ਸਿਰੀਰਾਗੁ ਮਹਲਾ ੩ ॥
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥
ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥

ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥

ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥
ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥
ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥

ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥
ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥
ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥
ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥

ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥
ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥
ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥
ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥

Sahib Singh
ਜਗਿ = ਜਗਤ ਨੇ, ਮਾਇਆ = ਮੋਹੇ ਜੀਵ ਨੇ ।
ਦੂਜੈ ਭਾਇ = ਮਾਇਆ ਦੇ ਪਿਆਰ ਵਿਚ ।
ਭਾਉ = ਪਿਆਰ ।
ਕਿਵੈ = ਕਿਸੇ ਤਰੀਕੇ ਨਾਲ ਭੀ ।
ਤੀਰਥ = ਤੀਰਥਾਂ ਉੱਤੇ ।
ਨਾਇ = ਨ੍ਹਾਇ, ਇਸ਼ਨਾਨ ਕਰੇ ।
ਬਹੁ ਬਿਧਿ = ਕਈ ਕਿਸਮਾਂ ਦੇ ।
ਕਰਮ = ਧਾਰਮਿਕ ਕੰਮ ।
ਆਇ = ਆ ਕੇ ।
ਪੜਿਐ = (ਵਿਦਿਆ) ਪੜ੍ਹਨ ਨਾਲ ।
ਜਾਇ = ਜਾ ਕੇ ।
ਗਿਆਨੀਆ = ਗਿਆਨ ਵਾਲਿਆਂ ਨੂੰ, ਪੜਿ੍ਹਆਂ ਨੂੰ ।
ਮਨ = ਹੇ ਮਨ !
ਹੋਇ = ਹੁੰਦਾ ਹੈ ।
ਮਨਮੁਖ = ਆਪਣੇ ਮਨ ਵਲ ਮੂੰਹ ਰੱਖਣ ਵਾਲੇ ।੧।ਰਹਾਉ ।
ਮਨਿ ਮੈਲੈ = ਮੈਲੈ ਮਨ ਨਾਲ ।
ਹੋਵਈ = ਹੋਵਏ, ਹੋਵੈ ।
ਮੁਏ = ਆਤਮਕ ਮੌਤੇ ਮਰ ਜਾਂਦੇ ਹਨ ।
ਜਾਸਨਿ = ਜਾਣਗੇ ।
ਪਤਿ = ਇਜ਼ਤ ।
ਮਨਿ = ਮਨ ਵਿਚ ।
ਜਾਇ = ਦੂਰ ਹੋ ਜਾਂਦੀ ਹੈ ।
ਸਮਾਇ = ਲੀਨ ਹੋ ਜਾਂਦਾ ਹੈ ।
ਦੀਪਕੁ = ਦੀਵਾ ।
ਗਿਆਨਿ = ਗਿਆਨ ਨਾਲ ।
    ਤਜਾਇ ਦੂਰ ਕੀਤਾ ਜਾਂਦਾ ਹੈ ।੨ ।
ਗਵਾਰ = ਉਜੱਡ ਬੰਦੇ ।
ਸਭਿ = ਸਾਰੇ ਜੀਵ ।
ਭਵਿ = ਭਟਕ ਭਟਕ ਕੇ ।
ਉਰ = ਹਿਰਦਾ ।੩ ।
ਜਾਉ = ਜਾਉਂ, ਮੈਂ ਜਾਂਦਾ ਹਾਂ ।
ਏ = ਹੇ !
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਨਿਜ = ਆਪਣਾ, (ਜਿਥੋਂ ਕੋਈ ਧੱਕਾ ਨਹੀਂ ਦੇ ਸਕਦਾ) ।
ਮਨਿ = ਮਨ ਵਿਚ ।
ਸਚੇ = ਸਦਾ = ਥਿਰ ਪ੍ਰਭੂ ਦੇ ।
ਸਮਾਉ = ਸਮਾਈ ।੪ ।
    
Sahib Singh
ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੂੰ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ ।
ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ ।
ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤ੍ਰਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ ।
(ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੂੰ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ।੧।ਹੇ ਮੇਰੇ ਮਨ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ ।੧।ਰਹਾਉ ।
ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤ੍ਰਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ) ।
ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹੈ ।
ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ।੨ ।
(ਇਹ ਕੰਮ) ‘ਅਸਾਂ’ ਕੀਤਾ ਹੈ, ‘ਅਸੀ’ ਹੀ ਕਰ ਸਕਦੇ ਹਾਂ, (ਇਉਂ) ‘ਅਸੀ ਅਸੀ’ ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ ।
ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ ।
(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ ।
ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ।੩ ।
(ਪਰ ਜੀਵਾਂ ਦੇ ਭੀ ਕੀਹ ਵੱਸ?) ਜਿਸ (ਭਾਗਾਂ ਵਾਲੇ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੂੰ ਮਿਲਦਾ ਹੈ ।
ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ ।
ਹੇ ਮਨ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੂੰ ‘ਆਪਣਾ ਘਰ’ ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੂੰ ਧੱਕਾ ਨਹੀਂ ਦੇ ਸਕਦਾ) ।
ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ ।
ਉਹਨਾਂ ਨੂੰ, ਹੇ ਨਾਨਕ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ।੪।੩੩।੩੧।੬੪ ।

ਨੋਟ: ਅੰਕ ੩੩ ਗੁਰੂ ਨਾਨਕ ਦੇਵ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਦੱਸਦਾ ਹੈ ।
ਅੰਕ ੩੧ ਗੁਰੂ ਅਮਰਦਾਸ ਜੀ ਦੇ ਸਾਰੇ ਸ਼ਬਦਾਂ ਦਾ ਜੋੜ ਪਰਗਟ ਕਰਦਾ ਹੈ ।
ਕੁਲ ਜੋੜ ੬੪ ਬਣਿਆ ਹੈ ।
ਇਥੇ ਗੁਰੂ ਅਮਰਦਾਸ ਜੀ ਦੇ ਸ਼ਬਦ ਮੁੱਕ ਗਏ ਹਨ ।
Follow us on Twitter Facebook Tumblr Reddit Instagram Youtube