ਸਿਰੀਰਾਗੁ ਮਹਲਾ ੧ ॥
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥
ਪਰ ਨਿੰਦਾ ਪਰ ਮਲੁ ਮੁਖ ਸੁਧੀ ਅਗਨਿ ਕ੍ਰੋਧੁ ਚੰਡਾਲੁ ॥
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥੧॥

ਬਾਬਾ ਬੋਲੀਐ ਪਤਿ ਹੋਇ ॥
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥੧॥ ਰਹਾਉ ॥

ਰਸੁ ਸੁਇਨਾ ਰਸੁ ਰੁਪਾ ਕਾਮਣਿ ਰਸੁ ਪਰਮਲ ਕੀ ਵਾਸੁ ॥
ਰਸੁ ਘੋੜੇ ਰਸੁ ਸੇਜਾ ਮੰਦਰ ਰਸੁ ਮੀਠਾ ਰਸੁ ਮਾਸੁ ॥
ਏਤੇ ਰਸ ਸਰੀਰ ਕੇ ਕੈ ਘਟਿ ਨਾਮ ਨਿਵਾਸੁ ॥੨॥

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥
ਜੋ ਤਿਸੁ ਭਾਵਹਿ ਸੇ ਭਲੇ ਹੋਰਿ ਕਿ ਕਹਣ ਵਖਾਣ ॥੩॥

ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥੪॥੪॥

Sahib Singh
ਲਬੁ = ਖਾਣ ਦਾ ਲਾਲਚ ।
ਕੂੜੁ = ਝੂਠ ਬੋਲਣਾ ।
ਠਗਿ = ਠੱਗ ਕੇ ।
ਪਰ ਮਲੁ = ਪਰਾਈ ਮੈਲ ।
ਮੁਖਿ = ਮੂੰਹ ਵਿਚ ।
ਸੁਧੀ = ਸਮੂਲਚੀ, ਸਾਰੀ ਦੀ ਸਾਰੀ ।
ਅਗਨਿ = ਅੱਗ ।
ਰਸ ਕਸ = ਚਸਕੇ ।
ਆਪੁ ਸਲਾਹਣਾ = ਆਪਣੇ ਆਪ ਨੂੰ ਵਡਿਆਉਣਾ ।
ਏ = ਇਹ ।੧ ।
ਬਾਬਾ = ਹੇ ਭਾਈ !
ਬੋਲੀਐ = ਉਹ ਬੋਲ ਬੋਲੀਏ, ਪ੍ਰਭੂ ਦੀ ਸਿਫ਼ਤਿ-ਸਾਲਾਹ ਹੀ ਕਰੀਏ ।
ਪਤਿ = ਇੱਜ਼ਤ ।
ਸੇ = ਉਹੀ ਬੰਦੇ ।
ਦਰਿ = ਪ੍ਰਭੂ ਦੀ ਹਜ਼ੂਰੀ ਵਿਚ ।
ਕਹੀਅਹਿ = ਕਹੇ ਜਾਂਦੇ ਹਨ ।
ਨੀਚ ਕਰਮ = ਮੰਦ = ਕਰਮੀ ਬੰਦੇ ।੧।ਰਹਾਉ ।
ਰਸੁ = ਚਸਕਾ ।
ਰੁਪਾ = ਚਾਂਦੀ ।
ਕਾਮਣਿ = ਇਸਤ੍ਰੀ ।
ਪਰਮਲ = ਸੁਗੰਧੀ ।
ਪਰਮਲ ਕੀ ਵਾਸ = ਸੁਗੰਧੀ ਸੁੰਘਣੀ ।
ਮੰਦਰ = ਸੋਹਣੇ ਘਰ ।
ਏਤੇ = ਇਤਨੇ, ਕਈ ।
ਕੈ ਘਟਿ = ਕਿਸ ਹਿਰਦੇ ਵਿਚ?੨ ।
ਜਿਤੁ ਬੋਲਿਐ = ਜੇਹੜਾ ਬੋਲ ਬੋਲਿਆਂ ।
ਜਿਤੁ = ਜਿਸ (ਬੋਲ) ਦੀ ਰਾਹੀਂ ।
ਪਰਵਾਣੁ = ਕਬੂਲ, ਸੁਚੱਜਾ, ਸੁਲੱਖਣਾ ।
ਬੋਲਿ = ਬੋਲ ਕੇ ।
ਵਿਗੁਚਣਾ = ਖ਼ੁਆਰ ਹੋਈਦਾ ਹੈ ।
ਮਨ = ਹੇ ਮਨ !
ਭਾਵਹਿ = ਚੰਗੇ ਲੱਗਦੇ ਹਨ ।
ਤਿਸੁ = ਉਸ ਪ੍ਰਭੂ ਨੂੰ ।
ਕਿ = ਕੀਹ ?
ਕਹਣ ਵਖਾਣ = ਕਹਣ = ਕਹਾਣ, ਫਾਲਤੂ ਗੱਲਾਂ ।
ਕਿ = ਕਿਸ ਅਰਥ ?
    ਕੋਈ ਲਾਭ ਨਹੀਂ ।੨ ।
ਤਿਨ ਪਲੈ = ਉਹਨਾਂ ਮਨੁੱਖਾਂ ਦੇ ਪਾਸ ।
ਜਿਨ ਹਿਰਦੈ = ਜਿਨ੍ਹਾਂ ਦੇ ਹਿਰਦੇ ਵਿਚ ।
ਸੁਆਲਿਉ = ਸੋਹਣਾ ।
ਕਾਇ = ਕੌਣ ?
ਨਾਨਕ = ਹੇ ਨਾਨਕ !
ਨਦਰੀ ਬਾਹਰੇ = ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਹੋਏ ।
ਦਾਨਿ = ਦਾਨ ਵਿਚ, ਪ੍ਰਭੂ ਦੇ ਦਿਤੇ ਹੋਏ ਪਦਾਰਥ ਵਿਚ ।
ਨਾਇ = ਪ੍ਰਭੂ ਦੇ ਨਾਮ ਵਿਚ ।੪ ।
    
