ਸਿਰੀਰਾਗੁ ਮਹਲਾ ੩ ਘਰੁ ੧ ॥
ਜਿਸ ਹੀ ਕੀ ਸਿਰਕਾਰ ਹੈ ਤਿਸ ਹੀ ਕਾ ਸਭੁ ਕੋਇ ॥
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥੧॥

ਮੇਰੇ ਰਾਮ ਮੈ ਹਰਿ ਬਿਨੁ ਅਵਰੁ ਨ ਕੋਇ ॥
ਸਤਗੁਰੁ ਸਚੁ ਪ੍ਰਭੁ ਨਿਰਮਲਾ ਸਬਦਿ ਮਿਲਾਵਾ ਹੋਇ ॥੧॥ ਰਹਾਉ ॥

ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥੨॥

ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥
ਲਖ ਚਉਰਾਸੀਹ ਭਰਮਦੇ ਭ੍ਰਮਿ ਭ੍ਰਮਿ ਹੋਇ ਖੁਆਰੁ ॥
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥੩॥

ਸਤਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥
ਪਾਰਸਿ ਪਰਸਿਐ ਪਾਰਸੁ ਹੋਇ ਜੋਤੀ ਜੋਤਿ ਸਮਾਇ ॥
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥੪॥

ਮਨ ਭੁਖਾ ਭੁਖਾ ਮਤ ਕਰਹਿ ਮਤ ਤੂ ਕਰਹਿ ਪੂਕਾਰ ॥
ਲਖ ਚਉਰਾਸੀਹ ਜਿਨਿ ਸਿਰੀ ਸਭਸੈ ਦੇਇ ਅਧਾਰੁ ॥
ਨਿਰਭਉ ਸਦਾ ਦਇਆਲੁ ਹੈ ਸਭਨਾ ਕਰਦਾ ਸਾਰ ॥
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥੫॥੩॥੩੬॥

