ਸਿਰੀਰਾਗੁ ਮਹਲਾ ੧ ਘਰੁ ੪ ॥
ਏਕੁ ਸੁਆਨੁ ਦੁਇ ਸੁਆਨੀ ਨਾਲਿ ॥
ਭਲਕੇ ਭਉਕਹਿ ਸਦਾ ਬਇਆਲਿ ॥
ਕੂੜੁ ਛੁਰਾ ਮੁਠਾ ਮੁਰਦਾਰੁ ॥
ਧਾਣਕ ਰੂਪਿ ਰਹਾ ਕਰਤਾਰ ॥੧॥

ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥
ਹਉ ਬਿਗੜੈ ਰੂਪਿ ਰਹਾ ਬਿਕਰਾਲ ॥
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥
ਮੈ ਏਹਾ ਆਸ ਏਹੋ ਆਧਾਰੁ ॥੧॥ ਰਹਾਉ ॥

ਮੁਖਿ ਨਿੰਦਾ ਆਖਾ ਦਿਨੁ ਰਾਤਿ ॥
ਪਰ ਘਰੁ ਜੋਹੀ ਨੀਚ ਸਨਾਤਿ ॥
ਕਾਮੁ ਕ੍ਰੋਧੁ ਤਨਿ ਵਸਹਿ ਚੰਡਾਲ ॥
ਧਾਣਕ ਰੂਪਿ ਰਹਾ ਕਰਤਾਰ ॥੨॥

ਫਾਹੀ ਸੁਰਤਿ ਮਲੂਕੀ ਵੇਸੁ ॥
ਹਉ ਠਗਵਾੜਾ ਠਗੀ ਦੇਸੁ ॥
ਖਰਾ ਸਿਆਣਾ ਬਹੁਤਾ ਭਾਰੁ ॥
ਧਾਣਕ ਰੂਪਿ ਰਹਾ ਕਰਤਾਰ ॥੩॥

ਮੈ ਕੀਤਾ ਨ ਜਾਤਾ ਹਰਾਮਖੋਰੁ ॥
ਹਉ ਕਿਆ ਮੁਹੁ ਦੇਸਾ ਦੁਸਟੁ ਚੋਰੁ ॥
ਨਾਨਕੁ ਨੀਚੁ ਕਹੈ ਬੀਚਾਰੁ ॥
ਧਾਣਕ ਰੂਪਿ ਰਹਾ ਕਰਤਾਰ ॥੪॥੨੯॥

