ਸਿਰੀਰਾਗੁ ਮਹਲਾ ੧ ॥
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥
ਤੂ ਸਰਬ ਜੀਆ ਪ੍ਰਤਿਪਾਲਹੀ ਲੇਖੈ ਸਾਸ ਗਿਰਾਸ ॥
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥੧॥

ਜੀਅਰੇ ਰਾਮ ਜਪਤ ਮਨੁ ਮਾਨੁ ॥
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥੧॥ ਰਹਾਉ ॥

ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥
ਮੁਇਆ ਜਿਤੁ ਘਰਿ ਜਾਈਐ ਤਿਤੁ ਜੀਵਦਿਆ ਮਰੁ ਮਾਰਿ ॥
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥੨॥

ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥
ਸਤਗੁਰੁ ਸੇਵੇ ਆਪਣਾ ਹਉ ਸਦ ਕੁਰਬਾਣੈ ਤਾਸੁ ॥
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥੩॥

ਜਹ ਦੇਖਾ ਤਹ ਰਵਿ ਰਹੇ ਸਿਵ ਸਕਤੀ ਕਾ ਮੇਲੁ ॥
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥
ਵਿਜੋਗੀ ਦੁਖਿ ਵਿਛੁੜੇ ਮਨਮੁਖਿ ਲਹਹਿ ਨ ਮੇਲੁ ॥੪॥

ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥
ਗਿਆਨ ਮਹਾਰਸੁ ਭੋਗਵੈ ਬਾਹੁੜਿ ਭੂਖ ਨ ਹੋਇ ॥
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥੫॥੧੮॥

