ਸਿਰੀਰਾਗੁ ਮਹਲਾ ੫ ॥
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥

ਮਨ ਮੇਰੇ ਏਕੋ ਨਾਮੁ ਧਿਆਇ ॥
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥

ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥

ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥

ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥

Sahib Singh
ਸਿਉ = ਨਾਲ ।
ਸੇ = ਉਹ ਬੰਦੇ ।
ਪੂਰੇ = ਸਭ ਗੁਣਾਂ ਵਾਲੇ ।
ਪਰਧਾਨ = ਮੰਨੇ ਪ੍ਰਮੰਨੇ ।
ਮਨਿ = ਮਨ ਵਿਚ ।
ਉਪਜੈ = ਪਰਗਟ ਹੁੰਦਾ ਹੈ ।
ਗਿਆਨੁ = ਪਰਮਾਤਮਾ ਨਾਲ ਜਾਣ-ਪਛਾਣ ।
ਮਸਤਕਿ = ਮੱਥੇ ਉਤੇ ।੧ ।
ਊਪਜਹਿ = ਪੈਦਾ ਹੁੰਦੇ ਹਨ {ਨੋਟ:- ‘ਊਪਜੈ’ ਇਕ-ਵਚਨ ਹੈ, ‘ਊਪਜਹਿ’ ਬਹੁ-ਵਚਨ ਹੈ} ।
ਪੈਧਾ = ਸਰੋਪਾ ਲੈ ਕੇ, ਇੱਜ਼ਤ ਨਾਲ ।
ਜਾਇ = ਜਾਂਦਾ ਹੈ ।੧।ਰਹਾਉ ।
ਭਉ = ਡਰ ।
ਭਾਉ = ਪਿਆਰ ।
ਗੋਪਾਲ = ਸਿ੍ਰਸ਼ਟੀ ਦੀ ਪਾਲਣਾ ਕਰਨ ਵਾਲਾ ।
ਪ੍ਰਤਿਪਾਲ = ਰੱਖਿਆ ।
ਕਟੀਐ = ਕੱਟੀ ਜਾਂਦੀ ਹੈ ।
ਦੇਖਿ = ਵੇਖ ਕੇ ।
ਨਿਹਾਲ = ਪ੍ਰਸੰਨ ।੨ ।
ਥਾਨ ਥਾਨੰਤਰਿ = ਥਾਨ ਥਾਨ ਅੰਤਰਿ, ਹਰੇਕ ਥਾਂ ਵਿਚ ।
ਸੋਇ = ਉਹੀ ।
ਛੁਟੀਐ = (ਵਿਕਾਰਾਂ ਦੀ ਮੈਲ ਤੋਂ) ਬਚੀਦਾ ਹੈ ।
ਕੀਤਾ ਲੋੜੇ = ਕਰਨਾ ਪਸੰਦ ਕਰਦਾ ਹੈ ।੩ ।
ਜਿਨੀ = ਜਿਨ੍ਹਾਂ ਨੇ ।
ਕੁਰਬਾਨ = ਸਦਕੇ ।੪ ।
    
Sahib Singh
ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ ।
(ਜੇਹੜਾ ਮਨੁੱਖ ਸਿਮਰਦਾ ਹੈ, ਉਸ ਦੇ ਅੰਦਰ) ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ।੧।ਰਹਾਉ ।
ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨਾਲ ਆਪਣਾ ਮਨ ਜੋੜਿਆ ਹੈ, ਉਹ ਸਾਰੇ ਗੁਣਾਂ ਵਾਲੇ ਹੋ ਜਾਂਦੇ ਹਨ ਉਹ (ਲੋਕ ਪਰਲੋਕ ਵਿਚ) ਮੰਨੇ-ਪ੍ਰਮੰਨੇ ਜਾਂਦੇ ਹਨ ।
ਜਿਨ੍ਹਾਂ ਉੱਤੇ ਪਰਮਾਤਮਾ ਆਪ ਦਇਆਵਾਨ ਹੁੰਦਾ ਹੈ, ਉਹਨਾਂ ਦੇ ਮਨ ਵਿਚ ਪਰਮਾਤਮਾ ਨਾਲ ਡੂੰਘੀ ਸਾਂਝ ਪੈਦਾ ਹੁੰਦੀ ਹੈ ।
ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ ।੧ ।
ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ, ਪ੍ਰਭੂ ਨਾਲ ਪ੍ਰੇਮ ਕਰਦਾ ਹੈ, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ, ਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ, ਗੁਰੂ ਦਾ ਦਰਸ਼ਨ ਕਰ ਕੇ (ਉਸ ਦਾ ਤਨ ਮਨ) ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਉਸ ਦੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ ।੨ ।
(ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ ।
ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ।
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ ।੩ ।
(ਹੇ ਭਾਈ!) ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ, ਉਹ ਹਰ ਥਾਂ ਆਦਰ ਪਾਂਦੇ ਹਨ ।
ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ ।
ਹੇ ਨਾਨਕ! (ਆਖ—) ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ।੪।੧੦।੮੦ ।
Follow us on Twitter Facebook Tumblr Reddit Instagram Youtube