ਸਿਰੀਰਾਗੁ ਮਹਲਾ ੧ ॥
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥੧॥

ਭਾਈ ਰੇ ਹਰਿ ਹੀਰਾ ਗੁਰ ਮਾਹਿ ॥
ਸਤਸੰਗਤਿ ਸਤਗੁਰੁ ਪਾਈਐ ਅਹਿਨਿਸਿ ਸਬਦਿ ਸਲਾਹਿ ॥੧॥ ਰਹਾਉ ॥

ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥੨॥

ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥੩॥

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥੪॥੨੧॥

Sahib Singh
ਲੈ = ਲੈ ਕੇ ।
ਬੋਲਿ = ਉੱਚਾਰ, ਸਿਮਰ ।
ਸਚ ਕਸਵਟੀ = ਸੱਚ ਦੀ ਕਸਵੱਟੀ ਉਤੇ, ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਸਵੱਟੀ ਉਤੇ ।
ਕਸਵਟੀ = ਉਹ ਵੱਟੀ ਜਿਸ ਉਤੇ ਸੋਨੇ ਨੂੰ ਕੱਸ ਲਾਈ ਜਾਂਦੀ ਹੈ ਜਿਸ ਉਤੇ ਸੋਨਾ ਪਰਖਣ ਲਈ ਘਸਾਇਆ ਜਾਂਦਾ ਹੈ ।
ਲਾਈਐ = ਲਾਇਆ ਜਾਂਦਾ ਹੈ ।
ਤੁਲੀਐ = ਤੁਲਦਾ ਹੈ ।
ਪੂਰੈ ਤੋਲਿ = ਪੂਰੇ ਤੋਲ ਨਾਲ ।
ਤੁਲੀਐ ਪੂਰੈ ਤੋਲਿ = ਪੂਰੇ ਤੋਲ ਨਾਲ ਤੁਲਦਾ ਹੈ, ਤੋਲ ਵਿਚ ਪੂਰਾ ਉਤਰਦਾ ਹੈ ।
ਕਿਨੈ = ਕਿਸੇ ਨੇ ਭੀ ।
ਰਿਦ ਮਾਣਕ = ਹਿਰਦਾ = ਮੋਤੀ ।
ਮੋਲਿ = ਮੁੱਲ ਵਿਚ ।੧ ।
ਗੁਰ ਮਾਹਿ = ਗੁਰੂ ਵਿਚ, ਗੁਰੂ ਦੇ ਕੋਲ ।
ਸਬਦਿ = ਸ਼ਬਦ ਵਿਚ (ਜੁੜ ਕੇ) ।
ਸਲਾਹਿ = ਸਿਫ਼ਤਿ = ਸਾਲਾਹ ਕਰ ।੧।ਰਹਾਉ ।
ਲੈ = ਇਕੱਠਾ ਕਰ ।
ਗੁਰ ਪਰਗਾਸਿ = ਗੁਰੂ ਦੇ (ਦਿੱਤੇ ਹੋਏ) ਚਾਨਣ ਨਾਲ ।
ਜਲਿ = ਜਲ ਦੀ ਰਾਹੀਂ ।
ਪਾਇਐ = ਪਾਏ ਹੋਏ ਦੀ ਰਾਹੀਂ ।
ਜਲਿ ਪਾਇਐ = ਪਾਏ ਹੋਏ ਜਲ ਨਾਲ, ਜੇ ਜਲ ਪਾ ਦੇਈਏ ।
ਦਾਸਨਿ ਦਾਸਿ = ਦਾਸਾਂ ਦਾ ਦਾਸ (ਬਣਿਆਂ) ।
ਜੰਦਾਰੁ = ਅਵੈੜਾ ।
ਤਰੈ ਤਰਾਸਿ = ਪੂਰੇ ਤੌਰ ਤੇ ਪਾਰ ਲੰਘ ਜਾਂਦਾ ਹੈ ।੨ ।
ਗੁਰਮੁਖਿ = ਜੋ ਮਨੁੱਖ ਗੁਰੂ ਦੇ ਸਨਮੁਖ ਹਨ ।
ਭਾਵਈ = ਭਾਵੈ, ਚੰਗਾ ਲੱਗਦਾ, ਪਸੰਦ ਆਉਂਦਾ ।
ਭਾਇ = ਭਾਉ ਵਿਚ, ਪ੍ਰੇਮ ਵਿਚ ।
ਸਚ ਭਾਇ = ਸਦਾ = ਥਿਰ ਪ੍ਰਭੂ ਦੇ ਪ੍ਰੇਮ ਵਿਚ ।
ਪਾਂਇ = ਪਾਂਇਆਂ, ਇੱਜ਼ਤ ।
ਗੁਰਿ ਮੇਲਿਐ = ਜੇ ਗੁਰੂ ਮਿਲਾ ਦੇਵੇ ।
ਸਮਾਇ = ਸਮਾਈ, ਲੀਨਤਾ ।੩ ।
ਹੀਰੁ = ਹੀਰਾ ।
ਘਟਿ ਘਟਿ = ਹਰੇਕ ਘਟ ਵਿਚ ।
ਗਹਿਰ ਗੰਭੀਰੁ = ਅਥਾਹ ਪ੍ਰਭੂ ।੪ ।
    
