ਸਿਰੀਰਾਗੁ ਮਹਲਾ ੩ ॥
ਅੰਮ੍ਰਿਤੁ ਛੋਡਿ ਬਿਖਿਆ ਲੋਭਾਣੇ ਸੇਵਾ ਕਰਹਿ ਵਿਡਾਣੀ ॥
ਆਪਣਾ ਧਰਮੁ ਗਵਾਵਹਿ ਬੂਝਹਿ ਨਾਹੀ ਅਨਦਿਨੁ ਦੁਖਿ ਵਿਹਾਣੀ ॥
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥੧॥

ਮਨ ਰੇ ਸਦਾ ਭਜਹੁ ਹਰਿ ਸਰਣਾਈ ॥
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥੧॥ ਰਹਾਉ ॥

ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ ॥
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥
ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ ॥੨॥

ਸਤਗੁਰ ਕੀ ਸੇਵਾ ਅਤਿ ਸੁਖਾਲੀ ਜੋ ਇਛੇ ਸੋ ਫਲੁ ਪਾਏ ॥
ਜਤੁ ਸਤੁ ਤਪੁ ਪਵਿਤੁ ਸਰੀਰਾ ਹਰਿ ਹਰਿ ਮੰਨਿ ਵਸਾਏ ॥
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥੩॥

ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥੪॥੧੨॥੪੫॥

Sahib Singh
ਅੰਮਿ੍ਰਤੁ = ਆਤਮਕ ਜੀਵਨ ਦੇਣ ਵਾਲਾ ਨਾਮ-ਰਸ ।
ਬਿਖਿਆ = ਮਾਇਆ ।
ਵਿਡਾਣੀ = ਬਿਗਾਨੀ ।
ਧਰਮੁ = (ਮਨੁੱਖਾ ਜੀਵਨ ਦਾ) ਫ਼ਰਜ਼ ।
ਅਨਦਿਨੁ = ਹਰ ਰੋਜ਼ ।
ਵਿਹਾਣੀ = ਬੀਤਦੀ ਹੈ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ।
ਅੰਧ = (ਮਾਇਆ ਦੇ ਮੋਹ ਵਿਚ) ਅੰਨ੍ਹੇ ।
ਚੇਤਹੀ = ਚੇਤਹਿ, ਚੇਤਦੇ ।੧ ।
ਭਜਹੁ = ਜਾਵੋ, ਪਵੋ ।
ਅੰਤਰਿ = ਹਿਰਦੇ ਵਿਚ ।੧ ।
ਦੁਸਟੀ = ਦੁਸ਼ਟਤਾ, ਬਦੀ, ਨੀਚਤਾ ।
ਪਤਿ = ਇੱਜ਼ਤ ।
ਮਨਮੁਖਿ = ਮਨਮੁਖ ਨੇ ।੨ ।
ਸੁਖਾਲੀ = {ਸੁਖ = ਆਲਯ} ਸੁਖਾਂ ਦਾ ਘਰ, ਸੁਖ ਦੇਣ ਵਾਲੀ ।
ਜਤੁ = ਵਿਕਾਰਾਂ ਵਲੋਂ ਰੋਕ ।
ਸਤੁ = ਉੱਚਾ ਆਚਰਨ ।
ਤਪੁ = ਸੇਵਾ ।
ਮੰਨਿ = ਮਨਿ, ਮਨ ਵਿਚ ।
ਅਨੰਦਿ = ਅਨੰਦ ਵਿਚ ।੩ ।
ਹਉ = ਮੈਂ ।
ਬਲਿ ਜਾਉ = ਜਾਉਂ, ਸਦਕੇ ਜਾਂਦਾ ਹਾਂ ।
ਦਰਿ = ਦਰ ਤੇ ।
ਸਚੀ = ਸਦਾ = ਥਿਰ ਰਹਿਣ ਵਾਲੀ ।
ਵਡਿਆਈ = ਇੱਜ਼ਤ ।
ਸਹਜੇ = ਸਹਜਿ, ਆਤਮਕ ਅਡੋਲਤਾ ਦੀ ਰਾਹੀਂ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਸਮਾਉ = ਸਮਾਈ, ਲੀਨਤਾ ।
ਮੇਲਿ = ਇਕੱਠ ਵਿਚ ।
ਮਿਲਾਉ = ਮਿਲਾਪ ।੪ ।
    