Sahib Singh
ਸੁਆਨੁ = ਕੁੱਤਾ, ਲੋਭ ।
ਦੁਇ = ਦੇ ।
ਸੁਆਨੀ = ਕੁੱਤੀਆਂ (ਆਸਾ, ਤ੍ਰਿਸ਼ਨਾ) ।
ਭਲਕੇ = ਨਿੱਤ ।
ਬਇਆਲਿ = ਸਵੇਰੇ ।
ਕੂੜੁ = ਝੂਠ ।
ਮੁਠਾ = ਮੁੱਠਾ, ਮਾਇਆ ਵਿਚ ਠੱਗਿਆ ਜਾ ਰਿਹਾ ਹਾਂ ।
ਧਾਣਕ = ਸਾਂਹਸੀ ।
ਰੂਪਿ = ਰੂਪ ਵਾਲਾ, ਵੇਸ ਵਾਲਾ ।੧ ।
ਪੰਦਿ = ਨਸੀਹਤ, ਸਿੱਖਿਆ ।
ਕਰਣੀ ਕੀ ਕਾਰ = ਜੇਹੜੀ ਕਾਰ ਕਰਨੀ ਚਾਹੀਦੀ ਹੈ, ਚੰਗੀ ਕਰਣੀ ।
ਬਿਕਰਾਲ = ਡਰਾਉਣਾ ।
ਆਧਾਰੁ = ਆਸਰਾ ।੧।ਰਹਾਉ ।
ਮੁਖਿ = ਮੂੰਹ ਨਾਲ ।
ਪਰ ਘਰੁ = ਪਰਾਇਆ ਘਰ ।
ਜੋਹੀ = ਜੋਹੀਂ, ਮੈਂ ਤੱਕਦਾ ਹਾਂ ।
ਸਨਾਤਿ = ਨੀਵੇਂ ਅਸਲੇ ਵਾਲਾ ।
ਤਨਿ = ਤਨ ਵਿਚ, ਸਰੀਰ ਵਿਚ ।੨ ।
ਸੁਰਤਿ = ਧਿਆਨ ।
ਫਾਹੀ ਸੁਰਤਿ = ਧਿਆਨ ਇਸ ਪਾਸੇ ਹੈ ਕਿ ਲੋਕਾਂ ਨੂੰ ਫਸਾ ਲਵਾਂ ।
ਮਲੂਕੀ ਵੇਸੁ = ਫ਼ਰਿਸ਼ਤਿਆਂ ਵਾਲਾ ਬਾਣਾ, ਫ਼ਕੀਰਾਂ ਵਾਲਾ ਲਿਬਾਸ ।
ਠਗ ਵਾੜਾ = ਠੱਗੀ ਦਾ ਅੱਡਾ ।
ਠਗੀ = ਠੱਗੀਂ, ਮੈਂ ਠੱਗਦਾ ਹਾਂ ।
ਖਰਾ = ਬਹੁਤ ।
ਭਾਰੁ = ਪਾਪਾਂ ਦਾ ਬੋਝ ।੩ ।
ਹਰਾਮਖੋਰੁ = ਪਰਾਇਆ ਹੱਕ ਖਾਣ ਵਾਲਾ ।
ਹਉ = ਮੈਂ ।
ਕਿਆ ਮੁਹੁ ਦੇਸਾ = (ਦੇਸਾਂ) ਮੈਂ ਕੀਹ ਮੂੰਹ ਦਿਆਂਗਾ, ਮੈਂ ਕੇਹੜੇ ਮੂੰਹ ਤੇਰੇ ਸਾਹਮਣੇ ਹਾਜ਼ਰ ਹੋਵਾਂਗਾ ?
    ਤੇਰੇ ਸਾਹਮਣੇ ਪੇਸ਼ ਹੁੰਦਿਆਂ ਮੈਨੂੰ ਬੜੀ ਸ਼ਰਮ ਆਵੇਗੀ ।
ਨੀਚੁ = ਮੰਦ = ਕਰਮੀ ।
ਕਰਤਾਰ = ਹੇ ਕਰਤਾਰ!੪ ।
    
