ਸਿਰੀਰਾਗੁ ਮਹਲਾ ੩ ॥
ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥
ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥

ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥

ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥
ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥
ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥

ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥

ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥
ਪਾਪੋ ਪਾਪੁ ਕਮਾਵਦੇ ਪਾਪੇ ਪਚਹਿ ਪਚਾਇ ॥
ਸੋ ਪ੍ਰਭੁ ਨਦਰਿ ਨ ਆਵਈ ਮਨਮੁਖਿ ਬੂਝ ਨ ਪਾਇ ॥
ਜਿਸੁ ਵੇਖਾਲੇ ਸੋਈ ਵੇਖੈ ਨਾਨਕ ਗੁਰਮੁਖਿ ਪਾਇ ॥੪॥੨੩॥੫੬॥

Sahib Singh
ਪਾਇਓਨੁ = ਪਾਇਆ ਉਨਿ, ਉਸ ਪਰਮਾਤਮਾ ਨੇ ਪਾਇਆ ।
ਭਉ = ਡਰ, ਅਦਬ ।
ਤਿਨ = ਉਹਨਾਂ ਦੇ (ਹਿਰਦੇ ਵਿਚ) ।
ਸਚੇ ਕੇ = ਸਦਾ = ਥਿਰ ਪ੍ਰਭੂ ।
ਸਾਰਿ = (ਹਿਰਦੇ ਵਿਚ) ਸੰਭਾਲ ਕੇ ।
ਦੁਬਿਧਾ = ਦੁ = ਕਿਸਮਾ-ਪਨ, ਮੇਰ-ਤੇਰ, ਡਾਂਵਾਂ ਡੋਲ ਹਾਲਤ ।
ਚੁਕਾਈਅਨੁ = ਚੁਕਾਈ ਉਨਿ, ਉਸ ਪਰਮਾਤਮਾ ਨੇ ਦੂਰ ਕਰ ਦਿੱਤੀ ।
ਉਰ ਧਾਰਿ = ਹਿਰਦੇ ਵਿਚ ਧਾਰ ਕੇ ।
ਸਚੁ = ਸਦਾ = ਥਿਰ ਪ੍ਰਭੂ ।
ਮਨਿ = ਮਨ ਵਿਚ ।੧ ।
ਭਰਨਾਲਿ = ਭਰਨਾਲ ਵਿਚ, ਸਮੁੰਦਰ ਵਿਚ, ਸੰਸਾਰ-ਸਮੁੰਦਰ ਵਿਚ {ਵੇਖੋ ਭਾਈ ਗੁਰਦਾਸ ਜੀ ਵਾਰ ੨੬, ਪਉੜੀ ੮} ।
ਸਬਦਿ = ਗੁਰੂ ਦੇ ਸ਼ਬਦ ਵਿਚ (ਜੋੜ ਕੇ) ।
ਸਵਾਰਣਹਾਰੁ = ਸੋਹਣਾ ਬਣਾਣ ਦੇ ਸਮਰੱਥ ।੧।ਰਹਾਉ ।
ਸਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ।
ਪ੍ਰਭਿ = ਪ੍ਰਭੂ ਨੇ ।
ਅਨਦਿਨੁ = ਹਰ ਰੋਜ਼, ਹਰ ਵੇਲੇ ।
ਜੋਤੀ = ਪਰਮਾਤਮਾ ਦੀ ਜੋਤਿ ਵਿਚ ।
ਹੂ = ਤੋਂ ਹੀ ।
ਜੋਤੀ ਹੂ = ਅੰਦਰਲੇ ਚਾਨਣ ਤੋਂ ਹੀ ।
ਜਾਪਦਾ = ਦਿੱਸਦਾ ਹੈ ।
ਬੂਝ = ਸਮਝ ।
ਭੇਟਿਆ = ਮਿਲਿਆ ।੨ ।
ਡੁਮਣੀ = ਦੁ = ਮਨੀ, ਦੁ-ਦਿੱਤੀ, ਦੁਬਿਧਾ ਵਿਚ ਫਸੀ ਹੋਈ ।
ਦੂਜੈ ਭਾਇ = ਹੋਰ ਪਿਆਰ ਵਿਚ ।
ਖੁਆਇ = ਖੁੰਝ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ ।
ਤਿਸੁ ਬਿਨ = ਉਸ (ਨਾਮ) ਤੋਂ ਬਿਨਾ ।
ਜੀਵਦੀ = ਆਤਮਕ ਜੀਵਨ ਪ੍ਰਾਪਤ ਕਰਦੀ ।
ਰੈਣਿ = (ਜ਼ਿੰਦਗੀ ਦੀ) ਰਾਤ ।
ਦੁਖੀ = ਦੁੱਖਾਂ ਵਿਚ ।
ਅੰਧੁਲਾ = (ਮਾਇਆ ਦੇ ਮੋਹ ਵਿਚ) ਅੰਨ੍ਹਾ ।
ਪ੍ਰਭੂ ਆਪੇ ਲਏ ਮਿਲਾਇ = {ਨੋਟ:- ਵੇਖੋ ਬੰਦ ਨੰ: ੨ ਵਿਚ “ਪ੍ਰਭਿ ਆਪੇ ਲਏ ਮਿਲਾਇ ।’’ ਇਹਨਾਂ ਦੇ ਅਰਥਾਂ ਵਿਚ ਦੇ ਵਿਆਕਰਨਿਕ ਫ਼ਰਕ ਦਾ ਧਿਆਨ ਰੱਖਣ ਦੀ ਲੋੜ ਹੈ} ।੩ ।
ਪਾਪੋ ਪਾਪੁ = ਪਾਪ ਹੀ ਪਾਪ ।
ਪਚਹਿ = ਖ਼ੁਆਰ ਹੁੰਦੇ ਹਨ ।
ਪਾਪੇ = ਪਾਪਿ ਹੀ, ਪਾਪ ਵਿਚ ਹੀ ।
ਪਾਇ = (ਬੂਝ) ਪਾਇ, ਸਮਝ ਹਾਸਲ ਕਰਦਾ ਹੈ ।੪ ।
    