Sahib Singh
ਸਿਰਕਾਰ = ਰਾਜ ।
ਸਭੁ ਕੋਇ = ਹਰੇਕ ਜੀਵ ।
ਗੁਰਮੁਖਿ = ਗੁਰੂ ਦੇ ਸਨਮੁਖ ਹੋ ਕੇ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਘਟਿ = ਹਿਰਦੇ ਵਿਚ ।
ਸੋਇ = ਸੋਭਾ ।
ਸਚੇ ਸੋਇ = ਸੱਚੇ ਦੀ ਸੋਭਾ, ਸਦਾ-ਥਿਰ ਪ੍ਰਭੂ ਦਾ ਰੂਪ ਹੋ ਚੁਕੇ ਬੰਦੇ ਦੀ ਸੋਭਾ ।
ਸਚਿ = ਸਦਾ = ਥਿਰ ਪ੍ਰਭੂ ਵਿਚ ।
ਨਿਜ ਘਰਿ = ਆਪਣੇ ਘਰ ਵਿਚ, ਆਪਣੇ ਆਤਮਾ ਵਿਚ (ਭਾਵ, ਬਾਹਰ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ) ।੧ ।
ਮੈ = ਮੇਰੇ ਵਾਸਤੇ, ਮੇਰਾ ।
ਸਬਦਿ = ਸਬਦ ਦੀ ਰਾਹੀਂ ।੧।ਰਹਾਉ ।
ਨਉ = ਨੂੰ ।
ਆਪੇ = (ਪ੍ਰਭੂ) ਆਪ ਹੀ ।
ਭਾਇ = ਪਿਆਰ ਵਿਚ ।
ਦੂਜੈ ਭਾਇ = ਪ੍ਰਭੂ ਤੋਂ ਬਿਨਾ ਕਿਸੇ ਹੋਰ ਦੇ ਪਿਆਰ ਵਿਚ ।
ਆਵੈ ਜਾਇ = ਜੰਮਦਾ ਮਰਦਾ ਹੈ ।
ਇਕੁ = ਪਰਮਾਤਮਾ ਹੀ ।
ਨਾਮਿ = ਨਾਮ ਵਿਚ ।੨ ।
ਜੋਤਕੀ = ਜੋਤਸ਼ੀ ।
ਵਾਦ = ਝਗੜੇ, ਬਹਸਾਂ ।
ਵਾਦ ਵੀਚਾਰੁ = ਬਹਸਾਂ ਦੀ ਵਿਚਾਰ ।
ਭਵੀ = ਭੋਂ ਜਾਂਦੀ ਹੈ, ਕੁਰਾਹੇ ਪੈ ਜਾਂਦੀ ਹੈ ।
ਨ ਬੁਝਈ = ਉਹ ਸਮਝਦੇ ਨਹੀਂ ਹਨ ।
ਭ੍ਰਮਿ = ਭਟਕ ਕੇ ।
ਹੋਇ ਖੁਆਰੁ = ਖ਼ੁਆਰ ਹੋ ਹੋ ਕੇ ।
ਪੂਰਬਿ = ਪਹਿਲੇ ਕੀਤੇ ਅਨੁਸਾਰ ।੩ ।
ਗਾਖੜੀ = ਅੌਖੀ, ਕਠਨ ।
ਦੀਜੈ = ਦੇਣਾ ਪੈਂਦਾ ਹੈ ।
ਆਪੁ = ਆਪਾ = ਭਾਵ ।
ਗਵਾਇ = ਗਵਾ ਕੇ, ਦੂਰ ਕਰਕੇ ।
ਥਾਇ ਪਵੈ = ਥਾਂ ਸਿਰ ਪੈਂਦੀ ਹੈ, ਕਬੂਲ ਹੁੰਦੀ ਹੈ ।
ਪਾਰਸਿ ਪਰਸਿਐ = ਜੇ ਪਾਰਸ ਨੂੰ ਛੁਹ ਲਈਏ ।
ਪਾਰਸਿ = ਪਾਰਸ ਦੀ ਰਾਹੀਂ ।
ਪਰਸਿਐ = ਪਰਸੇ ਹੋਏ ਦੀ ਰਾਹੀਂ ।
ਪਾਰਸ = ਉਹ ਪੱਥਰੀ ਜੋ ਸਭ ਧਾਤਾਂ ਨੂੰ ਆਪਣੀ ਛੁਹ ਨਾਲ ਸੋਨਾ ਬਣਾ ਦੇਣ ਵਾਲੀ ਮੰਨੀ ਜਾਂਦੀ ਹੈ ।
ਜੋਤੀ = ਪਰਮਾਤਮਾ ਦੀ ਜੋਤਿ ਵਿਚ ।
ਸਮਾਇ = ਲੀਨ ਹੋ ਜਾਂਦੀ ਹੈ ।੪ ।
ਮਨ = ਹੇ ਮਨ !
ਮਤ ਕਰਹਿ = ਨਾਹ ਕਰੀਂ ।
ਪੁਕਾਰ = ਸ਼ਿਕੈਤ, ਗਿਲਾ = ਗੁਜ਼ਾਰੀ ।
ਜਿਨਿ = ਜਿਸ (ਪ੍ਰਭੂ) ਨੇ ।
ਸਿਰੀ = ਪੈਦਾ ਕੀਤੀ ਹੈ ।
ਸਭਸੈ = ਹਰੇਕ ਜੀਵ ਨੂੰ ।
ਦੇਇ = ਦੇਂਦਾ ਹੈ ।
ਅਧਾਰੁ = ਆਸਰਾ, ਰੋਜ਼ੀ ।
ਸਾਰ = ਸੰਭਾਲ ।
ਮੋਖ ਦੁਆਰੁ = ਵਿਕਾਰਾਂ ਤੋਂ ਖ਼ਲਾਸੀ ਦਾ ਦਰਵਾਜ਼ਾ ।੫ ।
    
