ਸਿਰੀਰਾਗੁ ਮਹਲਾ ੧ ਘਰੁ ੩ ॥
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥੧॥

ਮਤੁ ਜਾਣ ਸਹਿ ਗਲੀ ਪਾਇਆ ॥
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਰਹਾਉ ॥

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥

ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥

Sahib Singh
ਅਮਲੁ = ਕਰਣੀ, ਆਚਰਨ ।
ਧਰਤੀ = ਭੁਇਂ (ਜਿਸ ਵਿਚ ਬੀ ਬੀਜਣਾ ਹੈ) ।
ਸਬਦੋ = ਸਬਦੁ, ਗੁਰੂ ਦਾ ਸ਼ਬਦ ।
ਆਬ = ਚਮਕ, ਖ਼ੂਬ = ਸੂਰਤੀ ।
ਈਮਾਨੁ = ਸਰਧਾ ।
ਜੰਮਾਇ ਲੈ = ਉਗਾ ਲੈ ।
ਏਵ = ਇਸ ਤ੍ਰਹਾਂ ।੧।ਮਤੁ ਜਾਣਸਹਿ—ਇਹ ਨਾ ਸਮਝੀਂ ।
ਗਲੀ = ਨਿਰੀਆਂ ਗੱਲਾਂ ਕਰਕੇ ।
ਮਾਣੈ = ਅਹੰਕਾਰ ਵਿਚ ।
ਇਤੁ = ਇਸ ਦੀ ਰਾਹੀਂ ।
ਇਤੁ ਬਿਧੀ = ਇਸ ਤਰੀਕੇ ਦੀ ਰਾਹੀਂ, ਇਸ ਤ੍ਰਹਾਂ ।੧।ਰਹਾਉ ।
ਤਨਿ = ਸਰੀਰ ਵਿਚ ।
ਮੀਡਕੋ = ਮੀਡਕੁ, ਡੱਡੂ ।
ਸਾਰ = ਕਦਰ ।
ਮੂਲਿ = ਬਿਲਕੁਲ, ਉੱਕਾ ਹੀ ।
ਉਸਤਾਦੁ = ਗੁਰੂ ।
ਭਾਖਿਆ = ਬੋਲੀ, ਉਪਦੇਸ਼ ।
ਬੁਝਾਈ = ਸਮਝ ।੨ ।
ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ ।
ਰਤਾ = ਰੱਤਾ, ਰੰਗਿਆ ਹੋਇਆ ।
ਦਿਲਹਿ ਪਸਿੰਦੇ = ਦਿਲ ਵਿਚ ਪਸੰਦ ।
ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ ।੩ ।
ਤੀਹ = ਤੀਹ ਰੋਜ਼ੇ ।
ਪੰਜ = ਪੰਜ ਨਿਮਾਜ਼ਾਂ ।
ਮਤੁ ਕਟਿ ਜਾਈ = ਸ਼ਾਇਦ ਇਸ ਤ੍ਰਹਾਂ ਕੱਟਿਆ ਜਾਏ, ਸ਼ਾਇਦ ਇਸ ਤ੍ਰਹਾਂ ਕੋਈ ਮੈਨੂੰ ਸ਼ੈਤਾਨ (ਮਾੜਾ ਬੰਦਾ) ਨਾਹ ਆਖੇ ।
ਰਾਹਿ = ਰਸਤੇ ਉਤੇ ।
ਕਿਤ ਕੂ = ਕਾਹਦੇ ਲਈ ?
ਸੰਜਿਆਹੀ = ਤੂੰ ਇਕੱਠਾ ਕੀਤਾ ਹੈ ।੪ ।
    
Sahib Singh
(ਹੇ ਕਾਜ਼ੀ!) ਇਹ ਨ ਸਮਝੀਂ ਕਿ ਨਿਰੀਆਂ ਗੱਲਾਂ ਨਾਲ ਹੀ (ਰੱਬ) ਮਿਲ ਪੈਂਦਾ ਹੈ ।
ਜੇ (ਬੇਈਮਾਨੀਆਂ ਕਰ ਕੇ ਇਕੱਠੇ ਕੀਤੇ ਹੋਏ) ਧਨ ਦੇ ਅਹੰਕਾਰ ਵਿਚ ਟਿਕੇ ਰਹੇ, ਜੇ (ਕਾਮਾਤੁਰ ਹੋ ਕੇ) ਰੂਪ ਦੀ ਸੋਭਾ ਵਿਚ (ਮਨ ਜੁੜਿਆ ਰਿਹਾ) ਤਾਂ (ਬਾਹਰੋਂ ਮਜ਼ਹਬ ਦੀਆਂ ਗੱਲਾਂ ਕੁਝ ਨਹੀਂ ਸਵਾਰ ਸਕਦੀਆਂ) ਇਸ ਤ੍ਰਹਾਂ ਮਨੁੱਖਾ ਜਨਮ ਅਜਾਈਂ ਚਲਾ ਜਾਂਦਾ ਹੈ ।੧।ਰਹਾਉ ।
(ਹੇ ਕਾਜ਼ੀ!) ਆਪਣੇ (ਰੋਜ਼ਾਨਾ) ਹਰੇਕ ਕਰਮ ਨੂੰ ਭੁਇਂ ਬਣਾ, (ਇਸ ਕਰਮ-ਭੁਇਂ ਵਿਚ) ਗੁਰੂ ਦਾ ਸ਼ਬਦ ਬੀ ਪਾ, ਸਿਮਰਨ ਤੋਂ ਪੈਦਾ ਹੋਣ ਵਾਲੀ ਆਤਮਕ ਸੁੰਦਰਤਾ ਦਾ ਪਾਣੀ (ਉਸ ਅਮਲ ਭੁਇਂ ਵਿਚ) ਸਦਾ ਦੇਂਦਾ ਰਹੁ ।
ਕਿਸਾਨ (ਵਰਗਾ ਉੱਦਮੀ) ਬਣ, (ਤੇਰੀ ਇਸ ਕਿਰਸਾਣੀ ਵਿਚ) ਸਰਧਾ (ਦੀ ਖੇਤੀ) ਉੱਗੇਗੀ ।
ਹੇ ਮੂਰਖ! ਸਿਰਫ਼ ਇਸ ਤਰੀਕੇ ਨਾਲ ਸਮਝ ਆਵੇਗੀ ਕਿ ਬਹਿਸ਼ਤ ਕੀਹ ਹੈ ਤੇ ਦੋਜ਼ਖ਼ ਕੀ ਹੈ ।੧ ।
(ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ) ।
(ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ ।੨ ।
(ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ ।
ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ ।੩ ।
(ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, ਤਾ ਕਿ) ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ ।
ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ ?
(ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ,ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ) ।੪।੨੭ ।
Follow us on Twitter Facebook Tumblr Reddit Instagram Youtube