ਸਿਰੀਰਾਗੁ ਮਹਲਾ ੩ ॥
ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥
ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥
ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥

ਮੇਰੇ ਮਨ ਹਰਿ ਕਾ ਨਾਮੁ ਧਿਆਇ ॥
ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥
ਖੇਤੀ ਜੰਮੀ ਅਗਲੀ ਮਨੂਆ ਰਜਾ ਸਹਜਿ ਸੁਭਾਇ ॥
ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥

ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥
ਬਾਣੀ ਵਜੀ ਚਹੁ ਜੁਗੀ ਸਚੋ ਸਚੁ ਸੁਣਾਇ ॥
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥
ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥
ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥
ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

Sahib Singh
ਕਿਤੁ = ਕਿਸ ਵਿਚ ?
    {ਲਫ਼ਜ਼ ‘ਕਿਤੁ’ ਲਫ਼ਜ਼ ‘ਕਿਸ’ ਤੋਂ ਅਧਿਕਰਣ ਕਾਰਕ ਇਕ-ਵਚਨ ਹੈ} ।
ਕਿਤੁ ਵੇਲਾ = ਕਿਸ ਵੇਲੇ ?
ਅਨਦਿਨੁ = ਹਰ ਰੋਜ਼, ਹਰ ਵੇਲੇ ?
ਨਾਮੇ = ਨਾਮਿ ਹੀ, ਨਾਮ ਵਿਚ ਹੀ ।
ਸੋਇ = ਸੋਭਾ ।
ਸਚੀ = ਸਦਾ = ਥਿਰ ਰਹਿਣ ਵਾਲੀ ।
ਕਿਨੇਹੀ = ਕਿਹੋ ਜਿਹੀ ?
ਸਾਚੁ ਸਿਉ = ਸਦਾ = ਥਿਰ ਪ੍ਰਭੂ ਦੇ ਨਾਲ ।
ਸਾਸੁ = ਸੁਆਸ ।੧ ।
ਤਾ = ਤਦੋਂ ।
ਥੀਐ = ਹੋ ਸਕਦੀ ਹੈ ।
ਜਾ = ਜਦੋਂ ।
ਮਨਿ = ਮਨ ਵਿਚ ।੧।ਰਹਾਉ ।
ਸਹਜੇ = ਆਤਮਕ ਅਡੋਲਤਾ ਵਿਚ ।
ਰਾਹੀਐ = ਬੀਜਣੀ ਚਾਹੀਦੀ ਹੈ ।
ਸਚੁ = ਸਦਾ = ਥਿਰ ਰਹਿਣ ਵਾਲਾ ।
ਪਾਇ = ਪਾ ਕੇ, ਬੀਜ ਕੇ ।
ਅਗਲੀ = ਬਹੁਤੀ ।
ਸੁਭਾਇ = ਪ੍ਰੇਮ ਵਿਚ (ਟਿਕ ਕੇ) ।
ਜਿਤੁ = ਜਿਸ ਦੀ ਰਾਹੀਂ (ਲਫ਼ਜ਼ ‘ਜਿਸ’ ਤੋਂ ਅਧਿਕਰਣ ਕਾਰਕ ਇਕ-ਵਚਨ) ।
ਜਿਤੁ ਪੀਤੈ = ਜਿਸ ਦੇ ਪੀਣ ਨਾਲ ।
ਤਿਖ = ਪਿਆਸ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੨ ।
ਸਬਦੇ = ਸ਼ਬਦ ਵਿਚ ਹੀ, ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਹੀ ।
