ਆਸਾ ਮਹਲਾ ੧ ॥
ਤਿਤੁ ਸਰਵਰੜੈ ਭਈਲੇ ਨਿਵਾਸਾ ਪਾਣੀ ਪਾਵਕੁ ਤਿਨਹਿ ਕੀਆ ॥
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥੧॥

ਮਨ ਏਕੁ ਨ ਚੇਤਸਿ ਮੂੜ ਮਨਾ ॥
ਹਰਿ ਬਿਸਰਤ ਤੇਰੇ ਗੁਣ ਗਲਿਆ ॥੧॥ ਰਹਾਉ ॥

ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥
ਪ੍ਰਣਵਤਿ ਨਾਨਕ ਤਿਨ ਕੀ ਸਰਣਾ ਜਿਨ ਤੂ ਨਾਹੀ ਵੀਸਰਿਆ ॥੨॥੩॥

Sahib Singh
ਪਦਅਰਥ = ਤਿਤੁ—ਉਸ ਵਿਚ {ਲਫ਼ਜ਼ 'ਤਿਸੁ' ਤੋਂ 'ਤਿਤੁ' ਅਧਿਕਰਨ ਕਾਰਕ, ਇਕ-ਵਚਨ ਹੈ} ।
ਸਰਵਰੁ = ਤਾਲਾਬ ।
ਸਰਵਰੜਾ = ਭਿਆਨਕ ਤਾਲਾਬ ।
ਸਰਵਰੜੈ = ਭਿਆਨਕ ਤਾਲਾਬ ਵਿਚ ।
ਤਿਤੁ ਸਰਵਰੜੈ = ਉਸ ਭਿਆਨਕ ਸਰ ਵਿਚ ।
ਭਈਲੇ = ਹੋਇਆ ਹੈ ।
ਪਾਵਕੁ = ਅੱਗ, ਤਿਸ਼੍ਰਨਾ ਦੀ ਅੱਗ ।
ਤਿਨਹਿ = ਉਸ (ਪ੍ਰਭੂ) ਨੇ (ਆਪ ਹੀ) ।
ਪੰਕ = ਚਿੱਕੜ ।
ਪੰਕ ਜੁ ਮੋਹ = ਜੋ ਮੋਹ ਦਾ ਚਿੱਕੜ ਹੈ ।
ਪਗੁ = ਪੈਰ ।
ਹਮ ਦੇਖਾ = ਸਾਡੇ ਵੇਖਦਿਆਂ ਹੀ, ਸਾਡੇ ਸਾਹਮਣੇ ਹੀ ।
ਤਹ = ਉਸ (ਸਾਰ) ਵਿਚ ।
ਡੂਬੀਅਲੇ = ਡੁੱਬ ਗਏ, ਡੁੱਬ ਰਹੇ ਹਨ ।੧ ।
ਮਨ = ਹੇ ਮਨ !
ਮੂੜ ਮਨਾ = ਹੇ ਮੂਰਖ ਮਨ !
ਗਲਿਆ = ਗਲਦੇ ਜਾ ਰਹੇ ਹਨ, ਘਟਦੇ ਜਾ ਰਹੇ ਹਨ ।੬।ਰਹਾਉ ।
ਹਉ = ਮੈਂ ।
ਜਤੀ = ਕਾਮ = ਵਾਸਨਾ ਨੂੰ ਰੋਕਣ ਦਾ ਜਤਨ ਕਰਨ ਵਾਲਾ ।
ਸਤੀ = ਉੱਚੇ ਆਚਰਨ ਵਾਲਾ ।
ਮੁਗਧ = ਮੂਰਖ, ਬੇ = ਸਮਝ ।
ਜਨਮੁ = ਜੀਵਨ ।
ਪ੍ਰਣਵਤਿ = ਬੇਨਤੀ ਕਰਦਾ ਹੈ ।੨ ।
ਅਰਥ = (ਹੇ ਭਾਈ !
