ਸਿਰੀਰਾਗੁ ਮਹਲਾ ੩ ॥
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥੧॥

ਭਾਈ ਰੇ ਗੁਰਮਤਿ ਸਾਚਿ ਰਹਾਉ ॥
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥੧॥ ਰਹਾਉ ॥

ਜਿਨੀ ਨਾਮੁ ਪਛਾਣਿਆ ਤਿਨ ਵਿਟਹੁ ਬਲਿ ਜਾਉ ॥
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥੨॥

ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥੩॥

ਜੇਹਾ ਸਤਗੁਰੁ ਕਰਿ ਜਾਣਿਆ ਤੇਹੋ ਜੇਹਾ ਸੁਖੁ ਹੋਇ ॥
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥੪॥੧੧॥੪੪॥

Sahib Singh
ਗੁਰਮੁਖਿ = ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ।
ਚਉਥਾ ਪਦੁ = ਚੌਥਾ ਦਰਜਾ, ਉਹ ਆਤਮਕ ਅਵਸਥਾ ਜਿਥੇ ਮਾਇਆ ਦੇ ਤਿੰਨ ਗੁਣ ਜ਼ੋਰ ਨਹੀਂ ਪਾ ਸਕਦੇ ।
ਮੈਲਾਇਅਨੁ = ਉਸ (ਪ੍ਰਭੂ) ਨੇ ਮਿਲਾਏ ਹਨ ।
ਮਨਿ = ਮਨ ਵਿਚ ।
ਪੋਤੈ = ਪੋਤੇ ਵਿਚ, ਖ਼ਜ਼ਾਨੇ ਵਿਚ ।
ਪੁੰਨੁ = ਨੇਕੀ ।੧ ।
ਸਾਚਿ = ਸਦਾ = ਥਿਰ ਪ੍ਰਭੂ ਵਿਚ ।
ਰਹਾਉ = ਟਿਕੇ ਰਹੁ ।
ਸਾਚੋ ਸਾਚੁ = ਸਾਚੁ ਹੀ ਸਾਚੁ, ਸਦਾ-ਥਿਰ ਪ੍ਰਭੂ (ਦਾ ਸਿਮਰਨ) ਹੀ ।
ਸਾਚੈ ਸਬਦਿ = ਸਦਾ = ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿਚ ।
ਮਿਲਾਉ = ਮਿਲੇ ਰਹੋ ।੧।ਰਹਾਉ ।
ਨਾਮੁ ਪਛਾਣਿਆ = ਪ੍ਰਭੂ ਚੇ ਨਾਮ ਦੀ ਕਦਰ ਪਛਾਣੀ ਹੈ ।
ਵਿਟਹੁ = ਤੋਂ ।
ਜਾਉ = ਜਾਉਂ, ਮੈਂ ਜਾਂਦਾ ਹਾਂ ।
ਆਪੁ = ਆਪਾ = ਭਾਵ ।
ਲਗਾ = ਲੱਗਾਂ, ਮੈਂ ਲੱਗਦਾ ਹਾਂ ।
ਭਾਇ = ਪ੍ਰੇਮ ਵਿਚ, ਰਜ਼ਾ ਵਿਚ ।
ਲਾਹਾ = ਲਾਭ ।
ਸਹਜੇ = ਸਹਿਜ, ਆਤਮਕ ਅਡੋਲਤਾ ਦੀ ਰਾਹੀਂ ।
ਸਮਾਇ = ਲੀਨ ਹੋ ਜਾਂਦਾ ਹੈ ।੨ ।
ਮਹਲੁ = ਪਰਮਾਤਮਾ ਦਾ ਦਰ ।
ਲੋੜਿ ਲਹੁ = ਲੱਭ ਲਵੋ ।
ਜਿਦੂ = ਜਿਸ ਤੋਂ ।
ਸਚੁ ਸੋਇ = ਉਹ ਸਦਾ = ਥਿਰ ਪ੍ਰਭੂ ।
ਅਸੁਰ = ਕਾਮਾਦਿਕ ਦੈਂਤਾਂ ਨੂੰ ।
ਸੰਘਾਰੈ = ਮਾਰ ਲੈਂਦਾ ਹੈ ।੩ ।
ਸਹਸਾ = ਸ਼ੱਕ ।
ਮੂਲੇ = ਬਿਲਕੁਲ ।
ਭਾਉ = ਪਿਆਰ ।
ਜਨੁ ਕੋਇ = ਕੋਈ ਭੀ ਮਨੁੱਖ ।
ਸਬਦਿ = ਸ਼ਬਦ ਦੀ ਰਾਹੀਂ ।੪ ।
    
