ਸਿਰੀਰਾਗੁ ਮਹਲਾ ੩ ॥
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥
ਪਿਰ ਕਾ ਮਹਲੁ ਨ ਪਾਵਈ ਨਾ ਦੀਸੈ ਘਰੁ ਬਾਰੁ ॥੧॥

ਭਾਈ ਰੇ ਇਕ ਮਨਿ ਨਾਮੁ ਧਿਆਇ ॥
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥੧॥ ਰਹਾਉ ॥

ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥੨॥

ਪੂਰੈ ਭਾਗਿ ਸਤਗੁਰੁ ਮਿਲੈ ਜਾ ਭਾਗੈ ਕਾ ਉਦਉ ਹੋਇ ॥
ਅੰਤਰਹੁ ਦੁਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥੩॥

ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥੪॥੧੩॥੪੬॥

Sahib Singh
ਕਰਮ = (ਧਾਰਮਿਕ) ਕੰਮ ।
ਦੋਹਾਗਾਣਿ = {ਦੁਭਾਗਿਨੀ} ਮੰਦ-ਭਾਗਣ ਇਸਤ੍ਰੀ, ਛੁੱਟੜ ।
ਤਨਿ = ਸਰੀਰ ਉਤੇ ।
ਨ ਆਵਈ = ਨ ਆਵਏ, ਨ ਆਵੈ, ਨਹੀਂ ਆਉਂਦਾ ।
ਪਾਵਈ = ਪਾਵਏ, ਪਾਵੈ ।
ਬਾਰੁ = ਦਰਵਾਜ਼ਾ ।੧ ।
ਇਕ ਮਨਿ = ਇਕ ਮਨ ਦੀ ਰਾਹੀਂ, ਇਕਾਗ੍ਰ-ਮਨ ਹੋ ਕੇ ।
ਜਪਿ = ਜਪ ਕੇ ।੧।ਰਹਾਉ।ਸੋਹਾਗਣੀ—{ਸੌਭਾਗਿਨੀ} ਚੰਗੇ ਭਾਗਾਂ ਵਾਲੀ ।
ਉਰ ਧਾਰਿ = ਹਿਰਦੇ ਵਿਚ ਟਿਕਾ ਕੇ ।
ਭਤਾਰੁ = ਖਸਮ ।
ਹੇਤੁ = ਪਿਆਰ ।
ਅਪਾਰੁ = ਬਹੁਤ, ਅਥਾਹ ।੨ ।
ਉਦਉ = {ੳਦਯ} ਪ੍ਰਗਟਾਵਾ ।
ਭ੍ਰਮੁ = ਭਟਕਣਾ ।੩ ।
ਸਹਜੇ = ਸਹਜਿ ਹੀ, ਆਤਮਕ ਅਡੋਲਤਾ ਵਿਚ ਹੀ ।
ਖੋਇ = ਨਾਸ ਕਰ ਕੇ ।
ਸਚਿ = ਸਦਾ = ਥਿਰ ਪ੍ਰਭੂ ਵਿਚ ।੪ ।
    