    ਸਾਡੀ ਜੀਵਾਂ ਦੀ) ਉਸ ਭਿਆਨਕ (ਸੰਸਾਰ-) ਸਰੋਵਰ ਵਿਚ ਵੱਸੋਂ ਹੈ (ਜਿਸ ਵਿਚ) ਉਸ ਪ੍ਰਭੂ ਨੇ ਆਪ ਹੀ ਪਾਣੀ (ਦੇ ਥਾਂ ਤ੍ਰਿਸ਼ਨਾ ਦੀ) ਅੱਗ ਪੈਦਾ ਕੀਤੀ ਹੋਈ ਹੈ (ਅਤੇ ਉਸ ਭਿਆਨਕ ਸਰੀਰ ਵਿਚ) ਜੋ ਮੋਹ ਦਾ ਚਿੱਕੜ ਹੈ (ਉਸ ਵਿਚ ਜੀਵਾਂ ਦਾ) ਪੈਰ ਚੱਲ ਨਹੀਂ ਸਕਦਾ (ਜੀਵ ਮੋਹ ਦੇ ਚਿੱਕੜ ਵਿਚ ਫਸੇ ਪਏ ਹਨ) ।
    ਸਾਡੇ ਸਾਹਮਣੇ ਹੀ (ਅਨੇਕਾਂ ਜੀਵ ਮੋਹ ਦੇ ਚਿੱਕੜ ਵਿਚ ਫਸ ਕੇ) ਉਸ (ਤ੍ਰਿਸ਼ਨਾ-ਅੱਗ ਦੇ ਅਸਗਾਹ ਸਮੁੰਦਰ) ਵਿਚ ਡੁੱਬਦੇ ਜਾ ਰਹੇ ਹਨ ।੧ ।
    ਹੇ ਮਨ !
    ਹੇ ਮੂਰਖ ਮਨ !
    ਤੂੰ ਇੱਕ ਪਰਮਾਤਮਾ ਨੂੰ ਯਾਦ ਨਹੀਂ ਕਰਦਾ ।
    ਤੂੰ ਜਿਉਂ ਜਿਉਂ ਪਰਮਾਤਮਾ ਨੂੰ ਵਿਸਾਰਦਾ ਜਾ ਰਿਹਾ ਹੈਂ, ਤੇਰੇ (ਅੰਦਰੋਂ) ਗੁਣ ਘਟਦੇ ਜਾ ਰਹੇ ਹਨ ।੧।ਰਹਾਉ ।
    (ਹੇ ਪ੍ਰਭੂ!) ਨਾਹ ਮੈਂ ਜਤੀ ਹਾਂ, ਨਾਹ ਮੈਂ ਸਤੀ ਹਾਂ, ਨਾਹ ਹੀ ਮੈਂ ਪੜਿ੍ਹਆ ਹੋਇਆ ਹਾਂ, ਮੇਰਾ ਜੀਵਨ ਤਾਂ ਮੂਰਖ ਬੇਸਮਝਾਂ ਵਾਲਾ ਬਣਿਆ ਹੋਇਆ ਹੈ (ਭਾਵ, ਜਤ, ਸਤ ਅਤੇ ਵਿੱਦਿਆ ਇਸ ਤ੍ਰਿਸ਼ਨਾ ਦੀ ਅੱਗ ਅਤੇ ਮੋਹ ਦੇ ਚਿੱਕੜ ਵਿਚ ਡਿਗਣੋਂ ਬਚਾ ਨਹੀਂ ਸਕਦੇ ।
    ਜੇ ਮਨੁੱਖ ਪ੍ਰਭੂ ਨੂੰ ਭੁਲਾ ਦੇਵੇ, ਤਾਂ ਜਤ ਸਤ ਵਿੱਦਿਆ ਦੇ ਹੁੰਦਿਆਂ ਭੀ ਮਨੁੱਖ ਦੀ ਜ਼ਿੰਦਗੀ ਮਹਾਮੂਰਖਾਂ ਵਾਲੀ ਹੁੰਦੀ ਹੈ) ।
    ਸੋ, ਨਾਨਕ ਬੇਨਤੀ ਕਰਦਾ ਹੈ—(ਹੇ ਪ੍ਰਭੂ !