Sahib Singh
ਹੇ ਭਾਈ! ਗੁਰੂ ਦੀ ਮਤਿ ਲੈ ਕੇ ਸਦਾ-ਥਿਰ ਪ੍ਰਭੂ ਵਿਚ ਟਿਕੇ ਰਹੁ ।
ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਹੀ ਕਮਾਈ ਕਰੋ, ਸਦਾ-ਥਿਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਿਚ ਜੁੜੇ ਰਹੋ ।੧।ਰਹਾਉ ।
(ਜਗਤ ਵਿਚ) ਤਿ੍ਰਗੁਣੀ ਮਾਇਆ ਦਾ ਮੋਹ (ਪਸਰ ਰਿਹਾ) ਹੈ ਜੇਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ ਉਹ ਉਸ ਆਤਮਕ ਦਰਜੇ ਨੂੰ ਹਾਸਲ ਕਰ ਲੈਂਦਾ ਹੈ ਜਿੱਥੇ ਮਾਇਆ ਦੇ ਤਿੰਨ ਗੁਣਾਂ ਦਾ ਜ਼ੋਰ ਨਹੀਂ ਪੈ ਸਕਦਾ ।
ਪਰਮਾਤਮਾ ਨੇ ਮਿਹਰ ਕਰ ਕੇ ਜਿਨ੍ਹਾਂ ਮਨੁੱਖਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ਉਹਨਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ ।
ਜਿਨ੍ਹਾਂ ਦੇ ਭਾਗਾਂ ਵਿਚ ਨੇਕੀ ਹੈ, ਪਰਮਾਤਮਾ ਉਹਨਾਂ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ ।੧ ।
ਮੈਂ ਉਹਨਾਂ ਗੁਰਮੁਖਾਂ ਤੋਂ ਸਦਕੇ ਜਾਂਦਾ ਹਾਂ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦੀ ਕਦਰ ਸਮਝੀ ਹੈ ।
ਆਪਾ-ਭਾਵ ਤਿਆਗ ਕੇ ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ, ਮੈਂ ਉਹਨਾਂ ਦੇ ਪਿਆਰ ਅਨੁਸਾਰ ਹੋ ਕੇ ਤੁਰਦਾ ਹਾਂ ।
(ਜੇਹੜਾ ਮਨੁੱਖ ਨਾਮ ਜਪਣ ਵਾਲਿਆਂ ਦੀ ਸਰਨ ਪੈਂਦਾ ਹੈ ਉਹ) ਆਤਮਕ ਅਡੋਲਤਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਉਸ ਨੂੰ ਪ੍ਰਭੂ ਦਾ ਨਾਮ (-ਰੂਪ) ਲਾਭ ਹਾਸਲ ਹੋ ਜਾਂਦਾ ਹੈ ।੨ ।
ਗੁਰੂ ਦੀ ਸਰਨ ਤੋਂ ਬਿਨਾ ਪਰਮਾਤਮਾ ਦਾ ਦਰ ਨਹੀਂ ਲੱਭਦਾ, ਪ੍ਰਭੂ ਦਾ ਨਾਮ ਨਹੀਂ ਮਿਲਦਾ ।
(ਹੇ ਭਾਈ! ਤੂੰ ਭੀ) ਅਜੇਹਾ ਗੁਰੂ ਲੱਭ ਲੈ, ਜਿਸ ਪਾਸੋਂ ਉਹ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਮਿਲ ਪਏ ।
(ਜੇਹੜਾ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਨੂੰ ਲੱਭ ਲੈਂਦਾ ਹੈ) ਉਹ ਕਾਮਾਦਿਕ ਦੈਂਤਾਂ ਨੂੰ ਮਾਰ ਲੈਂਦਾ ਹੈ, ਉਹ ਆਤਮਕ ਆਨੰਦ ਵਿਚ ਟਿਕਿਆ ਰਹਿੰਦਾ ਹੈ (ਉਸਨੂੰ ਨਿਸਚਾ ਹੋ ਜਾਂਦਾ ਹੈ ਕਿ) ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ ।੩।ਕੋਈ ਭੀ ਮਨੁੱਖ (ਗੁਰੂ-ਚਰਨਾਂ ਵਿਚ) ਸਰਧਾ ਬਣ ਕੇ ਵੇਖ ਲਏ, ਸਤਿਗੁਰੂ ਨੂੰ ਜਿਹੋ ਜਿਹਾ ਕਿਸੇ ਨੇ ਸਮਝਿਆ ਹੈ ਉਸ ਨੂੰ ਉਹੋ ਜਿਹਾ ਆਤਮਕ ਆਨੰਦ ਪ੍ਰਾਪਤ ਹੋਇਆ ਹੈ ।
ਇਸ ਵਿਚ ਰਤਾ ਭਰ ਭੀ ਸ਼ੱਕ ਨਹੀਂ ਹੈ (ਕਿਉਂਕਿ) ਹੇ ਨਾਨਕ! (ਜਿਸ ਸਿੱਖ ਦਾ ਗੁਰੂ ਨਾਲ ਗੁਰੂ ਦੇ) ਸ਼ਬਦ ਦੀ ਰਾਹੀਂ ਮਿਲਾਪ ਹੋ ਜਾਂਦਾ ਹੈ, (ਉਸ ਸਿੱਖ ਅਤੇ ਗੁਰੂ ਦੀ) ਜੋਤਿ ਇੱਕ ਹੋ ਜਾਂਦੀ ਹੈ, ਸਰੀਰ ਭਾਵੇਂ ਦੋ ਹੁੰਦੇ ਹਨ ।੪।੧੧।੪੪ ।
Follow us on Twitter Facebook Tumblr Reddit Instagram Youtube