ਸਿਰੀਰਾਗੁ ਮਹਲਾ ੧ ॥
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥
ਜਬ ਲਗੁ ਜੋਬਨਿ ਸਾਸੁ ਹੈ ਤਬ ਲਗੁ ਇਹੁ ਤਨੁ ਦੇਹ ॥
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥੧॥

ਮੇਰੇ ਮਨ ਲੈ ਲਾਹਾ ਘਰਿ ਜਾਹਿ ॥
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥੧॥ ਰਹਾਉ ॥

ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥
ਤ੍ਰਿਸਨਾ ਅਹਿਨਿਸਿ ਅਗਲੀ ਹਉਮੈ ਰੋਗੁ ਵਿਕਾਰੁ ॥
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥੨॥

ਲਖ ਸਿਆਣਪ ਜੇ ਕਰੀ ਲਖ ਸਿਉ ਪ੍ਰੀਤਿ ਮਿਲਾਪੁ ॥
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥੩॥

ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥
ਸਤਗੁਰਿ ਮੇਲਿ ਮਿਲਾਇਆ ਨਾਨਕ ਸੋ ਪ੍ਰਭੁ ਨਾਲਿ ॥੪॥੧੭॥

Sahib Singh
ਜੋਬਨਿ = ਜੁਆਨੀ ਵਿਚ ।
ਜਬ ਲਗੁ = ਜਦੋਂ ਤਕ ।
ਦੇਹ = ਸਰੀਰ ।
ਆਵਈ = ਆਵੈ, ਆਉਂਦਾ ।
ਢਹਿ = ਢਹਿ ਕੇ ।
ਢੇਰੀ ਖੇਹੁ = ਖੇਹੁ ਦੀ ਡੇਰੀ ।੧ ।
ਲਾਹਾ = ਲਾਭ ।
ਲੈ = ਲੈ ਕੇ ।
ਘਰਿ = (ਆਪਣੇ) ਘਰ ਵਿਚ ।
ਨਿਵਰੀ = ਦੂਰ ਹੋ ਜਾਇਗੀ ।
ਭਾਹਿ = ਅੱਗ ।੧।ਰਹਾਉ ।
ਸੁਣਿ = ਸੁਣ ਕੇ ।
ਗੰਢਣੁ ਗੰਢੀਐ = ਗਾਂਢਾ ਗੰਢੀਦਾ ਹੈ, ਵਿਅਰਥ ਜਤਨ ਕਰੀਦਾ ਹੈ, ਲੋਕਾਂ ਨੂੰ ਪਤਿਆਣ ਵਾਲਾ ਹੀ ਉੱਦਮ ਕਰੀਦਾ ਹੈ ।
ਲਿਖਿ = ਲਿਖ ਕੇ ।
ਬੁਝਹਿ = ਵਿਚਾਰਦੇ ਹਨ ।
ਭਾਰੁ = ਪੁਸਤਕਾਂ ਦਾ ਭਾਰ, ਬਹੁਤ ਪੁਸਤਕਾਂ ।
ਅਹਿ = ਦਿਨ ।
ਨਿਸਿ = ਰਾਤ ।
ਅਗਲੀ = ਬਹੁਤ ।
ਅਤੋਲਵਾ = ਜੋ ਤੋਲਿਆ ਨ ਜਾ ਸਕੇ, ਜਿਸ ਦੇ ਬਰਾਬਰ ਦਾ ਲੱਭਿਆ ਨ ਜਾ ਸਕੇ ।
ਸਾਰੁ = ਸੰਭਾਲ, ਸਮਝ ਲੈ ।
ਕੀਮਤਿ = ਕਦਰ ।੨ ।
ਕਰੀ = ਕਰੀਂ, ਮੈਂ ਕਰਾਂ ।
ਸਿਉ = ਨਾਲ ।
ਧ੍ਰਾਪੀਆ = ਰੱਜਦਾ, ਤਸੱਲੀ ਹੁੰਦੀ ।
ਬਿਨੁ ਨਾਵੈ = ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ।
ਸੰਤਾਪੁ = ਕਲੇਸ਼ ।
ਜੀਅ ਰੇ = ਹੇ ਜਿੰਦੇ !
ਚੀਨੈ = ਪਛਾਣਦਾ ਹੈ ।
ਆਪੁ = ਆਪਣੇ ਆਪ ਨੂੰ ।੨ ।
ਪਹਿ = ਪਾਸ ।
ਵੇਚਿਆ = (ਨਾਮ ਦੇ ਵੱਟੇ) ਹਵਾਲੇ ਕਰ ਦਿੱਤਾ ।
ਨਾਲਿ = ਭੀ ।
ਖੋਜਿ = ਖੋਜ ਕੇ ।
ਗੁਰਮੁਖਿ = ਗੁਰੂ ਦੀ ਰਾਹੀਂ ।
ਨਿਹਾਲਿ = ਨਿਹਾਲਿਆ, ਵੇਖ ਲਿਆ ।
ਸਤਿਗੁਰਿ = ਸਤਿਗੁਰ ਨੇ ।
ਮੇਲਿ = (ਆਪਣੇ ਚਰਨਾਂ ਵਿਚ) ਮਿਲਾ ਕੇ ।੪ ।
    
