ਸਿਰੀਰਾਗੁ ਮਹਲਾ ੫ ॥
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥
ਸਤਿਗੁਰ ਬਚਨ ਕਮਾਵਣੇ ਸਚਾ ਏਹੁ ਵੀਚਾਰੁ ॥
ਬਿਨੁ ਸਾਧੂ ਸੰਗਤਿ ਰਤਿਆ ਮਾਇਆ ਮੋਹੁ ਸਭੁ ਛਾਰੁ ॥੧॥

ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥੧॥ ਰਹਾਉ ॥

ਗੁਰੁ ਸਮਰਥੁ ਅਪਾਰੁ ਗੁਰੁ ਵਡਭਾਗੀ ਦਰਸਨੁ ਹੋਇ ॥
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥
ਗੁਰੁ ਕਰਤਾ ਗੁਰੁ ਕਰਣਹਾਰੁ ਗੁਰਮੁਖਿ ਸਚੀ ਸੋਇ ॥
ਗੁਰ ਤੇ ਬਾਹਰਿ ਕਿਛੁ ਨਹੀ ਗੁਰੁ ਕੀਤਾ ਲੋੜੇ ਸੁ ਹੋਇ ॥੨॥

ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥
ਗੁਰੁ ਸਮਰਥੁ ਗੁਰੁ ਨਿਰੰਕਾਰੁ ਗੁਰੁ ਊਚਾ ਅਗਮ ਅਪਾਰੁ ॥
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥੩॥

ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥੪॥੨੯॥੯੯॥

Sahib Singh
ਪੂਜੀਐ = ਪੂਜਣਾ ਚਾਹੀਦਾ ਹੈ ।
ਲਾਇ = ਲਾ ਕੇ ।
ਜੀਅ ਕਾ = ਜਿੰਦ ਦਾ, ਆਤਮਕ ਜੀਵਨ ਦਾ ।
ਸਭਸੈ = (ਸਰਨ ਆਏ) ਹਰੇਕ ਨੂੰ ।
ਦੇਇ = ਦੇਂਦਾ ਹੈ ।
ਅਧਾਰੁ = ਆਸਰਾ ।
ਸਾਧੂ = ਗੁਰੂ ।
ਛਾਰੁ = ਸੁਆਹ, ਵਿਅਰਥ ।੧ ।
ਸਮਾਲਿ = ਹਿਰਦੇ ਵਿਚ ਵਸਾ ।
ਮਨਿ = ਮਨ ਵਿਚ ।
ਘਾਲ = ਮਿਹਨਤ ।
ਪੂਰਨ = ਸਫਲ ।੧।ਰਹਾਉ ।
ਅਗੋਚਰੁ = {ਅ = ਗੋ-ਚਰੁ ।
ਗੋ = ਗਿਆਨ = ਇੰਦ੍ਰੇ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨ ਹੋ ਸਕੇ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਸੋਇ = ਸੋਭਾ ।
ਤੇ = ਤੋਂ ।
ਬਾਹਰਿ = ਆਕੀ ।
ਲੋੜੇ = ਚਾਹੇ ।੨ ।
ਪਾਰਜਾਤੁ = {ਪਾਰਿਜਾਤ} ਸਵਰਗ ਦੇ ਪੰਜ ਰੁੱਖਾਂ ਵਿਚੋਂ ਇਕ ‘ਪਾਰਜਾਤ’ ਰੁੱਖ ਹੈ ਜੋ ਮਨੋਕਾਮਨਾ ਪੂਰੀਆਂ ਕਰਦਾ ਹੈ ।
ਉਹ ਪੰਜ ਰੁੱਖ ਇਹ ਹਨ: = ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਅਤੇ ਹਰੀ-ਚੰਦਨ ।
    ਸਮੁੰਦਰ ਰਿੜਕਨ ਤੇ ਇਹ ਪਾਰਜਾਤ ਰੁੱਖ ਦੇਵਤਿਆਂ ਨੂੰ ਚੌਦਾਂ ਰਤਨਾਂ ਵਿਚ ਹੀ ਲੱਭਾ ਸੀ ।
    ਵੰਡ ਵੇਲੇ ਇਹ ਇੰਦ੍ਰ ਦੇ ਕਬਜ਼ੇ ਵਿਚ ਆਇਆ ।
    ਕਿ੍ਰਸ਼ਨ ਜੀ ਨੇ ਉਸ ਤੋਂ ਖੋਹ ਕੇ ਆਪਣੀ ਪਿਆਰੀ ‘ਸਤਯ ਭਾਮਾਂ’ ਦੇ ਵਿਹੜੇ ਵਿਚ ਲਾ ਦਿੱਤਾ ।
    {ਪਾਰਮÔਯਾ Ôਤੀਤਿ ਪਾਰੀ ਸਮੁÜ੍ਰ Ôਤਤ੍ਰ ਜਾਤ:, ਤÔਯ ਸਮੁÜ੍ਰੌÄਪਂਨÄਵਾਤੱ} ।
ਮਨਸਾ = {ਮਨੀ—ਾ} ਇੱਛਾ ।
ਉਧਰੈ = (ਵਿਕਾਰਾਂ ਤੋਂ) ਬਚਾ ਲੈਂਦਾ ਹੈ ।
ਅਗਮ = ਅਪਹੁੰਚ ।੩ ।
ਬਾਛੀਅਹਿ = ਇੱਛੇ ਜਾਂਦੇ ਹਨ ।
ਤਿਤੜੇ = ਉਹ ਸਾਰੇ ।
ਦੇ = ਦੇਂਦਾ ਹੈ ।
ਰਾਸਿ = ਸਰਮਾਇਆ ।
ਬਿਨਾਸੁ = (ਆਤਮਕ) ਮੌਤ ।
ਵਿਸਰਉ = ਵਿਸਰਉਂ, ਮੈਂ ਭੁੱਲਾਂ ।
ਜੀਉ = ਜਿੰਦ ।
ਪਿੰਡੁ = ਸਰੀਰ ।
ਸਾਸੁ = ਸਾਹ ।੪ ।
    
