ਸਿਰੀਰਾਗੁ ਮਹਲਾ ੧ ॥
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥
ਭਾਹਿ ਬਲੰਦੀ ਵਿਝਵੀ ਧੂਉ ਨ ਨਿਕਸਿਓ ਕਾਇ ॥
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥੧॥

ਮੂੜੇ ਰਾਮੁ ਜਪਹੁ ਗੁਣ ਸਾਰਿ ॥
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥੧॥ ਰਹਾਉ ॥

ਜਿਨੀ ਨਾਮੁ ਵਿਸਾਰਿਆ ਦੂਜੀ ਕਾਰੈ ਲਗਿ ॥
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥੨॥

ਮੁਈ ਪਰੀਤਿ ਪਿਆਰੁ ਗਇਆ ਮੁਆ ਵੈਰੁ ਵਿਰੋਧੁ ॥
ਧੰਧਾ ਥਕਾ ਹਉ ਮੁਈ ਮਮਤਾ ਮਾਇਆ ਕ੍ਰੋਧੁ ॥
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥੩॥

ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥੪॥੧੪॥

Sahib Singh
ਸੁੰਞੀ = ਸੱਖਣੀ, ਉੱਜੜੀ ਹੋਈ ।
ਦੇਹ = ਕਾਂਇਆਂ, ਸਰੀਰ ।
ਜਾ = ਜਦੋਂ ।
ਜੀਉ = ਜਿੰਦ ।
ਭਾਹਿ = ਅੱਗ (ਜੀਵਨ = ਸੱਤਾ) ।
ਵਿਝਵੀ = ਬੁੱਝ ਗਈ ।
ਧੂਉ = ਧੂੰਆਂ (ਸੁਆਸ) ।
ਪੰਚੇ = ਪੰਜੇ ਗਿਆਨ = ਇੰਦ੍ਰੇ ।
ਦੂਜੈ ਭਾਇ = ਮਾਇਆ ਦੇ ਮੋਹ ਵਿਚ ।੧ ।
ਸਾਰਿ = ਸੰਭਾਲ ਕੇ, ਚੇਤੇ ਕਰ ਕਰ ਕੇ ।
ਸਭ = ਸਾਰੀ ਸਿ੍ਰਸ਼ਟੀ ।
ਮੁਠੀ = ਮੁੱਠੀ, ਠੱਗੀ ਜਾ ਰਹੀ ਹੈ ।
ਅਹੰਕਾਰਿ = ਅਹੰਕਾਰ ਵਿਚ ।੧।ਰਹਾਉ ।
ਲਗਿ = ਲੱਗ ਕੇ ।
ਦੁਬਿਧਾ = ਦੁਚਿੱਤਾ = ਪਨ, ਮੇਰ—ਤੇਰ ।
ਪਚਿ = ਖ਼ੁਆਰ ਹੋ ਕੇ ।
ਮੁਏ = ਆਤਮਕ ਜੀਵਨ ਗਵਾ ਬੈਠੇ ।
ਗੁਰਿ = ਗੁਰੂ ਨੇ ।
ਉਬਰੇ = ਬਚ ਗਏ ।
ਮੁਠੀ = ਠੱਗ ਲਈ ।
ਠਗਿ = ਠੱਗ ਨੇ ।੧ ।
ਮੁਈ = ਮੁੱਕ ਗਈ ।
ਹਉ = ਹਉਮੈ ।
ਮਮਤਾ ਮਾਇਆ = ਮਾਇਆ ਦੀ ਮਮਤਾ, ਮਾਇਆ ਜੋੜਨ ਦੀ ਲਾਲਸਾ ।
ਕਰਮਿ = (ਪ੍ਰਭੂ ਦੀ) ਮਿਹਰ ਨਾਲ ।
ਗੁਰਮੁਖਿ = ਗੁਰੂ ਦੀ ਰਾਹੀਂ ।
ਨਿਰੋਧੁ = (ਵਿਕਾਰਾਂ ਵਲੋਂ) ਰੋਕ ।੩।ਕਾਰੈ—ਕਾਰ ਵਿਚ (ਲੱਗ ਕੇ) ।
ਪਲੈ ਪਾਇ = ਪ੍ਰਾਪਤੀ ਹੋ ਜਾਏ ।
ਦਰਿ = (ਪ੍ਰਭੂ ਦੇ) ਦਰ ਤੇ ।
ਪਰਧਾਨੁ = ਮੰਨਿਆ = ਪਰਮੰਨਿਆ, ਸੁਰਖ਼ਰੂ ।
ਪੈਧਾ = ਸਰੋਪਾ ਲੈ ਕੇ ।੪ ।
    