    ਮੈਨੂੰ) ਉਹਨਾਂ (ਗੁਰਮੁਖਾਂ) ਦੀ ਸਰਨ ਵਿਚ (ਰੱਖ), ਜਿਨ੍ਹਾਂ ਨੂੰ ਤੂੰ ਨਹੀਂ ਭੁੱਲਿਆ (ਜਿਨ੍ਹਾਂ ਨੂੰ ਤੇਰੀ ਯਾਦ ਨਹੀਂ ਭੁੱਲੀ) ।੨।੩ ।
    ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ਅਵਰਿ ਕਾਜ ਤੇਰੈ ਕਿਤੈ ਨ ਕਾਮ ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥੧॥ ਸਰੰਜਾਮਿ ਲਾਗੁ ਭਵਜਲ ਤਰਨ ਕੈ ॥ ਜਨਮੁ ਬਿਰ੍ਥਾ ਜਾਤ ਰੰਗਿ ਮਾਇਆ ਕੈ ॥੧॥ ਰਹਾਉ ॥ ਜਪੁ ਤਪੁ ਸੰਜਮੁ ਧਰਮੁ ਨ ਕਮਾਇਆ ॥ ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥ ਕਹੁ ਨਾਨਕ ਹਮ ਨੀਚ ਕਰੰਮਾ ॥ ਸਰਣਿ ਪਰੇ ਕੀ ਰਾਖਹੁ ਸਰਮਾ ॥੨॥੪॥{ਪੰਨਾ ੧੨}ਪਦਅਰਥ—ਭਈ ਪਰਾਪਤਿ—ਮਿਲੀ ਹੈ ।
ਦੇਹੁਰੀਆ = ਸੋਹਣੀ ਦੇਹ, ਸੋਹਣਾ ਸਰੀਰ ।
ਮਾਨੁਖ ਦੇਹੁਰੀਆ = ਸੋਹਣਾ ਮਨੁੱਖਾ ਸਰੀਰ ।
ਬਰੀਆ = ਵਾਰੀ, ਮੌਕਾ, ਸਮਾ ।
ਅਵਰਿ = ਹੋਰ ਸਾਰੇ {ਅਵਰੁ—ਇਕ-ਵਚਨ ।
ਅਵਰਿ = ਬਹੁ = ਵਚਨ} ।
ਭਜੁ = ਯਾਦ ਕਰ, ਸਿਮਰ ।੧ ।
ਸਰੰਜਾਮਿ = ਇੰਤਜ਼ਾਮ ਵਿਚ, ਆਹਰ ਵਿਚ ।
ਲਾਗੁ = ਲੱਗ ।
ਭਵਜਲ = ਸੰਸਾਰ = ਸਮੁੰਦਰ ।
ਤਰਨ ਕੈ ਸਰੰਜਾਮਿ = ਪਾਰ ਲੰਘਣ ਦੇ ਆਹਰ ਵਿਚ ।
ਬਿ੍ਰਥਾ = ਵਿਅਰਥ ।
ਜਾਤ = ਜਾ ਰਿਹਾ ਹੈ ।
ਰੰਗਿ = ਪਿਆਰ ਵਿਚ ।੧।ਰਹਾਉ ।
ਜਪੁ = ਸਿਮਰਨ ।
ਤਪੁ = ਸੇਵਾ ਆਦਿਕ ਉੱਦਮ ।
ਸੰਜਮੁ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਚੰਗੀ ਤ੍ਰਹਾਂ ਆਹਰ ।
ਸਾਧੂ = ਗੁਰੂ ।
ਸੇਵਾ ਹਰਿ ਰਾਇਆ = ਮਾਲਕ ਪ੍ਰਭੂ ਦਾ ਸਿਮਰਨ ।
ਕਹੁ = ਆਖ ।
ਨਾਨਕ = ਹੇ ਨਾਨਕ !
