ਸਿਰੀਰਾਗੁ ਮਹਲਾ ੩ ॥
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥੧॥

ਮਨ ਰੇ ਗ੍ਰਿਹ ਹੀ ਮਾਹਿ ਉਦਾਸੁ ॥
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥੧॥ ਰਹਾਉ ॥

ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥੨॥

ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥
ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥੩॥

ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥੪॥

ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥
ਜਨੁ ਨਾਨਕੁ ਜੀਵੈ ਨਾਮੁ ਲੈ ਹਰਿ ਦੇਵਹੁ ਸਹਜਿ ਸੁਭਾਇ ॥੫॥੨॥੩੫॥

Sahib Singh
ਭੇਖ ਕਰਿ = ਧਾਰਮਿਕ ਪਹਿਰਾਵੇ ਪਹਿਨ ਕੇ ।
ਕਰਿ = ਕਰ ਕੇ ।
ਭਰਮਾਈਐ = ਭਟਕਣਾ ਵਿਚ ਪੈ ਜਾਈਦਾ ਹੈ ।
ਮਨਿ = ਮਨ ਵਿਚ ।
ਹਿਰਦੈ = ਹਿਰਦੇ ਵਿਚ ।
ਕਪਟੁ = ਧੋਖਾ ।
ਕਮਾਇ = ਕਮਾ ਕੇ, ਕਰ ਕੇ ।
ਮਹਲੁ = ਟਿਕਾਣਾ ।
ਪਾਵਈ = ਪਾਵੈ, ਪ੍ਰਾਪਤ ਕਰਦਾ ਹੈ, ਲੱਭ ਲੈਂਦਾ ਹੈ ।
ਮਰਿ = (ਆਤਮਕ ਮੌਤੇ) ਮਰ ਕੇ, ਆਤਮਕ ਮੌਤ ਸਹੇੜ ਕੇ ।
ਵਿਸਟਾ ਮਾਹਿ = ਗੰਦ ਵਿਚ, ਵਿਕਾਰਾਂ ਦੇ ਗੰਦ ਵਿਚ ।੧ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਸੰਜਮੁ = ਵਿਕਾਰਾਂ ਵਲੋਂ ਪਰਹੇਜ਼ ।
ਕਰਣੀ = ਕਰਤੱਬ, ਕਰਨ = ਜੋਗ ਕੰਮ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਪਰਗਾਸੁ = (ਆਤਮਕ) ਚਾਨਣ, ਸੂਝ ।੧।ਰਹਾਉ ।
ਸਬਦਿ = ਸ਼ਬਦ ਦੀ ਰਾਹੀਂ ।
ਗਤਿ = ਉੱਚੀ ਆਤਮਕ ਅਵਸਥਾ ।
ਮੁਕਤਿ = ਵਿਕਾਰਾਂ ਤੋਂ ਖ਼ਲਾਸੀ ।
ਘਰੈ = ਘਰ ਹੀ ।
ਘਰੈ ਮਹਿ = ਘਰ ਹੀ ਮਹਿ ।
ਮੇਲਿ = ਮੇਲ ਵਿਚ, ਇਕੱਠ ਵਿਚ ।
ਮਿਲਾਇ = ਮਿਲਿ, ਮਿਲ ਕੇ ।੨ ।
ਨਵਖੰਡ ਰਾਜੁ = ਸਾਰੀ ਧਰਤੀ ਦਾ ਰਾਜ ।
ਨ ਪਾਵਹੀ = ਤੂੰ ਨਹੀਂ ਪ੍ਰਾਪਤ ਕਰੇਂਗਾ ।੩ ।
ਕੰਠਿ = ਗਲ ਵਿਚ, ਲਾਇ—ਲਾ ਕੇ ।
ਰਿਧਿ ਸਿਧਿ = ਕਰਾਮਾਤੀ ਤਾਕਤ ।
ਤਿਲੁ = ਰਤਾ ਭਰ ।
ਤਮਾਇ = ਤਮਹ, ਲਾਲਚ ।੪ ।
ਪ੍ਰਭ ਭਾਵੈ = ਹੇ ਪ੍ਰਭੂ !
    ਤੈਨੂੰ ਭਾਵੈ ।
ਜੀਵੈ = ਆਤਮਕ ਜੀਵਨ ਪ੍ਰਾਪਤ ਕਰ ਸਕੇ ।
ਹਰਿ = ਹੇ ਹਰੀ !
ਸਹਜਿ = ਆਤਮਕ ਅਡੋਲਤਾ ਵਿਚ ।
ਸੁਭਾਇ = ਪ੍ਰੇਮ ਵਿਚ ।੪ ।
    