ਵਜੀ = ਮਸ਼ਹੂਰ ਹੋ ਗਈ ।
ਚਹੁ ਜੁਗੀ = ਚਹੁਆਂ ਜੁਗਾਂ ਵਿਚ, ਸਦਾ ਲਈ ।
ਸਚੋ ਸਚੁ = ਸੱਚ ਹੀ ਸੱਚ, ਸਦਾ-ਥਿਰ ਪ੍ਰਭੂ ਦਾ ਨਾਮ ਹੀ ।
ਰਹਿ ਗਇਆ = ਮੁੱਕ ਗਿਆ ।
ਸਚੈ = ਸਦਾ = ਥਿਰ ਪ੍ਰਭੂ ਨੇ ।
ਮਹਲੁ = ਟਿਕਾਣਾ ।੩ ।
ਨਦਰੀ = (ਪਰਮਾਤਮਾ ਦੀ ਮਿਹਰ ਦੀ) ਨਿਗਾਹ ਨਾਲ ।
ਕਰਮ = ਬਖ਼ਸ਼ਸ਼ ।
ਵਿਣੁ ਕਰਮਾ = ਪਰਮਾਤਮਾ ਦੀ ਮਿਹਰ ਤੋਂ ਬਿਨਾ ।
ਭੇਟੇ ਜਿਸੁ = ਜਿਸ ਨੂੰ ਮਿਲਦਾ ਹੈ ।
ਆਇ = ਆ ਕੇ ।
ਬਿਖਿਆ = ਮਾਇਆ ।
ਦੁਖੁਬਿਖਿਆ = ਮਾਇਆ ਦਾ ਮੋਹ-ਰੂਪ ਦੁੱਖ ।
ਸਬਦਿ = ਗੁਰੂ ਦੇ ਸ਼ਬਦ ਦੀ ਰਾਹੀਂ ।
ਨਾਮੇ ਨਾਮਿ = ਵਿਚ ਹੀ ।੪ ।
    
Sahib Singh
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਿਮਰ ।
ਸਦਾ-ਥਿਰ ਰਹਿਣ ਵਾਲੀ ਪ੍ਰਭੂ-ਭਗਤੀ ਤਦੋਂ ਹੀ ਹੋ ਸਕਦੀ ਹੈ ਜਦੋਂ (ਸਿਮਰਨ ਦੀ ਬਰਕਤਿ ਨਾਲ) ਪਰਮਾਤਮਾ ਮਨੁੱਖ ਦੇ ਮਨ ਵਿਚ ਆ ਵੱਸੇ ।੧।ਰਹਾਉ ।
ਜੇ (ਭਗਤੀ ਕਰਨ ਵਾਸਤੇ) ਕੋਈ ਖ਼ਾਸ ਵੇਲਾ ਕੋਈ ਖ਼ਾਸ ਵਕਤ ਨਿਯਤ ਕਰਨਾ ਵਿਚਾਰਦੇ ਰਹੀਏ, ਤਾਂ ਕਿਸੇ ਵੇਲੇ ਭੀ ਭਗਤੀ ਨਹੀਂ ਹੋ ਸਕਦੀ ।
ਹਰ ਵੇਲੇ ਹੀ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਿਹਾਂ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਈਦਾ ਹੈ ਤੇ ਸਦਾ-ਥਿਰ ਰਹਿਣ ਵਾਲੀ ਸੋਭਾ ਮਿਲਦੀ ਹੈ ।
ਉਹ ਕਾਹਦੀ ਭਗਤੀ ਹੋਈ ਜੇ ਇਕ ਖਿਨ ਭਰ ਭੀ ਪਿਆਰਾ ਪਰਮਾਤਮਾ ਵਿੱਸਰ ਜਾਏ ?
ਜੇ ਇਕ ਸਾਹ ਭੀ ਪਰਮਾਤਮਾ ਦੀ ਯਾਦ ਤੋਂ ਖ਼ਾਲੀ ਨਾਹ ਜਾਏ ਤਾਂ ਸਦਾ-ਥਿਰ ਪ੍ਰਭੂ ਦੇ ਨਾਲ ਜੁੜਿਆਂ ਮਨ ਸ਼ਾਂਤ ਹੋ ਜਾਂਦਾ ਹੈ, ਸਰੀਰ (ਭੀ) ਸ਼ਾਂਤ ਹੋ ਜਾਂਦਾ ਹੈ ।੧ ।
ਜੇ ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰਭੂ ਦਾ ਸਦਾ-ਥਿਰ ਨਾਮ-ਬੀ ਬੀਜ ਕੇ (ਆਤਮਕ ਜੀਵਨ ਦੀ) ਫ਼ਸਲ ਬੀਜੀਏ; ਤਾਂ ਇਹ ਫ਼ਸਲ ਬਹੁਤ ਉੱਗਦਾ ਹੈ, ਇਹ ਫ਼ਸਲ ਬੀਜਣ ਵਾਲੇ ਮਨੁੱਖ ਦਾ ਮਨ ਆਤਮਕ ਅਡੋਲਤਾ ਤੇ ਪ੍ਰੇਮ ਵਿਚ ਜੁੜ ਕੇ (ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ।
