ਸਿਰੀਰਾਗੁ ਮਹਲਾ ੫ ਘਰੁ ੧ ॥
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥
ਸਚਾ ਸਾਹਿਬੁ ਮਨਿ ਵੁਠਾ ਹੋਆ ਖਸਮੁ ਦਇਆਲੁ ॥
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥੧॥

ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥੧॥ ਰਹਾਉ ॥

ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥
ਗੁਰ ਜੇਵਡੁ ਦਾਤਾ ਕੋ ਨਹੀ ਜਿਨਿ ਦਿਤਾ ਆਤਮ ਦਾਨੁ ॥੨॥

ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥
ਸਚੇ ਸੇਤੀ ਰਤਿਆ ਦਰਗਹ ਬੈਸਣੁ ਜਾਇ ॥
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥੩॥

ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥੪॥੨੮॥੯੮॥

Sahib Singh
ਮਿਲਿ = ਮਿਲ ਕੇ ।
ਜਮਕਾਲੁ = ਮੌਤ, ਮੌਤ ਦਾ ਡਰ, ਆਤਮਕ ਮੌਤ ਦਾ ਖ਼ਤਰਾ ।
ਸਚਾ = ਸਦਾ = ਥਿਰ ਰਹਿਣ ਵਾਲਾ ।
ਮਨਿ = ਮਨ ਵਿਚ ।
ਵੂਠਾ = ਆ ਵੱਸਿਆ ਹੈ ।
ਭੇਟਿਆ = ਮਿਲਿਆ ।
ਸਭੁ = ਸਾਰਾ ।
ਜੰਜਾਲੁ = ਮਾਇਆ ਦੇ ਬੰਧਨ ।੧ ।
ਹਉ = ਮੈਂ ।
ਵਿਟਹੁ = ਤੋਂ ।
ਤੁਸਿ = ਤੁੱਠ ਕੇ, ਪ੍ਰਸੰਨ ਹੋ ਕੇ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ।੧।ਰਹਾਉ ।
ਤੂੰ = ਤੈਨੂੰ ।
ਭਾਉ = ਪ੍ਰੇਮ ।
ਸੁਜਾਨ = ਸਿਆਣੇ ।
ਪਿਛੈ = ਅਨੁਸਾਰ ਹੋ ਕੇ, ਸਰਨੀ ਪੈ ਕੇ ।
ਛੁਟੀਐ = (ਵਿਕਾਰਾਂ ਤੋਂ) ਬਚੀਦਾ ਹੈ ।
ਨਿਧਾਨੁ = ਖ਼ਜ਼ਾਨਾ ।
ਜਿਨਿ = ਜਿਸ ਨੇ {ਨੋਟ: = ‘ਜਿਨ’ ਬਹੁ-ਵਚਨ ਹੈ, ‘ਜਿਨਿ’ ਇਕ-ਵਚਨ ਹੈ} ।੨।ਹਹਿ—ਹਨ ।
ਸੁਭਾਇ = ਪਿਆਰ ਨਾਲ ।
ਸੇਤੀ = ਨਾਲ ।
ਬੈਸਣੁ = ਬੈਠਣ ਨੂੰ ।
ਜਾਇ = ਥਾਂ ।
ਹਥਿ = ਹੱਥ ਵਿਚ ।੩ ।
ਸਚੁ = ਸਦਾ = ਥਿਰ ।
ਟੇਕ = ਆਸਰਾ ।
ਵਖਾਣੀਐ = ਆਖਿਆ ਜਾਂਦਾ ਹੈ, ਹਰ ਕੋਈ ਆਖਦਾ ਹੈ ।
ਬਿਬੇਕ ਬੁਧਿ = ਬਿਬੇਕ ਦੀ ਬੁਧਿ ਵਾਲਾ ।
ਜਪਿ = ਜਪ ਕੇ ।
ਏਕ = (ਉਸ) ਇਕ (ਦਾ ਨਾਮ) ।੪ ।
    
