ਸਿਰੀਰਾਗੁ ਮਹਲਾ ੫ ਘਰੁ ੨ ॥
ਗੋਇਲਿ ਆਇਆ ਗੋਇਲੀ ਕਿਆ ਤਿਸੁ ਡੰਫੁ ਪਸਾਰੁ ॥
ਮੁਹਲਤਿ ਪੁੰਨੀ ਚਲਣਾ ਤੂੰ ਸੰਮਲੁ ਘਰ ਬਾਰੁ ॥੧॥

ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥
ਕਿਆ ਥੋੜੜੀ ਬਾਤ ਗੁਮਾਨੁ ॥੧॥ ਰਹਾਉ ॥

ਜੈਸੇ ਰੈਣਿ ਪਰਾਹੁਣੇ ਉਠਿ ਚਲਸਹਿ ਪਰਭਾਤਿ ॥
ਕਿਆ ਤੂੰ ਰਤਾ ਗਿਰਸਤ ਸਿਉ ਸਭ ਫੁਲਾ ਕੀ ਬਾਗਾਤਿ ॥੨॥

ਮੇਰੀ ਮੇਰੀ ਕਿਆ ਕਰਹਿ ਜਿਨਿ ਦੀਆ ਸੋ ਪ੍ਰਭੁ ਲੋੜਿ ॥
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥੩॥

ਲਖ ਚਉਰਾਸੀਹ ਭ੍ਰਮਤਿਆ ਦੁਲਭ ਜਨਮੁ ਪਾਇਓਇ ॥
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥੪॥੨੨॥੯੨॥

