ਸਿਰੀਰਾਗੁ ਮਹਲਾ ੩ ॥
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥
ਸਭੁ ਉਪਾਏ ਆਪੇ ਵੇਖੈ ਕਿਸੁ ਨੇੜੈ ਕਿਸੁ ਦੂਰਿ ॥
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥੧॥

ਮੁੰਧੇ ਤੂ ਚਲੁ ਗੁਰ ਕੈ ਭਾਇ ॥
ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥੧॥ ਰਹਾਉ ॥

ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥
ਸੇਜ ਸੁਹਾਵੀ ਹਰਿ ਰੰਗਿ ਰਵੈ ਭਗਤਿ ਭਰੇ ਭੰਡਾਰ ॥
ਸੋ ਪ੍ਰਭੁ ਪ੍ਰੀਤਮੁ ਮਨਿ ਵਸੈ ਜਿ ਸਭਸੈ ਦੇਇ ਅਧਾਰੁ ॥੨॥

ਪਿਰੁ ਸਾਲਾਹਨਿ ਆਪਣਾ ਤਿਨ ਕੈ ਹਉ ਸਦ ਬਲਿਹਾਰੈ ਜਾਉ ॥
ਮਨੁ ਤਨੁ ਅਰਪੀ ਸਿਰੁ ਦੇਈ ਤਿਨ ਕੈ ਲਾਗਾ ਪਾਇ ॥
ਜਿਨੀ ਇਕੁ ਪਛਾਣਿਆ ਦੂਜਾ ਭਾਉ ਚੁਕਾਇ ॥
ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥੩॥੨੯॥੬੨॥

Sahib Singh
ਇਕਿ = ਕਈ (ਜੀਵ = ਇਸਤ੍ਰੀਆਂ) {ਨੋਟ:- ਲਫ਼ਜ਼ ‘ਇਕ’ ਤੋਂ ਬਹੁ-ਵਚਨ ਹੈ} ।
ਰਾਵਹਿ = ਮਾਣਦੀਆਂ ਹਨ, ਪ੍ਰਸੰਨ ਕਰਦੀਆਂ ਹਨ ।
ਹਉ = ਮੈਂ ।
ਕੈ ਦਰਿ = ਕਿਸ ਦੇ ਦਰ ਤੇ ?
ਜਾਇ = ਜਾ ਕੇ ।
ਸੇਵੀ = ਮੈਂ ਸੇਵਾਂ ।
ਭਾਉ = ਪ੍ਰੇਮ ।
ਮੈ = ਮੈਨੂੰ ।
ਪਿਰੁ = ਪਤੀ ।
ਸਭੁ = ਸਾਰਾ ਜਗਤ ।
ਵੇਖੈ = ਸੰਭਾਲ ਕਰਦਾ ਹੈ ।
ਕਿਸੁ ਨੇੜੈ ਕਿਸੁ ਦੂਰਿ = ਕਿਸ ਤੋਂ ਨੇੜੇ ਹੈ ?
    ਕਿਸ ਤੋਂ ਦੂਰ ਹੈ ?
    (ਭਾਵ, ਹਰੇਕ ਜੀਵ ਵਿਚ ਇਕ-ਸਮਾਨ ਹੈ) ।
ਜਿਨਿ = ਜਿਸ ਨੇ ।
ਹਦੂਰਿ = ਹਾਜ਼ਰ = ਨਾਜ਼ਰ, ਅੰਗ-ਸੰਗ ।੧ ।
ਮੁੰਧੇ = ਹੇ ਜੀਵ = ਇਸਤ੍ਰੀਏ !
ਭਾਇ = ਪ੍ਰੇਮ ਵਿਚ ।
ਭਾਉ = ਪ੍ਰੇਮ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਸਹਜੇ = ਆਤਮਕ ਅਡੋਲਤਾ ਵਿਚ ਟਿਕ ਕੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਸਮਾਇ = ਲੀਨ ਹੋ ਕੇ ।੧।ਰਹਾਉ ।
ਸਬਦਿ = ਸ਼ਬਦ ਵਿਚ ।
ਸੋਹਾਗਣੀ = ਭਾਗਾਂ ਵਾਲੀਆਂ ।
ਸਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ।
ਸੀਗਾਰਿ = ਸਿੰਗਾਰ ਕੇ, ਆਪਣੇ ਜੀਵਨ ਨੂੰ ਸੋਹਣਾ ਬਣਾ ਕੇ ।
ਵਰੁ = ਖਸਮ ।
ਪਾਇਨਿ = ਪ੍ਰਾਪਤ ਕਰ ਲੈਂਦੀਆਂ ਹਨ ।
ਘਰਿ = ਹਿਰਦੇ = ਘਰ ਵਿਚ ।
ਹੇਤਿ = ਹਿਤ ਵਿਚ ।
ਪਿਆਰਿ = ਪਿਆਰ ਵਿਚ ।
ਸੇਜ = ਹਿਰਦਾ ।
ਰੰਗਿ = ਪਿਆਰ ਨਾਲ ।
ਸਭਸੈ = ਹਰੇਕ ਜੀਵ ਨੂੰ ।
ਅਧਾਰੁ = ਆਸਰਾ ।੨ ।
ਸਾਲਾਹਨਿ = ਸਲਾਹੁੰਦੀਆਂ ਹਨ ।
ਹਉ = ਮੈਂ ।
ਸਦ = ਸਦਾ ।
ਜਾਉ = ਜਾਉਂ, ਮੈਂ ਜਾਂਦਾ ਹਾਂ ।
ਅਰਪੀ = ਮੈਂ ਭੇਟਾ ਕਰਦਾ ਹਾਂ ।
ਦੇਈ = ਦੇਈਂ, ਮੈਂ ਦੇਂਦਾ ਹਾਂ ।
ਲਾਗਾ = ਲਾਗਾਂ, ਮੈਂ ਲੱਗਦਾ ਹਾਂ ।
ਪਾਇ = ਚਰਨੀਂ ।
ਚੁਕਾਇ = ਦੂਰ ਕਰ ਕੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੩ ।
    