Sahib Singh
ਹੇ (ਮੇਰੇ) ਮਨ! ਸਦਾ ਪਰਮਾਤਮਾ ਦੀ ਸਰਨ ਪਿਆ ਰਹੁ ।
(ਪਰ ਪਰਮਾਤਮਾ ਦੀ ਸਰਨ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਹੁੰਦੀ ਹੈ) ਜਦੋਂ ਗੁਰੂ ਦਾ ਸ਼ਬਦ ਹਿਰਦੇ ਵਿਚ ਆ ਵੱਸੇ, ਤਦੋਂ ਪਰਮਾਤਮਾ (ਹਿਰਦੇ ਵਿਚੋਂ) ਨਹੀਂ ਵਿਸਰਦਾ ।੧।ਰਹਾਉ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਛੱਡ ਕੇ ਮਾਇਆ ਵਿਚ ਮਸਤ ਹੁੰਦੇ ਹਨ (ਤੇ, ਮਾਇਆ ਦੀ ਖ਼ਾਤਰ) ਹੋਰ ਹੋਰ ਦੀ (ਸੇਵਾ ਖ਼ੁਸ਼ਾਮਦ) ਕਰਦੇ ਫਿਰਦੇ ਹਨ ।
(ਇਸ ਤ੍ਰਹਾਂ ਉਹ) ਆਪਣਾ (ਮਨੁੱਖਾ ਜਨਮ ਦਾ) ਫ਼ਰਜ਼ ਭੁਲਾ ਬੈਠਦੇ ਹਨ (ਪਰ) ਸਮਝਦੇ ਨਹੀਂ, ਤੇ (ਉਹਨਾਂ ਦੀ ਉਮਰ) ਹਰਵੇਲੇ ਦੁੱਖ ਵਿਚ ਬੀਤਦੀ ਹੈ ।
(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨਮੁਖ ਪਰਮਾਤਮਾ ਨੂੰ ਨਹੀਂ ਯਾਦ ਕਰਦੇ, ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ (ਭਾਵ, ਵਿਕਾਰਾਂ ਵਿਚ ਗ਼ਲਤਾਨ ਹੋ ਕੇ ਆਤਮਕ ਮੌਤ ਸਹੇੜ ਲੈਂਦੇ ਹਨ ਤੇ ਪ੍ਰਾਪਤ ਭੀ ਕੁਝ ਨਹੀਂ ਹੁੰਦਾ) ।੧ ।
ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ ।
ਉਸ ਦਾ ਜਗਤ ਵਿਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ ।
ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ।੨ ।
ਸਤਿਗੁਰੂ ਦੀ ਦੱਸੀ ਸੇਵਾ ਬਹੁਤ ਸੁਖ ਦੇਣ ਵਾਲੀ ਹੈ (ਜੇਹੜਾ ਮਨੁੱਖ ਸੇਵਾ ਕਰਦਾ ਹੈ ਉਹ) ਜੋ ਕੁਝ ਇੱਛਾ ਕਰਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ ।
ਗੁਰੂ ਦੀ ਦੱਸੀ ਸੇਵਾ ਹੀ ਜਤ ਸਤ ਤਪ (ਦਾ ਮੂਲ) ਹੈ, (ਗੁਰਮੁਖ ਦਾ) ਸਰੀਰ ਪਵਿਤ੍ਰ ਹੋ ਜਾਂਦਾ ਹੈ, ਉਹ ਪਰਮਾਤਮਾ ਦੇ ਨਾਮ ਨੂੰ ਆਪਣੇ ਮਨ ਵਿਚ ਵਸਾ ਲੈਂਦਾ ਹੈ ।
ਗੁਰਮੁਖ ਦਿਨ ਰਾਤ ਹਰ ਵੇਲੇ ਅਨੰਦ ਵਿਚ ਟਿਕਿਆ ਰਹਿੰਦਾ ਹੈ, ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਉਹ ਆਤਮਕ ਸੁਖ ਮਾਣਦਾ ਹੈ ।੩ ।
ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ ।
ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਦਰ ਤੇ ਸਦਾ ਲਈ ਇੱਜ਼ਤ ਮਿਲ ਜਾਂਦੀ ਹੈ, ਆਤਮਕ ਅਡੋਲਤਾ ਦੀ ਬਰਕਤਿ ਨਾਲ ਉਹਨਾਂ ਨੂੰ ਸਦਾ-ਥਿਰ ਪ੍ਰਭੂ ਵਿਚ ਲੀਨਤਾ ਪ੍ਰਾਪਤ ਹੋ ਜਾਂਦੀ ਹੈ ।
ਹੇ ਨਾਨਕ! ਇਹੋ ਜਿਹੇ ਗੁਰਮੁਖਾਂ ਦੀ ਸੰਗਤ ਵਿਚ ਮਿਲਾਪ ਪਰਮਾਤਮਾ ਦੀ ਮਿਹਰ ਦੀ ਨਜ਼ਰ ਨਾਲ ਹੀ ਮਿਲਦਾ ਹੈ ।੪।੧੨।੪੫ ।
Follow us on Twitter Facebook Tumblr Reddit Instagram Youtube