ਸਿਰੀਰਾਗੁ ਮਹਲਾ ੪ ॥
ਹਉ ਪੰਥੁ ਦਸਾਈ ਨਿਤ ਖੜੀ ਕੋਈ ਪ੍ਰਭੁ ਦਸੇ ਤਿਨਿ ਜਾਉ ॥
ਜਿਨੀ ਮੇਰਾ ਪਿਆਰਾ ਰਾਵਿਆ ਤਿਨ ਪੀਛੈ ਲਾਗਿ ਫਿਰਾਉ ॥
ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥੧॥

ਮੇਰੇ ਭਾਈ ਜਨਾ ਕੋਈ ਮੋ ਕਉ ਹਰਿ ਪ੍ਰਭੁ ਮੇਲਿ ਮਿਲਾਇ ॥
ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥੧॥ ਰਹਾਉ ॥

ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥
ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥
ਹਉ ਗੁਰੁ ਸਾਲਾਹਿ ਨ ਰਜਊ ਮੈ ਮੇਲੇ ਹਰਿ ਪ੍ਰਭੁ ਪਾਸਿ ॥੨॥

ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥੩॥

ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥
ਆਪਿ ਦਇਆ ਕਰਿ ਮੇਲਸੀ ਗੁਰ ਸਤਿਗੁਰ ਪੀਛੈ ਪਾਇ ॥
ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥੪॥੪॥੬੮॥

Sahib Singh
ਹਉ = ਮੈਂ ।
ਪੰਥੁ = ਰਸਤਾ ।
ਦਸਾਈ = ਦਸਾਈਂ, ਪੁੱਛਦੀ ਹਾਂ ।
ਤਿਨਿ = ਉਸ ਦੀ ਰਾਹੀਂ, ਉਸ ਦੀ ਸਹੈਤਾ ਨਾਲ ।
ਜਾਉ = ਜਾਉਂ, ਮੈਂ ਜਾਵਾਂ ।
ਰਾਵਿਆ = ਮਾਣਿਆ ।
ਲਾਗਿ = ਲੱਗ ਕੇ ।
ਫਿਰਾਉ = ਫਿਰਉਂ ।
ਮਿੰਨਤਿ = ਤਰਲਾ ।
ਜੋਦੜੀ = ਸੇਵਾ = ਘਾਲ ।੧ ।
ਮੋ ਕਉ = ਮੈਨੂੰ ।
ਵਿਟਹੁ = ਤੋਂ ।
ਵਾਰਿਆ = ਸਦਕੇ ।
ਜਿਨਿ = ਜਿਸ ਨੇ ।੧।ਰਹਾਉ ।
ਸਾਬਾਸਿ = ਆਦਰ ।
ਪਾਸਿ = ਨੇੜੇ ਹੀ ।੨ ।
ਨੋ = ਨੂੰ ।
ਸਭੁ ਕੋ = ਹਰੇਕ ਜੀਵ ।
ਜੇਤਾ = ਜਿਤਨਾ ।
ਥੀਐ = ਹੁੰਦਾ ।
ਭਾਗਹੀਣ = ਮੰਦ = ਭਾਗਣ ਜੀਵ-ਇਸਤ੍ਰੀ ।
ਬਹਿ = ਬੈਠ ਕੇ ।੩ ।
ਕਰਿ = ਕਰ ਕੇ ।
ਮੇਲਸੀ = ਮਿਲਾਵੇਗਾ ।
ਪਾਇ = ਪਾ ਕੇ ।
ਸਭੁ = ਹਰ ਥਾਂ ।
ਜਗਜੀਵਨੁ = ਜਗਤ ਦਾ ਜੀਵਨ ।
ਜਗਿ = ਜਗਤ ਵਿਚ ।
ਜਲਹਿ = ਜਲ ਹੀ, ਜਲ ਵਿਚ ਹੀ ।੪ ।
    
