ਸਿਰੀਰਾਗੁ ਮਹਲਾ ੧ ॥
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥
ਗੁਰਿ ਮਿਲਿਐ ਸੁਖੁ ਪਾਈਐ ਅਗਨਿ ਮਰੈ ਗੁਣ ਮਾਹਿ ॥੧॥

ਮਨ ਰੇ ਅਹਿਨਿਸਿ ਹਰਿ ਗੁਣ ਸਾਰਿ ॥
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥੧॥ ਰਹਾਉ ॥

ਜੋਤੀ ਜੋਤਿ ਮਿਲਾਈਐ ਸੁਰਤੀ ਸੁਰਤਿ ਸੰਜੋਗੁ ॥
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥
ਗੁਰਮੁਖਿ ਜਿਸੁ ਹਰਿ ਮਨਿ ਵਸੈ ਤਿਸੁ ਮੇਲੇ ਗੁਰੁ ਸੰਜੋਗੁ ॥੨॥

ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥੩॥

ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥
ਨਾਨਕ ਸਤਗੁਰੁ ਮੀਤੁ ਕਰਿ ਸਚੁ ਪਾਵਹਿ ਦਰਗਹ ਜਾਇ ॥੪॥੨੦॥

Sahib Singh
ਇਕੁ ਤਿਲੁ = ਰਤਾ ਕੁ ਭੀ ਸਮਾ ।
ਮਾਹਿ = ਵਿਚ ।
ਪਤਿ = ਇੱਜ਼ਤ ।
ਗੁਰਿ ਮਿਲਿਐ = ਜੇ ਗੁਰੂ ਮਿਲ ਪਏ ।
ਅਗਨਿ = ਤ੍ਰਿਸ਼ਨਾ ਦੀ ਅੱਗ ।੧ ।
ਅਹਿ ਨਿਸਿ = ਦਿਨ ਰਾਤ ।
ਸਾਰਿ = ਸੰਭਾਲ, ਚੇਤੇ ਕਰ ।
ਜਿਨ = ਜਿਨ੍ਹਾਂ ਬੰਦਿਆਂ ਨੂੰ {ਨੋਟ:- ਲਫ਼ਜ਼ 'ਜਿਨ' ਬਹੁ-ਵਚਨ ਹੈ, ਇਸ ਦਾ ਇਕ-ਵਚਨ 'ਜਿਨਿ' ਹੈ (-ਜਿਸ ਨੇ)} ।
ਤੇ ਜਨ = ਉਹ ਬੰਦੇ ।੧।ਰਹਾਉ ।
ਜੋਤੀ = ਜੋਤਿ ਦਾ ਮਾਲਕ ਹਰੀ ।
ਸੁਰਤੀ = ਸੁਰਤਿ ਦਾ ਮਾਲਕ ਪ੍ਰਭੂ ।
ਹਿੰਸਾ = ਨਿਰਦਇਤਾ ।
ਗਤੁ = ਧਾਤੂ 'ਗਮ' ਤੋਂ ਭੂਤਕਾਲ ।
ਗਮ = ਜਾਣਾ} ਬੀਤਿਆ ਹੋਇਆ ।
ਗਤੁ ਗਏ = ਪੂਰਨ ਤੌਰ ਤੇ ਦੂਰ ਹੋ ਗਏ ।
ਮਨਿ = ਮਨ ਵਿਚ ।
ਸੰਜੋਗੁ = ਅਵਸਰ, ਮੌਕਾ ।੨ ।
ਕਾਮਣਿ = ਇਸਤ੍ਰੀ ।
ਕਾਇਆ = ਸਰੀਰ ।
ਕਰੀ = ਕਰੀਂ, ਮੈਂ ਕਰਾਂ—ਨ ਕੀਜਈ—ਨਹੀਂ ਕਰਨਾ ਚਾਹੀਦਾ ।
ਰਵਹਿ = ਮਾਣਦੀਆਂ ਹਨ, ਮਿਲਾਪ ਦਾ ਸੁਖ ਪਾਂਦੀਆਂ ਹਨ ।
ਸੋਹਾਗਣੀ = ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ।
ਸੇਜ ਭਤਾਰੁ = (ਹਿਰਦਾ = ) ਸੇਜ ਦਾ ਪਤੀ ।੩ ।
ਚਾਰੇ ਅਗਨਿ = ਚਾਰੇ ਅੱਗਾਂ {ਹੰਸੁ, ਹੇਤੁ, ਲੋਭ, ਕੋਪੁ}, ਨਿਰਦਇਤਾ, ਮੋਹ, ਲੋਭ ਤੇ ਕ੍ਰੋਧ ।
ਪ੍ਰਗਾਸਿਆ = ਖਿੜਦਾ ਹੈ ।
ਅਘਾਇ = ਰੱਜ ਕੇ, ਪੂਰੇ ਤੌਰ ਤੇ ।੪ ।
    