Sahib Singh
ਹੇ ਮੇਰੇ ਮਨ! ਸੰਸਾਰ-ਸਮੁੰਦਰ ਵਿਚ ਹਉਮੈ ਦੀ ਮੈਲ (ਪ੍ਰਬਲ) ਹੈ ।
ਪਰਮਾਤਮਾ (ਇਸ) ਮੈਲ ਤੋਂ ਬਿਨਾ ਹੈ ਤੇ (ਇਸ ਵਾਸਤੇ) ਸਦਾ ਸੋਹਣਾ ਹੈ ।
(ਉਹ ਨਿਰਮਲ ਪਰਮਾਤਮਾ ਜੀਵਾਂ ਨੂੰ ਗੁਰੂ ਦੇ) ਸ਼ਬਦ ਵਿਚ ਜੋੜ ਕੇ ਸੋਹਣਾ ਬਣਾਣ ਦੇ ਸਮਰੱਥ ਹੈ (ਹੇ ਮਨ! ਤੂੰ ਭੀ ਗੁਰੂ ਦੇ ਸ਼ਬਦ ਵਿਚ ਜੁੜ) ।੧।ਰਹਾਉ ।
ਉਸ ਪਰਮਾਤਮਾ ਨੇ ਆਪਣਾ ਡਰ-ਅਦਬ ਉਹਨਾਂ ਬੰਦਿਆਂ ਦੇ ਹਿਰਦੇ ਵਿਚ ਪਾ ਦਿੱਤਾ ਹੈ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਇਆ ਹੈ ।
ਉਹ ਬੰਦੇ ਸਦਾ-ਥਿਰ ਪ੍ਰਭੂ ਦੇ ਗੁਣ (ਆਪਣੇ ਹਿਰਦੇ ਵਿਚ) ਸਾਂਭ ਕੇ ਸਦਾ ਸਾਧ ਸੰਗਤਿ ਵਿਚ ਮਿਲੇ ਰਹਿੰਦੇ ਹਨ ।
ਉਸ (ਪਰਮਾਤਮਾ) ਨੇ ਆਪ ਉਹਨਾਂ ਬੰਦਿਆਂਦੀ ਦੁਬਿਧਾ ਦੀ ਮੈਲ ਦੂਰ ਕਰ ਦਿੱਤੀ ਹੈ, ਉਹ ਬੰਦੇ ਪਰਮਾਤਮਾ (ਦੇ ਨਾਮ) ਨੂੰ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ ।
ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਉਹਨਾਂ ਦੇ ਮਨ ਵਿਚ ਵੱਸਦੀ ਹੈ, ਸਦਾ-ਥਿਰ ਪ੍ਰਭੂ (ਆਪ) ਉਹਨਾਂ ਦੇ ਮਨ ਵਿਚ ਵੱਸਦਾ ਹੈ, ਉਹਨਾਂ ਬੰਦਿਆਂ ਦਾ ਸਦਾ-ਥਿਰ ਪ੍ਰਭੂ ਨਾਲ ਪਿਆਰ ਹੋ ਜਾਂਦਾ ਹੈ ।੧ ।
ਜਿਨ੍ਹਾਂ ਮਨੁੱਖਾਂ ਦਾ ਮਨ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਸਦਾ-ਥਿਰ ਪ੍ਰਭੂ ਨੇ ਆਪ ਹੀ (ਆਪਣੇ ਚਰਨਾਂ ਵਿਚ) ਜੋੜ ਲਿਆ ਹੈ ।
ਹਰ ਵੇਲੇ ਪ੍ਰਭੂ ਦੇ ਨਾਮ ਵਿਚ ਹੀ ਰੰਗੇ ਰਹਿਣ ਕਰ ਕੇ ਉਹਨਾਂ ਦੀ ਜੋਤਿ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ।
ਪਰਮਾਤਮਾ ਉਸ ਅੰਦਰਲੀ ਜੋਤਿ ਦੀ ਰਾਹੀਂ ਹੀ ਦਿੱਸਦਾ ਹੈ, ਪਰ ਗੁਰੂ ਤੋਂ ਬਿਨਾ ਉਸ ਜੋਤਿ (ਚਾਨਣ) ਦੀ ਸਮਝ ਨਹੀਂ ਪੈਂਦੀ (ਤੇ) ਗੁਰੂ ਉਹਨਾਂ ਬੰਦਿਆਂ ਨੂੰ ਆ ਕੇ ਮਿਲਦਾ ਹੈ ਜਿਨ੍ਹਾਂ ਦੇ ਭਾਗਾਂ ਵਿਚ ਧੁਰੋਂ (ਪ੍ਰਭੂ ਦੀ ਦਰਗਾਹ ਤੋਂ) ਲੇਖ ਲਿਖਿਆ ਹੋਵੇ ।੨ ।