Sahib Singh
ਹੇ ਮੇਰੇ ਭਰਾਵੋ! ਮੈਨੂੰ ਕੋਈ ਧਿਰ ਪਰਮਾਤਮਾ ਮਿਲਾ ਦਿਉ ।
(ਪਰ ਗੁਰੂ ਤੋਂ ਬਿਨਾ ਹੋਰ ਕੌਣ ਮਿਲਾ ਸਕਦਾ ਹੈ?) ਮੈਂ ਸਤਿਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਪਰਮਾਤਮਾ ਵਿਖਾਲ ਦਿੱਤਾ (ਭਾਵ, ਜੋ ਵਿਖਾਲ ਦੇਂਦਾ ਹੈ) ।੧।ਰਹਾਉ ।
ਮੈਂ ਸਦਾ (ਤਾਂਘ ਵਿਚ) ਖਲੋਤੀ ਹੋਈ (ਪਰਮਾਤਮਾ ਦੇ ਦੇਸ ਦਾ) ਰਾਹ ਪੁੱਛਦੀ ਹਾਂ (ਮੈਂ ਸਦਾ ਲੋਚਦੀ ਹਾਂ ਕਿ) ਕੋਈ ਮੈਨੂੰ ਪ੍ਰਭੂ ਦੀ ਦੱਸ ਪਾਏ, ਤੇ ਉਸ ਦੀ ਰਾਹੀਂ (ਉਸ ਦੀ ਸਹੈਤਾ ਨਾਲ ਪ੍ਰਭੂ ਦੇ ਚਰਨਾਂ ਵਿਚ) ਪਹੁੰਚਾਂ ।
ਜਿਨ੍ਹਾਂ (ਸਤਿਸੰਗੀ ਸਹੇਲੀਆਂ) ਨੇ ਪਿਆਰੇ ਪ੍ਰਭੂ ਦਾ ਮਿਲਾਪ ਹਾਸਲ ਕੀਤਾ ਹੈ ਮੈਂ ਉਹਨਾਂ ਅੱਗੇ ਤਰਲਾ ਕਰਾਂ ਉਹਨਾਂ ਦੀ ਸੇਵਾ ਕਰ ਕੇ ਉਹਨਾਂ ਦੇ ਪਿੱਛੇ ਲੱਗੀ ਫਿਰਾਂ, ਕਿਉਂਕਿ ਮੇਰੇ ਅੰਦਰ ਪ੍ਰਭੂ ਨੂੰ ਮਿਲਣ ਦਾ ਚਾਉ ਹੈ ।੧ ।
(ਮੇਰਾ ਮਨ ਲੋਚਦਾ ਹੈ ਕਿ) ਮੈਂ ਹੋਰ ਮਾਨ ਆਸਰਾ ਛੱਡ ਕੇ ਪੂਰੇ ਸਤਿਗੁਰੂ ਦੇ ਚਰਨਾਂ ਉੱਤੇ ਡਿੱਗ ਪਵਾਂ ।
ਗੁਰੂ ਉਹਨਾਂ ਦਾ ਮਾਣ-ਆਸਰਾ ਹੈ, ਜਿਨ੍ਹਾਂ ਦਾ ਹੋਰ ਕੋਈ ਆਸਰਾ ਨਹੀਂ ਹੁੰਦਾ, (ਨਿਮਾਣਿਆਂ ਨੂੰ) ਗੁਰੂ ਦਿਲਾਸਾ ਦੇਂਦਾ ਹੈ ।
ਗੁਰੂ ਦੀਆਂ ਵਡਿਆਈਆਂ ਕਰ ਕਰ ਕੇ ਮੇਰਾ ਮਨ ਰੱਜਦਾ ਨਹੀਂ ਹੈ ।
ਗੁਰੂ ਮੈਨੂੰ ਮੇਰੇ-ਪਾਸ-ਹੀ-ਵੱਸਦਾ ਪਰਮਾਤਮਾ ਮਿਲਾਣ ਦੇ ਸਮਰੱਥ ਹੈ ।੨ ।
ਜਿਤਨਾ ਇਹ ਸਾਰਾ ਜਗਤ ਹੈ ਹਰੇਕ ਜੀਵ ਸਤਿਗੁਰੂ ਨੂੰ ਮਿਲਣ ਲਈ ਤਾਂਘਦਾ ਹੈ, ਪਰ ਚੰਗੀ ਕਿਸਮਤ ਤੋਂ ਬਿਨਾ ਸਤਿਗੁਰੂ ਦਾ ਦਰਸ਼ਨ ਨਹੀਂ ਹੁੰਦਾ (ਗੁਰੂ ਦੀ ਕਦਰ ਨਹੀਂ ਪੈਂਦੀ) ।
(ਗੁਰੂ ਤੋਂ ਵਿੱਛੁੜ ਕੇ) ਮੰਦ-ਭਾਗਣ ਜੀਵ-ਇਸਤ੍ਰੀ ਬੈਠੀ ਦੁਖੀ ਹੁੰਦੀ ਹੈ ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।
ਧੁਰੋਂ ਪ੍ਰਭੂ ਦੀ ਦਰਗਾਹ ਤੋਂ ਲਿਖੇ ਹੁਕਮ ਨੂੰ ਕੋਈ ਮਿਟਾ ਨਹੀਂ ਸਕਦਾ ।੩ ।
ਪਰਮਾਤਮਾ ਆਪ ਹੀ ਸਤਿਗੁਰੂ ਮਿਲਾਂਦਾ ਹੈ (ਤੇ ਗੁਰੂ ਦੀ ਰਾਹੀਂ) ਆਪਣੇ ਚਰਨਾਂ ਵਿਚ ਮਿਲਾਂਦਾ ਹੈ ।
ਪ੍ਰਭੂ (ਜੀਵਾਂ ਨੂੰ) ਆਪ ਹੀ ਸਤਿਗੁਰੂ ਦੇ ਲੜ ਲਾ ਕੇ ਮਿਹਰ ਕਰ ਕੇ ਆਪਣੇ ਨਾਲ ਮਿਲਾਣ ਦੇ ਸਮਰੱਥ ਹੈ ।
ਹੇ ਨਾਨਕ! ਜਗਤ (ਦੇ-ਜੀਵਾਂ)-ਦਾ ਸਹਾਰਾ ਪਰਮਾਤਮਾ ਜਗਤ ਵਿਚ ਹਰ ਥਾਂ ਆਪ ਹੀ ਆਪ ਹੈ (ਜਿਸ ਜੀਵ ਨੂੰ ਉਹ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਉਸ ਨਾਲ ਇਉਂ ਇਕ-ਮਿਕ ਹੋ ਜਾਂਦਾ ਹੈ ਜਿਵੇਂ) ਪਾਣੀ ਪਾਣੀ ਵਿਚ ਇਕ-ਰੂਪ ਹੋ ਜਾਂਦਾ ਹੈ ।੪।੪।੬੮ ।
Follow us on Twitter Facebook Tumblr Reddit Instagram Youtube