Sahib Singh
ਹੇ (ਮੇਰੇ) ਮਨ! ਦਿਨ ਰਾਤ (ਹਰ ਵੇਲੇ) ਪਰਮਾਤਮਾ ਦੇ ਗੁਣ ਚੇਤੇ ਕਰਦਾ ਰਹੁ ।
ਜਗਤ ਵਿਚ ਉਹ (ਭਾਗਾਂ ਵਾਲੇ) ਮਨੁੱਖ ਵਿਰਲੇ ਹੁੰਦੇ ਹਨ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਖਿਨ ਪਲ ਵਾਸਤੇ ਭੀ ਨਹੀਂ ਭੁੱਲਦਾ ।੧।ਰਹਾਉ ।
(ਅਜਿਹੇ ਸੁਭਾਗ ਬੰਦਿਆਂ ਨੂੰ) ਜੋ ਰਤਾ ਭਰ ਸਮੇਂ ਵਾਸਤੇ ਭੀ ਪ੍ਰੀਤਮ ਪ੍ਰਭੂ ਵਿਸਰ ਜਾਏ, ਤਾਂ ਉਹ ਆਪਣੇ ਮਨ ਵਿਚ ਵੱਡਾ ਰੋਗ (ਪੈਦਾ ਹੋ ਗਿਆ ਸਮਝਦੇ ਹਨ) ।
(ਉਂਞ ਭੀ) ਜੇ ਪਰਮਾਤਮਾ ਦਾ ਨਾਮ ਮਨ ਵਿਚ ਨਾਹ ਵੱਸੇ, ਤਾਂ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਹੀਂ ਮਿਲ ਸਕਦੀ ।
ਜੇ ਗੁਰੂ ਮਿਲ ਪਏ, (ਤਾਂ ਉਹ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤਿ ਦੇਂਦਾ ਹੈ, ਇਸ ਦੀ ਬਰਕਤਿ ਨਾਲ) ਆਤਮਕ ਆਨੰਦ ਪ੍ਰਾਪਤ ਹੁੰਦਾ ਹੈ (ਕਿਉਂਕਿ) ਸਿਫ਼ਤਿ-ਸਾਲਾਹ ਵਿਚ ਜੁੜਿਆਂ ਤ੍ਰਿਸ਼ਨਾ-ਅੱਗ ਬੁੱਝ ਜਾਂਦੀ ਹੈ ।੧ ।
ਜੇ ਪ੍ਰਭੂ ਦੀ ਜੋਤਿ ਵਿਚ ਆਪਣੀ ਜਿੰਦ ਰਲਾ ਦੇਈਏ, ਉਸ ਵਿਚ ਆਪਣੀ ਸੁਰਤਿ ਦਾ ਮੇਲ ਕਰ ਦੇਈਏ ਤਾਂ ਕਠੋਰਤਾ ਤੇ ਹਉਮੈ ਦੂਰ ਹੋ ਜਾਂਦੀਆਂ ਹਨ, ਕੋਈ ਸਹਿਮ ਤੇ ਚਿੰਤਾ ਭੀ ਨਹੀਂ ਰਹਿ ਜਾਂਦੇ ।
ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦੀ ਯਾਦ ਟਿਕਦੀ ਹੈ, ਗੁਰੂ ਉਸ ਨੂੰ ਪਰਮਾਤਮਾ ਨਾਲ ਮਿਲਣ ਦਾ ਪੂਰਾ ਅਵਸਰ ਬਖ਼ਸ਼ਦਾ ਹੈ ।੧ ।
