ਰਾਗੁ ਗਉੜੀ ਪੂਰਬੀ ਮਹਲਾ ੪ ॥
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥੧॥

ਕਰਿ ਸਾਧੂ ਅੰਜੁਲੀ ਪੁਨੁ ਵਡਾ ਹੇ ॥
ਕਰਿ ਡੰਡਉਤ ਪੁਨੁ ਵਡਾ ਹੇ ॥੧॥ ਰਹਾਉ ॥

ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥
ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ ॥੨॥

ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥
ਅਬਿਨਾਸੀ ਪੁਰਖੁ ਪਾਇਆ ਪਰਮੇਸਰੁ ਬਹੁ ਸੋਭ ਖੰਡ ਬ੍ਰਹਮੰਡਾ ਹੇ ॥੩॥

ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰਿ ਰਾਖੁ ਰਾਖੁ ਵਡ ਵਡਾ ਹੇ ॥
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥੪॥੪॥

Sahib Singh
ਕਾਮਿ = ਕਾਮ = ਵਾਸਨਾ ਨਾਲ ।
ਕਰੋਧਿ = ਕ੍ਰੋਧ ਨਾਲ ।
ਨਗਰੁ = ਸਰੀਰ = ਨਗਰ ।
ਮਿਲਿ = ਮਿਲ ਕੇ ।
ਸਾਧੂ = ਗੁਰੂ ।
ਖੰਡਲ ਖੰਡਾ = ਤੋੜਿਆ ਹੈ ।
ਪੂਰਬਿ = ਪੂਰਬ ਵਿਚ, ਪਹਿਲੇ ਬੀਤੇ ਸਮੇ ਵਿਚ ।
ਪੂਰਬਿ ਲਿਖੇ ਲਿਖਤ = ਪਿਛਲੇ (ਕੀਤੇ ਕਰਮਾਂ ਦੇ) ਲਿਖੇ ਹੋਏ ਸੰਸਕਾਰਾਂ ਅਨੁਸਾਰ ।
ਮਨਿ = ਮਨ ਵਿਚ ।
ਮੰਡਲ ਮੰਡਾ = ਜੜਿਆ ਹੈ ।
ਅੰਜੁਲੀ = ਦੋਵੇਂ ਹੱਥ ਜੋੜੇ ਹੋਏ ।
ਪੁਨੁ = ਭਲਾ ਕੰਮ ।
ਡੰਡਉਤ = ਲੰਮੇ ਪੈ ਕੇ ਨਮਸ-ਕਾਰ ।੧।ਰਹਾਉ ।
ਸਾਕਤ = ਰੱਬ ਨਾਲੋਂ ਟੁੱਟੇ ਹੋਏ ਮਨੁੱਖ ।
ਸਾਦੁ = ਸੁਆਦ ।
ਤਿਨ ਅੰਤਰਿ = ਉਹਨਾਂ ਦੇ ਅੰਦਰ, ਉਹਨਾਂ ਦੇ ਮਨ ਵਿਚ ।
ਚਲਹਿ = ਤੁਰਦੇ ਹਨ ।
ਚੁਭੈ = (ਕੰਡਾ) ਚੁੱਭਦਾ ਹੈ ।
ਜਮ ਕਾਲੁ = (ਆਤਮਕ) ਮੌਤ ।
ਸਿਰਿ = ਸਿਰ ਉੱਤੇ ।੨ ।
ਨਾਮਿ = ਨਾਮ ਵਿਚ ।
ਸਮਾਣੇ = ਲੀਨ, ਮਸਤ ।
ਭਵ = ਸੰਸਾਰ ।
ਖੰਡਾ ਹੇ = ਨਾਸ ਕਰ ਲਿਆ ਹੈ ।
ਸੋਭ = ਸੋਭਾ ।
ਖੰਡ ਬ੍ਰਹਮੰਡਾ = ਸਾਰੇ ਜਗਤ ਵਿਚ ।੩ ।
ਮਸਕੀਨ = ਆਜਿਜ਼ ।
ਪ੍ਰਭ = ਹੇ ਪ੍ਰਭੂ ।
ਰਾਖੁ = ਰੱਖਿਆ ਕਰ ।
ਅਧਾਰੁ = ਆਸਰਾ ।
ਨਾਮੇ = ਨਾਮਿ ਹੀ, ਨਾਮ ਵਿਚ ਹੀ ।
ਮੰਡਾ = ਮਿਲਿਆ ।੪ ।
    