Sahib Singh
ਸਾਸ = ਸਾਹ ।
ਗਿਰਾਸ = ਗਿਰਾਹੀ, ਖਾਣਾ ।
ਨਿਰਜਾਸਿ = ਵੇਖਦਾ ਹੈ, ਸੰਭਾਲ ਕਰਦਾ ਹੈ ।੧।ਜੀਅ ਰੇ—ਹੇ (ਮੇਰੀ) ਜਿੰਦੇ !
ਮਾਨੁ = ਮਨਾਓ, ਗਿਝਾਓ ।
ਜਲਿ = ਜਲਨ, ਸੜਨ ।
ਗਿਆਨੁ = ਜਾਣ = ਪਛਾਣ, ਸਾਂਝ ।੧।ਰਹਾਉ ।
ਗਤਿ = ਹਾਲਤ ।
ਗੁਰ ਮਿਲੀਐ = ਗੁਰੂ ਨੂੰ ਮਿਲਣਾ ਚਾਹੀਦਾ ਹੈ ।
ਸੰਕ ਉਤਾਰਿ = ਸ਼ੰਕਾ ਉਤਾਰ ਕੇ, ਪੂਰੀ ਸਰਧਾ ਨਾਲ ।
ਜਿਤੁ ਘਰਿ = ਜਿਸ ਘਰ ਵਿਚ ।
ਮੁਇਆ = ਮਰ ਕੇ, ਆਖ਼ਰ ਨੂੰ ।
ਮੁਇਆ ਜਿਤੁ ਘਰਿ ਜਾਈਐ = ਜਿਸ ਮੌਤ ਦੇ ਵੱਸ ਅੰਤ ਨੂੰ ਪਈਦਾ ਹੈ ।
ਮਰੁ = ਮੌਤ, ਮੌਤ ਦਾ ਡਰ ।
ਮਾਰਿ = ਮਾਰ ਲਈਦਾ ਹੈ ।
ਅਨਹਦ = {ਹਨ—ਮਾਰਨਾ, ਚੋਟ ਲਾਣੀ ।
ਅਨਹਦ = ਬਿਨਾ ਚੋਟ ਲਾਇਆਂ ਵਜਣ ਵਾਲਾ} ਇਕ-ਰਸ ।
ਸਬਦਿ = ਸ਼ਬਦ ਦੀ ਰਾਹੀਂ ।
ਗੁਰ ਵੀਚਾਰਿ = ਗੁਰੂ ਦੀ ਦੱਸੀ ਵਿਚਾਰ ਦੀ ਰਾਹੀਂ, ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ।
ਅਨਹਦ ਬਾਣੀ = ਇਕ = ਰਸ ਸਿਫ਼ਤਿ-ਸਾਲਾਹ ਵਾਲੀ ਅਵਸਥਾ ।
ਬਾਣੀ = ਸਿਫ਼ਤਿ = ਸਾਲਾਹ ।
ਤਹ = ਉਥੇ, ਉਸ ਅਵਸਥਾ ਵਿਚ ।
ਤਾਸੁ = ਉਸ ਤੋਂ ।
ਖੜਿ = ਲੈ ਜਾ ਕੇ, ਅਪੜਾ ਕੇ ।
ਪੈਨਾਈਐ = ਸਰੋਪਾ ਨਾਲ ਆਦਰ ਕੀਤਾ ਜਾਂਦਾ ਹੈ ।
ਮੁਖਿ = (ਜਿਸ ਦੇ) ਮੂੰਹ ਵਿਚ ।੩ ।
ਦੇਖਾ = ਦੇਖਾਂ, ਮੈਂ ਵੇਖਦਾ ਹਾਂ ।
ਰਵਿ ਰਹੇ = ਰੁੱਝੇ ਪਏ ਹਨ ।
ਸਿਵ = ਜੀਵਾਤਮਾ ।
ਸਕਤੀ = ਮਾਇਆ ।
ਤਿ੍ਰਹੁ ਗੁਣ = ਮਾਇਆ ਦੇ ਤਿੰਨਾਂ ਗੁਣਾਂ ਵਿਚ ।
ਬੰਧੀ = ਬੱਝੀ ਹੋਈ ।
ਜਗਿ = ਜਗਤ ਵਿਚ ।
ਵਿਜੋਗ = ਵਿਛੋੜਾ ।
ਵਿਜੋਗੀ = ਵਿਛੁੜੇ ਹੋਏ ।
ਮਨਮੁਖਿ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਨ ਲਹਹਿ = ਨਹੀਂ ਲੈਂਦੇ, ਨਹੀਂ ਲੈ ਸਕਦੇ ।੪ ।
ਬੈਰਾਗੀ = ਮਾਇਆ ਵਲੋਂ ਵੈਰਾਗਵਾਨ ।
ਘਰਿ = ਘਰ ਵਿਚ, ਆਪਣੇ ਸਰੂਪ ਵਿਚ ।
ਸਚ ਭੈ = ਸੱਚੇ ਦੇ ਨਿਰਮਲ ਭਉ ਵਿਚ ।
ਰਾਤਾ = ਰੰਗਿਆ ਹੋਇਆ ।
ਭੋਗਵੈ = ਮਾਣਦਾ ਹੈ ।
ਭੂਖ = ਤ੍ਰਿਸ਼ਨਾ, ਲਾਲਚ ।
ਮਾਰਿ = ਮਾਰ ਕੇ, ਵੱਸ ਵਿਚ ਕਰ ਕੇ ।੫ ।
    