Sahib Singh
ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਰਹਿੰਦਾ ਹਾਂ, ਮੇਰੇ ਨਾਲ ਇਕ ਕੁੱਤਾ (ਲੋਭ) ਹੈ, ਦੋ ਕੁੱਤੀਆਂ (ਆਸਾ, ਤ੍ਰਿਸ਼ਨਾ) ਹਨ, (ਮੇਰੇ ਹੱਥ ਵਿਚ) ਝੂਠ ਛੁਰਾ ਹੈ, ਮੈਂ ਮਾਇਆ ਵਿਚ ਠੱਗਿਆ ਜਾ ਰਿਹਾ ਹਾਂ (ਤੇ ਪਰਾਇਆ ਹੱਕ) ਮੁਰਦਾਰ (ਖਾਂਦਾ ਹਾਂ) ।੧ ।
ਹੇ ਪਤਿ-ਪ੍ਰਭੂ! ਨਾਹ ਮੈਂ ਤੇਰੀ ਨਸੀਹਤ ਤੇ ਤੁਰਦਾ ਹਾਂ, ਨਾਹ ਮੇਰੀ ਕਰਣੀ ਚੰਗੀ ਹੈ, ਮੈਂ ਸਦਾ ਡਰਾਉਣੇ ਵਿਗੜੇ ਰੂਪ ਵਾਲਾ ਬਣਿਆ ਰਹਿੰਦਾ ਹਾਂ ।
ਮੈਨੂੰ ਹੁਣ ਸਿਰਫ਼ ਇਹੀ ਆਸ ਹੈ ਇਹੋ ਆਸਰਾ ਹੈ ਕਿ ਤੇਰਾ ਜੇਹੜਾ ਨਾਮ ਸਾਰੇ ਸੰਸਾਰ ਨੂੰ ਪਾਰ ਲੰਘਾਂਦਾ ਹੈ (ਉਹ ਮੈਨੂੰ ਭੀ ਪਾਰ ਲੰਘਾ ਲਏਗਾ) ।੧।ਰਹਾਉ ।
ਮੈਂ ਦਿਨੇ ਰਾਤ ਮੂੰਹੋਂ (ਦੂਜਿਆਂ ਦੀ) ਨਿੰਦਾ ਕਰਦਾ ਰਹਿੰਦਾ ਹਾਂ, ਮੈਂ ਨੀਚ ਤੇ ਨੀਵੇਂ ਅਸਲੇ ਵਾਲਾ ਹੋ ਗਿਆ ਹਾਂ, ਪਰਾਇਆ ਘਰ ਤੱਕਦਾ ਹਾਂ ।
ਮੇਰੇ ਸਰੀਰ ਵਿਚ ਕਾਮ ਤੇ ਕ੍ਰੋਧ ਚੰਡਾਲ ਵੱਸ ਰਹੇ ਹਨ, ਹੇ ਕਰਤਾਰ! ਮੈਂ ਸਾਂਹਸੀਆਂ ਵਾਲੇ ਰੂਪ ਵਿਚ ਤੁਰਿਆ ਫਿਰਦਾ ਹਾਂ ।੨ ।
ਮੇਰਾ ਧਿਆਨ ਇਸ ਪਾਸੇ ਰਹਿੰਦਾ ਹੈ ਕਿ ਲੋਕਾਂ ਨੂੰ ਕਿਸੇ ਠੱਗੀ ਵਿਚ ਫਸਾਵਾਂ, ਪਰ ਮੈਂ ਫ਼ਕੀਰਾਂ ਵਾਲਾ ਲਿਬਾਸ ਪਾਇਆ ਹੋਇਆ ਹੈ, ਮੈਂ ਠੱਗੀ ਦਾ ਅੱਡਾ ਬਣਿਆ ਹੋਇਆ ਹਾਂ, ਦੇਸ ਨੂੰ ਠੱਗ ਰਿਹਾ ਹਾਂ ।
(ਜਿਉੇਂ ਜਿੳੇੁਂ) ਮੈ ਬਹੁਤਾ ਸਿਆਣਾ ਬਣਦਾ ਹਾਂ ਪਾਪਾਂ ਦਾ ਹੋਰ ਹੋਰ ਭਾਰ (ਆਪਣੇ ਸਿਰ ਉੱਤੇ ਚੁੱਕਦਾ ਜਾਂਦਾ ਹਾਂ) ।
ਹੇ ਕਰਤਾਰ! ਮੈਂ ਸਾਂਹਸੀਆਂ ਵਾਲਾ ਰੂਪ ਧਾਰੀ ਬੈਠਾ ਹਾਂ ।੩ ।
ਹੇ ਕਰਤਾਰ! ਮੈਂ ਤੇਰੀਆਂ ਦਾਤਾਂ ਦੀ ਕਦਰ ਨਹੀਂ ਪਛਾਣੀ, ਮੈਂ ਪਰਾਇਆ ਹੱਕ ਖਾਂਦਾ ਹਾਂ ।
ਮੈਂ ਵਿਕਾਰੀ ਹਾਂ, ਮੈਂ (ਤੇਰਾ) ਚੋਰ ਹਾਂ, ਤੇਰੇ ਸਾਹਮਣੇ ਮੈਂ ਕਿਸ ਮੂੰਹ ਹਾਜ਼ਰ ਹੋਵਾਂਗਾ ?
ਮੰਦ-ਕਰਮੀ ਨਾਨਕ ਇਹੀ ਗੱਲ ਆਖਦਾ ਹੈ—ਹੇ ਕਰਤਾਰ! ਮੈਂ ਤਾਂ ਸਾਂਹਸੀ-ਰੂਪ ਵਿਚ ਜੀਵਨ ਬਤੀਤ ਕਰ ਰਿਹਾ ਹਾਂ ।੪।੨੯ ।
Follow us on Twitter Facebook Tumblr Reddit Instagram Youtube