ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥

ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥

ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥

ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥

Sahib Singh
ਰਸੀਆ = ਰਸ ਨਾਲ ਭਰਿਆ ਹੋਇਆ ।
ਰਾਵਣਹਾਰੁ = ਰਸ ਨੂੰ ਭੋਗਣ ਵਾਲਾ ।
ਚੋਲੜਾ = ਇਸਤ੍ਰੀ ਦੀ ਚੋਲੀ, ਇਸਤਰੀ ।
ਭਤਾਰੁ = ਖਸਮ ।੧ ।
ਰੰਗਿ = ਪ੍ਰੇਮ ਵਿਚ, ਰੰਗ ਵਿਚ ।
ਰਤਾ = ਰੰਗਿਆ ਹੋਇਆ ।
ਰਵਿ ਰਹਿਆ = ਵਿਆਪਕ ਹੈ ।
ਭਰਪੂਰਿ = ਨਕਾ ਨਕ ।੧।ਰਹਾਉ ਮਾਛੀ—ਮੱਛੀਆਂ ਫੜਨ ਵਾਲਾ ।
ਜਾਲ ਮਣਕੜਾ = ਜਾਲ ਦਾ ਮਣਕਾ {ਲੋਹੇ ਆਦਿਕ ਦੇ ਮਣਕੇ ਜੋ ਜਾਲ ਨੂੰ ਭਾਰਾ ਕਰਨ ਲਈ ਹੇਠਲੇ ਪਾਸੇ ਲਾਏ ਹੁੰਦੇ ਹਨ ਤਾਕਿ ਜਾਲ ਪਾਣੀ ਵਿਚ ਡੁਬਿਆ ਰਹੇ} ।
ਲਾਲੁ = ਮਾਸ ਦੀ ਬੋਟੀ (ਮੱਛੀ ਨੂੰ ਫਸਾਣ ਲਈ) ।੨ ਬਹੁ ਬਿਧਿ—ਕਈ ਤਰੀਕਿਆਂ ਨਾਲ ।
ਰੰਗੁਲਾ = ਚੋਜ ਕਰਨ ਵਾਲਾ ।
ਲਾਲੁ = ਪਿਆਰਾ ।
ਰਵੈ = ਮਾਣਦਾ ਹੈ, ਮਿਲਦਾ ਹੈ ।
ਸੋਹਾਗਣੀ = ਭਾਗਾਂ ਵਾਲੀਆਂ ਨੂੰ ।੩ ।
ਪ੍ਰਣਵੈ = ਬੇਨਤੀ ਕਰਦਾ ਹੈ, ਨਿਮ੍ਰਤਾ ਨਾਲ ਆਖਦਾ ਹੈ ।
ਕਉਲੁ = (ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ) ਕੌਲ ਫੁੱਲ ।
ਕਵੀਆ = (ਚੰਨ ਦੇ ਚਾਨਣੇ ਵਿਚ ਖਿੜਨ ਵਾਲੀ) ਕੰਮੀ ।
ਵੇਖਿ = ਵੇਖ ਕੇ ।
ਵਿਗਸੁ = ਖਿੜਦਾ ਹੈਂ, ਖ਼ੁਸ਼ ਹੁੰਦਾ ਹੈਂ ।੪ ।
    
Sahib Singh
ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋੇਇਆ ਹੈ, ਉਹ (ਸਾਰੀ ਸਿ੍ਰਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ ।੧।ਰਹਾਉ ।
ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ ।
ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ ।੧ ।
ਪ੍ਰਭੂ ਆਪ ਹੀ ਮੱਛੀਆਂ ਫੜਨ ਵਾਲਾ ਹੈ, ਆਪ ਹੀ ਮੱਛੀ ਹੈ, ਆਪ ਹੀ ਪਾਣੀ ਹੈ (ਜਿਸ ਵਿਚ ਮੱਛੀ ਰਹਿੰਦੀ ਹੈ) ਆਪ ਹੀ ਜਾਲ ਹੈ (ਜਿਸ ਵਿਚ ਮੱਛੀ ਫੜੀਦੀ ਹੈ) ।
ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ) ।੨ ।
ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ ।
ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੇ ਵਰਗੀਆਂ ਦਾ ਹਾਲ ਵੇਖ (ਕਿ ਸਾਨੂੰ ਕਦੇ ਦੀਦਾਰ ਨਹੀਂ ਹੁੰਦਾ) ।੩ ।
ਹੇ ਪ੍ਰਭੂ! ਨਾਨਕ (ਤੇਰੇ ਦਰ ਤੇ) ਅਰਦਾਸ ਕਰਦਾ ਹੈ (ਤੂੰ ਹਰ ਥਾਂ ਮੌਜੂਦ ਹੈਂ, ਮੈਨੂੰ ਵੀ ਦੀਦਾਰ ਦੇਹ) ਤੂੰ ਹੀ ਸਰੋਵਰ ਹੈਂ, ਤੂੰ ਹੀ ਸਰੋਵਰ ਤੇ ਰਹਿਣ ਵਾਲਾ ਹੰਸ ਹੈਂ ।
ਸੂਰਜ ਦੀ ਰੌਸ਼ਨੀ ਵਿਚ ਖਿੜਨ ਵਾਲਾ ਕੌਲ ਫੁੱਲ ਭੀ ਤੂੰ ਹੀ ਹੈਂ ਤੇ ਚੰਦ ਦੇ ਚਾਨਣ ਵਿਚ ਖਿੜਨ ਵਾਲੀ ਕੰਮੀ ਭੀ ਤੂੰ ਹੀ ਹੈਂ (ਆਪਣੇ ਜਮਾਲ ਨੂੰ ਤੇ ਆਪਣੇ ਜਲਾਲ ਨੂੰ) ਵੇਖ ਕੇ ਤੂੰ ਆਪ ਹੀ ਖ਼ੁਸ਼ ਹੋਣ ਵਾਲਾ ਹੈਂ ।੪।੨੫ ।
Follow us on Twitter Facebook Tumblr Reddit Instagram Youtube