Sahib Singh
ਹੇ (ਮੇਰੀ) ਜਿੰਦੇ! (ਐਸਾ ਉੱਦਮ ਕਰ ਕਿ) ਪਰਮਾਤਮਾ ਦਾ ਨਾਮ ਸਿਮਰਦਿਆਂ ਸਿਮਰਦਿਆਂ ਮਨ (ਸਿਮਰਨ ਵਿਚ) ਗਿੱਝ ਜਾਏ ।
ਗੁਰੂ ਦੀ ਸਰਨ ਪੈ ਕੇ (ਸਿਮਰਨ ਦੀ ਰਾਹੀਂ) ਜਿਸ ਮਨੁੱਖ ਨੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਸੜਨ ਬੁੱਝ ਜਾਂਦੀ ਹੈ ।੧ ।
(ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਸਿਮਰਨ ਦੀ ਬਰਕਤਿ ਨਾਲ ਉਸ ਨੂੰ) ਮੌਤ ਦਾ ਡਰ ਨਹੀਂ ਰਹਿੰਦਾ, ਹੋਰ ਹੋਰ ਲੰਮੀ ਉਮਰ ਦੀਆਂ ਉਹ ਆਸਾਂ ਨਹੀਂ ਬਣਾਂਦਾ, (ਉਸ ਨੂੰ ਇਹ ਯਕੀਨ ਹੁੰਦਾ ਹੈ ਕਿ ਹੇ ਪ੍ਰਭੂ!) ਤੂੰ ਸਾਰੇ ਜੀਵਾਂ ਦੀ ਪਾਲਨਾ ਕਰਦਾ ਹੈਂ, ਜੀਵਾਂ ਦਾ ਹਰੇਕ ਸਾਹ ਹਰੇਕ ਗਿਰਾਹੀ ਤੇਰੇ ਹਿਸਾਬ ਵਿਚ (ਤੇਰੀ ਨਜ਼ਰ ਵਿਚ) ਹੈ ।
(ਹੇ ਪ੍ਰਭੂ!) ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਦੇ ਅੰਦਰ ਤੂੰ ਪ੍ਰਗਟ ਹੋ ਜਾਂਦਾ ਹੈਂ, (ਉਸ ਨੂੰ ਇਹ ਯਕੀਨ ਰਹਿੰਦਾ ਹੈ ਕਿ) ਜਿਵੇਂ ਤੇਰੀ ਰਜ਼ਾ ਹੈ ਤਿਵੇਂ ਤੂੰ (ਸਭ ਦੀ) ਸੰਭਾਲ ਕਰਦਾ ਹੈਂ ।੧ ।
ਪੂਰੀ ਸਰਧਾ ਨਾਲ ਗੁਰੂ ਦੀ ਸਰਨ ਪੈ ਜਾਣਾ ਚਾਹੀਦਾ ਹੈ, (ਇਸ ਤ੍ਰਹਾਂ) ਅੰਦਰ-ਵੱਸਦੇ ਪਰਮਾਤਮਾ ਦੀ ਸਮਝ ਪੈ ਜਾਂਦੀ ਹੈ, ਮਰਨ ਤੋਂ ਪਹਿਲਾਂ ਹੀ ਉਸ ਮੌਤ ਦਾ ਡਰ ਮਾਰ ਲਈਦਾ ਹੈ ਜਿਸ ਮੌਤ ਦੇ ਵੱਸ ਆਖ਼ਰ ਪੈਣਾ ਹੁੰਦਾ ਹੈ ।
(ਪਰ ਇਹ ਅਵਸਥਾ ਤਦੋਂ) ਪ੍ਰਾਪਤ ਹੁੰਦੀ ਹੈ ਜਦੋਂ ਗੁਰੂ ਦੀ ਦੱਸੀ ਸਿੱਖਿਆ ਉਤੇ ਤੁਰੀਏ, ਤੇ (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੇ) ਸੋਹਣੇ ਸ਼ਬਦ ਵਿਚ ਇਕ-ਰਸ (ਜੁੜੇ ਰਹੀਏ) ।੨ ।
ਜਦੋਂ ਇਕ-ਰਸ ਸਿਫ਼ਤਿ-ਸਾਲਾਹ ਕਰ ਸਕਣ ਵਾਲੀ ਅਵਸਥਾ ਪ੍ਰਾਪਤ ਹੋ ਜਾਏ, ਤਾਂ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰੋਂ) ਹਉਮੈ ਦਾ ਨਾਸ ਹੋ ਜਾਂਦਾ ਹੈ (ਮੈਂ ਵੱਡਾ ਹੋ ਜਾਵਾਂ, ਮੈਂ ਵੱਡਾ ਹਾਂ—ਇਹ ਹਾਲਤ ਮੁੱਕ ਜਾਂਦੀਹੈ) ।
