ਰਾਗੁ ਆਸਾ ਮਹਲਾ ੧ ॥
ਛਿਅ ਘਰ ਛਿਅ ਗੁਰ ਛਿਅ ਉਪਦੇਸ ॥
ਗੁਰੁ ਗੁਰੁ ਏਕੋ ਵੇਸ ਅਨੇਕ ॥੧॥

ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥
ਸੋ ਘਰੁ ਰਾਖੁ ਵਡਾਈ ਤੋਇ ॥੧॥ ਰਹਾਉ ॥

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥
ਸੂਰਜੁ ਏਕੋ ਰੁਤਿ ਅਨੇਕ ॥
ਨਾਨਕ ਕਰਤੇ ਕੇ ਕੇਤੇ ਵੇਸ ॥੨॥੨॥

Sahib Singh
ਛਿਅ = ਛੇ ।
ਘਰ = ਸ਼ਾਸਤਰ {ਸਾਂਖ, ਨਿਆਇ, ਵੈਸ਼ੇਸ਼ਿਕ, ਯੋਗ, ਮੀਮਾਂਸਾ, ਵੇਦਾਂਤ} ।
ਗੁਰ = (ਇਹਨਾਂ ਸ਼ਾਸਤਰਾਂ ਦੇ) ਕਰਤਾ, {ਕਪਲ, ਗੋਤਮ, ਕਣਾਦ, ਪਤੰਜਲੀ, ਜੈਮਨੀ, ਵਿਆਸ} ।
ਉਪਦੇਸ = ਸਿੱਖਿਆ, ਸਿੱਧਾਂਤ ।
ਗੁਰੁ ਗੁਰੁ = ਇਸਟ ਪ੍ਰਭੂ ।
ਏਕੋ = ਇੱਕ ਹੀ ।
ਵੇਸ = ਰੂਪ ।੧ ।
ਬਾਬਾ = ਹੇ ਭਾਈ !
ਜੈ ਘਰਿ = ਜਿਸ (ਸਤਸੰਗ = ) ਘਰ ਵਿਚ ।
ਕਰਤੇ ਕੀਰਤਿ = ਕਰਤਾਰ ਦੀ ਸਿਫ਼ਤਿ-ਸਾਲਾਹ ।
ਹੋਇ = ਹੁੰਦੀ ਹੈ ।
ਰਾਖੁ = ਸੰਭਾਲ ।
ਤੋਇ = ਤੇਰੀ ।
ਵਡਾਈ = ਭਲਾਈ ।੧।ਰਹਾਉ ।
ਅੱਖ ਦੇ ੧੫ ਫੋਰ = ੧ ਵਿਸਾ ।੧੫ ਵਿਸੁਏ = ੧ ਚਸਾ ।
੩੦ ਚਸੇ = ੧ ਪਲ ।੬੦ ਪਲ = ੧ ਘੜੀ ।
ਸਾਢੋ ੭ ਘੜੀਆਂ = ੧ ਪਹਰ ।੮ ਪਹਰ = ੧ ਦਿਨ ਰਾਤ ।
    ੧੫ ਥਿਤਾਂ; ੭ ਵਾਰ; ੧੨ ਮਹੀਨੇ, ਛੇ ਰੁੱਤਾਂ ।੨ ।
    
Sahib Singh
(ਹੇ ਭਾਈ!) ਛੇ ਸ਼ਾਸਤਰ ਹਨ, ਛੇ ਹੀ (ਇਹਨਾਂ ਸ਼ਾਸਤਰਾਂ ਦੇ) ਚਲਾਣ ਵਾਲੇ ਹਨ, ਛੇ ਹੀ ਇਹਨਾਂ ਦੇ ਸਿੱਧਾਂਤ ਹਨ ।
ਪਰ ਇਹਨਾਂ ਸਾਰਿਆਂ ਦਾ ਮੂਲ-ਗੁਰੂ (ਪਰਮਾਤਮਾ) ਇੱਕ ਹੈ ।
(ਇਹ ਸਾਰੇ ਸਿਧਾਂਤ) ਉਸ ਇੱਕ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ (ਪ੍ਰਭੂ ਦੀ ਹਸਤੀ ਦੇ ਪਰਕਾਸ਼ ਦੇ ਰੂਪ ਹਨ) ।੧ ।
ਹੇ ਭਾਈ! ਜਿਸ (ਸਤਸੰਗ-) ਘਰ ਵਿਚ ਕਰਤਾਰ ਦੀ ਸਿਫ਼ਤਿ-ਸਾਲਾਹ ਹੁੰਦੀ ਹੈ, ਉਸ ਘਰ ਨੂੰ ਸਾਂਭ ਰੱਖ (ਉਸ ਸਤਸੰਗ ਦਾ ਆਸਰਾ ਲਈ ਰੱਖ ।
ਇਸੇ ਵਿਚ) ਤੇਰੀ ਭਲਾਈ ਹੈ ।੧।ਰਹਾਉ ।
ਜਿਵੇਂ ਵਿਸੁਏ, ਚਸੇ, ਘੜੀਆਂ, ਪਹਰ, ਥਿੱਤਾਂ, ਵਾਰ, ਮਹੀਨਾ (ਆਦਿਕ) ਅਤੇ ਹੋਰ ਅਨੇਕਾਂ ਰੁੱਤਾਂ ਹਨ, ਪਰ ਸੂਰਜ ਇਕੋ ਹੀ ਹੈ (ਜਿਸ ਦੇ ਇਹ ਸਾਰੇ ਵਖ ਵਖ ਰੂਪ ਹਨ), ਤਿਵੇਂ, ਹੇ ਨਾਨਕ! ਕਰਤਾਰ ਦੇ (ਇਹ ਸਾਰੇ ਸਿਧਾਂਤ ਆਦਿਕ) ਅਨੇਕਾਂ ਸਰੂਪ ਹਨ ।੨।੨ ।
Follow us on Twitter Facebook Tumblr Reddit Instagram Youtube