ਸਿਰੀਰਾਗੁ ਮਹਲਾ ੫ ॥
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥੧॥

ਮਨ ਮੇਰੇ ਰਾਮ ਨਾਮੁ ਜਪਿ ਜਾਪੁ ॥
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥ ਰਹਾਉ ॥

ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥੨॥

ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥੩॥

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ ॥
ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ ॥੪॥੧੭॥੮੭॥

Sahib Singh
ਕਰਿ = ਕਰ ਕੇ ।
ਵਡਭਾਗੀ = ਵੱਡੇ ਭਾਗਾਂ ਨਾਲ ।
ਖਾਟਿ = ਖੱਟ, ਇਕੱਠਾ ਕਰ ।
ਸੰਗਿ = ਸੰਗਤਿ ਵਿਚ ।੧ ।
ਮਨ ਇਛੇ = ਮਨ = ਭਾਉਂਦੇ ।
ਭੁੰਚਿ = ਖਾਹ ।
ਚੂਕੈ = ਮੁੱਕ ਜਾਇਗਾ ।
ਸੋਗੁ = ਚਿੰਤਾ ।
ਸੰਤਾਪੁ = ਦੁੱਖ ।ਰਹਾਉ ।
ਜਿਸੁ ਕਾਰਣਿ = ਜਿਸ ਮਨੋਰਥ ਵਾਸਤੇ, ਇਸੇ ਮਨੋਰਥ ਵਾਸਤੇ ।
ਤਨੁ ਧਾਰਿਆ = ਜਨਮ ਲਿਆ ।
ਜਲਿ = ਜਲ ਵਿਚ ।
ਥਲਿ = ਧਰਤੀ ਵਿਚ ।
ਮਹੀਅਲਿ = ਮਹੀ ਤਲਿ, {ਮਹੀ—ਧਰਤੀ} ਧਰਤੀ ਦੇ ਤਲ ਉਤੇ, ਆਕਾਸ਼ ਵਿਚ, ਪੁਲਾੜ ਵਿਚ ।
ਨਿਹਾਲਿ = ਨਿਹਾਲੇ, ਵੇਖਦਾ ਹੈ ।੨ ।
ਨਿਰਮਲੁ = ਪਵਿਤ੍ਰ ।
ਸਾਚੁ = ਸਦਾ = ਥਿਰ ਪ੍ਰਭੂ ।
ਸਭਿ = ਸਾਰੇ ।
ਤਿਨ ਹੀ = ਤਿਨਿ ਹੀ, ਉਸੇ ਨੇ {ਨੋਟ:- ਲਫ਼ਜ਼ ‘ਤਿਨਿ’ ਦੀ ਿਕਿ੍ਰਆ ਵਿਸ਼ੇਸ਼ਣ ‘ਹੀ’ ਦੇ ਕਾਰਨ ਉੱਡ ਗਈ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।੩ ।
ਮਾਣਿਕਾ = ਮੋਤੀ ।
ਅੰਮਿ੍ਰਤੁ = ਅਟੱਲ ਆਤਮਕ ਜੀਵਨ ਦੇਣ ਵਾਲਾ ।
ਸਹਜ = ਆਤਮਕ ਅਡੋਲਤਾ ।
ਜਨ ਨਾਨਕ = ਹੇ ਦਾਸ ਨਾਨਕ !
    ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪ, ਪਰਮਾਤਮਾ (ਦੇ ਨਾਮ) ਦਾ ਜਾਪ ਜਪ ।
(ਸਿਮਰਨ ਦੀ ਬਰਕਤਿ ਨਾਲ) ਤੂੰ ਮਨ-ਭਾਉਂਦੇ ਫਲ ਪ੍ਰਾਪਤ ਕਰੇਂਗਾ, ਤੇ ਤੇਰਾ ਸਾਰਾ ਦੁੱਖ ਕਲੇਸ਼ ਸਹਮ ਦੂਰ ਹੋ ਜਾਇਗਾ ।ਰਹਾਉ।(ਹੇ ਮਨ!) ਉੱਦਮ ਕਰ ਕੇ ਪਰਮਾਤਮਾ ਦਾ ਨਾਮ ਸਿਮਰ, ਵੱਡੇ ਭਾਗਾਂ ਨਾਲ ਪਰਮਾਤਮਾ ਦਾ ਨਾਮ-ਧਨ ਇਕੱਠਾ ਕਰ ।
ਸਾਧ ਸੰਗਤਿ ਵਿਚ ਰਹਿ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਕੀਤਿਆਂ ਤੂੰ ਜਨਮਾਂ ਜਨਮਾਂ ਵਿਚ ਕੀਤੇ ਵਿਕਾਰਾਂ ਦੀ ਮੈਲ ਦੂਰ ਕਰ ਲਏਂਗਾ ।੧ ।
(ਹੇ ਭਾਈ!) ਇਸੇ ਮਨੋਰਥ ਵਾਸਤੇ ਤੂੰ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ (ਜਿਸ ਮਨੁੱਖ ਨੇ ਇਹ ਮਨੋਰਥ ਪੂਰਾ ਕੀਤਾ ਹੈ, ਪ੍ਰਭੂ ਦਾ ਨਾਮ ਸਿਮਰਿਆ ਹੈ, ਉਸ ਨੇ) ਉਸ ਪਰਮਾਤਮਾ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਲਿਆ ਹੈ ।
(ਉਸ ਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ) ਪ੍ਰਭੂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਮੌਜੂਦ ਹੈ ਤੇ (ਸਭ ਜੀਵਾਂ ਨੂੰ) ਆਪਣੀ ਮਿਹਰ ਦੀ ਨਿਗਾਹ ਨਾਲ ਵੇਖਦਾ ਹੈ ।੨ ।
ਜਿਸ ਮਨੁੱਖ ਦੀ ਪ੍ਰੀਤਿ ਸਦਾ-ਥਿਰ ਪਰਮਾਤਮਾ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ (ਭਾਵ, ਉਸ ਦੇ ਸਾਰੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟ ਜਾਂਦੇ ਹਨ) ।
ਜਿਸ ਮਨੁੱਖ ਨੇ ਅਕਾਲ ਪੁਰਖ ਦੇ ਚਰਨ ਸੇਵੇ ਹਨ, ਮਾਨੋ, ਸਾਰੇ ਜਪ ਸਾਰੇ ਤਪ ਉਸੇ ਨੇ ਹੀ ਕਰ ਲਏ ਹਨ ।੩ ।
ਪਰਮਾਤਮਾ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮ (ਹੀ ਅਸਲੀ) ਰਤਨ ਜਵਾਹਰ ਤੇ ਮੋਤੀ ਹੈ, (ਕਿਉਂਕਿ ਨਾਮ ਦੀ ਬਰਕਤਿ ਨਾਲ ਹੀ) ਆਤਮਕ ਅਡੋਲਤਾ ਦੇ ਸੁਖ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ ।
ਹੇ ਦਾਸ ਨਾਨਕ! ਸਦਾ ਪ੍ਰਭੂ ਦੇ ਗੁਣ ਗਾ ।੪।੧੭।੮੭ ।
Follow us on Twitter Facebook Tumblr Reddit Instagram Youtube