ਸਿਰੀਰਾਗੁ ਮਹਲਾ ੩ ॥
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥੧॥

ਮਨ ਮੇਰੇ ਹਰਿ ਹਰਿ ਨਿਰਮਲੁ ਧਿਆਇ ॥
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥੧॥ ਰਹਾਉ ॥

ਹਰਿ ਸੰਤਹੁ ਦੇਖਹੁ ਨਦਰਿ ਕਰਿ ਨਿਕਟਿ ਵਸੈ ਭਰਪੂਰਿ ॥
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥
ਮਨਮੁਖ ਗੁਣ ਤੈ ਬਾਹਰੇ ਬਿਨੁ ਨਾਵੈ ਮਰਦੇ ਝੂਰਿ ॥੨॥

ਜਿਨ ਸਬਦਿ ਗੁਰੂ ਸੁਣਿ ਮੰਨਿਆ ਤਿਨ ਮਨਿ ਧਿਆਇਆ ਹਰਿ ਸੋਇ ॥
ਅਨਦਿਨੁ ਭਗਤੀ ਰਤਿਆ ਮਨੁ ਤਨੁ ਨਿਰਮਲੁ ਹੋਇ ॥
ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥੩॥

ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥
ਓਹ ਵੇਲਾ ਹਥਿ ਨ ਆਵਈ ਅੰਤਿ ਗਇਆ ਪਛੁਤਾਇ ॥
ਜਿਸੁ ਨਦਰਿ ਕਰੇ ਸੋ ਉਬਰੈ ਹਰਿ ਸੇਤੀ ਲਿਵ ਲਾਇ ॥੪॥

ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥੫॥੪॥੩੭॥

Sahib Singh
ਨਿਜ ਘਰਿ = ਆਪਣੇ ਘਰ ਵਿਚ, ਅੰਤਰ ਆਤਮੇ ।
ਸਾਲਾਹਿ = ਸਿਫ਼ਤਿ = ਸਾਲਾਹ ਕਰ ਕੇ ।
ਸਚੁ = ਸਦਾ = ਥਿਰ ਪ੍ਰਭੂ ।
ਗੁਣਤਾਸੁ = ਗੁਣਾਂ ਦਾ ਖ਼ਜ਼ਾਨਾ ।
ਹਉ = ਮੈਂ ।
ਜਾਸੁ = ਜਾਂਦਾ ਹਾਂ ।
ਤਿਤੁ = ਉਸ ਵਿਚ ।
ਘਰਿ = ਹਿਰਦੇ ਵਿਚ ।