Sahib Singh
ਹੇ ਮੇਰੇ ਕਰਤਾਰ! ਮੇਰੀਆਂ ਤਾਂ ਇਹ ਕਰਤੂਤਾਂ ਹਨ—ਖਾਣ ਦਾ ਲਾਲਚ (ਮੇਰੇ ਅੰਦਰ) ਕੁੱਤਾ ਹੈ (ਜੋ ਹਰ ਵੇਲੇ ਖਾਣ ਨੂੰ ਮੰਗਦਾ ਹੈ ਭੌਂਕਦਾ ਹੈ), ਝੂਠ (ਬੋਲਣ ਦੀ ਵਾਦੀ ਮੇਰੇ ਅੰਦਰ) ਚੂਹੜਾ ਹੈ (ਜਿਸ ਨੇ ਮੈਨੂੰ ਬਹੁਤ ਨੀਵਾਂ ਕਰ ਦਿੱਤਾ ਹੈ), (ਦੂਜਿਆਂ ਨੂੰ) ਠੱਗ ਕੇ ਖਾਣਾ (ਮੇਰੇ ਅੰਦਰ) ਮੁਰਦਾਰ ਹੈ (ਜੋ ਸੁਆਰਥ ਦੀ ਬਦਬੂ ਵਧਾ ਰਿਹਾ ਹੈ), ਪਰਾਈ ਨਿੰਦਿਆ ਮੇਰੇ ਮੂੰਹ ਵਿਚ ਸਮੂਲਚੀ ਪਰਾਈ ਮੈਲ ਹੈ, ਕ੍ਰੋਧ-ਅੱਗ (ਮੇਰੇ ਅੰਦਰ) ਚੰਡਾਲ (ਬਣੀ ਪਈ ਹੈ), ਮੈਨੂੰ ਕਈ ਚਸਕੇ ਹਨ, ਮੈਂ ਆਪਣੇ ਆਪ ਨੂੰ ਵਡਿਆਉਂਦਾ ਹਾਂ ।੧ ।
ਹੇ ਭਾਈ! ਉਹ ਬੋਲ ਬੋਲਣਾ ਚਾਹੀਦਾ ਹੈ (ਜਿਸ ਨਾਲ ਪ੍ਰਭੂ ਦੀ ਹਜ਼ੂਰੀ ਵਿਚ) ਇੱਜ਼ਤ ਮਿਲੇ ।
ਉਹੀ ਮਨੁੱਖ (ਅਸਲ ਵਿਚ) ਚੰਗੇ ਹਨ, ਜੋ ਪ੍ਰਭੂ ਦੀ ਹਜ਼ੂਰੀ ਵਿਚ ਚੰਗੇ ਆਖੇ ਜਾਂਦੇ ਹਨ, ਮੰਦ-ਕਰਮੀ ਬੰਦੇ ਬੈਠੇ ਝੁਰਦੇ ਹੀ ਹਨ ।੧।ਰਹਾਉ।ਸੋਨਾ ਚਾਂਦੀ (ਇਕੱਠਾ ਕਰਨ) ਦਾ ਚਸਕਾ, ਇਸਤ੍ਰੀ (ਭਾਵ, ਕਾਮ) ਦਾ ਚਸਕਾ, ਸੁਗੰਧੀਆਂ ਦੀ ਲਗਨ, ਘੋੜਿਆਂ (ਦੀ ਸਵਾਰੀ) ਦਾ ਸ਼ੌਂਕ, (ਨਰਮ ਨਰਮ) ਸੇਜਾਂ ਤੇ (ਸੋਹਣੇ) ਮਹਲ-ਮਾੜੀਆਂ ਦੀ ਲਾਲਸਾ, (ਸੁਆਦਲੇ) ਮਿੱਠੇ ਪਦਾਰਥ, ਤੇ ਮਾਸ (ਖਾਣ) ਦਾ ਚਸਕਾ—ਜੇ ਮਨੁੱਖਾ ਸਰੀਰ ਨੂੰ ਇਤਨੇ ਚਸਕੇ ਲੱਗੇ ਹੋਏ ਹੋਣ, ਤਾਂ ਪਰਮਾਤਮਾ ਦੇ ਨਾਮ ਦਾ ਟਿਕਾਣਾ ਕਿਸ ਹਿਰਦੇ ਵਿਚ ਹੋ ਸਕਦਾ ਹੈ?੨ ।
ਉਹੀ ਬੋਲ ਬੋਲਿਆ ਹੋਇਆ ਸੁਚੱਜਾ ਹੈ ਜਿਸ ਦੇ ਬੋਲਣ ਨਾਲ (ਪ੍ਰਭੂ ਦੀ ਹਜ਼ੂਰੀ ਵਿਚ) ਆਦਰ ਮਿਲਦਾ ਹੈ ।
ਹੇ ਮੂਰਖ ਅੰਞਾਣ ਮਨ! ਸੁਣ, ਫਿੱਕਾ (ਨਾਮ-ਰਸ ਤੋਂ ਸੱਖਣਾ) ਬੋਲ ਬੋਲਿਆਂ ਖ਼ੁਆਰ ਹੋਈਦਾ ਹੈ (ਭਾਵ, ਜੇ ਸਾਰੀ ਉਮਰ ਨਿਰੀਆਂ ਉਹੀ ਗੱਲਾਂ ਕਰਦੇ ਰਹੀਏ ਜੋ ਪ੍ਰਭੂ ਦੀ ਯਾਦ ਤੋਂ ਖ਼ਾਲੀ ਹੋਣ ਤਾਂ ਦੁਖੀ ਹੀ ਰਹੀਦਾ ਹੈ) ।
ਪ੍ਰਭੂ ਭੀ ਸਿਫ਼ਤਿ-ਸਾਲਾਹ ਤੋਂ ਬਿਨਾ ਹੋਰ ਗੱਲਾਂ ਵਿਅਰਥ ਹਨ ।
ਜੋ ਮਨੁੱਖ (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ) ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ, ਉਹੀ ਚੰਗੇ ਹਨ ।੩ ।
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਪ੍ਰਭੂ ਹਰ ਵੇਲੇ ਵੱਸ ਰਿਹਾ ਹੈ, ਉਹ ਅਕਲ ਵਾਲੇ ਹਨ, ਇੱਜ਼ਤ ਵਾਲੇ ਹਨ ਤੇ ਧਨ ਵਾਲੇ ਹਨ ।
ਐਸੇ ਭਲੇ ਮਨੁੱਖਾਂ ਦੀ ਸਿਫ਼ਤਿ ਕੀਤੀ ਨਹੀਂ ਜਾ ਸਕਦੀ ।
ਉਹਨਾਂ ਵਰਗਾ ਸੋਹਣਾ ਹੋਰ ਕੌਣ ਹੈ ?
ਹੇ ਨਾਨਕ! ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਵਾਂਜੇ ਬੰਦੇ ਉਸ ਦੇ ਨਾਮ ਵਿਚ ਨਹੀਂ ਜੁੜਦੇ, ਉਸ ਦੇ ਦਿੱਤੇ ਧਨ ਪਦਾਰਥ ਵਿਚ ਮਸਤ ਰਹਿੰਦੇ ਹਨ ।੪।੪ ।

ਨੋਟ: ਅਖ਼ੀਰਲਾ ਅੰਕ ੪ ਦੱਸਦਾ ਹੈ ਕਿ ਇਹ ਚੌਥਾ ਸ਼ਬਦ ਹੈ ।

ਭਾਵ:- ਜਿਸ ਮਨੁੱਖ ਦੇ ਮਨ ਵਿਚ ਦੁਨੀਆ ਦੇ ਚਸਕਿਆਂ ਤੇ ਵਿਕਾਰਾਂ ਦਾ ਜ਼ੋਰ ਹੋਵੇ, ਉਹ ਪਰਮਾਤਮਾ ਦੇ ਨਾਮ ਵਿਚ ਨਹੀਂ ਜੁੜ ਸਕਦਾ ।
ਚਸਕੇ-ਵਿਕਾਰ ਤੇ ਭਗਤੀ ਇਕੋ ਹਿਰਦੇ ਵਿਚ ਇਕੱਠੇ ਨਹੀਂ ਹੋ ਸਕਦੇ ।
ਅਜੇਹਾ ਮਨੁੱਖ ਭਾਵੇਂ ਕਿਤਨਾ ਹੀ ਅਕਲਈਆ ਮੰਨਿਆ-ਪ੍ਰੰਮਨਿਆ ਤੇ ਧਨੀ ਹੋਵੇ, ਉਸ ਦਾ ਜੀਵਨ ਖੇਹ-ਖ਼ੁਆਰੀ ਵਿਚ ਹੀ ਲੰਘਦਾ ਹੈ ।

ਨੋਟ: ਸ਼ਬਦ ਦੇ ਅੰਕ ਨੰ: ੨ ਨੂੰ ਧਿਆਨ ਨਾਲ ਵੇਖਣਾ ।
ਚਸਕਾ ਕੋਈ ਭੀ ਹੋਵੇ, ਮਾੜਾ ਹੈ ।
ਮਨੁੱਖ ਤਦੋਂ ਹੀ ਕੁਰਾਹੇ ਪੈਂਦਾ ਹੈ ਜਦੋਂ ਸਰੀਰਕ ਲੋੜਾਂ ਤੋਂ ਲੰਘ ਕੇ ਚਸਕੇ ਵਿਚ ਫਸ ਜਾਂਦਾ ਹੈ ।
ਇਹ ਚਸਕਾ ਚਾਹੇ ਧਨ ਜੋੜਨ ਦਾ ਹੈ, ਚਾਹੇ ਕਾਮ-ਵਾਸ਼ਨਾ ਦਾ ਹੈ, ਚਾਹੇ ਸੋਹਣੇ ਘਰ ਬਨਾਣ ਦਾ ਹੈ, ਚਾਹੇ ਮਿਠਿਆਈਆਂ ਖਾਣ ਦਾ ਹੈ ਤੇ ਚਾਹੇ ਮਾਸ ਖਾਣ ਦਾ ਹੈ ।
ਸੋ, ਬਾਕੀ ਚਸਕਿਆਂ ਵਾਂਗ ਮਾਸ ਖਾਣਾ ਭੀ ਤਦੋਂ ਹੀ ਕੁਚੱਜੀ ਕਰਤੂਤ ਹੈ ਜਦੋਂ ਇਹ ਚਸਕਾ ਬਣ ਜਾਂਦਾ ਹੈ ।
Follow us on Twitter Facebook Tumblr Reddit Instagram Youtube