ਕਰਮ ਖੰਡ ਕੀ ਬਾਣੀ ਜੋਰੁ ॥
ਤਿਥੈ ਹੋਰੁ ਨ ਕੋਈ ਹੋਰੁ ॥
ਤਿਥੈ ਜੋਧ ਮਹਾਬਲ ਸੂਰ ॥
ਤਿਨ ਮਹਿ ਰਾਮੁ ਰਹਿਆ ਭਰਪੂਰ ॥
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥
ਤਾ ਕੇ ਰੂਪ ਨ ਕਥਨੇ ਜਾਹਿ ॥
ਨਾ ਓਹਿ ਮਰਹਿ ਨ ਠਾਗੇ ਜਾਹਿ ॥
ਜਿਨ ਕੈ ਰਾਮੁ ਵਸੈ ਮਨ ਮਾਹਿ ॥
ਤਿਥੈ ਭਗਤ ਵਸਹਿ ਕੇ ਲੋਅ ॥
ਕਰਹਿ ਅਨੰਦੁ ਸਚਾ ਮਨਿ ਸੋਇ ॥
ਸਚ ਖੰਡਿ ਵਸੈ ਨਿਰੰਕਾਰੁ ॥
ਕਰਿ ਕਰਿ ਵੇਖੈ ਨਦਰਿ ਨਿਹਾਲ ॥
ਤਿਥੈ ਖੰਡ ਮੰਡਲ ਵਰਭੰਡ ॥
ਜੇ ਕੋ ਕਥੈ ਤ ਅੰਤ ਨ ਅੰਤ ॥
ਤਿਥੈ ਲੋਅ ਲੋਅ ਆਕਾਰ ॥
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥
ਵੇਖੈ ਵਿਗਸੈ ਕਰਿ ਵੀਚਾਰੁ ॥
ਨਾਨਕ ਕਥਨਾ ਕਰੜਾ ਸਾਰੁ ॥੩੭॥

Sahib Singh
ਕਰਮ = ਬਖਸ਼ਸ਼ ।
ਬਾਣੀ = ਬਨਾਵਟ ।
ਜੋਰੁ = ਬਲ, ਤਾਕਤ ।
ਹੋਰੁ = ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ।
ਹੋਰੁ ਨ ਕੋਈ ਹੋਰੁ = ਅਕਾਲ ਪੁਰਖ ਤੋਂ ਬਿਨਾ ਦੂਜਾ ਉੱਕਾ ਹੀ ਕੋਈ ਨਹੀਂ ਹੈ ।
ਜੋਧ = ਜੋਧੇ ।
ਮਹਾਬਲ = ਵੱਡੇ ਬਲ ਵਾਲੇ ।
ਸੂਰ = ਸੂਰਮੇ ।
ਤਿਨ ਮਹਿ = ਉਹਨਾਂ ਵਿਚ ।
ਰਾਮੁ = ਅਕਾਲ ਪੁਰਖ ।
ਰਹਿਆ ਭਰਭੂਰ = ਨਕਾ-ਨਕ ਭਰਿਆ ਹੋਇਆ ਹੈ, ਰੋਮ ਰੋਮ ਵਿਚ ਵੱਸ ਰਿਹਾ ਹੈ ।
ਸੀਤੋ ਸੀਤਾ = ਪੂਰਨ ਤੌਰ ’ਤੇ ਸੀਤਾ ਹੋਇਆ ਹੈ, ਪਰੋਤਾ ਹੋਇਆ ਹੈ ।
(ਨੋਟ: = ਇਕੋ ਹੀ ਸ਼ਬਦ ‘ਸੀਤਾ’ ਦੂਜੀ ਵਾਰੀ ਵਰਤਿਆ ਗਿਆ ਹੈ ।
