ਸਿਰੀਰਾਗੁ ਮਹਲਾ ੫ ॥
ਸੰਚਿ ਹਰਿ ਧਨੁ ਪੂਜਿ ਸਤਿਗੁਰੁ ਛੋਡਿ ਸਗਲ ਵਿਕਾਰ ॥
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥੧॥

ਜਪਿ ਮਨ ਨਾਮੁ ਏਕੁ ਅਪਾਰੁ ॥
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥੧॥ ਰਹਾਉ ॥

ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥
ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥੨॥

ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥੩॥

ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥੪॥੨੫॥੯੫॥

Sahib Singh
ਸੰਚਿ = ਇਕੱਠਾ ਕਰ ।
ਪੂਜਿ = ਆਦਰ = ਸਤਕਾਰ ਨਾਲ ਹਿਰਦੇ ਵਿਚ ਵਸਾ ।
ਜਿਨਿ = ਜਿਸ (ਪਰਮਾਤਮਾ) ਨੇ ।
ਤੂੰ = ਤੈਨੂੰ ।
ਸਾਜਿ = ਪੈਦਾ ਕਰ ਕੇ ।
ਸਵਾਰਿਆ = ਸੋਹਣਾ ਬਣਾਇਆ ਹੈ ।
ਉਧਾਰੁ = (ਵਿਕਾਰਾਂ ਤੋਂ) ਬਚਾਉ ।੧ ।
ਅਪਾਰੁ = ਬੇਅੰਤ ।
ਜਿਨਹਿ = ਜਿਸ ਨੇ ।
ਰਿਦੇ ਕਾ = ਹਿਰਦੇ ਦਾ ।
ਆਧਾਰੁ = ਆਸਰਾ ।੧।ਰਹਾਉ ।
ਕਾਮਿ = ਕਾਮ ਵਿਚ ।
ਮਾਤੇ = ਮਸਤ ।
ਵਿਆਪਿਆ = ਜ਼ੋਰ ਪਾਈ ਰੱਖਦਾ ਹੈ ।
ਸੰਸਾਰੁ = ਜਗਤ (ਦਾ ਮੋਹ) ।
ਅੰਧਾਰੁ = ਘੁੱਪ ਹਨੇਰਾ ।੨ ।
ਸਤੁ = ਦਾਨ, ਸੇਵਾ ।
ਸਾਰ = ਸ੍ਰੇਸ਼ਟ ।
ਆਪੁ = ਆਪਾ = ਭਾਵ ।
ਰੇਣਾ = ਚਰਨ = ਧੂੜ ।
ਦੇਇ = ਦੇਂਦਾ ਹੈ ।੩ ।
ਪਸਰਿਆ = ਖਿਲਾਰਿਆ ਹੋਇਆ ।
ਗੁਰਿ = ਗੁਰੂ ਨੇ ।
ਬੀਚਾਰੁ = ਸੋਚ ।੪ ।
    