Sahib Singh
ਹੇ ਮੇਰੇ ਸਤਿਗੁਰੂ! ਮੈਂ ਤੈਥੋਂ ਕੁਰਬਾਨ ਜਾਂਦਾ ਹਾਂ, ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ ।
ਤੂੰ ਪ੍ਰਸੰਨ ਹੋ ਕੇ ਮੈਨੂੰ (ਪ੍ਰਭੂ ਦਾ) ਆਤਮਕ ਜੀਵਨ ਦੇਣ ਵਾਲਾ ਨਾਮ ਬਖ਼ਸ਼ਿਆ ਹੈ ।੧।ਰਹਾਉ ।
(ਜਿਸ ਮਨੁੱਖ ਨੂੰ) ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦਾ ਸਾਰਾ ਮਾਇਆ-ਮੋਹ ਦਾ ਜਾਲ ਨਾਸ ਹੋ ਜਾਂਦਾ ਹੈ, ਸੰਤ ਜਨਾਂ ਭਰਾਵਾਂ ਨੂੰ ਮਿਲ ਕੇ ਉਸ ਦਾ ਆਤਮਕ ਮੌਤ ਦਾ ਖ਼ਤਰਾ ਦੂਰ ਹੋ ਜਾਂਦਾ ਹੈ, ਖਸਮ-ਪ੍ਰਭੂ ਉਸ ਉਤੇ ਦਇਆਵਾਨ ਹੁੰਦਾ ਹੈ ਤੇ ਸਦਾ-ਥਿਰ ਮਾਲਕ-ਪ੍ਰਭੂ ਉਸ ਦੇ ਮਨ ਵਿਚ ਆ ਵੱਸਦਾ ਹੈ ।੧ ।
(ਹੇ ਪ੍ਰਭੂ!) ਜਿਨ੍ਹਾਂ ਨੇ ਪ੍ਰੇਮ ਨਾਲ ਤੈਨੂੰ ਸਿਮਰਿਆ ਹੈ, ਉਹੀ ਸਿਆਣੇ ਮਨੁੱਖ ਹਨ ।
ਜਿਨ੍ਹਾਂ ਦੇ ਹਿਰਦੇ ਵਿਚ (ਤੇਰਾ) ਨਾਮ-ਖ਼ਜ਼ਾਨਾ ਵੱਸਦਾ ਹੈ, ਉਹਨਾਂ ਦੀ ਹੀ ਸਰਨ ਪੈ ਕੇ (ਵਿਕਾਰਾਂ ਤੋਂ) ਬਚ ਜਾਈਦਾ ਹੈ ।
(ਪਰ ਨਾਮ ਦੀ ਇਹ ਦਾਤਿ ਗੁਰੂ ਤੋਂ ਹੀ ਮਿਲਦੀ ਹੈ) ਗੁਰੂ ਜੇਡਾ ਹੋਰ ਦਾਤਾ ਨਹੀਂ ਹੈ ਕਿਉਂਕਿ ਉਸ ਨੇ ਆਤਮਕ ਜੀਵਨ ਦੀ ਦਾਤਿ ਦਿੱਤੀ ਹੈ ।੨ ।
ਜਿਨ੍ਹਾਂ ਨੂੰ ਪਿਆਰ ਦੀ ਬਰਕਤਿ ਨਾਲ ਗੁਰੂ ਆ ਮਿਲਦਾ ਹੈ, ਜਗਤ ਵਿਚ ਆਏ ਉਹੀ ਕਬੂਲ ਹਨ ।
(ਗੁਰੂ ਦੀ ਸਹੈਤਾ ਨਾਲ) ਸਦਾ-ਥਿਰ ਪ੍ਰਭੂ (ਦੇ ਨਾਮ) ਨਾਲ ਰੰਗੀਜ ਕੇ ਉਹਨਾਂ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣ ਨੂੰ ਥਾਂ ਮਿਲ ਜਾਂਦੀ ਹੈ ।
(ਪਰ ਇਹ ਸਭ) ਵਡਿਆਈਆਂ ਕਰਤਾਰ ਦੇ (ਆਪਣੇ) ਹੱਥ ਵਿਚ ਹਨ (ਜਿਸ ਉੱਤੇ ਉਹ ਮਿਹਰ ਕਰਦਾ ਹੈ, ਉਹ ਮਨੁੱਖ) ਪਹਿਲੇ ਜਨਮ ਵਿਚ ਕੀਤੀ ਨੇਕ ਕਮਾਈ ਦਾ ਲਿਖਿਆ ਲੇਖ ਪ੍ਰਾਪਤ ਕਰ ਲੈਂਦਾ ਹੈ ।੩ ।
ਜਗਤ ਦਾ ਕਰਤਾ ਜੋ ਸਭ ਕੁਝ ਕਰਨ ਦੇ ਸਮਰੱਥ ਹੈ ਤੇ ਸਭ ਦਾ ਮਾਲਕ ਹੈ ਸਦਾ ਹੀ ਕਾਇਮ ਰਹਿਣ ਵਾਲਾ ਹੈ, ਉਹੀ ਸਭ ਦਾ ਸਹਾਰਾ ਹੈ ।
ਹਰੇਕ ਜੀਵ ਉਸੇ ਨੂੰ ਹੀ ਸਦਾ-ਥਿਰ ਰਹਿਣ ਵਾਲਾ ਆਖਦਾ ਹੈ ।
ਉਹ ਸਦਾ-ਥਿਰ ਪ੍ਰਭੂ ਹੀ (ਅਸਲੀ ਪਰਖ ਦੀ ਬੁੱਧੀ ਰੱਖਣ ਵਾਲਾ ਹੈ, ਸਭ ਜੀਵਾਂ ਦੇ ਅੰਦਰ ਵਿਆਪਕ ਹੈ ।
ਹੇ ਨਾਨਕ! ਜੇਹੜਾ ਮਨੁੱਖ ਉਸ ਇਕ ਪ੍ਰਭੂ (ਦਾ ਨਾਮ) ਜਪਦਾ ਹੈ ਉਸ ਨੂੰ ਆਤਮਕ ਜੀਵਨ ਪ੍ਰਾਪਤ ਹੁੰਦਾ ਹੈ ।੪।੨੮।੯੮ ।
Follow us on Twitter Facebook Tumblr Reddit Instagram Youtube