ਮੈਂ ਸਦਾ ਸਦਕੇ ਹਾਂ ਉਸ ਮਨੁੱਖ ਤੋਂ ਜੋ ਆਪਣੇ ਗੁਰੂ ਨੂੰ ਸੇਂਵਦਾ ਹੈ (ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ), ਉਸ ਦੇ ਮੂੰਹ ਵਿਚ ਸਦਾ ਪ੍ਰਭੂ ਦਾ ਨਾਮ ਵੱਸਦਾ ਹੈ, ਉਸ ਨੂੰ ਪ੍ਰਭੂ ਦੀ ਹਜ਼ੂਰੀ ਵਿਚ ਲੈ ਜਾ ਕੇ ਆਦਰ ਮਿਲਦਾ ਹੈ ।
(ਪਰ ਸੰਸਾਰ ਦੀ ਹਾਲਤ ਹੋਰ ਤ੍ਰਹਾਂ ਦੀ ਬਣ ਰਹੀ ਹੈ) ਮੈਂ ਜਿਧਰ ਵੇਖਦਾ ਹਾਂ ਉਧਰ ਹੀ (ਮਨਮੁਖ) ਜੀਵ ਮਾਇਆ ਵਿਚ ਮਸਤ ਹੋ ਰਹੇ ਹਨ, (ਹਰ ਪਾਸੇ) ਮਾਇਆ ਤੇ ਜੀਵਾਂ ਦਾ ਗਠ-ਜੋੜ ਬਣਿਆ ਪਿਆ ਹੈ, ਮਨਮੁਖਾਂ ਦਾ ਸਰੀਰ ਮਾਇਆ ਦੇ ਤਿੰਨ ਗੁਣਾਂ ਵਿਚ ਹੀ ਬੱਝਾ ਹੋਇਆ ਹੈ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਜੇਹੜਾ ਭੀ ਜੀਵ ਜਗਤ ਵਿਚ ਆਇਆ ਉਹ ਇਹੀ ਖੇਡ ਖੇਡਦਾ ਰਿਹਾ ।
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਪਰਮਾਤਮਾ ਨਾਲ ਮਿਲਾਪ ਹਾਸਲ ਹੀ ਨਹੀਂ ਕਰ ਸਕਦੇ, ਕਿਉਂਕਿ ਉਹ ਵਿੱਛੁੜੇ ਹੋਏ (ਸਦਾ) ਵਿੱਛੁੜੇ ਹੀ ਰਹਿੰਦੇ ਹਨ ਤੇ ਦੁੱਖ ਵਿਚ ਰਹਿੰਦੇ ਹਨ ।੪ ।
(ਮਾਇਆ ਵਲੋਂ) ਵੈਰਾਗਵਾਨ ਮਨ (ਭਟਕਣਾ ਤੋਂ ਬਚਿਆ ਰਹਿ ਕੇ) ਆਪਣੇ ਸਰੂਪ ਵਿਚ ਹੀ ਟਿਕਿਆ ਰਹਿੰਦਾ ਹੈ, (ਕਿਉਂਕਿ) ਉਹ ਪਰਮਾਤਮਾ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ ।
ਉਹ ਮਨ ਪਰਮਾਤਮਾ ਨਾਲ ਡੂੰਘੀ ਸਾਂਝ ਦਾ ਮਹਾ ਆਨੰਦ ਮਾਣਦਾ ਹੈ, ਉਸ ਨੂੰ ਮੁੜ ਮਾਇਆ ਦੀ ਤ੍ਰਿਸ਼ਨਾ ਨਹੀਂ ਵਿਆਪਦੀ ।
ਹੇ ਨਾਨਕ! ਤੂੰ ਭੀ ਇਸ ਮਨ ਨੂੰ (ਮਾਇਆ ਦੇ ਮੋਹ ਵਲੋਂ) ਮਾਰ ਕੇ (ਪ੍ਰਭੂ-ਚਰਨਾਂ ਵਿਚ) ਜੁੜਿਆ ਰਹੁ, ਫਿਰ ਕਦੇ (ਪ੍ਰਭੂ ਤੋਂ ਵਿਛੋੜੇ ਦਾ) ਦੁੱਖ ਨਹੀਂ ਵਿਆਪੇਗਾ ।੫।੧੮ ।
Follow us on Twitter Facebook Tumblr Reddit Instagram Youtube