Sahib Singh
ਹੇ ਜੀਵ-ਇਸਤ੍ਰੀਏ! ਤੂੰ ਗੁਰੂ ਦੇ ਪ੍ਰੇਮ ਵਿਚ (ਰਹਿ ਕੇ ਜੀਵਨ-ਸਫ਼ਰ ਤੇ) ਤੁਰ ।
(ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਪ੍ਰੇਮ ਵਿਚ ਤੁਰਦੀਆਂ ਹਨ ਉਹ) ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਆਪਣੇ ਪ੍ਰਭੂ-ਪਤੀ ਨੂੰ ਮਿਲੀਆਂ ਰਹਿੰਦੀਆਂ ਹਨ ।੧।ਰਹਾਉ ।
ਕਈ (ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ) ਆਪਣੇ ਪ੍ਰਭੂ-ਪਤੀ ਨੂੰ ਪ੍ਰਸੰਨ ਕਰਦੀਆਂ ਹਨ (ਉਹਨਾਂ ਨੂੰ ਵੇਖ ਕੇ ਮੇਰੇ ਅੰਦਰ ਭੀ ਤਾਂਘ ਪੈਦਾ ਹੁੰਦੀ ਹੈ ਕਿ) ਮੈਂ ਕਿਸ ਦੇ ਦਰ ਤੇ ਜਾ ਕੇ (ਪ੍ਰਭੂ-ਪਤੀ ਨੂੰ ਪ੍ਰਸੰਨ ਕਰਨ ਦਾ ਤਰੀਕਾ) ਪੁੱਛਾਂ ।
ਮੈਂ ਸਰਧਾ ਧਾਰ ਕੇ ਸਤਿਗੁਰੂ ਦੀ ਸਰਨ ਪਕੜਦੀ ਹਾਂ (ਤੇ ਗੁਰੂ ਅੱਗੇ ਬੇਨਤੀ ਕਰਦੀ ਹਾਂ ਕਿ) ਪ੍ਰਭੂ ਆਪ ਹੀ ਸਾਰਾ ਜਗਤ ਪੈਦਾ ਕਰਦਾ ਹੈ ਤੇ (ਸਭ ਦੀ) ਸੰਭਾਲ ਕਰਦਾ ਹੈ, ਹਰੇਕ ਜੀਵ ਵਿਚ ਇਕ ਸਮਾਨ ਮੌਜੂਦ ਹੈ ।
ਜਿਸ (ਜੀਵ-ਇਸਤ੍ਰੀ) ਨੇ (ਗੁਰੂ ਦੀ ਸਰਨ ਪੈ ਕੇ) ਉਸ ਪ੍ਰਭੂ-ਪਤੀ ਨੂੰ ਆਪਣੇ ਅੰਗ-ਸੰਗ ਜਾਣ ਲਿਆ ਹੈ, ਉਹ ਉਸ ਹਾਜ਼ਰ-ਨਾਜ਼ਰ ਵੱਸਦੇ ਨੂੰ ਸਦਾ ਹਿਰਦੇ ਵਿਚ ਵਸਾਂਦੀ ਹੈ ।੧ ।
