ਸਿਰੀਰਾਗੁ ਮਹਲਾ ੩ ॥
ਗੁਣਵੰਤੀ ਸਚੁ ਪਾਇਆ ਤ੍ਰਿਸਨਾ ਤਜਿ ਵਿਕਾਰ ॥
ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥
ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥
ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥੧॥

ਮਨ ਮੇਰੇ ਸਤਿਗੁਰ ਕੈ ਭਾਣੈ ਚਲੁ ॥
ਨਿਜ ਘਰਿ ਵਸਹਿ ਅੰਮ੍ਰਿਤੁ ਪੀਵਹਿ ਤਾ ਸੁਖ ਲਹਹਿ ਮਹਲੁ ॥੧॥ ਰਹਾਉ ॥

ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥
ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥
ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥੨॥

ਆਪੇ ਰੰਗਣਿ ਰੰਗਿਓਨੁ ਸਬਦੇ ਲਇਓਨੁ ਮਿਲਾਇ ॥
ਸਚਾ ਰੰਗੁ ਨ ਉਤਰੈ ਜੋ ਸਚਿ ਰਤੇ ਲਿਵ ਲਾਇ ॥
ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥
ਜਿਸੁ ਸਤਿਗੁਰੁ ਮੇਲੇ ਸੋ ਮਿਲੈ ਸਚੈ ਸਬਦਿ ਸਮਾਇ ॥੩॥

ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥
ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥
ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥੪॥੨੬॥੫੯॥

Sahib Singh
ਗੁਣਵੰਤੀ = ਗੁਣਾਂ ਵਾਲੀ ਜੀਵ-ਇਸਤ੍ਰੀ ਨੇ ।
ਸਚੁ = ਸਦਾ = ਥਿਰ ਪ੍ਰਭੂ ।
ਤਜਿ = ਤਿਆਗ ਕੇ ।
ਰਸਨਾ = ਜੀਭ ।
ਪਿਆਰਿ = ਪਿਆਰ ਵਿਚ ।
ਮਨਿ = ਮਨ ਵਿਚ ।
ਕਰਿ ਵੀਚਾਰਿ = ਵਿਚਾਰ ਕਰ ਕੇ ।
ਸਬਦਿ = ਸ਼ਬਦ ਵਿਚ ।੧।ਭਾਣੈ—ਭਾਣੇ ਵਿਚ ।
ਨਿਜ ਘਰਿ = ਆਪਣੇ ਘਰ ਵਿਚ ।
ਸੁਖ ਮਹਲੁ = ਸੁਖ ਦਾ ਟਿਕਾਣਾ ।੧।ਰਹਾਉ ।
ਹਦੂਰਿ = ਪਰਮਾਤਮਾ ਦੀ ਹਜ਼ੂਰੀ ਵਿਚ ।
ਜਾਣੲ੧ੀ = ਜਾਣਏ, ਜਾਣੈ, ਜਾਣਦੀ ।
ਅਵਗਣਿ = ਅੌਗੁਣ ਦੇ ਕਾਰਨ ।
ਜਿਨੀ = ਜਿਨ੍ਹਾਂ—ਬੰਦਿਆਂ ਨੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਬੇਧਿਆ = ਵਿੰਨਿ੍ਹਆ ।੨ ।
ਰੰਗਣਿ = ਮੱਟ ਵਿਚ, ਸਾਧ ਸੰਗਤਿ ਵਿਚ (ਰੱਖ ਕੇ) ।
ਲਇਓਨੁ ਮਿਲਾਇ = ਉਸ (ਪ੍ਰਭੂ) ਨੇ ਮਿਲਾ ਲਿਆ ।
ਸਚਾ = ਸਦਾ ਕਾਇਮ ਰਹਿਣ ਵਾਲਾ ।
ਕੁੰਡਾ = ਕੁੰਡਾਂ, ਪਾਸੇ ।
ਬੂਝ = ਸਮਝ, ਸੂਝ ।
ਸਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ।੩ ।
ਘਨੇਰੇ = ਬਹੁਤੇ ।
ਕਰਿ = ਕਰ ਕੇ ।
ਰਾਸਿ = ਸਰਮਾਇਆ, ਪੂੂੰਜੀ ।
ਸੋਇ = ਸੋਭਾ ।
ਗੁਰਮੁਖਿ = ਗੁਰੂ ਦੇ ਸਨਮੁਖ ।੪ ।
    