Sahib Singh
ਹੇ ਮੇਰੇ ਰਾਮ! ਪ੍ਰਭੂ ਤੋਂ ਬਿਨਾ ਮੇਰਾ ਹੋਰ ਕੋਈ ਆਸਰਾ ਨਹੀਂ ਹੈ ।
(ਹੇ ਭਾਈ!) ਉਸ ਪ੍ਰਭੂ ਦੇ ਨਾਲ ਮਿਲਾਪ ਉਸ ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਹੋ ਸਕਦਾ ਹੈ ਜੋ ਪਵਿਤ੍ਰ ਸਰੂਪ ਹੈ ਤੇ ਜੋ ਸਦਾ-ਥਿਰ ਪ੍ਰਭੂ ਦਾ ਰੂਪ ਹੈ ।੧।ਰਹਾਉ ।
(ਜਿਸ ਦੇਸ ਵਿਚ) ਜਿਸ (ਬਾਦਸ਼ਾਹ) ਦੀ ਹਕੂਮਤ ਹੋਵੇ (ਉਸ ਦੇਸ ਦਾ) ਹਰੇਕ ਜੀਵ ਉਸੇ (ਬਾਦਸ਼ਾਹ) ਦਾ ਹੋ ਕੇ ਰਹਿੰਦਾ ਹੈ (ਇਸੇ ਤ੍ਰਹਾਂ ਜੇ) ਗੁਰੂ ਦੇ ਸਨਮੁਖ ਹੋ ਕੇ ਕਾਰ ਕੀਤੀ ਜਾਏ ਤਾਂ ਸਦਾ-ਥਿਰ ਰਹਿਣ ਵਾਲਾ ਪ੍ਰਭੂ ਹਿਰਦੇ ਵਿਚ ਪਰਗਟ ਹੋ ਜਾਂਦਾ ਹੈ ।
(ਤੇ ਗੁਰੂ ਦੇ ਸਨਮੁਖ ਹੋ ਕੇ) ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਪਰਗਟ ਹੋ ਜਾਏ ਉਹ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਤੇ ਉਹ ਸਦਾ-ਥਿਰ ਸੋਭਾ ਪਾਂਦਾ ਹੈ ।
ਜੇਹੜੇ ਬੰਦੇ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ, ਉਹ ਉਸ ਤੋਂ ਮੁੜ ਕਦੇ ਵਿੱਛੁੜਦੇ ਨਹੀਂ, ਉਹਨਾਂ ਦਾ ਨਿਵਾਸ ਸਦਾ ਆਪਣੇ ਅੰਤਰ ਆਤਮੇ ਵਿਚ ਰਹਿੰਦਾ ਹੈ ।੧ ।
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਪਰ ਉਹੀ ਮਨੁੱਖ ਮਿਲਦਾ ਹੈ) ਜਿਸ ਨੂੰ ਪਰਮਾਤਮਾ ਆਪ ਹੀ (ਆਪਣੇ ਚਰਨਾਂ ਵਿਚ) ਮਿਲਾਂਦਾ ਹੈ ।
(ਪ੍ਰਭੂ ਨੂੰ ਵਿਸਾਰ ਕੇ) ਕਿਸੇ ਹੋਰ (ਮਾਇਆ ਆਦਿਕ) ਦੇ ਪਿਆਰ ਵਿਚ ਰਿਹਾਂ ਕੋਈ ਮਨੁੱਖ ਪਰਮਾਤਮਾ ਨੂੰ ਨਹੀਂ ਮਿਲ ਸਕਦਾ, ਉਹ ਤਾਂ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ ।
(ਭਾਵੇਂ) ਸਭ ਜੀਵਾਂ ਵਿਚ ਪਰਮਾਤਮਾ ਹੀ ਵੱਸਦਾ ਹੈ, ਤੇ ਹਰ ਥਾਂ ਪਰਮਾਤਮਾ ਹੀ ਮੌਜੂਦ ਹੈ, ਫਿਰ ਭੀ ਉਹੀ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਉਸ ਦੇ ਨਾਮ ਵਿਚ ਲੀਨ ਹੁੰਦਾ ਹੈ ਜਿਸ ਉੱਤੇ ਪ੍ਰਭੂ ਆਪ ਦਇਆਵਾਨ ਹੋਵੇ ।੨।