ਜੇਹੜੀਆਂ ਜੀਵ-ਇਸਤ੍ਰੀਆਂ ਗੁਰੂ ਦੇ ਸ਼ਬਦ ਵਿਚ ਰੰਗੀਆਂ ਰਹਿੰਦੀਆਂ ਹਨ, ਉਹ ਭਾਗਾਂ ਵਾਲੀਆਂ ਹੋ ਜਾਂਦੀਆਂ ਹਨ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਨਾਲ ਆਪਣੇ ਜੀਵਨ ਨੂੰ ਸੰਵਾਰ ਲੈਂਦੀਆਂ ਹਨ, ਉਹ (ਆਪਣੇ) ਗੁਰੂ ਦੇ ਪ੍ਰੇਮ ਵਿਚ, ਪਿਆਰ ਵਿਚ ਟਿਕ ਕੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ-ਘਰ ਵਿਚ ਲੱਭ ਲੈਂਦੀਆਂ ਹਨ ।
ਪ੍ਰਭੂ (-ਪਤੀ) ਉਹਨਾਂ ਦੀ ਸੋਹਣੀ ਹਿਰਦੇ-ਸੇਜ ਉਤੇ ਪ੍ਰੇਮ ਨਾਲ ਆ ਪ੍ਰਗਟਦਾ ਹੈ ।
ਉਹਨਾਂ ਪਾਸ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ।
ਉਹਨਾਂ ਦੇ ਮਨ ਵਿਚ ਉਹ ਪ੍ਰੀਤਮ ਪ੍ਰਭੂ ਆ ਵਸਦਾ ਹੈ, ਜੇਹੜਾ ਹਰੇਕ ਜੀਵ ਨੂੰ ਆਸਰਾ ਦੇ ਰਿਹਾ ਹੈ ।੨ ।
ਜੇਹੜੀਆਂ ਜੀਵ-ਇਸਤ੍ਰੀਆਂ ਆਪਣੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਦੀਆਂ ਹਨ, ਮੈਂ ਉਹਨਾਂ ਤੋਂ ਸਦਾ ਕੁਰਬਾਨ ਜਾਂਦੀ ਹਾਂ, ਮੈਂ ਉਹਨਾਂ ਅੱਗੇ ਆਪਣਾ ਤਨ ਭੇਟਾ ਕਰਦੀ ਹਾਂ, ਮੈਂ (ਉਹਨਾਂ ਦੇ ਚਰਨਾਂ ਵਿਚ) ਆਪਣਾਸਿਰ ਧਰਦੀ ਹਾਂ, ਮੈਂ ਉਹਨਾਂ ਦੇ ਚਰਨੀਂ ਲੱਗਦੀ ਹਾਂ ਕਿਉਂਕਿ ਉਹਨਾਂ ਨੇ ਮਾਇਆ ਦਾ ਪਿਆਰ (ਆਪਣੇ ਅੰਦਰੋਂ) ਦੂਰ ਕਰ ਕੇ ਸਿਰਫ਼ ਪ੍ਰਭੂ-ਪਤੀ ਨਾਲ ਜਾਣ-ਪਛਾਣ ਪਾ ਲਈ ਹੈ ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਉਸ ਦੇ ਨਾਮ ਨਾਲ ਜਾਣ-ਪਛਾਣ ਪੈ ਸਕਦੀ ਹੈ ।੪।੨੯।੬੨ ।
Follow us on Twitter Facebook Tumblr Reddit Instagram Youtube