ਸਾਰੀ ਹੀ ਲੁਕਾਈ ਪਰਮਾਤਮਾ ਦੇ ਨਾਮ ਤੋਂ ਬਿਨਾ ਦੁਬਿਧਾ ਵਿਚ ਫਸੀ ਰਹਿੰਦੀ ਹੈ, ਤੇ ਮਾਇਆ ਦੇ ਪਿਆਰ ਵਿਚ (ਪੈ ਕੇ ਸਹੀ ਜੀਵਨ-ਰਾਹ ਤੋਂ) ਖੁੰਝ ਜਾਂਦੀ ਹੈ ।
ਉਸ (ਪ੍ਰਭੂ-ਨਾਮ) ਤੋਂ ਬਿਨਾ ਇਕ ਘੜੀ ਭਰ ਭੀ ਆਤਮਕ ਜੀਵਨ ਨਹੀਂ ਮਾਣ ਸਕਦੀ, ਦੁੱਖਾਂ ਵਿਚ ਹੀ ਜ਼ਿੰਦਗੀ ਦੀ ਰਾਤ ਬੀਤ ਜਾਂਦੀ ਹੈ ।
ਮਾਇਆ ਦੇ ਮੋਹ ਵਿਚ ਅੰਨ੍ਹਾ ਹੋਇਆ ਜੀਵ ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝ ਜਾਂਦਾ ਹੈ, ਤੇ ਮੁੜ ਮੁੜ ਜੰਮਦਾ ਰਹਿੰਦਾ ਹੈ ।
ਜਦੋਂ ਪ੍ਰਭੂ ਮਿਹਰ ਦੀ ਨਿਗਾਹ ਕਰਦਾ ਹੈ, ਤਦੋਂ ਆਪ ਹੀ (ਉਸ ਨੂੰ ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।੩ ।
(ਅਸੀ ਜੀਵ ਜੋ ਕੁਝ ਕਰਦੇ ਹਾਂ ਜਾਂ ਬੋਲਦੇ ਚਿਤਵਦੇ ਹਾਂ) ਉਹ ਸਭ ਕੁਝ ਪਰਮਾਤਮਾ ਵੇਖਦਾ ਸੁਣਦਾ ਹੈ (ਇਸ ਵਾਸਤੇ ਉਸ ਦੀ ਹਜ਼ੂਰੀ ਵਿਚ ਆਪਣੇ ਕੀਤੇ ਤੇ ਚਿਤਵੇ ਮੰਦ ਕਰਮਾਂ ਤੋਂ) ਮੁੱਕਰਿਆ ਨਹੀਂ ਜਾ ਸਕਦਾ ।
(ਤਾਹੀਏਂ) ਜੇਹੜੇ ਬੰਦੇ (ਸਾਰੀ ਉਮਰ) ਪਾਪ ਹੀ ਪਾਪ ਕਮਾਂਦੇ ਰਹਿੰਦੇ ਹਨ, ਉਹ (ਸਦਾ) ਪਾਪ ਵਿਚ ਸੜਦੇ ਭੁੱਜਦੇ ਰਹਿੰਦੇ ਹਨ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ (ਇਹ) ਸਮਝ ਨਹੀਂ ਪੈਂਦੀ, ਉਸ ਨੂੰ ਉਹ (ਸਭ ਕੁਝ ਵੇਖਣ ਸੁਣਨ ਵਾਲਾ) ਪਰਮਾਤਮਾ ਨਜ਼ਰ ਨਹੀਂ ਆਉਂਦਾ ।
(ਪਰ ਕਿਸੇ ਜੀਵ ਦੇ ਭੀ ਕੀ ਵੱਸ?) ਹੇ ਨਾਨਕ! ਜਿਸ ਮਨੁੱਖ ਨੂੰ ਪਰਮਾਤਮਾ ਆਪਣਾ ਆਪ ਵਿਖਾਂਦਾ ਹੈ, ਉਹੀ (ਉਸ ਨੂੰ) ਵੇਖ ਸਕਦਾ ਹੈ, ਉਸੇ ਮਨੁੱਖ ਨੂੰ ਗੁਰੂ ਦੀ ਸਰਨ ਪੈ ਕੇ ਇਹ ਸਮਝ ਪੈਂਦੀ ਹੈ ।੪।੨੩।੫੬ ।
Follow us on Twitter Facebook Tumblr Reddit Instagram Youtube