Sahib Singh
ਹੇ ਭਾਈ! ਇਕਾਗ੍ਰ-ਮਨ ਹੋ ਕੇ ਪਰਾਮਤਮਾ ਦਾ ਨਾਮ ਸਿਮਰ ।
ਜੇਹੜਾ ਮਨੁੱਖ ਸਾਧ ਸੰਗਤਿ ਵਿਚ ਟਿਕਿਆ ਰਹਿੰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ ਸੁਖ ਮਾਣਦਾ ਹੈ ।੧ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੇ (ਧਾਰਮਿਕ) ਕੰਮ ਕਮਾਣੇ ਇਉਂ ਹਨ ਜਿਵੇਂ ਕੋਈ ਛੁੱਟੜ ਇਸਤ੍ਰੀ (ਆਪਣੇ) ਸਰੀਰ ਉੱਤੇ ਸਿੰਗਾਰ ਕਰਦੀ ਹੈ ।
ਉਸ ਦਾ ਪਤੀ (ਉਸ ਦੀ) ਸੇਜ ੳੇੁਤੇ (ਕਦੇ) ਨਹੀਂ ਆਉਂਦਾ, ਉਹ ਵਿਅਰਥ ਸਿੰਗਾਰ ਕਰ ਕੇ) ਸਦਾ ਖ਼ੁਆਰ ਹੁੰਦੀ ਹੈ ।
(ਇਸੇ ਤ੍ਰਹਾਂ ਮਨਮੁਖ ਮਨੁੱਖ ਵਿਖਾਏ ਦੇ ਧਾਰਮਿਕ ਕੰਮਾਂ ਨਾਲ) ਪ੍ਰਭੂ-ਪਤੀ ਦੀ ਹਜ਼ੂਰੀ ਨਹੀਂ ਪ੍ਰਾਪਤ ਕਰ ਸਕਦਾ, ਉਸ ਨੂੰ ਪ੍ਰਭੂ ਦਾ ਦਰ-ਘਰ ਨਹੀਂ ਦਿੱਸਦਾ ।੧ ।
ਸਦਾ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸੁਹਾਗਣਾਂ (ਵਾਂਗ) ਹਨ, ਉਹ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਦੇ ਹਨ, ਉਹ (ਸਭਨਾਂ ਨਾਲ) ਮਿੱਠੇ ਬੋਲ ਬੋਲਦੇ ਹਨ, ਨਿਊਂ ਕੇ ਤੁਰਦੇ ਹਨ (ਗਰੀਬੀ ਸੁਭਾਵ ਵਾਲੇ ਹੁੰਦੇ ਹਨ), ਉਹਨਾਂ ਦੇ ਹਿਰਦੇ-ਸੇਜ ਨੂੰ ਪ੍ਰਭੂ-ਪਤੀ ਮਾਣਦਾ ਹੈ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦਾ ਅਤੁੱਟ ਪਿਆਰ (ਆਪਣੇ ਹਿਰਦੇ ਵਿਚ ਵਸਾਇਆ ਹੈ) ਉਹ ਉਹਨਾਂ ਸੁਹਾਗਣਾਂ ਵਾਂਗ ਹਨ ਜਿਨ੍ਹਾਂ ਸੋਭਾ ਖੱਟੀ ਹੈ ।੨ ।
ਜਦੋਂ ਕਿਸੇ ਮਨੁੱਖ ਦਾ ਭਾਗ ਜਾਗ ਪਏ, ਤਾਂ ਵੱਡੀ ਕਿਸਮਤ ਨਾਲ ਉਸ ਨੂੰ ਸਤਿਗੁਰੂ ਮਿਲ ਪੈਂਦਾ ਹੈ ।
(ਗੁਰੂ ਦੇ ਮਿਲਣ ਨਾਲ) ਹਿਰਦੇ ਵਿਚੋਂ ਦੁੱਖ ਕੱਟਿਆ ਜਾਂਦਾ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।
ਜੇਹੜਾ ਭੀ ਮਨੁੱਖ ਗੁਰੂ ਦੇ ਹੁਕਮ ਵਿਚ ਹੈ, ਉਹ ਕਦੇ ਦੁੱਖ ਨਹੀਂ ਪਾਂਦਾ ।੩ ।
ਗੁਰੂ ਦੀ ਰਜ਼ਾ ਵਿਚ ਨਾਮ-ਅੰਮਿ੍ਰਤ ਹੈ (ਜੇਹੜਾ ਰਜ਼ਾ ਵਿਚ ਤੁਰਦਾ ਹੈ) ਉਹ ਆਤਮਕ ਅਡੋਲਤਾ ਵਿਚ ਟਿਕ ਕੇ ਅੰਮਿ੍ਰਤ ਪੀਂਦਾ ਹੈ ।
ਜਿਨ੍ਹਾਂ ਮਨੁੱਖਾਂ ਨੂੰ ਇਹ ਅੰਮਿ੍ਰਤ ਲੱਭ ਪਿਆ, ਉਹਨਾਂ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪੀਤਾ ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨਾ ਚਾਹੀਦਾ ਹੈ ।
(ਸਿਮਰਨ ਦੀ ਬਰਕਤਿ ਨਾਲ) ਸਦਾ-ਥਿਰ ਪ੍ਰਭੂ ਵਿਚ ਮੇਲ ਹੋ ਜਾਂਦਾ ਹੈ ।੪।੧੩।੪੬ ।
Follow us on Twitter Facebook Tumblr Reddit Instagram Youtube