ਤਿਤੁ ਘਟਿ = (ਉਹਨਾਂ ਦੇ) ਉਸ ਹਿਰਦੇ ਵਿਚ ।
ਪਰਗਾਸੁ = ਚਾਨਣ ।੧ ।
ਮਨ = ਹੇ ਮਨ !
ਧੁਰਿ = ਧੁਰੋਂ, ਪ੍ਰਭੂ ਦੀ ਦਰਗਾਹ ਤੋਂ ।
ਮਸਤਕਿ = ਮੱਥੇ ਉਤੇ ।
ਕਉ = ਨੂੰ, ਵਾਸਤੇ ।
ਸੇ = ਉਹ ਬੰਦੇ ।੧।ਰਹਾਉ ।
ਨਦਰਿ ਕਰਿ = ਨੀਝ ਲਾ ਕੇ, ਧਿਆਨ ਨਾਲ ।
ਨਿਕਟਿ = ਨੇੜੇ ।
ਹਦੂਰਿ = ਹਾਜ਼ਰ = ਨਾਜ਼ਰ, ਅੰਗ-ਸੰਗ ।
ਤਿਨ ਮਨਿ = ਉਹਨਾਂ ਦੇ ਮਨ ਵਿਚ ।
ਸਚ = ਸਦਾ ।
ਗੁਣ ਤੇ = ਗੁਣਾਂ ਤੋਂ ।
ਝੂਰਿ = ਝੁਰ ਝੁਰ ਕੇ ।
ਮਰਦੇ = ਆਤਮਕ ਮੌਤ ਸਹੇੜਦੇ ਹਨ ।੨ ।
ਸਬਦਿ = ਸ਼ਬਦ ਦੀ ਰਾਹੀਂ ।
ਸੋਇ = ਉਹ ।
ਅਨਦਿਨੁ = ਹਰ ਰੋਜ਼ ।
ਕੂੜਾ = ਝੂਠਾ, ਨਾਸਵੰਤ ।
ਰੋਇ = ਰੋਂਦਾ ਹੈ ।੩ ।
ਪਦਾਰਥੁ = ਕੀਮਤੀ ਚੀਜ਼ ।
ਲਿਵ ਲਾਇ = ਸੁਰਤਿ ਜੋੜ ਕੇ ।
ਪਗਿ ਖਿਸਿਐ = ਜਦੋਂ ਪੈਰ ਖਿਸਕ ਗਿਆ ।
ਠਉਰੁ = ਥਾਂ, ਆਸਰਾ ।
ਹਥਿ = ਹੱਥ ਵਿਚ ।
ਆਵਈ = ਆਵਏ, ਆਵੈ, ਆਉਂਦਾ ।
ਅੰਤਿ = ਆਖ਼ਰ ।
ਜਿਸੁ = ਜਿਸ (ਮਨੁੱਖ) ਉਤੇ ।
ਉਬਰੈ = ਬਚ ਜਾਂਦਾ ਹੈ ।
ਸੇਤੀ = ਨਾਲ ।੪ ।
ਦੇਖਾ ਦੇਖੀ = ਹੋਰਨਾਂ ਨੂੰ ਕਰਦਿਆਂ ਵੇਖ ਕੇ, ਵਿਖਾਵੇ ਦੀ ਖ਼ਾਤਰ ।
ਬੂਝ = ਸਮਝ ।
ਪਈ ਥਾਇ = ਥਾਂ = ਸਿਰ ਪਈ, ਕਬੂਲ ਹੋ ਜਾਂਦੀ ਹੈ ।
ਸਮਾਇ = ਲੀਨ ਹੋ ਕੇ ।
ਬਾਣੀ ਸਚੁ ਹੈ = ਪਰਮਾਤਮਾ ਦਾ ਸਿਮਰਨ ਹੀ (ਉਹਨਾਂ ਦੀ) ਬਾਣੀ ਹੈ, ਸਦਾ ਸਿਫ਼ਤਿ-ਸਾਲਾਹ ਹੀ ਕਰਦੇ ਹਨ ।੫ ।
    