ਜਿਵੇਂ ਇਸਤ੍ਰੀ ਆਪਣੇ ਆਪ ਨੂੰ ਆਪਣੇ ਪਤੀ ਦੇ ਹਵਾਲੇ ਕਰਦੀ ਹੈ, ਤਿਵੇਂ ਜੇ ਮੈਂ ਕਾਇਆਂ ਨੂੰ ਇਸਤ੍ਰੀ ਬਣਾਵਾਂ, ਕਾਇਆਂ-ਇਸਤ੍ਰੀ (ਭਾਵ, ਗਿਆਨ-ਇੰਦਿ੍ਰਆਂ) ਨੂੰ ਪ੍ਰਭੂ ਵਾਲੇ ਪਾਸੇ ਪਰਤਾਵਾਂ, ਤਾਂ ਪ੍ਰਭੂ-ਪਤੀ ਦਾ ਮਿਲਾਪ ਹੋ ਜਾਏ ।
ਇਸ ਸਰੀਰ ਨਾਲ (ਇਤਨਾ) ਮੋਹ ਨਹੀਂ ਕਰਨਾ ਚਾਹੀਦਾ (ਕਿ ਇਸ ਨੂੰ ਵਿਕਾਰਾਂ ਵਲ ਖੁਲ੍ਹਮਿਲੀ ਰਹੇ), ਇਹ ਤਾਂ ਪ੍ਰਤੱਖ ਤੌਰ ਤੇ ਨਾਸਵੰਤ ਹੈ ।
ਗੁਰੂ ਦੇ ਰਾਹੇ ਤੁਰਨ ਵਾਲੀਆਂ ਜੀਵ-ਇਸਤ੍ਰੀਆਂ ਪ੍ਰਭੂ ਨੂੰ ਸਿਮਰਦੀਆਂ ਹਨ, ਉਹ ਪ੍ਰਭੂ ਉਹਨਾਂ ਦੇ ਹਿਰਦੇ-ਸੇਜ ਉਤੇ ਬੈਠਦਾ ਹੈ ।੩ ।
ਹੇ ਨਾਨਕ! ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ-ਜਲ ਪਾ ਕੇ (ਹਿਰਦੇ ਵਿਚ) ਧੁਖਦੀਆਂ ਚੌਹਾਂ ਅੱਗਾਂ ਨੂੰ ਬੁਝਾ ਦੇ (ਤੇ ਤ੍ਰਿਸ਼ਨਾ ਵਾਲੇ ਪਾਸੇ ਤੋਂ) ਮਰ ਜਾ ।
(ਇਸ ਤ੍ਰਹਾਂ) ਤੇਰੇ ਅੰਦਰ (ਹਿਰਦਾ-) ਕੌਲ ਖਿੜ ਪਏਗਾ, (ਤੇਰੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਭਰ ਜਾਏਗਾ ।
ਗੁਰੂ ਨੂੰ ਮਿੱਤਰ ਬਣਾ, ਯਕੀਨੀ ਤੌਰ ਤੇ ਪਰਮਾਤਮਾ ਦੀ ਹਜ਼ੂਰੀ ਪ੍ਰਾਪਤ ਕਰ ਲਏਂਗਾ ।੪।੨੦ ।
Follow us on Twitter Facebook Tumblr Reddit Instagram Youtube