ਸਿਰੀਰਾਗੁ ਮਹਲਾ ੫ ॥
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥
ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ ॥੧॥

ਭਾਈ ਰੇ ਸਾਚੀ ਸਤਿਗੁਰ ਸੇਵ ॥
ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥

ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥
ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥
ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥੨॥

ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥੩॥

ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਸੇਈ ਨਾਮੁ ਧਿਆਇ ॥
ਨਾਨਕ ਗੁਰ ਸਰਣਾਗਤੀ ਮਰੈ ਨ ਆਵੈ ਜਾਇ ॥੪॥੩੦॥੧੦੦॥

Sahib Singh
ਸੁਣਿ = ਸੁਣਹੁ ।
ਭਾਈਹੋ = ਹੇ ਭਰਾਵੋ !
ਛੂਟਨੁ = (ਵਿਕਾਰਾਂ ਤੋਂ) ਖ਼ਲਾਸੀ ।
ਨਾਇ = ਨਾਮ ਦੀ ਰਾਹੀਂ ।
ਸਚੈ ਨਾਇ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ (ਜੁੜ ਕੇ) ।
ਸਰੇਵਣੇ = ਪੂਜਣੇ ।
ਆਗੈ = ਪਰਲੋਕ ਵਿਚ ।
ਮੰਨੀਅਹਿ = ਮੰਨੇ ਜਾਂਦੇ ਹਨ, ਆਦਰ ਪਾਂਦੇ ਹਨ ।੧ ।
ਸਾਚੀ = ਸਦਾ = ਥਿਰ ਰਹਿਣ ਵਾਲੀ, ਅਟੱਲ, ਸਫਲ ।
ਸਤਿਗੁਰ ਤੁਠੈ = ਜੇ ਗੁਰੂ ਤਰੁੱਠ ਪਏ ।
ਅਲਖ = {ਅਲ™ਯ} ਅਦਿ੍ਰਸ਼ਟ ।
ਅਭੇਵ = ਜਿਸ ਦਾ ਭੇਤ ਨਾਹ ਪਾਇਆ ਜਾ ਸਕੇ ।੧।ਰਹਾਉ ।
ਵਿਟਹੁ = ਤੋਂ ।
ਜਿਨਿ = ਜਿਸ ਨੇ ।
ਸਚੁ = ਸਦਾ = ਥਿਰ ।
ਅਨਦਿਨੁ = ਹਰ ਰੋਜ਼ ।੨।ਸਾਸਿ—(ਹਰੇਕ) ਸਾਹ ਵਿਚ ।
ਗਿਰਾਸਿ = (ਹਰੇਕ) ਗਿਰਾਹੀ ਵਿਚ ।
ਸਾਸਿ ਗਿਰਾਸਿ = ਹਰੇਕ ਸਾਹ ਤੇ ਗਿਰਾਹੀ ਨਾਲ ।
ਸਫਲ ਮੂਰਤਿ = ਉਹ ਸ਼ਖ਼ਸੀਅਤ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ ।
ਤਿਸੁ = ਉਸ (ਗੁਰੂ) ਨੂੰ ।
ਤਾ = ਤਦੋਂ ।
ਗੁਣਤਾਸਿ = ਗੁਣਾਂ ਦਾ ਖ਼ਜ਼ਾਨਾ ।੩ ।
ਪੂਰਬਿ = ਪਹਿਲੇ ਜਨਮ ਵਿਚ ।
ਸੇਈ = ਉਹੀ ਬੰਦੇ ।
ਧਿਆਇ = ਧਿਆ ਕੇ, ਸਿਮਰ ਕੇ ।੪ ।
    
