੀ ਇਹ ਜਗਤ-ਰਚਨਾ ਰਚਦਾ ਹੈ ।
ਮਿਹਰ ਦੀ ਨਿਗਾਹ ਕਰ ਕੇ ਸਭ ਜੀਵਾਂ ਦੀ ਸੰਭਾਲ ਆਪ ਹੀ ਕਰਦਾ ਹੈ, ਜੋ ਉਸ ਨੂੰ ਭਾਉਂਦਾ ਹੈ ਉਸ ਨੂੰ (ਆਪਣੇ ਗੁਣਾਂ ਦੀ ਕਦਰ) ਬਖ਼ਸ਼ਦਾ ਹੈ ।੪।(ਬੇਅੰਤ ਪੁਰੀਆਂ ਧਰਤੀਆਂ ਆਦਿਕ ਹਨ ।
ਇਤਨੀ ਬੇਅੰਤ ਰਚਨਾ ਹੈ ਕਿ) ਸਭ ਥਾਵਾਂ ਦੇ (ਪਦਾਰਥਾਂ ਦੇ) ਨਾਮ ਜਾਣੇ ਨਹੀਂ ਜਾ ਸਕਦੇ ।
ਬੇਅੰਤ ਨਾਮਾਂ ਵਿਚੋਂ ਉਹ ਕੇਹੜਾ ਨਾਮ ਹੋ ਸਕਦਾ ਹੈ ਜੋ ਇਤਨਾ ਵੱਡਾ ਹੋਵੇ ਕਿ ਪਰਮਾਤਮਾ ਦੇ ਅਸਲ ਵਡੱਪਣ ਨੂੰ ਬਿਆਨ ਕਰ ਸਕੇ?—ਇਹ ਹੱਲ ਕੋਈ ਨਹੀਂ ਦੱਸ ਸਕਦਾ ।
ਇਹ ਭੀ ਨਹੀਂ ਦੱਸਿਆ ਜਾ ਸਕਦਾ ਕਿ ਜਿੱਥੇ ਸਿ੍ਰਸ਼ਟੀ ਦਾ ਪਾਤਿਸ਼ਾਹ ਪ੍ਰਭੂ ਵੱਸਦਾ ਹੈ ਉਹ ਥਾਂ ਕੇਡਾ ਵੱਡਾ ਹੈ ।
ਕਿਸੇ ਪਾਸੋਂ ਭੀ ਇਹ ਪੁੱਛ ਪੁੱਛੀ ਨਹੀਂ ਜਾ ਸਕਦੀ, ਕਿਉਂਕਿ ਕੋਈ ਜੀਵ ਉਸ ਅਵਸਥਾ ਤੇ ਪਹੁੰਚ ਨਹੀਂ ਸਕਦਾ (ਜਿੱਥੋਂ ਉਹ ਪਰਮਾਤਮਾ ਦੀ ਬਜ਼ੁਰਗੀ ਸਹੀ ਸਹੀ ਦੱਸ ਸਕੇ) ।੫ ।
(ਇਹ ਭੀ ਨਹੀਂ ਕਿਹਾ ਜਾ ਸਕਦਾ ਕਿ) ਪਰਮਾਤਮਾ ਨੂੰ ਫਲਾਣੀ ਉੱਚੀ ਜਾਂ ਨੀਵੀਂ ਜਾਤਿ ਭਾਉਂਦੀ ਹੈ ਜਾਂ ਨਹੀਂ ਭਾਉਂਦੀ ਤੇ ਇਸ ਤ੍ਰਹਾਂ ਉਹ ਕਿਸੇ ਇੱਕ ਜਾਤਿ ਨੂੰ ਉੱਚਾ ਕਰ ਦੇਂਦਾ ਹੈ ।
ਸਭ ਵਡਿਆਈਆਂ ਵੱਡੇ ਪ੍ਰਭੂ ਦੇ ਆਪਣੇ ਹੱਥ ਵਿਚ ਹਨ ।
ਜੇਹੜਾ ਜੀਵ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਵਡਿਆਈ ਬਖ਼ਸ਼ ਦੇਂਦਾ ਹੈ ।
ਆਪਣੀ ਰਜ਼ਾ ਵਿਚ ਹੀ ਉਹ ਜੀਵ ਦੇ ਜੀਵਨ ਨੂੰ ਸੰਵਾਰ ਦੇਂਦਾ ਹੈ, ਰਤਾ ਭਰ ਭੀ ਢਿੱਲ ਨਹੀਂ ਕਰਦਾ ।੬ ।
ਪਰਮਾਤਮਾ ਤੋਂ ਦਾਤਾਂ ਲੈਣ ਦੇ ਖਿ਼ਆਲ ਨਾਲ ਹਰੇਕ ਜੀਵ ਬਹੁਤੀ ਮੰਗ ਮੰਗਦਾ ਹੈ ।
ਇਹ ਦੱਸਿਆ ਹੀ ਨਹੀਂ ਜਾ ਸਕਦਾ ਕਿ ਪਰਮਾਤਮਾ ਕਿਤਨਾ ਵੱਡਾ ਦਾਤਾ ਹੈ ।
ਉਹ ਦਾਤਾਂ ਦੇ ਰਿਹਾ ਹੈ, ਪਰ ਦਾਤਾਂ ਗਿਣਤੀ ਤੋਂ ਪਰੇ ਹਨ ।
ਹੇ ਨਾਨਕ! (ਆਖ—ਹੇ ਪ੍ਰਭੂ!) ਤੇਰੇ ਖ਼ਜ਼ਾਨੇ ਸਦਾ ਹੀ ਭਰੇ ਰਹਿੰਦੇ ਹਨ, ਇਹਨਾਂ ਵਿਚ ਕਦੇ ਭੀ ਘਾਟ ਨਹੀਂ ਪੈ ਸਕਦੀ ।੭।੧ ।
Follow us on Twitter Facebook Tumblr Reddit Instagram Youtube