Sahib Singh
ਜਦੋਂ ਜਿੰਦ ਸਰੀਰ ਵਿਚੋਂ ਨਿਕਲ ਜਾਂਦੀ ਹੈ ਤਾਂ ਇਹ ਸਰੀਰ ਉੱਜੜ ਜਾਂਦਾ ਹੈ, ਇਸ ਤੋਂ ਡਰ ਲੱਗਣ ਲੱਗ ਪੈਂਦਾ ਹੈ ।
ਜੇਹੜੀ ਜੀਵਨ-ਅਗਨੀ (ਪਹਿਲਾਂ ਇਸ ਵਿਚ) ਬਲਦੀ ਸੀ ਉਹ ਬੁੱਝ ਜਾਂਦੀ ਹੈ (ਜੀਵਨ-ਸੱਤਿਆ ਮੁੱਕ ਜਾਂਦੀ ਹੈ), ਕੋਈ ਭੀ ਸਾਹ ਨਹੀਂ ਆਉਂਦਾ ਜਾਂਦਾ (ਅੱਖਾਂ ਕੰਨ ਆਦਿਕ) ਜੇਹੜੇ ਪੰਜ ਗਿਆਨ-ਇੰਦ੍ਰੇ (ਪਰ-ਤਨ ਨਿੰਦਾ ਆਦਿਕ) ਮਾਇਕ ਮੋਹ ਵਿਚ ਹੀ ਨਾਸ ਹੁੰਦੇ ਰਹੇ, ਉਹ ਵੀ ਦੁਖੀ ਹੋ ਹੋ ਕੇ ਰੋਏ (ਭਾਵ, ਨਕਾਰੇ ਹੋ ਜਾਣ ਤੇ ਮਜਬੂਰ ਹੋ ਗਏ) ।੧ ।
ਹੇ ਮੂਰਖ ਜੀਵ! (ਉਸ ਅੰਤਲੀ ਦਸ਼ਾ ਨੂੰ ਸਾਹਮਣੇ ਲਿਆ ਕੇ) ਪਰਮਾਤਮਾ ਦੇ ਗੁਣ ਚੇਤੇ ਕਰ, ਪ੍ਰਭੂ ਦਾ ਨਾਮ ਜਪ ।
ਸਾਰੀ ਸਿ੍ਰਸ਼ਟੀ (ਗਾਫ਼ਿਲ ਹੋ ਕੇ) ਮੋਹਣੀ ਮਾਇਆ ਦੀ ਮਮਤਾ ਵਿਚ ਹਉਮੈ ਵਿਚ ਤੇ ਅਹੰਕਾਰ ਵਿਚ ਠੱਗੀ ਜਾ ਰਹੀ ਹੈ ।੧।ਰਹਾਉ ।
ਜਿਨ੍ਹਾਂ ਬੰਦਿਆਂ ਨੇ ਹੋਰ ਹੋਰ ਨਿਰੀ ਦੁਨੀਆਵੀ ਕਾਰ ਵਿਚ ਲੱਗ ਕੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ, ਉਹ ਸਦਾ ਮੇਰ-ਤੇਰ ਵਿਚ ਫਸੇ ਰਹੇ, ਉਹਨਾਂ ਦੇ ਅੰਦਰ ਤ੍ਰਿਸ਼ਨਾ ਦੀ ਅੱਗ ਭੜਕਦੀ ਰਹੀ, ਜਿਸ ਵਿਚ ਖਿੱਝ ਸੜ ਕੇ ਉਹ ਆਤਮਕ ਮੌਤ ਮਰ ਗਏ ।
ਜਿਨ੍ਹਾਂ ਦੀ ਰਾਖੀ ਗੁਰੂ ਨੇ ਕੀਤੀ, ਉਹ ਤ੍ਰਿਸ਼ਨਾ-ਅੱਗ ਤੋਂ ਬੱਚ ਗਏ, ਬਾਕੀ ਸਭਨਾਂ ਨੂੰ ਦੁਨੀਆ ਦੇ ਖੱਲਜਗਣ-ਠੱਗ ਨੇ ਠੱਗ ਲਿਆ ।੨ ।
ਪਰ ਜੋ ਗੁਰਮੁਖਿ ਗਿਆਨ-ਇੰਦਿ੍ਰਆਂ ਨੂੰ ਸਦਾ ਰੋਕ ਕੇ ਰੱਖਦਾ ਹੈ ਉਸ ਨੂੰ ਪ੍ਰਭੂ ਦੀ ਕਿ੍ਰਪਾ ਨਾਲ ਉਸ ਪ੍ਰਭੂ ਦਾ ਮਿਲਾਪ ਹੋ ਜਾਂਦਾ ਹੈ, ਉਸ ਦੀ ਦੁਨੀਆਵੀ ਪ੍ਰੀਤ ਮੁੱਕ ਜਾਂਦੀ ਹੈ ਉਸ ਦਾ ਮਾਇਕ ਪਦਾਰਥਾਂ ਨਾਲ ਪਿਆਰ ਖ਼ਤਮ ਹੋ ਜਾਂਦਾ ਹੈ, ਉਸ ਦਾ ਕਿਸੇ ਨਾਲ ਵੈਰ-ਵਿਰੋਧ ਨਹੀਂ ਰਹਿ ਜਾਂਦਾ ।
ਉਸ ਦੀ ਮਾਇਆ ਵਾਲੀ ਦੌੜ-ਭੱਜ ਮੁੱਕ ਜਾਂਦੀ ਹੈ, ਹਉਮੈ ਮਰ ਜਾਂਦੀ ਹੈ, ਮਾਇਆ ਦੀ ਮਮਤਾ ਖ਼ਤਮ ਹੋ ਜਾਂਦੀ ਹੈ, ਤੇ ਕ੍ਰੋਧ ਵੀ ਮਰ ਜਾਂਦਾ ਹੈ ।੩ ।
ਜੇਹੜਾ ਮਨੁੱਖ (ਸਿਮਰਨ ਦੀ) ਸਦਾ-ਟਿਕੀ ਰਹਿਣ ਵਾਲੀ ਕਾਰ ਵਿਚ ਲੱਗਾ ਰਹਿੰਦਾ ਹੈ ਉਸ ਨੂੰ ਸਦਾ-ਥਿਰ ਪ੍ਰਭੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋ ਜਾਂਦੀ ਹੈ ।
ਉਹ ਮਨੁੱਖ ਮੁੜ ਮੁੜ ਜੰਮਦਾ ਮਰਦਾ ਨਹੀਂ ਰਹਿੰਦਾ, ਉਹ ਜਨਮ ਮਰਨ ਦੇ ਗੇੜ ਤੋਂ ਬੱਚ ਜਾਂਦਾ ਹੈ ।
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਰ ਤੇ ਸੁਰਖ਼ਰੂ ਹੁੰਦਾ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਸਰੋਪਾ ਲੈ ਕੇ ਜਾਂਦਾ ਹੈ ।੪।੧੪ ।
Follow us on Twitter Facebook Tumblr Reddit Instagram Youtube