Sahib Singh
ਹੇ ਮੇਰੇ ਮਨ! ਸਤਿਗੁਰੂ ਦੀ ਰਜ਼ਾ ਵਿਚ ਤੁਰ, (ਗੁਰੂ ਦੀ ਰਜ਼ਾ ਵਿਚ ਤੁਰ ਕੇ) ਆਪਣੇ ਅੰਤਰ ਆਤਮੇ ਟਿਕਿਆ ਰਹੇਂਗਾ (ਭਾਵ, ਭਟਕਣਾ ਤੋਂ ਬਚ ਜਾਵੇਂਗਾ), ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਵੇਂਗਾ, ਉਸ ਦੀ ਬਰਕਤਿ ਨਾਲ ਸੁਖ ਦਾ ਟਿਕਾਣਾ ਲੱਭ ਲਵੇਂਗਾ ।੧।ਰਹਾਉ ।
(ਹਿਰਦੇ ਵਿਚ) ਗੁਣ ਧਾਰਨ ਕਰਨ ਵਾਲੀ ਜੀਵ-ਇਸਤ੍ਰੀ ਨੇ ਤ੍ਰਿਸ਼ਨਾ ਆਦਿ ਵਿਕਾਰ ਛੱਡ ਕੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੂੰ ਲੱਭ ਲਿਆ ਹੈ ।
ਉਸ ਦਾ ਮਨ ਗੁਰੂ ਦੇ ਸ਼ਬਦ ਵਿਚ ਰੰਗਿਆ ਗਿਆ ਹੈ, ਉਸ ਦੀ ਜੀਭ ਪ੍ਰਭੂ ਦੇ ਪ੍ਰੇਮ-ਪਿਆਰ ਵਿਚ ਰੰਗੀ ਗਈ ਹੈ ।
(ਹੇ ਭਾਈ!) ਆਪਣੇ ਮਨ ਵਿਚ ਵਿਚਾਰ ਕਰ ਕੇ ਵੇਖ ਲਵੋ, ਸਤਿਗੁਰੂ (ਦੀ ਸਰਨ) ਤੋਂ ਬਿਨਾ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ, (ਕਿਉਂਕਿ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਦ ਤਕ ਗੁਰੂ ਦੇ ਸ਼ਬਦ ਵਿਚ ਪਿਆਰ ਨਹੀਂ ਪਾਂਦਾ, ਉਸ ਦੇ ਮਨ ਦੀ (ਵਿਕਾਰਾਂ ਦੀ) ਮੈਲ ਨਹੀਂ ਉਤਰਦੀ ।੧ ।
ਜਿਸ ਜੀਵ-ਇਸਤ੍ਰੀ ਦੇ ਅੰਦਰ ਅੌਗੁਣ ਹੀ ਅੌਗੁਣ ਹਨ ਤੇ ਗੁਣ ਕੋਈ ਭੀ ਨਹੀਂ, ਉਸ ਨੂੰ ਪਰਮਾਤਮਾ ਦੀ ਹਜ਼ੂਰੀ ਵਿਚ ਬੈਠਣਾ ਨਹੀਂ ਮਿਲਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਕਦਰ ਨਹੀਂ ਜਾਣਦੀ, ਅੌਗੁਣ ਦੇ ਕਾਰਨ ਉਹ ਪਰਮਾਤਮਾ ਉਸ ਨੂੰ ਕਿਤੇ ਦੂਰ ਹੀ ਜਾਪਦਾ ਹੈ ।
ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪਰਮਾਤਮਾ ਨੂੰ ਹਰ ਥਾਂ ਵੱਸਦਾ ਪਛਾਣ ਲਿਆ ਹੈ, ਉਹ ਉਸ ਸਦਾ-ਥਿਰ ਪ੍ਰਭੂ (ਦੇ ਪਿਆਰ-ਰੰਗ) ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਮਨ ਗੁਰੂ ਦੇ ਸ਼ਬਦ ਵਿਚ ਪ੍ਰੋਤਾ ਰਹਿੰਦਾ ਹੈ, ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ ਤੇ ਅੰਗ-ਸੰਗ ਵੱਸਦਾ ਦਿੱਸਦਾ ਹੈ ।੨ ।