ਹਮ = ਅਸੀ ਜੀਵ ।
ਨੀਚ ਕਰੰਮਾ = ਮੰਦ = ਕਰਮੀ ।
ਸਰਮਾ = ਸਰਮ, ਲਾਜ ।੨ ।
    
Sahib Singh
(ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ ।
ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ ।
(ਜੇ ਪ੍ਰਭੂ ਨੂੰ ਮਿਲਣ ਲਈ ਕੋਈ ਉੱਦਮ ਨਾਹ ਕੀਤਾ, ਤਾਂ) ਹੋਰ ਸਾਰੇ ਕੰਮ ਤੇਰੇ ਆਪਣੇ ਕਿਸੇ ਭੀ ਅਰਥ ਨਹੀਂ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾਣਗੇ) ।
(ਇਸ ਵਾਸਤੇ) ਸਾਧ ਸੰਗਤਿ ਵਿਚ (ਭੀ) ਮਿਲ ਬੈਠਿਆ ਕਰ (ਸਾਧ ਸੰਗਤਿ ਵਿਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਸਾਧ ਸੰਗਤਿ ਵਿਚ ਬੈਠਣ ਦਾ ਭੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਹ ਵਿਚ ਜੁੜੇਂ) ।੧ ।
(ਹੇ ਭਾਈ!) ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ ।
(ਨਿਰੇ) ਮਾਇਆ ਦੇ ਪਿਆਰ ਵਿਚ ਮਨੁੱਖਾ ਜਨਮ ਵਿਅਰਥ ਜਾ ਰਿਹਾ ਹੈ ।੧।ਰਹਾਉ ।
(ਹੇ ਭਾਈ!) ਤੂੰ ਪ੍ਰਭੂ ਦਾ ਸਿਮਰਨ ਨਹੀਂ ਕਰਦਾ, (ਪ੍ਰਭੂ ਨੂੰ ਮਿਲਣ ਲਈ ਸੇਵਾ ਆਦਿਕ ਦਾ ਕੋਈ) ਉੱਦਮ ਨਹੀਂ ਕਰਦਾ, ਮਨ ਨੂੰ ਵਿਕਾਰਾਂ ਵਲੋਂ ਰੋਕਣ ਦਾ ਤੂੰ ਜਤਨ ਨਹੀਂ ਕਰਦਾ—ਤੂੰ (ਅਜੇਹਾ ਕੋਈ) ਧਰਮ ਨਹੀਂ ਕਮਾਂਦਾ ।
ਨਾਹ ਤੂੰ ਗੁਰੂ ਦੀ ਸੇਵਾ ਕੀਤੀ, ਨਾਹ ਤੂੰ ਮਾਲਕ ਪ੍ਰਭੂ ਦਾ ਨਾਮ ਸਿਮਰਨ ਕੀਤਾ ।
ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ) ਆਖ—(ਹੇ ਪ੍ਰਭੂ!) ਅਸੀ ਜੀਵ ਮੰਦ-ਕਰਮੀ ਹਾਂ (ਤੇਰੀ ਸਰਨ ਪਏ ਹਾਂ), ਸਰਨ ਪਿਆਂ ਦੀ ਲਾਜ ਰੱਖ ।੨।੪ ।

ਨੋਟ: ਸਾਧਾਰਨ ਤੌਰ ਤੇ ਹਰੇਕ ਸੰਗ੍ਰਹਿ ਦੇ ਸ਼ਬਦ ਆਦਿਕ ਮ: ੧ ਦੇ ਸ਼ਬਦਾਂ ਨਾਲ ਸ਼ੁਰੂ ਹੁੰਦੇ ਹਨ ।
ਅਗਾਂਹ ਬਾਕੀ ਗੁਰ-ਵਿਅਕਤੀਆਂ ਦੇ ਸਿਲਸਲੇ-ਵਾਰ ਆਉਂਦੇ ਹਨ ।
ਪਰ ਸੰਗ੍ਰਹਿ 'ਸੋ ਪੁਰਖੁ' ਦਾ ਪਹਿਲਾ ਸ਼ਬਦ ਹੈ ਹੀ ਮ: ੪ ਦਾ ।
ਇਸ ਵਾਸਤੇ ਮ: ੪ ਦਾ ਦੂਜਾ ਸ਼ਬਦ ਭੀ ਨਾਲ ਹੀ ਦੇ ਕੇ ਅਗਾਂਹ ਬਾਕੀ ਦੀ ਤਰਤੀਬ ਸਿਲਸਿਲੇ-ਵਾਰ ਰੱਖੀ ਹੈ ।
Follow us on Twitter Facebook Tumblr Reddit Instagram Youtube