Sahib Singh
ਹੇ ਮੇਰੇ ਮਿੱਤਰ! ਪਰਮਾਤਮਾ ਦਾ ਨਾਮ (ਆਪਣੇ) ਹਿਰਦੇ ਵਿਚ ਵਸਾ (ਤੇ ਗੁਰੂ ਦੇ ਚਰਨਾਂ ਵਿਚ ਟਿਕਿਆ ਰਹੁ) ।
ਗੁਰੂ ਦੀ ਸੰਗਿਤ ਵਿਚ ਰਿਹਾਂ (ਪਰਮਾਤਮਾ ਦਾ ਨਾਮ) ਮਨ ਵਿਚ ਵੱਸਦਾ ਹੈ, ਤੇ ਮਿਹਨਤ ਸਫਲ ਹੋ ਜਾਂਦੀ ਹੈ ।੧।ਰਹਾਉ ।
ਗੁਰੂ ਪਰਮਾਤਮਾ (ਦਾ ਰੂਪ) ਹੈ (ਗੁਰੂ ਵਾਸਤੇ ਆਪਣੇ) ਮਨ ਵਿਚ ਹਿਰਦੇ ਵਿਚ ਪਿਆਰ ਬਣਾ ਕੇ (ਉਸ ਨੂੰ) ਆਪਣੇ ਹਿਰਦੇ ਵਿਚ ਆਦਰ ਦੀ ਥਾਂ ਦੇਣੀ ਚਾਹੀਦੀ ਹੈ ।
ਗੁਰੂ ਆਤਮਕ ਜੀਵਨ ਦੇਣ ਵਾਲਾ ਹੈ, (ਗੁਰੂ) ਹਰੇਕ (ਸਰਨ ਆਏ) ਜੀਵ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ।
ਸਭ ਤੋਂ ਉੱਤਮ ਇਹੀ ਅਕਲ ਹੈ, ਕਿ ਗੁਰੂ ਦੇ ਬਚਨ ਕਮਾਏ ਜਾਣ (ਗੁਰੂ ਦੇ ਉਪਦੇਸ਼ ਅਨੁਸਾਰ ਜੀਵਨ ਘੜਿਆ ਜਾਏ) ।
ਗੁਰੂ ਦੀ ਸੰਗਤਿ ਵਿਚ ਪਿਆਰ ਪਾਣ ਤੋਂ ਬਿਨਾ (ਇਹ) ਮਾਇਆ ਦਾ ਮੋਹ (ਜੋ) ਸਾਰੇ ਦਾ ਸਾਰਾ ਵਿਅਰਥ ਹੈ (ਜੀਵ ਉੱਤੇ ਆਪਣਾ ਜ਼ੋਰ ਪਾਈ ਰੱਖਦਾ ਹੈ) ।੧ ।
ਗੁਰੂ ਸਭ ਤਾਕਤਾਂ ਦਾ ਮਾਲਕ ਹੈ, ਗੁਰੂ ਬੇਅੰਤ (ਗੁਣਾਂ ਵਾਲਾ) ਹੈ ।
ਵੱਡੇ ਭਾਗਾਂ ਵਾਲੇ ਮਨੁੱਖ ਨੂੰ (ਹੀ) ਗੁਰੂ ਦਾ ਦਰਸਨ ਪ੍ਰਾਪਤ ਹੁੰਦਾ ਹੈ ।
ਗੁਰੂ (ਉਸ ਪ੍ਰਭੂ ਦਾ ਰੂਪ ਹੈ ਜੋ) ਗਿਆਨ-ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਪਵਿਤ੍ਰ-ਸਰੂਪ ਹੈ, ਗੁਰੂ ਜੇਡਾ ਵੱਡਾ (ਸ਼ਖ਼ਸੀਅਤ ਵਾਲਾ) ਹੋਰ ਕੋਈ ਨਹੀਂ ਹੈ ।
ਗੁਰੂ ਕਰਤਾਰ (ਦਾ ਰੂਪ) ਹੈ, ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਕੁਝ ਕਰਨ ਦੇ ਸਮਰੱਥ ਹੈ ।
ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।
