ਸਿਰੀਰਾਗੁ ਮਹਲਾ ੫ ॥
ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ ਰਖਿਆ ਸਹਜਿ ਸਵਾਰਿ ॥
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥੧॥

ਮੇਰੇ ਮਨ ਹਰਿ ਬਿਨੁ ਅਵਰੁ ਨ ਕੋਇ ॥
ਪ੍ਰਭ ਸਰਣਾਈ ਸਦਾ ਰਹੁ ਦੂਖੁ ਨ ਵਿਆਪੈ ਕੋਇ ॥੧॥ ਰਹਾਉ ॥

ਰਤਨ ਪਦਾਰਥ ਮਾਣਕਾ ਸੁਇਨਾ ਰੁਪਾ ਖਾਕੁ ॥
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥੨॥

ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥
ਭਗਤੀ ਨਾਮ ਵਿਹੂਣਿਆ ਆਵਹਿ ਵੰਞਹਿ ਪੂਰ ॥੩॥

ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥
ਨਾਨਕ ਨਾਮੁ ਨ ਵੀਸਰਉ ਕਰਿ ਅਪੁਨੀ ਹਰਿ ਮਇਆ ॥੪॥੧੪॥੮੪॥

Sahib Singh
ਜਿਨਿ = ਜਿਸ ਨੇ ।
ਪ੍ਰਭਿ = ਪ੍ਰਭੂ ਨੇ ।
ਸਹਜਿ = ਅਡੋਲਤਾ ਵਿਚ ।
ਸਵਾਰਿ = ਸੰਵਾਰ ਕੇ, ਸਜਾ ਕੇ ।
ਕਲਾ = ਤਾਕਤਾਂ ।
ਉਰ ਧਾਰਿ = ਹਿਰਦੇ ਵਿਚ ਟਿਕਾ ਕੇ ।੧ ।
ਨ ਵਿਆਪੈ = ਜ਼ੋਰ ਨਹੀਂ ਪਾ ਸਕਦਾ ।੧।ਰਹਾਉ ।
ਰੁਪਾ = ਚਾਂਦੀ ।
ਮਾਣਕ = ਮੋਤੀ ।
ਖਾਕੁ = ਮਿੱਟੀ (ਸਮਾਨ), ਨਾਸਵੰਤ ।
ਸੁਤ = ਪੁੱਤਰ ।
ਬੰਧਪਾ = ਰਿਸ਼ਤੇਦਾਰ ।
ਕੂੜੇ = ਝੂਠੇ, ਸਾਥ ਛੱਡ ਜਾਣ ਵਾਲੇ ।
ਤਿਸਹਿ = ਉਸ ਨੂੰ ।
ਜਾਣਈ = ਜਾਣਏ, ਜਾਣੈ, ਜਾਣਦਾ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।
ਨਾਪਾਕ = ਅਪਵਿਤ੍ਰ, ਗੰਦੇ ਜੀਵਨ ਵਾਲਾ ।੨ ।
ਰਵਿ ਰਹਿਆ = ਮੌਜੂਦ ਹੈ ।
ਤਿਸ ਨੋ = ਉਸ ਨੂੰ {ਨੋਟ: = ਲਫ਼ਜ਼ ‘ਤਿਸੁ’ ਦਾ ੁ ਸੰਬੰਧਕ ‘ਨੋ’ ਦੇ ਕਾਰਨ ਉੱਡ ਗਿਆ ਹੈ ।
    ਵੇਖੋ ‘ਗੁਰਬਾਣੀ ਵਿਆਕਰਣ’} ।
ਕੂਰਿ = ਕੂੜੀ, ਝੂਠੀ ।
ਵੰਞਹਿ = ਚਲੇ ਜਾਂਦੇ ਹਨ ।
ਪੂਰ = ਭਰੀ ਹੋਈ ਬੇੜੀ ਦੇ ਸਾਰੇ ਮੁਸਾਫ਼ਿਰ, ਅਨੇਕਾਂ ਜੀਵ ।੩ ।
ਪ੍ਰਭ = ਹੇ ਪ੍ਰਭੂ !
ਕਰਿ = ਕਰ ਕੇ ।
ਬਿਕਟ = ਅੌਖਾ ।
ਜਮ ਭਇਆ = ਜਮ ਦਾ ਡਰ ।
ਵੀਸਰਉ = ਵੀਸਰਉਂ, ਮੈਂ ਭੁਲਾਵਾਂ ।
ਮਇਆ = ਦਇਆ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਤੋਂ ਬਿਨਾ ਹੋਰ ਕੋਈ (ਅਸਲ ਰਾਖਾ) ਨਹੀਂ ।