ਪੰਡਿਤ ਤੇ ਜੋਤਸ਼ੀ ਲੋਕ (ਸ਼ਾਸਤਰ) ਪੜ੍ਹ ਪੜ੍ਹ ਕੇ (ਨਿਰੀਆਂ) ਬਹਸਾਂ ਦਾ ਹੀ ਵਿਚਾਰ ਕਰਦੇ ਹਨ, (ਇਸ ਤ੍ਰਹਾਂ) ਉਹਨਾਂ ਦੀ ਮਤਿ ਉਹਨਾਂ ਦੀ ਅਕਲ ਕੁਰਾਹੇ ਪੈ ਜਾਂਦੀ ਹੈ, ਉਹ (ਜੀਵਨ ਦੇ ਸਹੀ ਰਸਤੇ ਨੂੰ) ਨਹੀਂ ਸਮਝਦੇ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ (ਪ੍ਰਬਲ ਹੁੰਦਾ) ਹੈ; ਉਹ (ਮਾਇਆ ਪਿੱਛੇ) ਭਟਕ ਭਟਕ ਕੇ (ਲੋਭ-ਲਹਰ ਵਿਚ) ਖ਼ੁਆਰ ਹੋ ਹੋ ਕੇ ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦੇ ਰਹਿੰਦੇ ਹਨ ।
ਪਰ ਉਹਨਾਂ ਦੇ ਭੀ ਕੀਹ ਵੱਸ ?
ਪੂਰਬਲੇ ਜੀਵਨ ਵਿਚ ਕੀਤੇ ਕਰਮਾਂ ਦੇ ਉਕਰੇ ਸੰਸਕਾਰਾਂ ਅਨੁਸਾਰ ਹੀ ਕਮਾਈ ਕਰੀਦੀ ਹੈ, ਕੋਈ (ਆਪਣੇ ਉੱਦਮ ਨਾਲ ਉਹਨਾਂ ਸੰਸਕਾਰਾਂ ਨੂੰ) ਮਿਟਾ ਨਹੀਂ ਸਕਦਾ ।੩ ।
(ਇਹ ਸੰਸਕਾਰ ਮਿਟਦੇ ਹਨ ਗੁਰੂ ਦੀ ਸਰਨ ਪਿਆਂ, ਪਰ) ਗੁਰੂ ਦੀ ਦੱਸੀ ਸੇਵਾ ਬੜੀ ਅੌਖੀ ਹੈ, ਆਪਾ-ਭਾਵ ਗਵਾ ਕੇ ਸਿਰ ਦੇਣਾ ਪੈਂਦਾ ਹੈ ।
ਜਦੋਂ ਕੋਈ ਜੀਵ ਗੁਰੂ ਦੇ ਸ਼ਬਦ ਵਿਚ ਜੁੜਦੇ ਹਨ, ਤਾਂ ਉਹਨਾਂ ਨੂੰ ਪਰਮਾਤਮਾ ਮਿਲ ਪੈਂਦਾ ਹੈ, ਉਹਨਾਂ ਦੀ ਸੇਵਾ ਕਬੂਲ ਹੋ ਜਾਂਦੀ ਹੈ ।
(ਗੁਰੂ-) ਪਾਰਸ ਨੂੰ ਮਿਲਿਆਂ ਪਾਰਸ ਹੀ ਹੋ ਜਾਈਦਾ ਹੈ ।
(ਗੁਰੂ ਦੀ ਸਹੈਤਾ ਨਾਲ) ਪਰਮਾਤਮਾ ਦੀ ਜੋਤਿ ਵਿਚ ਮਨੁੱਖ ਦੀ ਜੋਤਿ ਮਿਲ ਜਾਂਦੀ ਹੈ ।
ਪਰ ਗੁਰੂ ਭੀ ਉਹਨਾਂ ਨੂੰ ਹੀ ਮਿਲਦਾ ਹੈ, ਜਿਹਨਾਂ ਦੇ ਭਾਗਾਂ ਵਿਚ ਧੁਰੋਂ (ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਹੋਵੇ ।੪ ।
ਹੇ (ਮੇਰੇ) ਮਨ! ਹਰ ਵੇਲੇ ਤ੍ਰਿਸ਼ਨਾ ਦੇ ਅਧੀਨ ਨਾਹ ਟਿਕਿਆ ਰਹੁ, ਤੇ ਗਿਲੇ-ਗੁਜ਼ਾਰੀ ਨਾਹ ਕਰਦਾ ਰਹੁ ।
ਜਿਸ ਪਰਮਾਤਮਾ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਉਹ ਹਰੇਕ ਜੀਵ ਨੂੰ (ਰੋਜ਼ੀ ਦਾ) ਆਸਰਾ (ਭੀ) ਦੇਂਦਾ ਹੈ ।
ਉਹ ਪ੍ਰਭੂ ਜਿਸ ਨੂੰ ਕਿਸੇ ਦਾ ਡਰ ਨਹੀਂ ਤੇ ਜੋ ਦਇਆ ਦਾ ਸੋਮਾ ਹੈ ਸਭ ਜੀਵਾਂ ਦੀ ਸੰਭਾਲ ਕਰਦਾ ਹੈ ।
ਹੇ ਨਾਨਕ! ਗੁਰੂ ਦੀ ਸਰਨ ਪਿਆਂ ਇਹ ਸਮਝ ਆਉਂਦੀ ਹੈ, ਤੇ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭਦਾ ਹੈ ।੫।੩।੩੬ ।
Follow us on Twitter Facebook Tumblr Reddit Instagram Youtube