Sahib Singh
ਹੇ ਪਿਆਰੇ ਮਿਤ੍ਰ ਮਨ! (ਮੇਰੀ ਸਿੱਖਿਆ) ਸੁਣ ।
ਪਰਮਾਤਮਾ ਨੂੰ ਮਿਲ, (ਮਿਲਣ ਦਾ) ਇਹ (ਮਨੁੱਖਾ ਜਨਮ ਹੀ) ਵੇਲਾ ਹੈ ।
ਜਦੋਂ ਤਕ ਜੁਆਨੀ ਵਿਚ (ਹਾਂ ਤੇ) ਸਾਹ ਆ ਰਿਹਾ ਹੈ, ਤਦੋਂ ਤਕ ਹੀ ਇਹ ਸਰੀਰ ਕੰਮ ਦੇ ਰਿਹਾ ਹੈ ।
ਜੇ ਪ੍ਰਭੂ ਦੇ ਗੁਣ (ਆਪਣੇ ਅੰਦਰ) ਨਾਹ ਵਸਾਏ, ਤਾਂ ਇਹ ਸਰੀਰ ਕਿਸ ਕੰਮ ?
ਇਹ ਤਾਂ ਆਖ਼ਰ ਢਹਿ ਕੇ ਮਿੱਟੀ ਦੀ ਢੇਰੀ ਹੋ ਜਾਇਗਾ ।੧।ਹੇ ਮੇਰੇ ਮਨ! (ਇਥੋਂ ਆਤਮਕ) ਲਾਭ ਖੱਟ ਕੇ (ਆਪਣੇ ਪਰਲੋਕ) ਘਰ ਵਿਚ ਜਾਹ ।
ਗੁਰੂ ਦੀ ਸਰਨ ਪੈ ਕੇ (ਇਥੇ) ਪ੍ਰਭੂ ਦਾ ਨਾਮ ਸਲਾਹੁਣਾ ਚਾਹੀਦਾ ਹੈ, ਨਾਮ ਦੀ ਬਰਕਤਿ ਨਾਲ ਹਉਮੈ ਦੀ ਅੱਗ (ਅੰਦਰੋਂ) ਮਿਟ ਜਾਂਦੀ ਹੈ (ਇਹ ਅੱਗ ਕਿ ਮੈਂ ਵੱਡਾ ਹਾਂ, ਮੈਂ ਵੱਡਾ ਬਣ ਜਾਵਾਂ—ਬੁੱਝ ਜਾਂਦੀ ਹੈ) ।੧।ਰਹਾਉ ।
(ਪੜ੍ਹੇ ਹੋਏ ਲੋਕ) ਬੇਅੰਤ ਪੁਸਤਕਾਂ ਲਿਖ ਲਿਖ ਕੇ ਪੜ੍ਹ ਪੜ੍ਹ ਕੇ ਵਿਚਾਰਦੇ ਹਨ, (ਗਿਆਨ ਦੀਆਂ ਗੱਲਾਂ) ਸੁਣ ਸੁਣ ਕੇ (ਲੋਕਾਂ ਦੀਆਂ ਨਜ਼ਰਾਂ ਵਿਚ ਵਿਚਾਰਵਾਨ (ਦਿੱਸਣ ਦਾ) ਵਿਅਰਥ ਜਤਨ ਕਰਦੇ ਹਨ, ਪਰ ਅੰਤਰ ਆਤਮੇ ਦਿਨ-ਰਾਤ ਬਹੁਤ ਤ੍ਰਿਸ਼ਨਾ (ਵਿਆਪ ਰਹੀ) ਹੈ, ਅੰਦਰ ਹਉਮੈ ਦਾ ਰੋਗ, ਹਉਮੈ ਦਾ ਵਿਕਾਰ (ਕਾਇਮ) ਹੈ ।
(ਦੂਜੇ ਪਾਸੇ) ਉਹ ਪਰਮਾਤਮਾ (ਇਸ ਚੁੰਚ-ਗਿਆਨਤਾ ਦੀ) ਪਰਵਾਹ ਨਹੀਂ ਕਰਦਾ, (ਸਾਡੇ ਗਿਆਨ) ਉਸ ਨੂੰ ਤੋਲ ਭੀ ਨਹੀਂ ਸਕਦੇ ।
