ਸਿਰੀਰਾਗੁ ਮਹਲ ੧ ॥
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥
ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥
ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ ॥੧॥

ਮਨ ਰੇ ਸਬਦਿ ਤਰਹੁ ਚਿਤੁ ਲਾਇ ॥
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥੧॥ ਰਹਾਉ ॥

ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥੨॥

ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥੩॥

ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥੪॥੧੫॥

Sahib Singh
ਮੋਹਿ = ਮੋਹ ਵਿਚ ।
ਮਨੂਰੁ = ਸੜਿਆ ਹੋਇਆ ਲੋਹਾ, ਲੋਹੇ ਦੀ ਮੈਲ ।
ਫਿਰਿ = ਫਿਰ ਭੀ ।
ਲਾਗੂ = ਵੈਰੀ ।
ਕੂਰਿ = ਕੂੜ ਵਿਚ (ਮਸਤ ਰਹਿ ਕੇ) ।
ਤੂਰੁ = ਵਾਜਾ (ਵਿਕਾਰਾਂ ਦਾ) ।
ਭਰਮਾਈਐ = ਭਟਕਣਾ ਵਿਚ ਪਿਆ ਰਹਿੰਦਾ ਹੈ ।
ਦੁਬਿਧਾ = ਦੁਚਿੱਤਾ = ਪਨ ।
ਪੂਰੁ = ਸਾਰਾ ਪਰਵਾਰ (ਸਾਰੇ ਗਿਆਨ-ਇੰਦ੍ਰੇ) ।੧ ।
ਸਬਦਿ = (ਗੁਰੂ ਦੇ) ਸ਼ਬਦ ਵਿਚ ।
ਜਿਨਿ = ਜਿਸ (ਮਨੁੱਖ) ਨੇ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੧।ਰਹਾਉ ।
ਸੂਚਾ = ਸੁੱਚਾ, ਪਵਿੱਤਰ ।
ਭੈ = ਨਿਰਮਲ ਡਰ ਵਿਚ, ਅਦਬ ਵਿਚ ।
ਸਚਿ = ਸਦਾ = ਥਿਰ ਪ੍ਰਭੂ ਦੀ ਯਾਦ ਵਿਚ ।
ਰਾਤੀ = ਰੰਗੀ ਹੋਈ ।
ਦੇਹੁਰੀ = ਸੁੰਦਰ ਦੇਹੀ ।
ਸਚੁ = ਸਦਾ = ਥਿਰ ਪ੍ਰਭੂ ਦਾ ਨਾਮ ।
ਸੁਆਉ = ਸੁਆਰਥ, ਮਨੋਰਥ ।
ਨਿਹਾਲੀਐ = ਤੱਕਿਆ ਜਾਂਦਾ ਹੈ ।
ਨ ਪਾਵੈ ਤਾਉ = ਤਾਅ ਨਹੀਂ ਸਹਾਰਦਾ ।੨ ।
ਸਾਚੇ ਤੇ = ਸਦਾ = ਥਿਰ ਰਹਿਣ ਵਾਲੇ ਪਰਮਾਤਮਾ ਤੋਂ ।
ਪਵਨੈ ਤੇ = ਪਵਨ ਤੋਂ ।
ਤਿ੍ਰਭਵਣੁ = ਸਾਰਾ ਜਗਤ (ਤਿੰਨੇ ਭਵਨ) ।
ਸਾਜਿਆ = ਰਚਿਆ ਗਿਆ ।
ਸਮੋਇ = ਸਮਾਈ ਹੋਈ ਹੈ ।
ਸਬਦਿ ਰਤੇ = ਗੁਰ = ਸ਼ਬਦ ਵਿਚ ਰੰਗੇ ਰਹਿ ਕੇ ।੩ ।
ਪੰਚ ਭੂਤ = ਪੰਜੇ ਤਤ, ਸਾਰਾ ਸਰੀਰ ।
ਗੁਰਿ = ਗੁਰੂ ਨੇ ।
ਤਾਹਿ = ਉਸ ਦੀ ।੪ ।
    