Sahib Singh
ਹੇ ਪਿਆਰੇ! ਹਰਿ-ਨਾਮ ਜਪੋ, ਗੁਰੂ ਦੀ ਮਤਿ ਉਤੇ ਤੁਰ ਕੇ ਹਰੀ ਦਾ ਸਿਮਰਨ ਕਰੋ ।
ਜਦੋਂ ਮਨ ਸਿਮਰਨ ਦੀ ਕਸਵੱਟੀ ਉਤੇ ਲਾਇਆ ਜਾਂਦਾ ਹੈ (ਤਦੋਂ ਸਿਮਰਨ ਦੀ ਬਰਕਤਿ ਨਾਲ) ਇਹ ਤੋਲ ਵਿਚ ਪੂਰਾ ਉਤਰਦਾ ਹੈ ।
ਤਦੋਂ ਹਿਰਦਾ-ਮਾਣਕ ਮੁੱਲੋਂ ਅਮੁੱਲ ਹੋ ਜਾਂਦਾ ਹੈ, ਕੋਈ ਇਸ ਦਾ ਮੁੱਲ ਨਹੀਂ ਪਾ ਸਕਦਾ ।੧ ।
ਹੇ ਭਾਈ! ਇਹ ਕੀਮਤੀ ਹਰਿ-ਨਾਮ ਗੁਰੂ ਦੇ ਕੋਲ ਹੈ ।
ਗੁਰੂ ਸਾਧ ਸੰਗਤਿ ਵਿਚ ਮਿਲਦਾ ਹੈ ।
(ਸੋ, ਹੇ ਭਾਈ! ਸਾਧ ਸੰਗਤਿ ਵਿਚ ਜਾ ਕੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਦਿਨ ਰਾਤ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰ ।੧ ।
(ਹੇ ਭਾਈ!) ਸਦਾ ਕਾਇਮ ਰਹਿਣ ਵਾਲਾ ਸੌਦਾ ਧਨ ਸਰਮਾਇਆ ਇਕੱਠਾ ਕਰ ।
ਇਹ ਧਨ ਗੁਰੂ ਦੇ ਬਖ਼ਸ਼ੇ ਆਤਮਕ ਚਾਨਣ ਨਾਲ ਲੱਭਦਾ ਹੈ ।
ਜਿਵੇਂ ਪਾਣੀ ਪਾਇਆਂ ਅੱਗ ਬੁੱਝ ਜਾਂਦੀ ਹੈ, ਤਿਵੇਂ ਪ੍ਰਭੂ ਦੇ ਦਾਸਾਂ ਦਾ ਦਾਸ ਬਣਿਆਂ ਤ੍ਰਿਸ਼ਨਾ (-ਅੱਗ) ਬੁੱਝ ਜਾਂਦੀ ਹੈ ।
(ਜੇਹੜਾ ਬੰਦਾ ਨਾਮ-ਧਨ ਇਕੱਠਾ ਕਰਦਾ ਹੈ) ਉਸ ਨੂੰ ਡਰਾਉਣਾ ਜਮਰਾਜ ਪੋਹ ਨਹੀਂ ਸਕਦਾ ।
ਇਸ ਤ੍ਰਹਾਂ ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਸਹੀ ਸਲਾਮਤ ਪਾਰ ਲੰਘ ਜਾਂਦਾ ਹੈ ।੨ ।