Sahib Singh
ਹੇ ਮੇਰੇ ਮਨ! ਪਵਿਤ੍ਰ ਹਰਿ-ਨਾਮ ਸਿਮਰ ।
ਧੁਰੋਂ (ਪਰਮਾਤਮਾ ਦੀ ਹਜ਼ੂਰੀ ਵਿਚੋਂ) ਜਿਨ੍ਹਾਂ ਬੰਦਿਆਂ ਨੂੰ ਆਪਣੇ ਮੱਥੇ ਉੱਤੇ (ਸਿਮਰਨ ਦਾ ਲੇਖ) ਲਿਖਿਆ (ਮਿਲ ਜਾਂਦਾ) ਹੈ, ਉਹ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੀ ਯਾਦ ਵਿਚ) ਸੁਰਤਿ ਜੋੜੀ ਰੱਖਦੇ ਹਨ ।੧।ਰਹਾੳੇੁ ।
ਜਿਨ੍ਹਾਂ ਮਨੁੱਖਾਂ ਨੇ (ਪਰਮਾਤਮਾ ਦਾ ਨਾਮ) ਸੁਣ ਕੇ ਮੰਨ ਲਿਆ ਹੈ (ਭਾਵ, ਆਪਣੇ ਮਨ ਨੂੰ ਉਸ ਨਾਮ-ਸਿਮਰਨ ਵਿਚ ਗਿਝਾ ਲਿਆ ਹੈ) ਉਹਨਾਂ ਦਾ ਆਪਣੇ ਅੰਤਰ-ਆਤਮੇ ਨਿਵਾਸ ਬਣਿਆ ਰਹਿੰਦਾ ਹੈ (ਭਾਵ, ਉਹਨਾਂ ਦਾ ਮਨ ਬਾਹਰ ਭਟਕਣੋਂ ਹਟ ਜਾਂਦਾ ਹੈ) ।
ਗੁਰੂ ਦੀ ਸਿੱਖਿਆ ਅਨੁਸਾਰ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਲੱਭ ਲੈਂਦੇ ਹਨ ।
ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ (ਆਚਰਨ ਵਾਲੇ) ਹੋ ਜਾਂਦੇ ਹਨ, ਮੈਂ ਉਹਨਾਂ ਤੋਂ ਸਦਾ ਸਦਕੇ ਜਾਂਦਾ ਹਾਂ ।
ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿਚ ਪਰਮਾਤਮਾ ਆ ਵੱਸਦਾ ਹੈ, (ਉਹਨਾਂ ਦੇ) ਉਸ ਹਿਰਦੇ ਵਿਚ ਚਾਨਣ ਹੋ ਜਾਂਦਾ ਹੈ (ਭਾਵ, ਸਹੀ ਜੀਵਨ ਜੀਊਣ ਦੀ ਉਹਨਾਂ ਨੂੰ ਸੂਝ ਆ ਜਾਂਦੀ ਹੈ ।੧ ।
ਹੇ ਪ੍ਰਭੂ ਦੇ ਸੰਤ ਜਨੋ! ਧਿਆਨ ਨਾਲ ਵੇਖੋ, ਪਰਮਾਤਮਾ ਹਰ ਥਾਂ ਵਿਆਪਕ ਹਰੇਕ ਦੇ ਨੇੜੇ ਵੱਸਦਾ ਹੈ ।
ਜਿਨ੍ਹਾਂ ਬੰਦਿਆਂ ਨੇ ਗੁਰੂ ਦੀ ਮਤਿ ਲੈ ਕੇ ਉਸ ਨੂੰ (ਭਰਪੂਰਿ ਵੱਸਦਾ) ਪਛਾਣ ਲਿਆ ਹੈ, ਉਹ ਉਸ ਨੂੰ ਸਦਾ ਆਪਣੇ ਅੰਗ-ਸੰਗ ਵੇਖਦੇ ਹਨ ।
ਜਿਨ੍ਹਾਂ ਮਨੁੱਖਾਂ ਨੇ ਗੁਣ ਗ੍ਰਹਿਣ ਕਰ ਲਏ ਹਨ, ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਦਾ ਹੈ, ਪਰ ਜਿਨ੍ਹਾਂ ਨੇ ਅੌਗਣ ਵਿਹਾਝੇ ਹੋਏ ਹਨ, ਉਹਨਾਂ ਨੂੰ ਕਿਤੇ ਦੂਰ ਵੱਸਦਾ ਜਾਪਦਾ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਗੁਣਾਂ ਤੋਂ ਸੱਖਣੇ ਰਹਿੰਦੇ ਹਨ, ਉਹ ਪ੍ਰਭੂ ਦੇ ਨਾਮ ਤੋਂ ਬਿਨਾ (ਮਾਇਆ ਦੇ ਝੋਰਿਆਂ ਵਿਚ) ਝੁਰ ਝੁਰ ਕੇ ਆਤਮਕ ਮੌਤ ਸਹੇੜ ਲੈਂਦੇ ਹਨ ।੨।ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਸੁਣ ਕੇ ਮੰਨ ਲਿਆ ਹੈ (ਨਾਮ ਵਿਚ ਆਪਣਾ ਆਪ ਗਿਝਾ ਲਿਆ ਹੈ), ਉਹਨਾਂ ਨੇ ਆਪਣੇ ਮਨ ਵਿਚ ਉਸ ਹਰੀ ਨੂੰ (ਹਰ ਵੇਲੇ) ਸਿਮਰਿਆ ਹੈ ।