    ਇਸੇ ਤ੍ਰਹਾਂ ਇਸ ਖਿ਼ਆਲ ’ਤੇ ਖ਼ਾਸ ਵਧੀਕ ਜ਼ੋਰ ਦਿੱਤਾ ਹੈ ।
    ਇਹੋ ਜਿਹੇ ਹੀ ਵਾਕੰਸ਼ ਹੋਰ ਭੀ ਹਨ, ਜਿਵੇਂ-(੧) ਨਾਨਕ ਅੰਤੁ ਨ ਅੰਤੁ ।
    (ਪਉੜੀ ੩੫
    (੨) ਤਿਥੈ ਹੋਰੁ ਨ ਕੋਈ ਹੋਰੁ ।
    (ਪਉੜੀ ੩੭
    (੩) ਜੇ ਕੋ ਕਥੈ ਤ ਅੰਤ ਨ ਅੰਤ ।
(ਪਉੜੀ ੩੭ ਮਹਿਮਾ = (ਅਕਾਲ ਪੁਰਖ ਦੀ) ਸਿਫਤਿ-ਸਾਲਾਹ, ਵਡਿਾਆਈ ।
ਮਾਹਿ = ਵਿਚ ।
ਤਾ ਕੇ = ਉਹਨਾਂ ਮਨੁੱਖਾਂ ਦੇ ।
ਰੂਪ = ਸੁੰਦਰ ਸਰੂਪ ।
ਨ ਕਥਨੇ ਜਾਹਿ = ਕਥੇ ਨਹੀਂ ਜਾ ਸਕਦੇ ।
ਓਹਿ = ਉਹ ਬੰਦੇ ।
ਨਾ ਮਰਹਿ = ਆਤਮਕ ਮੌਤ ਮਰਦੇ ਨਹੀਂ ਹਨ ।
ਨ ਠਾਗੇ ਜਾਹਿ = ਠੱਗੇ ਨਹੀਂ ਜਾ ਸਕਦੇ (ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ।
ਵਸਹਿ = ਵੱਸਦੇ ਹਨ ।
ਲੋਅ = ਲੋਕ, ਭਵਣ ।
ਕੇ ਲੋਅ = ਕਈ ਭਵਣਾਂ ਦੇ ।
    (ਵੇਖੋ ਪਉੜੀ ੩੪ ਵਿਚ ‘ਕੇ ਰੰਗ’) ।
ਕਰਹਿ ਅਨੰਦ = ਅਨੰਦ ਕਰਦੇ ਹਨ, ਸਦਾ ਖਿੜੇ ਰਹਿੰਦੇ ਹਨ ।
ਸਚਾ ਸੋਇ = ਉਹ ਸੱਚਾ ਹਰੀ ।
ਮਨਿ = (ਉਹਨਾਂ ਦੇ ) ਮਨ ਵਿਚ ਹੈ ।
ਸਚਿ = ਸੱਚ ਵਿਚ ।
ਸਚਿ ਖੰਡਿ = ਸਚ ਖੰਡ ਵਿਚ ।
ਕਰਿ ਕਰਿ = ਸਿ੍ਹਸ਼ਟੀ ਰਚ ਕੇ ।
ਨਦਰਿ ਨਿਹਾਲ = ਨਿਹਾਲ ਕਰਨ ਵਾਲੀ ਨਜ਼ਰ ਨਾਲ ।
ਵੇਖੈ = ਵੇਖਦਾ ਹੈ ਸੰਭਾਲ ਕਰਦਾ ਹੈ ।
ਵਰਭੰਡ = ਬ੍ਰਹਿਮੰਡ ।
ਕੋ = ਕੋਈ ਮਨੁੱਖ ।
ਕਥੈ = ਦੱਸਣ ਲੱਗੇ, ਬਿਆਨ ਕਰੇ ।
ਤ ਅੰਤ ਨ ਅੰਤ = ਇਹਨਾਂ ਖੰਡਾਂ ਮੰਡਲਾਂ ਤੇ ਬ੍ਰਹਿਮੰਡਾਂ ਦੇ ਅੰਤ ਨਹੀਂ ਪੈ ਸਕਦੇ ।