ਗੁਰੂ ਦੀ ਮਤਿ ਲੈ ਕੇ ਉਸ ਦੀ ਕਦਰ ਸਮਝ ।੨ ।
ਜੇ ਮੈਂ ਲੱਖਾਂ ਚਤੁਰਾਈਆਂ ਕਰਾਂ, ਜੇ ਮੈਂ ਲੱਖਾਂ ਬੰਦਿਆਂ ਨਾਲ ਪ੍ਰੀਤ ਕਰਾਂ, ਮਿਲਾਪ ਪੈਦਾ ਕਰਾਂ, ਗੁਰੂ ਦੀ ਸੰਗਤਿ ਕਰਨ ਤੋਂ ਬਿਨਾ ਅੰਦਰਲੀ ਤ੍ਰਿਸ਼ਨਾ ਮੁੱਕਦੀ ਨਹੀਂ ।
ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਨਸਕ ਦੁੱਖ ਕਲੇਸ਼ ਬਣਿਆ ਹੀ ਰਹਿੰਦਾ ਹੈ ।
ਹੇ ਮੇਰੀ ਜਿੰਦੇ! ਪਰਮਾਤਮਾ ਦਾ ਨਾਮ ਜਪ ਕੇ ਹੀ (ਇਸ ਤ੍ਰਿਸ਼ਨਾ ਤੋਂ) ਖ਼ਲਾਸੀ ਹੋ ਸਕਦੀ ਹੈ (ਕਿਉਂਕਿ) ਜੇਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਨਾਮ ਜਪਦਾ ਹੈ, ਉਹ ਆਪਣੇ ਅਸਲੇ ਨੂੰ ਪਛਾਣ ਲੈਂਦਾ ਹੈ ।੩ ।
ਜਿਸ ਮਨੁੱਖ ਨੇ (ਨਾਮ ਦੇ ਵੱਟੇ) ਆਪਣਾ ਤਨ ਤੇ ਆਪਣਾ ਮਨ ਗੁਰੂ ਦੇ ਹਵਾਲੇ ਕਰ ਦਿੱਤਾ, ਜਿਸ ਨੇ ਮਨ ਹਵਾਲੇ ਕੀਤਾ ਤੇ ਸਿਰ ਵੀ ਹਵਾਲੇ ਕਰ ਦਿੱਤਾ, ਉਸ ਨੇ ਗੁਰੂ ਦੀ ਰਾਹੀਂ ਖੋਜ ਕਰ ਕੇ ਉਸ ਪ੍ਰਭੂ ਨੂੰ (ਆਪਣੇ ਅੰਦਰ ਹੀ) ਵੇਖ ਲਿਆ, ਜਿਸ ਨੂੰ ਲੱਭਣ ਵਾਸਤੇ ਸਾਰਾ ਜਗਤ ਖੋਜ ਭਾਲਿਆ ਸੀ ।
ਹੇ ਨਾਨਕ! ਸਰਨ ਪਏ ਨੂੰ ਗੁਰੂ ਨੇ ਆਪਣੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਲਾ ਦਿੱਤਾ, ਅਤੇ ਉਹ ਪ੍ਰਭੂ (ਆਪਣੇ ਅੰਦਰ) ਅੰਗ-ਸੰਗ ਹੀ ਵਿਖਾ ਦਿੱਤਾ ।੪।੧੭ ।
Follow us on Twitter Facebook Tumblr Reddit Instagram Youtube