ਤੂੰ ਸਦਾ ਪਰਮਾਤਮਾ ਦੀ ਸਰਨ ਪਿਆ ਰਹੁ, ਕੋਈ ਭੀ ਦੁੱਖ ਤੇਰੇ ਉੱਤੇ ਜ਼ੋਰ ਨਹੀਂ ਪਾ ਸਕੇਗਾ ।੧।ਰਹਾਉ ।
ਜਿਸ ਪ੍ਰਭੂ ਨੇ ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਮਨੁੱਖ ਦੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰਚਿਆ ਹੈ, ਤੇ ਸਰੀਰ ਵਿਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ ।
(ਹੇ ਭਾਈ!) ਆਪਣੇ ਹਿਰਦੇ ਵਿਚ ਉਸ ਦੀ ਯਾਦ ਟਿਕਾ ਰੱਖ ।੧ ।
ਰਤਨ, ਮੋਤੀ ਆਦਿਕ ਕੀਮਤੀ ਪਦਾਰਥ, ਸੋਨਾ, ਚਾਂਦੀ (ਇਹ ਸਭ) ਮਿੱਟੀ ਸਮਾਨ ਹੀ ਹਨ (ਕਿਉਂਕਿ ਇਥੇ ਹੀ ਪਏ ਰਹਿ ਜਾਣਗੇ) ।
ਮਾਂ ਪਿਉ ਪੁੱਤਰ ਤੇ ਹੋਰ ਸੰਬੰਧੀ—ਇਹ ਸਾਰੇ ਸਾਕ ਭੀ ਸਾਥ ਛੱਡ ਜਾਣ ਵਾਲੇ ਹਨ ।
(ਇਹ ਵੇਖ ਕੇ ਭੀ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ, ਗੰਦੇ ਜੀਵਨ ਵਾਲਾ ਪਸ਼ੂ-ਸੁਭਾਉ ਮਨੁੱਖ, ਉਸ ਪਰਮਾਤਮਾ ਨਾਲ ਸਾਂਝ ਨਹੀਂ ਪਾਂਦਾ ਜਿਸ ਨੇ ਇਸ ਨੂੰ ਪੈਦਾ ਕੀਤਾ ਹੈ ।੨ ।
(ਮੂਰਖ ਮਨੁੱਖ) ਉਸ ਪਰਮਾਤਮਾ ਨੂੰ ਕਿਤੇ ਦੂਰ ਵੱਸਦਾ ਸਮਝਦਾ ਹੈ, ਜੋ ਇਸ ਦੇ ਅੰਦਰ ਤੇ ਬਾਹਰ ਹਰ ਥਾਂ ਮੌਜੂਦ ਹੈ ।
ਜੀਵ ਨੂੰ ਮਾਇਆ ਦੀ ਤ੍ਰਿਸ਼ਨਾ ਚੰਬੜੀ ਹੋਈ ਹੈ, (ਮਾਇਆ ਦੇ ਮੋਹ ਵਿਚ) ਜੀਵ ਮਸਤ ਹੋ ਰਿਹਾ ਹੈ, (ਮਾਇਆ ਦੇ ਕਾਰਨ) ਇਸ ਦੇ ਅੰਦਰ ਝੂਠੀ ਹਉਮੈ ਟਿਕੀ ਹੋਈ ਹੈ ।
ਪਰਮਾਤਮਾ ਦੀ ਭਗਤੀ ਤੋਂ ਪਰਮਾਤਮਾ ਦੇ ਨਾਮ ਤੋਂ ਸੱਖਣੇ ਪੂਰਾਂ ਦੇ ਪੂਰ ਜੀਵ (ਇਸ ਸੰਸਾਰ-ਸਮੁੰਦਰ ਵਿਚ) ਆਉਂਦੇ ਹਨ ਤੇ (ਖ਼ਾਲੀ) ਚਲੇ ਜਾਂਦੇ ਹਨ ।੩ ।
(ਪਰ ਜੀਵਾਂ ਦੇ ਕੀਹ ਵੱਸ ?
ਮਾਇਆ ਦੇ ਟਾਕਰੇ ਤੇ ਇਹ ਬੇ-ਬਸ ਹਨ) ਹੇ ਜੀਵਾਂ ਨੂੰ ਪੈਦਾ ਕਰਨ ਵਾਲੇ ਪ੍ਰਭੂ! ਤੂੰ ਆਪ ਹੀ ਮਿਹਰ ਕਰ ਕੇ ਸਾਰੇ ਜੀਅ ਜੰਤਾਂ ਨੂੰ (ਇਸ ਤ੍ਰਿਸ਼ਨਾ ਤੋਂ) ਬਚਾ ਲੈ ।
ਹੇ ਪ੍ਰਭੂ! ਤੈਥੋਂ ਬਿਨਾ ਕੋਈ ਰੱਖਿਆ ਕਰਨ ਵਾਲਾ ਨਹੀਂ ਹੈ ।
ਜਮਰਾਜ ਜੀਵਾਂ ਵਾਸਤੇ ਬੜਾ ਡਰਾਉਣਾ ਬਣ ਰਿਹਾ ਹੈ ।
ਹੇ ਨਾਨਕ! (ਅਰਦਾਸ ਕਰ ਤੇ ਆਖ—) ਹੇ ਹਰੀ! ਆਪਣੀ ਮਿਹਰ ਕਰ, ਮੈਂ ਤੇਰਾ ਨਾਮ ਕਦੇ ਨਾਹ ਭੁਲਾਵਾਂ ।੪।੧੪।੮੪ ।
Follow us on Twitter Facebook Tumblr Reddit Instagram Youtube