ਗੁਰੂ ਦੇ ਰਾਹੇ ਤੁਰਨ ਵਾਲੇ ਬੰਦਿਆਂ ਨੂੰ ਝੂਠਾ ਪਦਾਰਥ ਪਸੰਦ ਨਹੀਂ ਆਉਂਦਾ (ਭਾਵ, ਉਹ ਦੁਨੀਆਵੀ ਪਦਾਰਥਾਂ ਵਿਚ ਚਿੱਤ ਨਹੀਂ ਜੋੜਦੇ) ਉਹ ਸੱਚੇ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹ ਸਦਾ-ਥਿਰ ਪ੍ਰਭੂ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ ।
(ਪਰ) ਮਾਇਆ-ਵੇੜ੍ਹੇ ਬੰਦੇ ਨੂੰ ਪ੍ਰਭੂ ਦਾ ਨਾਮ ਚੰਗਾ ਨਹੀਂ ਲੱਗਦਾ ।
ਕੂੜ ਵਿਚ ਫਸੇ ਹੋਏ ਦੀ ਇੱਜ਼ਤ ਭੀ ਝੂਠੀ ਹੀ ਹੁੰਦੀ ਹੈ (ਇੱਜ਼ਤ ਭੀ ਚਾਰ ਦਿਨਾਂ ਦੀ ਹੀ ਹੁੰਦੀ ਹੈ) ।
(ਪਰ ਇਹ ਆਪਣੇ ਵੱਸ ਦੀ ਖੇਡ ਨਹੀਂ) ਜਿਨ੍ਹਾਂ ਨੂੰ ਗੁਰੂ (ਪ੍ਰਭੂ-ਚਰਨਾਂ ਵਿਚ) ਮਿਲਾ ਲਏ ਉਹ ਪ੍ਰਭੂ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਲੀਨਤਾ ਸਦਾ ਪ੍ਰਭੂ ਯਾਦ ਵਿਚ ਹੀ ਰਹਿੰਦੀ ਹੈ ।੩ ।
ਪ੍ਰਭੂ ਦਾ ਨਾਮ (ਜੋ, ਮਾਨੋ) ਮਾਣਕ ਹੈ ਲਾਲ ਹੈ, ਰਤਨ ਹੈ ਹੀਰਾ ਹੈ, ਹਰੇਕ ਮਨੁੱਖ ਦੇ ਅੰਦਰ ਵੱਸਦਾ ਹੈ ।
ਅਥਾਹ ਪ੍ਰਭੂ ਹਰੇਕ ਸਰੀਰ ਵਿਚ ਮੌਜੂਦ ਹੈ ।
ਉਸ ਦਾ ਨਾਮ ਹੀ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ।
(ਪਰ) ਹੇ ਨਾਨਕ! ਜਿਸ ਮਨੁੱਖ ਉਤੇ ਹੀਰਾ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ ਉਸ ਦਾ ਨਾਮ ਗੁਰੂ ਦੀ ਰਾਹੀਂ ਮਿਲਦਾ ਹੈ ।੪।੨੧ ।
Follow us on Twitter Facebook Tumblr Reddit Instagram Youtube