Sahib Singh
ਗੋਇਲ = ਦਰਿਆਵਾਂ ਦੇ ਕੰਢੇ ਉਹ ਘਾਹ ਆਦਿਕ ਵਾਲੀ ਹਰੀ ਥਾਂ ਜਿੱਥੇ ਅੌੜ ਵਾਲੇ ਇਲਾਕੇ ਦੇ ਲੋਕ ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦੇ ਹਨ ।
ਗੋਇਲਿ = ਚਰਾਗਾਹ ਵਿਚ ।
ਗੋਇਲੀ = ਮਾਲ = ਡੰਗਰ ਦਾ ਮਾਲਕ ਗੁੱਜਰ ।
ਤਿਸੁ = ਉਸ (ਗੋਇਲੀ) ਨੂੰ ।
ਡੰਫੁ = (ਆਪਣੇ ਕਿਸੇ ਵਡੱਪਣ ਦਾ) ਵਿਖਾਵਾ ।
ਪਸਾਰੁ = ਖਿਲਾਰਾ ।
ਮੁਹਲਤਿ = ਮਿਲਿਆ ਹੋਇਆ ਸਮਾ ।
ਸੰਮਲੁ = ਸੰਭਾਲ, ਸਾਂਭ ।
ਘਰ ਬਾਰੁ = ਘਰ ਘਾਟ ।੧ ।
ਪਿਆਰਿ = ਪਿਆਰ ਨਾਲ ।
ਬਾਤ = ਗੱਲ ।
ਗੁਮਾਨ = ਮਾਣ ।੧।ਰਹਾਉ ।
ਰੈਣਿ = ਰਾਤ ।
ਉਠਿ = ਉੱਠ ਕੇ ।
ਚਲਸਹਿ = ਚਲੇ ਜਾਣਗੇ ।
ਸਿਉ = ਨਾਲ ।
ਬਾਗਾਤਿ = ਬਗ਼ੀਚੀ ।੨ ।
ਜਿਨਿ = ਜਿਸ (ਪਰਮਾਤਮਾ) ਨੇ ।
ਲੋੜਿ = ਲੱਭ ।
ਸਰਪਰ = ਜ਼ਰੂਰ ।
ਜਾਸੀ = ਜਾਇਗਾ ।੩ ।
ਭ੍ਰਮਤਿਆ = ਭਟਕਦਿਆਂ, ਭੌਂਦਿਆਂ ।
ਦੁਲਭ = ਬੜੀ ਮੁਸ਼ਕਿਲ ਨਾਲ ਮਿਲਿਆ ਹੋਇਆ ।
ਸਮਾਲਿ = ਸੰਭਾਲ, ਹਿਰਦੇ ਵਿਚ ਵਸਾ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ ।
ਪਿਆਰ ਨਾਲ ਗੁਰੂ ਦੀ (ਦੱਸੀ) ਸੇਵਾ ਕਰ ।
ਥੋੜੀ ਜਿਤਨੀ ਗੱਲ ਪਿੱਛੇ (ਇਸ ਥੋੜੇ ਜਿਹੇ ਜੀਵਨ-ਸਮੇਂ ਵਾਸਤੇ) ਕਿਉਂ ਮਾਣ ਕਰਦਾ ਹੈਂ ?
।੧।ਰਹਾਉ ।
(ਅੌੜ ਦੇ ਸਮੇਂ ਥੋੜੇ ਦਿਨਾਂ ਲਈ) ਗੁੱਜਰ (ਆਪਣਾ ਮਾਲ-ਡੰਗਰ ਲੈ ਕੇ) ਕਿਸੇ ਚਰਨ ਵਾਲੀ ਥਾਂ ਤੇ ਜਾਂਦਾ ਹੈ, ਉੱਥੇ ਉਸ ਨੂੰ ਆਪਣੇ ਕਿਸੇ ਵਡੱਪਣ ਦਾ ਵਿਖਾਵਾ-ਖਿਲਾਰਾ ਸੋਭਦਾ ਨਹੀਂ ।
(ਤਿਵੇਂ, ਹੇ ਜੀਵ! ਜਦੋਂ ਤੈਨੂੰ ਇੱਥੇ ਜਗਤ ਵਿਚ ਰਹਿਣ ਲਈ) ਮਿਲਿਆ ਸਮਾ ਮੁੱਕ ਜਾਇਗਾ, ਤੂੰ (ਇਥੋਂ) ਤੁਰ ਪਏਂਗਾ ।
(ਇਸ ਵਾਸਤੇ ਆਪਣਾ ਅਸਲੀ) ਘਰ ਘਾਟ ਸੰਭਾਲ (ਚੇਤੇ ਰੱਖ) ।੧ ।
ਜਿਵੇਂ ਰਾਤ ਵੇਲੇ (ਕਿਸੇ ਘਰ ਆਏ ਹੋਏ) ਪਰਾਹੁਣੇ ਦਿਨ ਚੜ੍ਹਨ ਤੇ (ਉਥੋਂ ਉੱਠ ਕੇ ਚੱਲ ਪੈਣਗੇ (ਤਿਵੇਂ, ਹੇ ਜੀਵ! ਜ਼ਿੰਦਗੀ ਦੀ ਰਾਤ ਮੁੱਕਣ ਤੇ ਤੂੰ ਭੀ ਇਸ ਜਗਤ ਤੋਂ ਚੱਲ ਪਏਂਗਾ) ।
ਤੂੰ ਇਸ ਗਿ੍ਰਹਸਤ ਨਾਲ (ਬਾਗ ਪਰਵਾਰ ਨਾਲ) ਕਿਉਂ ਮਸਤ ਹੋਇਆ ਪਿਆ ਹੈਂ ?
ਇਹ ਸਾਰੀ ਫੁੱਲਾਂ ਦੀ ਹੀ ਬਗ਼ੀਚੀ (ਸਮਾਨ) ਹੈ ।੨ ।
ਇਹ ਚੀਜ਼ ਮੇਰੀ ਹੈ, ਇਹ ਜਾਇਦਾਦ ਮੇਰੀ ਹੈ—ਕਿਉਂ ਅਜੇਹਾ ਮਾਣ ਕਰ ਰਿਹਾ ਹੈਂ ?
ਜਿਸ ਪਰਮਾਤਮਾ ਨੇ ਇਹ ਸਭ ਕੁਝ ਦਿੱਤਾ ਹੈ, ਉਸ ਨੂੰ ਲੱਭ ।
ਇਥੋਂ ਜ਼ਰੂਰ ਕੂਚ ਕਰ ਜਾਣਾ ਚਾਹੀਦਾ ਹੈ ।
(ਲੱਖਾਂ ਕ੍ਰੋੜਾਂ ਦਾ ਮਾਲਕ ਭੀ) ਲੱਖਾ ਕ੍ਰੋੜਾਂ ਰੁਪਏ ਛੱਡ ਕੇ ਚਲਾ ਜਾਇਗਾ ।੩ ।
(ਹੇ ਭਾਈ!) ਚੌਰਾਸੀ ਲੱਖ ਜੂਨਾਂ ਵਿਚ ਭੌਂ ਭੌਂ ਕੇ ਤੂੰ ਹੁਣ ਇਹ ਮਨੁੱਖਾ ਜਨਮ ਬੜੀ ਮੁਸ਼ਕਿਲ ਨਾਲ ਲੱਭਾ ਹੈ ।
ਹੇ ਨਾਨਕ! (ਪਰਮਾਤਮਾ ਦਾ) ਨਾਮ ਹਿਰਦੇ ਵਿਚ ਵਸਾ, ਉਹ ਦਿਨ ਨੇੜੇ ਆ ਰਿਹਾ ਹੈ (ਜਦੋਂ ਇਥੋਂ ਕੂਚ ਕਰਨਾ ਹੈ) ।੪।੨੨।੯੨ ।
Follow us on Twitter Facebook Tumblr Reddit Instagram Youtube