ਹਰ ਵੇਲੇ ਪ੍ਰਭੂ-ਭਗਤੀ ਵਿਚ ਰੰਗੇ ਹੋਏ ਬੰਦਿਆਂ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਸਰੀਰ (ਭੀ) ਪਵਿਤ੍ਰ ਹੋ ਜਾਂਦਾ ਹੈ ।
ਕਸੁੰਭੇ ਦਾ ਰੰਗ ਛੇਤੀ ਨਾਸ ਹੋ ਜਾਣ ਵਾਲਾ ਹੈ ਉਹ ਨਾਸ ਹੋ ਜਾਂਦਾ ਹੈ, (ਇਸੇ ਤ੍ਰਹਾਂ ਮਾਇਆ ਦਾ ਸਾਥ ਭੀ ਚਾਰ ਦਿਨਾਂ ਦਾ ਹੈ, ਉਹ ਸਾਥ ਟੁੱਟ ਜਾਂਦਾ ਹੈ, ਤੇ ਉਸ ਦੇ ਮੋਹ ਵਿਚ ਫਸਿਆ ਮਨੁੱਖ ਵਿਛੋੜੇ ਦਾ) ਦੁੱਖ ਦੁਖੀ ਹੋ ਹੋ ਕੇ ਫਰੋਲਦਾ ਹੈ ।
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (-ਰੂਪ) ਚਾਨਣ ਹੈ ਉਹ ਸਦਾ ਅਡੋਲ-ਚਿੱਤ ਰਹਿੰਦਾ ਹੈ ।੩ ।
ਇਹ ਕੀਮਤੀ ਮਨੁੱਖਾ ਜਨਮ ਹਾਸਲ ਕਰ ਕੇ (ਮੂਰਖ ਮਨੁੱਖ) ਸੁਰਤਿ ਜੋੜ ਕੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ; ਪਰ ਜਦੋਂ ਪੈਰ ਤਿਲਕ ਗਿਆ (ਜਦੋਂ ਸਰੀਰ ਢਹਿ ਪਿਆ) ਇੱਥੇ ਜਗਤ ਵਿਚ ਟਿਕਿਆ ਨਹੀਂ ਜਾ ਸਕੇਗਾ (ਨਾਮ ਤੋਂ ਸਖਣੇ ਰਹਿਣ ਕਰਕੇ) ਅਗਾਂਹ ਦਰਗਾਹ ਵਿਚ ਭੀ ਥਾਂ ਨਹੀਂ ਮਿਲਦਾ ।
(ਮੌਤ ਆਇਆਂ) ਸਿਮਰਨ ਦਾ ਸਮਾ ਮਿਲ ਨਹੀਂ ਸਕਦਾ, ਆਖ਼ਰ (ਮੂਰਖ ਜੀਵ) ਪਛੁਤਾਂਦਾ ਜਾਂਦਾ ਹੈ ।
ਜਿਸ ਮਨੁੱਖ ਉੱਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ ਉਹ ਪਰਮਾਤਮਾ (ਦੇ ਚਰਨਾਂ) ਵਿਚ ਸੁਰਤਿ ਜੋੜ ਕੇ (ਮਾਇਆ ਕਸੁੰਭੇ ਦੇ ਮੋਹ ਤੋਂ) ਬਚ ਜਾਂਦਾ ਹੈ ।੪ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈ, ਉਸ ਨੂੰ ਸਹੀ ਜੀਵਨ ਜੀਊਣ ਦੀ ਸਮਝ ਨਹੀਂ ਆਉਂਦੀ ।
(ਪਰ) ਗੁਰੂ ਦੇ ਸਨਮੁਖ ਹੋ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿ੍ਰਤ ਹੋ ਜਾਂਦਾ ਹੈ, ਉਹਨਾਂ ਦੀ ਘਾਲ-ਕਮਾਈ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੀ ਹੈ, ਉਹ ਮਨੁੱਖ ਹਰੀ ਦੇ ਗੁਣ ਗਾ ਕੇ ਹਰੀ ਦੇ ਚਰਨਾਂ ਵਿਚ ਲੀਨ ਹੋ ਕੇ ਨਿੱਤ ਹਰੀ ਦੇ ਗੁਣ ਗਾਂਦੇ ਹਨ ਤੇ ਪੜ੍ਹਦੇ ਹਨ ।
ਹੇ ਨਾਨਕ! ਜੇਹੜੇ ਮਨੁੱਖ ਪ੍ਰਭੂ ਦੇ ਨਾਮ ਵਿਚ ਸੁਰਤਿ ਜੋੜੀ ਰੱਖਦੇ ਹਨ, ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਉਹਨਾਂ ਦੀ ਜੀਭ ਤੇ ਸਦਾ ਚੜ੍ਹੀ ਰਹਿੰਦੀ ਹੈ ।੫।੪।੩੭ ।
Follow us on Twitter Facebook Tumblr Reddit Instagram Youtube