(ਪਰ ਜੀਵਾਂ ਦੇ ਕੀ ਵੱਸ?) ਜਿਨ੍ਹਾਂ ਜੀਵਾਂ ਨੂੰ ਪ੍ਰਭੂ ਨੇ ਆਪ ਹੀ ਸਾਧ ਸੰਗਤਿ ਵਿਚ (ਰੱਖ ਕੇ ਨਾਮ ਰੰਗ ਨਾਲ) ਰੰਗਿਆ ਹੈ, ਗੁਰ-ਸ਼ਬਦ ਵਿਚ ਜੋੜ ਕੇ ਉਹਨਾਂ ਨੂੰ ਆਪਣੇ (ਚਰਨਾਂ) ਵਿਚ ਮਿਲਾ ਲਿਆ ਹੈ ।
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਸੁਰਤਿ ਜੋੜ ਕੇ (ਨਾਮ-ਰੰਗ ਨਾਲ) ਰੰਗੇ ਜਾਂਦੇ ਹਨ, ਉਹਨਾਂ ਦਾ ਇਹ ਸਦਾ-ਥਿਰ ਰਹਿਣ ਵਾਲਾ ਰੰਗ ਕਦੇ ਭੀ ਨਹੀਂ ਉਤਰਦਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਾਇਆ ਦੀ ਖ਼ਾਤਰ) ਚੌਹੀਂ ਪਾਸੀਂ, ਭਟਕ ਭਟਕ ਕੇ ਥੱਕ ਜਾਂਦੇ ਹਨ (ਭਾਵ, ਆਤਮਕ ਜੀਵਨ ਕਮਜ਼ੋਰ ਕਰ ਲੈਂਦੇ ਹਨ) ਉਹਨਾਂ ਨੂੰ (ਸਹੀ ਜੀਵਨ-ਰਾਹ ਦੀ) ਸੂਝ ਨਹੀ ਪੈਂਦੀ ।
ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ ਉਹ ਪ੍ਰਭੂ ਪ੍ਰੀਤਮ ਨੂੰ ਮਿਲ ਪੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਲੀਨ ਰਹਿੰਦਾ ਹੈ ।੩।(ਦੁਨੀਆ ਦੇ) ਬਥੇਰੇ (ਸੰਬੰਧੀਆਂ ਨੂੰ) ਮਿੱਤਰ ਬਣਾ ਬਣਾ ਕੇ ਮੈਂ ਥੱਕ ਚੁੱਕੀ ਹਾਂ (ਮੈ ਸਮਝਦੀ ਰਹੀ ਕਿ ਕੋਈ ਸਾਕ-ਸੰਬੰਧੀ) ਮੇਰਾ ਦੁੱਖ ਕੱਟ ਸਕੇਗਾ ।
ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਹੀ ਦੁੱਖ ਕੱਟਿਆ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਹੀ ਉਸ ਨਾਲ ਮਿਲਾਪ ਹੁੰਦਾ ਹੈ ।
ਹੇ ਨਾਨਕ! ਗੁਰੂ ਦੇ ਸਨਮੁਖ ਹੋ ਕੇ ਜੇਹੜੇ ਮਨੁੱਖ ਸਦਾ-ਥਿਰ ਪ੍ਰਭੂ ਵਿਚ ਮਿਲ ਜਾਂਦੇ ਹਨ ਉਹ (ਮੁੜ ਉਸ ਤੋਂ) ਜੁਦਾ ਨਹੀਂ ਹੁੰਦੇ ।
ਜੇਹੜਾ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਦਾ ਨਾਮ ਹੀ ਉਸ ਦੀ ਖੱਟੀ ਕਮਾਈ ਹੋ ਜਾਂਦਾ ਹੈ, ਨਾਮ ਹੀ ਉਸ ਦਾ ਸਰਮਾਇਆ ਬਣ ਜਾਂਦਾ ਹੈ ਤੇ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ।੪।੨੬।੫੯ ।
Follow us on Twitter Facebook Tumblr Reddit Instagram Youtube