Sahib Singh
(ਮਨੁੱਖ ਦਾ ਇਹ ਸਰੀਰ-) ਸ਼ਹਰ ਕਾਮ ਅਤੇ ਕ੍ਰੋਧ ਨਾਲ ਭਰਿਆ ਰਹਿੰਦਾ ਹੈ ।
ਗੁਰੂ ਨੂੰ ਮਿਲ ਕੇ ਹੀ (ਕਾਮ ਕ੍ਰੋਧ ਆਦਿਕ ਦੇ ਇਸ ਜੋੜ ਨੂੰ) ਤੋੜਿਆ ਜਾ ਸਕਦਾ ਹੈ ।
ਜਿਸ ਮਨੁੱਖ ਨੂੰ ਪੂਰਬਲੇ ਕੀਤੇ ਕਰਮਾਂ ਦੇਸੰਜੋਗਾਂ ਨਾਲ ਗੁਰੂ ਮਿਲ ਪੈਂਦਾ ਹੈ, ਉਸ ਦੇ ਮਨ ਵਿਚ ਪਰਮਾਤਮਾ ਨਾਲ ਲਿਵ ਲੱਗ ਜਾਂਦੀ ਹੈ (ਅਤੇ ਉਸ ਦੇ ਅੰਦਰੋਂ ਕਾਮਾਦਿਕਾਂ ਦਾ ਜੋੜ ਟੁੱਟ ਜਾਂਦਾ ਹੈ) ।੧ ।
(ਹੇ ਭਾਈ!) ਗੁਰੂ ਅੱਗੇ ਹੱਥ ਜੋੜ, ਇਹ ਬਹੁਤ ਭਲਾ ਕੰਮ ਹੈ ।
ਗੁਰੂ ਅੱਗੇ ਢਹਿ ਪਉ, ਇਹ ਬੜਾ ਨੇਕ ਕੰਮ ਹੈ ।੧।ਰਹਾਉ ।
ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ ।
ਉਹਨਾਂ ਦੇ ਮਨ ਵਿਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹ ੈ ।
ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ) ।੨ ।
(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿਚ ਜੁੜੇ ਰਹਿੰਦੇ ਹਨ ।
ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ ।
ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ ।
ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿਚ ਹੋ ਜਾਂਦੀ ਹੈ ।੩ ।
ਹੇ ਪ੍ਰਭੂ! ਅਸੀ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ ।
ਤੂੰ ਸਭ ਤੋਂ ਵੱਡਾ ਸਹਾਈ ਹੈਂ ।
ਸਾਨੂੰ (ਇਹਨਾਂ ਕਾਮਾਦਿਕਾਂ ਤੋਂ) ਬਚਾ ਲੈ ।
ਹੇ ਪ੍ਰਭੂ! ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ ।
ਤੇਰੇ ਨਾਮ ਵਿਚ ਜੁੜਿਆਂ ਹੀ ਸੁਖ ਮਿਲਦਾ ਹੈ ।੪।੪ ।

ਨੋਟ: ਜੇ ਪੈਰ ਵਿਚ ਕੰਡਾ ਚੁੱਭ ਜਾਏ ਤਾਂ ਤੁਰਨਾ ਫਿਰਨਾ ਅੌਖਾ ਹੋ ਜਾਂਦਾ ਹੈ ।
ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿਚ ਮਖ਼ਮਲ ਦੀ ਜੁੱਤੀ ਪਾ ਲਈਏ, ਤਾਂ ਭੀ ਤੁਰਨ ਲੱਗਿਆਂ ਉਹ ਕੰਡਾ ਚੁੱਭਦਾ ਹੀ ਰਹੇਗਾ ।
ਸੁਖ ਤਦੋਂ ਹੀ ਹੋਵੇਗਾ, ਜਦੋਂ ਉਹ ਕੰਡਾ ਪੈਰ ਵਿਚੋਂ ਕੱਢ ਲਿਆ ਜਾਏ ।
ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਇਹ ਦੁਖੀ ਹੀ ਕਰਦੀ ਰਹੇਗੀ ।
ਬਾਹਰਲੇ ਧਾਰਮਿਕ ਭੇਖ ਆਦਿਕ ਭੀ ਸੁਖ ਨਹੀਂ ਦੇ ਸਕਣਗੇ ।
Follow us on Twitter Facebook Tumblr Reddit Instagram Youtube