Sahib Singh
ਹੇ ਮਨ! ਉਸ ਪਰਮਾਤਮਾ ਦਾ ਨਾਮ ਜਪ, ਜੋ ਇਕ ਆਪ ਹੀ ਆਪ ਹੈ ਤੇ ਜੋ ਬੇਅੰਤ ਹੈ, ਜਿਸ ਨੇ ਇਹ ਜਿੰਦ ਦਿੱਤੀ ਹੈ ਮਨ ਦਿੱਤਾ ਹੈ ਤੇ ਸਰੀਰ ਦਿੱਤਾ ਹੈ, ਜੋ ਸਭ ਜੀਵਾਂ ਦੇ ਹਿਰਦੇ ਦਾ ਆਸਰਾ ਹੈ ।੧।ਰਹਾਉ ।
(ਹੇ ਭਾਈ!) ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ, ਆਪਣੇ ਗੁਰੂ ਦਾ ਆਦਰ-ਸਤਕਾਰ ਹਿਰਦੇ ਵਿਚ ਵਸਾ (ਤੇ ਇਸ ਤ੍ਰਹਾਂ) ਸਾਰੇ ਵਿਕਾਰ ਛੱਡ ।
ਜਿਸ ਪਰਮਾਤਮਾ ਨੇ ਤੈਨੂੰ ਪੈਦਾ ਕਰ ਕੇ ਸੋਹਣਾ ਬਣਾਇਆ ਹੈ, ਉਸ ਦਾ ਸਿਮਰਨ ਕਰ, (ਵਿਕਾਰਾਂ ਤੋਂ ਤੇਰਾ) ਬਚਾਉ ਹੋ ਜਾਇਗਾ ।੧ ।
ਜਿਨ੍ਹਾਂ ਬੰਦਿਆਂ ਉਤੇ ਜਗਤ ਦਾ ਮੋਹ ਦਬਾਉ ਪਾਈ ਰੱਖਦਾ ਹੈ, ਉਹ ਕਾਮ ਵਿਚ ਕ੍ਰੋਧ ਵਿਚ ਅਹੰਕਾਰ ਵਿਚ ਮਸਤ ਰਹਿੰਦੇ ਹਨ ।
(ਇਹਨਾਂ ਵਿਕਾਰਾਂ ਤੋਂ ਬਚਣ ਲਈ, ਹੇ ਭਾਈ!) ਗੁਰੂ ਦੀ ਸਰਨ ਪਉ, ਗੁਰੂ ਦੀ ਚਰਨੀਂ ਲੱਗ (ਗੁਰੂ ਦਾ ਆਸਰਾ ਲਿਆਂ ਅਗਿਆਨਤਾ ਦਾ) ਘੁੱਪ ਹਨੇਰਾ-ਰੂਪ ਦੁੱਖ ਮਿਟ ਜਾਂਦਾ ਹੈ ।੨ ।
ਜਿਸ (ਭਾਗਾਂ ਵਾਲੇ ਮਨੁੱਖ) ਨੂੰ ਨਿਰੰਕਾਰ ਪ੍ਰਭੂ (ਆਪਣੇ ਨਾਮ ਦੀ ਦਾਤਿ) ਦੇਂਦਾ ਹੈ, ਉਹ ਆਪਾ-ਭਾਵ ਛੱਡ ਕੇ ਸਭ ਦੀ ਚਰਨ-ਧੂੜ ਬਣਦਾ ਹੈ, ਉਹ ਸੇਵਾ ਸੰਤੋਖ ਦੇ ਦਇਆ (ਦੀ ਕਮਾਈ) ਕਮਾਂਦਾ ਹੈ, ਤੇ ਇਹੀ ਹੈ ਸ੍ਰੇਸ਼ਟ ਕਰਣੀ ।੩ ।
ਹੇ ਨਾਨਕ! ਆਖ—ਗੁਰੂ ਨੇ ਜਿਸ ਮਨੁੱਖ ਦੇ ਮਨ ਦੀ ਭਟਕਣਾ ਦੂਰ ਕਰ ਦਿੱਤੀ ਹੈ ਉਸ ਨੂੰ, ਹੇ ਪ੍ਰਭੂ! ਜੇਹੜਾ ਇਹ ਜਗਤ ਦਿੱਸਦਾ ਹੈ ਸਾਰਾ ਤੇਰਾ ਹੀ ਰੂਪ ਦਿੱਸਦਾ ਹੈ, ਤੇਰਾ ਹੀ ਖਿਲਾਰਿਆ ਹੋਇਆ ਖਿਲਾਰਾ ਦਿੱਸਦਾ ਹੈ, ਉਸ ਨੂੰ ਇਹੀ ਸੋਚ ਫੁਰਦੀ ਹੈ ਕਿ ਹਰ ਥਾਂ ਤੂੰ ਹੀ ਤੂੰ ਹੈਂ ।੪।੨੫।੯੫ ।
Follow us on Twitter Facebook Tumblr Reddit Instagram Youtube