ਲੋਅ ਲੋਅ = ਕਈ ਲੋਕ, ਕਈ ਭਵਨ ।
ਵਿਗਸੈ = ਵਿਗਸਦਾ ਹੈ, ਖ਼ੁਸ਼ ਹੁੰਦਾ ਹੈ ।
ਕਰਿ ਵੀਚਾਰੁ = ਵੀਚਾਰ ਕਰ ਕੇ ।
ਕਥਨਾ = ਕਥਨ ਕਰਨਾ, ਬਿਆਨ ਕਰਨਾ ।
ਸਾਰੁ = ਇਸ ਸ਼ਬਦ ਨੂੰ ਸਮਝਣ ਲਈ ਵੰਨਗੀ-ਮਾਤਰ ਹੇਠ-ਲਿਖੇ ਪ੍ਰਮਾਣ ਦਿੱਤੇ ਜਾਂਦੇ ਹਨ:-(੧) ਪਹਿਰਾ ਅਗਨਿ ਹਿਵੈ ਘਰ ਬਾਧਾ ਭੋਜਨ ਸਾਰੁ ਕਰਾਈ ।੧ ।
    (ਪਉੜੀ ੧੯, ਮਾਝ ਕੀ ਵਾਰ
    (੨) ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ।
    (ਸੂਹੀ ਛੰਤ ਮਹਲਾ ੫
    (੩) ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਇਐ ।
    (ਮਾਝ ਕੀ ਵਾਰ, ਪਉੜੀ ੧੫
    (੪) ਧਨੁ ਵਡਭਾਗੀ ਨਾਨਕਾ, ਜਿਨ ਗੁਰਮੁਖਿ ਹਰਿ ਰਸੁ ਸਾਰਿ ।੧ ।
    (ਕਾਨੜੇ ਕੀ ਵਾਰ ਇਹਨਾਂ ਉਪਰ-ਲਿਖੇ ਪ੍ਰਮਾਣਾਂ ਦਾ ਸਿੱਟਾ ਇਉਂ ਹੈ:-
    (੧) ‘ਸਾਰ’ ‘ਨਾਂਵ’ ਹੈ, ਪੁਲਿੰਗ ਤੇ ਇਸਤ੍ਰੀ-ਲਿੰਗ ।
    ‘ਸਾਰੁ’ ਪੁਲਿੰਗ ਦਾ ਅਰਥ ਹੈ ‘ਲੋਹਾ’ ਜਾਂ ‘ਤੱਤ’ ।
‘ਸਾਰ’ ਇਸਤ੍ਰੀ = ਲਿੰਗ ਦਾ ਅਰਥ ਹੈ ‘ਸੁਰਤਿ, ਖ਼ਬਰ’ ।
    ਜਿਵੇਂ ਪ੍ਰਮਾਣ ਨੰ:
    (੧) ਅਤੇ
    (੨) ।
    (੨)‘ਸਾਰ’ ਵਿਸ਼ੇਸ਼ਣ ਹੈ, ਜਿਵੇਂ ਪ੍ਰਮਾਣ ਨੰ:
    (੩) ਵਿਚ ਹੈ ।
    ਇਸ ਦਾ ਅਰਥ ਹੈ ‘ਸ੍ਰੇਸ਼ਟ’ ।
    (੩)‘ਸਾਰਿ’ ਕਿ੍ਰਆ ਹੈ ,ਜਿਸ ਦਾ ਅਰਥ ਹੈ ‘ਖ਼ਬਰ ਲੈਣੀ’, ‘ਚੇਤੇ ਕਰਨਾ’ ਜਿਵੇਂ ਪ੍ਰਮਾਣ
    (੪) ।
ਸਾਰੁ = ਲੋਹਾ ।
ਕਰੜਾ ਸਾਰੁ = ਕਰੜਾ ਜਿਵੇਂ ