ਸਿਰੀਰਾਗੁ ਮਹਲਾ ੧ ॥
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥੧॥

ਮਨ ਰੇ ਸਚੁ ਮਿਲੈ ਭਉ ਜਾਇ ॥
ਭੈ ਬਿਨੁ ਨਿਰਭਉ ਕਿਉ ਥੀਐ ਗੁਰਮੁਖਿ ਸਬਦਿ ਸਮਾਇ ॥੧॥ ਰਹਾਉ ॥

ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥
ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਇ ॥
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥੨॥

ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥
ਜੋ ਤਿਸੁ ਭਾਣਾ ਸੋ ਥੀਐ ਅਵਰੁ ਨ ਕਰਣਾ ਜਾਇ ॥੩॥

ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥੪॥੧੧॥

Sahib Singh
ਸਰੀ = ਫਬ ਗਈ ।
ਉਬਰੀ = ਬਚ ਗਈ ।
ਘਰਾਹੁ = ਘਰ ਤੋਂ, ਹਿਰਦੇ ਵਿਚੋਂ ।
ਦੂਤ = ਵਿਕਾਰ ।
ਵੇਸਾਹੁ = ਭਰੋਸਾ, ਦਿਲਾਸਾ ।
ਕਲਪ = ਕਲਪਣਾ ।
ਬਾਦਿ = ਵਿਅਰਥ ।੧ ।
ਸਚੁ = ਸਦਾ = ਥਿਰ ਰਹਿਣ ਵਾਲਾ ਪ੍ਰਭੂ ।
ਭੈ ਬਿਨੁ = (ਨਿਰਮਲ) ਡਰ ਤੋਂ ਬਿਨਾ ।੧।ਰਹਾਉ ।
ਕੇਤਾ ਆਖਣੁ ਆਖੀਐ = (ਦੁਨੀਆ ਵਾਲੀ) ਮੰਗ ਕਿਤਨੀ ਹੀ ਮੰਗੀਦੀ ਹੈ ।
ਮਨਿ ਵਸਿਐ = ਜੇ ਮਨ ਵਿਚ ਵੱਸ ਪਏ ।੨ ।
ਬਾਜੀ = ਖੇਡ ।
ਖੇਲੁ ਖੇਲਾਇ = ਖੇਡ ਖਿਡਾ ਦੇਂਦਾ ਹੈ, ਖੇਡ ਮੁਕਾ ਦੇਂਦਾ ਹੈ ।
ਏਕਸੇ = ਇਕੱਠੇ ਹੋ ਜਾਂਦੇ ਹਨ ।
ਜਾਇ = ਚਲਾ ਜਾਂਦਾ ਹੈ ।੩ ।
ਵੇਸਾਹੀਐ = ਵਿਹਾਝੀਦੀ ਹੈ ।
ਵਖਰੁ = ਸੌਦਾ ।
ਰਾਸਿ = ਪੂੰਜੀ ।
ਸਾਬਾਸਿ = ਪ੍ਰਸੰਨਤਾ, ਆਦਰ ।
ਪਛਾਣਸੀ = ਪਛਾਣਦਾ ਹੈ, ਕਦਰ ਪਾਂਦਾ ਹੈ ।੪ ।
    
Sahib Singh
(ਮੇਰੇ ਵਾਸਤੇ ਬਹੁਤ) ਚੰਗਾ ਹੋਇਆ ਕਿ ਮੇਰੀ ਜਿੰਦ ਵਿਕਾਰਾਂ ਤੋਂ ਬਚ ਗਈ, ਮੇਰੇ ਹਿਰਦੇ ਵਿਚੋਂ ਹਉਮੈ ਮਰ ਗਈ ।
ਮੈਨੂੰ ਆਪਣੇ ਗੁਰੂ ਦੀ ਥਾਪਣਾ ਮਿਲੀ, ਤੇ ਵਿਕਾਰ (ਮੈਨੂੰ ਖ਼ੁਆਰ ਕਰਨ ਦੇ ਥਾਂ) ਉਲਟੇ ਮੇਰੇ ਵੱਸ ਵਿਚ ਹੋ ਗਏ ।
ਸਦਾ-ਥਿਰ ਰਹਿਣ ਵਾਲਾ ਬੇ-ਪਰਵਾਹ ਪ੍ਰਭੂ (ਮੈਨੂੰ ਮਿਲ ਪਿਆ), ਮੈਂ (ਮਾਇਆ-ਮੋਹ ਦੀ) ਵਿਅਰਥ ਕਲਪਣਾ ਛੱਡ ਦਿੱਤੀ ।੧ ।
ਹੇ (ਮੇਰੇ) ਮਨ! ਜਦੋਂ ਸਦਾ-ਥਿਰ ਪ੍ਰਭੂ ਮਿਲ ਪਏ, ਤਾਂ ਦੁਨੀਆ ਦਾ ਡਰ-ਸਹਮ ਦੂਰ ਹੋ ਜਾਂਦਾ ਹੈ ।
ਜਦ ਤਕ ਪਰਮਾਤਮਾ ਦਾ ਡਰ-ਅਦਬ ਮਨ ਵਿਚ ਨਾਹ ਹੋਵੇ, ਮਨੁੱਖ ਦੁਨੀਆ ਦੇ ਡਰਾਂ ਤੋਂ ਬਚ ਹੀ ਨਹੀਂ ਸਕਦਾ (ਤੇ ਪਰਮਾਤਮਾ ਦਾ ਡਰ-ਅਦਬ ਤਦੋਂ ਹੀ ਪੈਦਾ ਹੁੰਦਾ ਹੈ ਜਦੋਂ ਜੀਵ) ਗੁਰੂ ਦੀ ਰਾਹੀਂ ਸ਼ਬਦ ਵਿਚ ਜੁੜਦਾ ਹੈ ।੧।ਰਹਾਉ ।
ਮਨੁੱਖ ਦੁਨੀਆ ਵਾਲੀ ਮੰਗ ਕਿਤਨੀ ਹੀ ਮੰਗਦਾ ਰਹਿੰਦਾ ਹੈ, ਮੰਗ ਮੰਗਣ ਵਿਚ ਕਮੀ ਹੁੰਦੀ ਹੀ ਨਹੀਂ (ਭਾਵ, ਦੁਨੀਆਵੀ ਮੰਗ ਮੁੱਕਦੀ ਹੀ ਨਹੀਂ) (ਫਿਰ) ਬੇਅੰਤ ਜੀਵ ਹਨ ਮੰਗਾਂ ਮੰਗਣ ਵਾਲੇ, ਤੇ ਦੇਣ ਵਾਲਾ ਸਿਰਫ਼ ਇਕੋ ਪਰਮਾਤਮਾ ਹੈ (ਪਰ ਇਸ ਮੰਗਣ ਵਿਚ ਸੁਖ ਭੀ ਨਹੀਂ ਹੈ) ।
ਜਿਸ ਪਰਮਾਤਮਾ ਨੇ ਜਿੰਦ ਪ੍ਰਾਣ ਦਿੱਤੇ ਹੋਏ ਹਨ, ਜੇ ਉਹ ਮਨੁੱਖ ਦੇ ਮਨ ਵਿਚ ਵੱਸ ਪਏ, ਤਦੋਂ ਹੀ ਸੁਖ ਹੁੰਦਾ ਹੈ ।੩ ।
ਜਗਤ (ਮਾਨੋ) ਸੁਪਨਾ ਹੈ, ਜਗਤ ਇਕ ਖੇਡ ਬਣੀ ਹੋਈ ਹੈ, ਜੀਵ ਇਕ ਖਿਨ ਵਿਚ (ਜ਼ਿੰਦਗੀ ਦੀ) ਖੇਡ ਖੇਡ ਕੇ ਚਲਾ ਜਾਂਦਾ ਹੈ ।
(ਪ੍ਰਭੂ ਦੀ) ਸੰਜੋਗ-ਸੱਤਿਆ ਨਾਲ ਪ੍ਰਾਣੀ ਮਿਲ ਕੇ ਇਕੱਠੇ ਹੁੰਦੇ ਹਨ, ਵਿਜੋਗ-ਸੱਤਿਆ ਅਨੁਸਾਰ ਜੀਵ (ਇਥੋਂ) ਉੱਠ ਕੇ ਤੁਰ ਪੈਂਦਾ ਹੈ ।
ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ, ਉਹੀ ਹੁੰਦਾ ਹੈ, (ਉਸ ਦੇ ਉਲਟ) ਹੋਰ ਕੁਝ ਨਹੀਂ ਕੀਤਾ ਜਾ ਸਕਦਾ ।੩ ।
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਅਸਲ ਸੌਦਾ ਹੈ ਤੇ ਪੂੰਜੀ ਹੈ (ਜੋ ਵਿਹਾਝਣ ਲਈ ਜੀਵ ਇਥੇ ਆਇਆ ਹੈ) ਇਹ ਸੌਦਾ ਗੁਰੂ ਦੀ ਰਾਹੀਂ ਹੀ ਖ਼ਰੀਦਿਆ ਜਾ ਸਕਦਾ ਹੈ ।
ਜਿਨ੍ਹਾਂ ਬੰਦਿਆਂ ਨੇ ਇਹ ਸੱਚਾ ਸੌਦਾਖ਼ਰੀਦਿਆ ਹੈ ਉਹਨਾਂ ਨੂੰ ਪੂਰੇ ਗੁਰੂ ਦੀ ਥਾਪਣਾ ਮਿਲਦੀ ਹੈ ।
ਹੇ ਨਾਨਕ! ਜਿਸ ਦੇ ਪਾਸ ਇਹ ਸੱਚਾ ਸੌਦਾ ਹੁੰਦਾ ਹੈ, ਇਸ ਵਸਤ ਦੀ ਕਦਰ ਭੀ ਉਹੀ ਜਾਣਦਾ ਹੈ ।੪।੧੧ ।
ਸਿਰੀ ਰਾਗੁ ਮਹਲੁ ੧ ॥ {ਨੋਟ—ਵੇਖੋ ਸ਼ਬਦ ਨੰ: ੬ ਉਥੇ ਭੀ ਸਿਰਲੇਖ 'ਮਹਲਾ' ਦੇ ਥਾਂ ਲਫ਼ਜ਼ 'ਮਹਲੁ' ਹੀ ਹੈ} ।
Follow us on Twitter Facebook Tumblr Reddit Instagram Youtube