ਗੁਰੂ ਤੋਂ ਆਕੀ ਹੋ ਕੇ ਕੋਈ ਕੰਮ ਨਹੀਂ ਕੀਤਾ ਜਾ ਸਕਦਾ, ਜੋ ਕੁਝ ਗੁਰੂਕਰਨਾ ਚਾਹੁੰਦਾ ਹੈ ਉਹੀ ਹੁੰਦਾ ਹੈ (ਭਾਵ, ਗੁਰੂ ਉਸ ਪ੍ਰਭੂ ਦਾ ਰੂਪ ਹੈ ਜਿਸ ਤੋਂ ਕੋਈ ਆਕੀ ਨਹੀਂ ਹੋ ਸਕਦਾ, ਤੇ ਜੋ ਕੁਝ ਉਹ ਕਰਨਾ ਲੋੜਦਾ ਹੈ ਉਹੀ ਹੁੰਦਾ ਹੈ) ।੨ ।
ਗੁਰੂ (ਹੀ ਅਸਲ) ਤੀਰਥ ਹੈ, ਗੁਰੂ (ਹੀ) ਪਾਰਜਾਤ ਰੁੱਖ ਹੈ, ਗੁਰੂ ਹੀ ਸਾਰੀਆਂ ਕਾਮਨਾਂ ਪੂਰੀਆਂ ਕਰਨ ਵਾਲਾ ਹੈ ।
ਗੁਰੂ ਹੀ (ਉਹ) ਦਾਤਾ ਹੈ (ਜੋ) ਪਰਮਾਤਮਾ ਦਾ ਨਾਮ ਦੇਂਦਾ ਹੈ (ਜਿਸ ਦੀ ਬਰਕਤਿ ਨਾਲ) ਸਾਰਾ ਸੰਸਾਰ (ਵਿਕਾਰਾਂ ਤੋਂ) ਬਚਦਾ ਹੈ ।
ਗੁਰੂ (ਉਸ ਪਰਮਾਤਮਾ ਦਾ ਰੂਪ ਹੈ ਜੋ) ਸਭ ਤਾਕਤਾਂ ਦਾ ਮਾਲਕ ਹੈ ਜਿਸ ਦਾ ਕੋਈ ਖ਼ਾਸ ਸਰੂਪ ਨਹੀਂ ਦੱਸਿਆ ਜਾ ਸਕਦਾ, ਜੋ ਸਭ ਤੋਂ ਉੱਚਾ ਹੈ, ਅਪਹੁੰਚ ਹੈ ਤੇ ਬੇਅੰਤ ਹੈ ।
ਗੁਰੂ ਦੀ ਵਡਿਆਈ ਤਕ (ਲਫ਼ਜ਼ਾਂ ਦੀ ਰਾਹੀਂ) ਪਹੁੰਚਿਆ ਨਹੀਂ ਜਾ ਸਕਦਾ ।
ਕੋਈ ਭੀ (ਸਿਆਣਾ ਤੋਂ ਸਿਆਣਾ) ਬਿਆਨ ਕਰਨ ਵਾਲਾ ਬਿਆਨ ਨਹੀਂ ਕਰ ਸਕਦਾ ।੩ ।
ਜਿਤਨੇ ਭੀ ਪਦਾਰਥਾਂ ਦੀ ਮਨ ਵਿਚ ਇੱਛਾ ਵਿਚ ਧਾਰੀਏ, ਉਹ ਸਾਰੇ ਹੀ ਗੁਰੂ ਪਾਸੋਂ ਮਿਲ ਜਾਂਦੇ ਹਨ ।
ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦੇ ਲਿਖੇ ਲੇਖ ਅਨੁਸਾਰ (ਗੁਰੂ ਦੀ ਸਰਨ ਪਿਆਂ) ਮਿਲ ਜਾਂਦੇ ਹਨ ।
ਗੁਰੂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਰਮਾਇਆ ਦੇਂਦਾ ਹੈ ।
ਜੇ ਗੁਰੂ ਦੀ ਸਰਨ ਆ ਪਈਏ, ਤਾਂ ਉਸ ਤੋਂ ਮਿਲੇ ਆਤਮਕ ਜੀਵਨ ਦਾ ਮੁੜ ਕਦੇ ਨਾਸ ਨਹੀਂ ਹੁੰਦਾ ।
ਹੇ ਨਾਨਕ! (ਆਖ—) ਹੇ ਹਰੀ! (ਗੁਰੂ ਦੀ ਸਰਨ ਪੈ ਕੇ) ਮੈਂ ਤੈਨੂੰ ਕਦੇ ਨਾਹ ਭੁਲਾਵਾਂ ।
ਮੇਰੀ ਇਹ ਜਿੰਦ ਮੇਰਾ ਇਹ ਸਰੀਰ ਤੇ (ਸਰੀਰ ਵਿਚ ਆਉਂਦਾ) ਸਾਹ ਸਭ ਤੇਰਾ ਹੀ ਦਿੱਤਾ ਹੋਇਆ ਹੈ ।੪।੨੯।੯੯ ।
Follow us on Twitter Facebook Tumblr Reddit Instagram Youtube