Sahib Singh
ਹੇ (ਮੇਰੇ) ਮਨ! ਗਿ੍ਰਹਸਤ ਵਿਚ (ਰਹਿੰਦਾ ਹੋਇਆ) ਹੀ (ਮਾਇਆ ਦੇ ਮੋਹ ਵਲੋਂ) ਨਿਰਲੇਪ (ਰਹੁ) ।
(ਪਰ ਜਿਸ ਮਨੁੱਖ ਦੇ ਹਿਰਦੇ ਵਿਚ) ਗੁਰੂ ਦੀ ਸਰਨ ਪੈ ਕੇ ਸੂਝ ਪੈਦਾ ਹੁੰਦੀ ਹੈ ਉਹ ਮਨੁੱਖ (ਹੀ) ਸਦਾ-ਥਿਰ ਪ੍ਰਭੂ-ਨਾਮ ਸਿਮਰਨ ਦੀ ਕਮਾਈ ਕਰਦਾ ਹੈ, ਤੇ ਵਿਕਾਰਾਂ ਵਲੋਂ ਸੰਕੋਚ ਕਰਦਾ ਹੈ (ਇਸ ਵਾਸਤੇ, ਹੇ ਮਨ! ਗੁਰੂ ਦੀ ਸਰਨ ਪੈ ਕੇ ਇਹ ਕਰਨ-ਜੋਗ ਕੰਮ ਕਰਨ ਦੀ ਜਾਚ ਸਿੱਖ) ।੧।ਰਹਾਉ ।
ਬਹੁਤੇ ਧਾਰਮਿਕ ਪਹਿਰਾਵੇ ਪਹਿਨ ਕੇ (ਦੂਜਿਆਂ ਨੂੰ ਠੱਗਣ ਲਈ ਆਪਣੇ) ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ (ਆਪ ਹੀ) ਭਟਕਣਾ ਵਿਚ ਪੈ ਜਾਈਦਾ ਹੈ ।
(ਜੇਹੜਾ ਮਨੁੱਖ ਇਹ ਵਿਖਾਵਾ ਠੱਗੀ ਕਰਦਾ ਹੈ ਉਹ)ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦਾ, (ਉਹ ਸਗੋਂ) ਆਤਮਕ ਮੌਤ ਸਹੇੜ ਕੇ (ਠੱਗੀ ਆਦਿਕ ਵਿਕਾਰਾਂ ਦੇ) ਗੰਦ ਵਿਚ ਫਸਿਆ ਰਹਿੰਦਾ ਹੈ ।੧ ।
ਜਿਸ ਮਨੁੱਖ ਨੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ ਹੈ, ਉਹ ਗਿ੍ਰਹਸਤ ਵਿਚ ਰਹਿੰਦਿਆਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ, ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ ।
(ਇਸ ਵਾਸਤੇ, ਹੇ ਮਨ!) ਸਾਧ ਸੰਗਤਿ ਦੇ ਇਕੱਠ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ।੨ ।
(ਹੇ ਭਾਈ!) ਜੇ ਤੂੰ (ਕਾਮ-ਵਾਸਨਾ ਪੂਰੀ ਕਰਨ ਲਈ) ਲੱਖ ਇਸਤ੍ਰੀਆਂ ਭੀ ਭੋਗ ਲਏਂ, ਜੇ ਤੂੰ ਸਾਰੀ ਧਰਤੀ ਦਾ ਰਾਜ ਭੀ ਕਰ ਲਏਂ, ਤਾਂ ਭੀ ਸਤਿਗੁਰ ਦੀ ਸਰਨ ਤੋਂ ਬਿਨਾ ਆਤਮਕ ਸੁਖ ਨਹੀਂ ਲੱਭ ਸਕੇਂਗਾ, (ਸਗੋਂ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ।੩ ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦੇ ਨਾਮ-ਸਿਮਰਨ ਦਾ ਹਾਰ ਆਪਣੇ ਗਲ ਵਿਚ ਪਹਿਨ ਲਿਆ ਹੈ, ਕਰਾਮਾਤੀ ਤਾਕਤ ਉਹਨਾਂ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ, ਪਰ ਉਹਨਾਂ ਨੂੰ ਉਸ ਦਾ ਰਤਾ ਭਰ ਭੀ ਲਾਲਚ ਨਹੀਂ ਹੁੰਦਾ ।੪ ।
(ਪਰ ਅਸਾਂ ਜੀਵਾਂ ਦੇ ਕੀਹ ਵੱਸ?) ਹੇ ਪ੍ਰਭੂ! ਜੋ ਕੁਝ ਤੈਨੂੰ ਚੰਗਾ ਲੱਗਦਾ ਹੈ ਉਹੀ ਹੁੰਦਾ ਹੈ, (ਤੇਰੀ ਮਰਜ਼ੀ ਤੋਂ ਲਾਂਭੇ) ਹੋਰ ਕੁਝ ਕੀਤਾ ਨਹੀਂ ਜਾ ਸਕਦਾ ।
ਹੇ ਹਰੀ! (ਮੈਨੂੰ) ਆਪਣਾ ਨਾਮ ਬਖ਼ਸ਼, ਤਾਕਿ ਆਤਮਕ ਅਡੋਲਤਾ ਵਿਚ ਟਿਕ ਕੇ, ਤੇਰੇ ਪ੍ਰੇਮ ਵਿਚ ਜੁੜ ਕੇ (ਤੇਰਾ) ਦਾਸ ਨਾਨਕ (ਤੇਰਾ) ਨਾਮ ਸਿਮਰ ਕੇ ਆਤਮਕ ਜੀਵਨ ਪ੍ਰਾਪਤ ਕਰ ਸਕੇ ।੫।੨।੩੫ ।
Follow us on Twitter Facebook Tumblr Reddit Instagram Youtube