Sahib Singh
ਹੇ (ਮੇਰੇ) ਮਨ! ਗੁਰੂ ਦੇ ਸ਼ਬਦ ਵਿਚ ਚਿੱਤ ਜੋੜ (ਤੇ ਇਸ ਤ੍ਰਹਾਂ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਪਾਰ ਲੰਘ ।
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਨਹੀਂ ਪਾਈ, ਉਹ ਮਰਦਾ ਹੈ ਜੰਮਦਾ ਹੈ ਜੰਮਦਾ ਹੈ ਮਰਦਾ ਹੈ ।੧।ਰਹਾਉ ।
(ਜਿਸ ਨੇ ਨਾਮ ਨਹੀਂ ਸਿਮਰਿਆ, ਉਸ ਦਾ) ਸਰੀਰ (ਵਿਕਾਰਾਂ ਵਿਚ ਹੀ) ਸੜ ਬਲ ਕੇ ਮਿੱਟੀ ਹੋ ਜਾਂਦਾ ਹੈ (ਰੁਲ ਜਾਂਦਾ ਹੈ) ਉਸ ਦਾ ਮਨ ਮਾਇਆ ਦੇ ਮੋਹ ਵਿਚ (ਫਸ ਕੇ, ਮਾਨੋ) ਸੜਿਆ ਹੋਇਆ ਲੋਹਾ ਬਣ ਜਾਂਦਾ ਹੈ ।
ਫਿਰ ਵੀ ਵਿਕਾਰ ਉਸ ਦੀ ਖ਼ਲਾਸੀ ਨਹੀਂ ਕਰਦੇ, ਉਹ ਅਜੇ ਵੀ ਕੂੜ ਵਿਚ ਮਸਤ ਰਹਿ ਕੇ (ਮਾਇਆ ਦੇ ਮੋਹ ਦਾ) ਵਾਜਾ ਵਜਾਂਦਾ ਹੈ ।
ਗੁਰ-ਸ਼ਬਦ ਤੋਂ ਵਾਂਜਿਆਂ ਰਹਿ ਕੇ ਉਹ ਭਟਕਣਾ ਵਿਚ ਪਿਆ ਰਹਿੰਦਾ ਹੈ ।
ਦੁਬਿਧਾ ਉਸ ਮਨੁੱਖ ਦਾ (ਗਿਆਨ-ਇੰਦਿ੍ਰਆਂ ਦਾ) ਸਾਰਾ ਹੀ ਪਰਵਾਰ (ਮੋਹ ਦੇ ਸਮੁੰਦਰ ਵਿਚ) ਡੋਬ ਦੇਂਦੀ ਹੈ ।੧ ।
ਜੇਹੜਾ ਸੁੰਦਰ ਸਰੀਰ ਪਰਮਾਤਮਾ ਦੇ ਅਦਬ-ਪਿਆਰ ਵਿਚ ਪਰਮਾਤਮਾ ਦੀ ਯਾਦ ਵਿਚ ਰੰਗਿਆ ਰਹਿੰਦਾ ਹੈ, ਜਿਸ ਦੀ ਜੀਭ ਨੂੰ ਸਿਮਰਨ ਹੀ (ਆਪਣੀ ਹਸਤੀ ਦਾ) ਅਸਲ ਮਨੋਰਥ ਜਾਪਦਾ ਹੈ, ਜਿਸ ਸਰੀਰ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਟਿਕਿਆ ਰਹਿੰਦਾ ਹੈ ਉਹੀ ਸਰੀਰ ਪਵਿਤ੍ਰ ਅਖਵਾ ਸਕਦਾ ਹੈ ।
ਜਿਸ ਉਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਉਹ ਮੁੜ ਮੁੜ (ਚੌਰਾਸੀ ਦੇ ਗੇੜ ਦੀ ਕੁਠਾਲੀ ਵਿਚ ਪੈ ਕੇ) ਤਾਅ (ਸੇਕ) ਨਹੀਂ ਸਹਾਰਦਾ ।੨ ।
ਗੁਰੂ ਦੇ ਸ਼ਬਦ ਵਿਚ ਰੰਗੇ ਹੋਏ ਨੂੰ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਉਹ ਸਦਾ ਪਵਿਤ੍ਰ ਰਹਿੰਦਾ ਹੈ, ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ।
(ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਕਿ) ਪਰਮਾਤਮਾ ਤੋਂ(ਸੂਖਮ ਤੱਤ) ਪਵਣ ਬਣਿਆ, ਪਵਣ ਤੋਂ ਜਲ ਹੋਂਦ ਵਿਚ ਆਇਆ, ਜਲ ਤੋਂ ਸਾਰਾ ਜਗਤ ਰਚਿਆ ਗਿਆ, (ਤੇ, ਇਸ ਰਚੇ ਸੰਸਾਰ ਦੇ) ਹਰੇਕ ਘਟ ਵਿਚ ਪਰਮਾਤਮਾ ਦੀ ਜੋਤਿ ਸਮਾਈ ਹੋਈ ਹੈ ।੩ ।
ਹੇ ਨਾਨਕ! ਜਿਸ ਮਨੁੱਖ ਦੀ ਗੁਰੂ ਨੇ ਰਾਖੀ ਕੀਤੀ, ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲੀ, ਵਿਕਾਰ ਉਸ ਤੋਂ ਪਰੇ ਹਟ ਗਏ, ਉਸ ਦਾ ਮਨ ਸਦਾ-ਥਿਰ ਪ੍ਰਭੂ ਵਿਚ ਟਿਕ ਕੇ ਸੰਤੋਖ ਦਾ ਧਾਰਨੀ ਹੋ ਜਾਂਦਾ ਹੈ, ਉਸ ਉੱਤੇ ਪ੍ਰਭੂ ਦੀ ਮਿਹਰ ਦੀ ਨਜ਼ਰ ਕਰੀ ਰੱਖਦਾ ਹੈ, ਉਸ ਦਾ ਸਾਰਾ ਸਰੀਰ ਪ੍ਰਭੂ ਦੀ ਯਾਦ ਵਿਚ ਪ੍ਰਭੂ ਦੇ ਅਦਬ ਵਿਚ ਰੰਗਿਆ ਰਹਿੰਦਾ ਹੈ, ਸਦਾ-ਥਿਰ ਪ੍ਰਭੂ ਦੀ ਜੋਤਿ ਸਦਾ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ ।੪।੧੫ ।
Follow us on Twitter Facebook Tumblr Reddit Instagram Youtube