Sahib Singh
ਹੇ ਭਾਈ! ਗੁਰੂ ਦੀ ਸੇਵਾ ਜ਼ਰੂਰ ਫਲ ਦੇਂਦੀ ਹੈ, (ਕਿਉਂਕਿ) ਜੇ ਗੁਰੂ ਪ੍ਰਸੰਨ ਹੋ ਪਏ, ਤਾਂ ਉਹ ਪਰਮਾਤਮਾ ਮਿਲ ਪੈਂਦਾ ਹੈ ਜੋ ਸਭ ਵਿਚ ਵਿਆਪਕ ਹੈ ਜੋ ਅਦਿ੍ਰਸ਼ਟ ਹੈ ਅਤੇ ਜਿਸ ਦਾ ਭੇਤ ਨਹੀਂ ਪਾਇਆ ਜਾ ਸਕਦਾ ।੧।ਰਹਾਉ ।
ਹੇ ਭਰਾਵੋ! ਹੇ ਸੰਤ ਜਨੋ! (ਧਿਆਨ ਨਾਲ) ਸੁਣੋ ।
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ (ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ (ਇਸ ਦੀ ਬਰਕਤਿ ਨਾਲ) ਪਰਲੋਕ ਵਿਚ ਪਰਮਾਤਮਾ ਦੀ ਦਰਗਾਹ ਵਿਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ ।
ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ ।੧ ।
ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲਾ ਹਰਿ-ਨਾਮ ਦਿੱਤਾ ਹੈ, (ਜਿਸ ਗੁਰੂ ਦੀ ਕਿਰਪਾ ਨਾਲ) ਮੈਂ ਹਰ ਵੇਲੇ ਸਦਾ-ਥਿਰ ਪਰਮਾਤਮਾ ਨੂੰ ਸਲਾਹੁੰਦਾ ਰਹਿੰਦਾ ਹਾਂ ਅਤੇ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ ।
(ਹੇ ਭਾਈ! ਗੁਰੂ ਦੀ ਮਿਹਰ ਨਾਲ ਹੁਣ) ਸਦਾ-ਥਿਰ ਹਰਿ-ਨਾਮ (ਮੇਰੀ ਆਤਮਕ) ਖ਼ੁਰਾਕ ਬਣ ਗਿਆ ਹੈ, ਸਦਾ-ਥਿਰ ਹਰਿ-ਨਾਮ (ਮੇਰੀ) ਪੋਸ਼ਾਕ ਹੋ ਚੁਕਾ ਹੈ (ਆਦਰ-ਸਤਿਕਾਰ ਦਾ ਕਾਰਨ ਬਣ ਚੁਕਾ ਹੈ), (ਹੁਣ ਮੈਂ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਸਦਾ-ਥਿਰ ਨਾਮ (ਹਰ ਵੇਲੇ ਜਪਦਾ ਹਾਂ) ।੨ ।
ਹੇ ਭਾਈ! ਗੁਰੂ ਉਹ ਸ਼ਖ਼ਸੀਅਤ ਹੈ ਜੋ ਸਾਰੇ ਫਲ ਦੇਣ ਦੇ ਸਮਰੱਥ ਹੈ (ਗੁਰੂ ਦੀ ਸਰਨ ਪਿਆਂ ਹਰੇਕ) ਸਾਹ ਨਾਲ (ਹਰੇਕ) ਗਿਰਾਹੀ ਨਾਲ (ਕਦੇ ਭੀ ਪਰਮਾਤਮਾ) ਭੁੱਲਦਾ ਨਹੀਂ ।
ਹੇ ਭਾਈ! ਗੁਰੂ ਦੇ ਬਰਾਬਰ ਦਾ ਹੋਰ ਕੋਈ (ਦਾਤਾ) ਨਹੀਂ ਦਿੱਸਦਾ, ਅੱਠੇ ਪਹਰ ਉਸ (ਗੁਰੂ ਨੂੰ) ਚੇਤੇ ਰੱਖ ।
ਜਦੋਂ ਗੁਰੂ ਮਿਹਰ ਦੀ ਨਿਗਾਹ ਕਰਦਾ ਹੈ, ਤਾਂ ਸਾਰੇ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ ਪ੍ਰਾਪਤ ਹੋ ਜਾਂਦਾ ਹੈ ।੩ ।
ਹੇ ਭਾਈ! ਜਿਹੜਾ ਪਰਮਾਤਮਾ ਸਾਰੀ ਸਿ੍ਰਸ਼ਟੀ ਵਿਚ ਵਿਆਪਕ ਹੋ ਰਿਹਾ ਹੈ, ਉਹ ਅਤੇ ਗੁਰੂ ਇੱਕ-ਰੂਪ ਹੈ ।
ਜਿਨ੍ਹਾਂ ਮਨੁੱਖਾਂ ਦਾ ਪੂਰਬਲੇ ਜਨਮ ਦੀ ਨੇਕ ਕਮਾਈ ਦੇ ਸੰਸਕਾਰਾਂ ਦਾ ਲੇਖਾ ਉੱਘੜਦਾ ਹੈ ਉਹ ਮਨੁੱਖ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਨਾਮ ਸਿਮਰ ਕੇ (ਇਹ ਸਰਧਾ ਬਣਾਂਦੇ ਹਨ ਕਿ ਪਰਮਾਤਮਾ ਸਭ ਵਿਚ ਵਿਆਪਕ ਹੈ) ।
ਹੇ ਨਾਨਕ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਮਨੁੱਖ ਆਤਮਕ ਮੌਤੇ ਨਹੀਂ ਮਰਦਾ, ਉਹ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ ।੪।੩੦।੧੦੦ ।
Follow us on Twitter Facebook Tumblr Reddit Instagram Youtube