ਸਤਿਗੁਰੂ ਦਾ ਸ਼ਬਦ (ਐਸਾ) ਅੰਮਿ੍ਰਤ ਹੈ (ਆਤਮਕ ਜੀਵਨ ਦੇਣ ਵਾਲਾ ਜਲ ਹੈ) ਜਿਸ ਦੇ ਪੀਤਿਆਂ (ਮਾਇਆ ਦੀ) ਤ੍ਰਿਸ਼ਨਾ ਦੂਰ ਹੋ ਜਾਂਦੀ ਹੈ (ਨਾਮ-ਅੰਮਿ੍ਰਤ ਪੀਣ ਵਾਲੇ ਮਨੁੱਖ ਦਾ) ਇਹ ਮਨ ਅਡੋਲ ਹੋ ਜਾਂਦਾ ਹੈ ਸਦਾ-ਥਿਰ ਪ੍ਰਭੂ ਵਿਚ ਰੰਗਿਆ ਜਾਂਦਾ ਹੈ, ਤੇ ਸਦਾ-ਥਿਰ ਪ੍ਰਭੂ (ਦੀ ਯਾਦ) ਵਿਚ ਹੀ ਲੀਨ ਰਹਿੰਦਾ ਹੈ ।੨ ।
ਜਿਨ੍ਹਾਂ ਮਨੁੱਖਾਂ ਦਾ ਆਖਣਾ ਵੇਖਣਾ ਬੋਲਣਾ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ ਸ਼ਬਦ ਵਿਚ ਹੀ ਲੀਨ ਰਹਿੰਦਾ ਹੈ (ਭਾਵ, ਜੇਹੜੇ ਬੰਦੇ ਸਦਾ ਸਿਫ਼ਤਿ-ਸਾਲਾਹ ਵਿਚ ਹੀ ਮਗਨ ਰਹਿੰਦੇ ਹਨ) ਤੇ ਹਰ ਪਾਸੇ ਪਰਮਾਤਮਾ ਨੂੰ ਹੀ (ਵੇਖਦੇ ਹਨ) ਸਦਾ-ਥਿਰ ਪ੍ਰਭੂ ਦਾ ਨਾਮ ਹੀ (ਹੋਰਨਾਂ ਨੂੰ) ਸੁਣਾ ਸੁਣਾ ਕੇ ਉਹਨਾਂ ਦੀ ਸੋਭਾ (ਸਾਰੇ ਸੰਸਾਰ ਵਿਚ) ਸਦਾ ਲਈ ਕਾਇਮ ਹੋ ਜਾਂਦੀ ਹੈ ।
ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਉਹਨਾਂ ਨੂੰ ਆਪਣੀ ਯਾਦ ਵਿਚ ਜੋੜੀ ਰੱਖਦਾ ਹੈ, ਇਸ ਵਾਸਤੇ ਉਹਨਾਂ ਦੀ ਹਉਮੈ ਮੁੱਕ ਜਾਂਦੀ ਹੈ ਉਹਨਾਂ ਦੀ ਅਪਣੱਤ ਦੂਰ ਹੋ ਜਾਂਦੀ ਹੈ ।
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਲਿਵ ਲਾਈ ਰੱਖਦੇ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਥਾਂ ਮਿਲਦੀ ਹੈ ।੩ ।
ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਪਰਮਾਤਮਾ ਦਾ ਨਾਮ ਸਿਮਰਿਆ ਜਾ ਸਕਦਾ ਹੈ, ਪਰਮਾਤਮਾ ਦੀ ਮਿਹਰ ਤੋਂ ਬਿਨਾ ਉਹ ਮਿਲ ਨਹੀਂ ਸਕਦਾ ।
ਜਿਸ ਮਨੁੱਖ ਨੂੰ ਵੱਡੀ ਕਿਸਮਤ ਨਾਲ ਸਾਧ ਸੰਗਤਿ ਮਿਲ ਜਾਂਦੀ ਹੈ, ਜਿਸ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ (ਇਸ ਦੀ ਬਰਕਤਿ ਨਾਲ) ਹਰ ਵੇਲੇ ਪ੍ਰਭੂ ਦੇ ਨਾਮ (-ਰੰਗ) ਵਿਚ ਰੰਗੇ ਰਹਿਣ ਕਰਕੇ ਉਸ ਮਨੁੱਖ ਦੇ ਅੰਦਰੋਂ ਮਾਇਆ (ਦੇ ਮੋਹ) ਦਾ ਦੁੱਖ ਦੂਰ ਹੋ ਜਾਂਦਾ ਹੈ ।
ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਮਿਲਾਪ ਹੁੰਦਾ ਹੈ (ਜਿਸ ਮਨੁੱਖ ਨੂੰ ਗੁਰੂ ਦਾ ਸ਼ਬਦ ਪ੍ਰਾਪਤ ਹੋ ਜਾਂਦਾ ਹੈ ਉਹ) ਪਰਮਾਤਮਾ ਦੇ ਨਾਮ ਵਿਚ ਹੀ ਲੀਨ ਰਹਿੰਦਾ ਹੈ ।੪।੨੨।੫੫ ।
Follow us on Twitter Facebook Tumblr Reddit Instagram Youtube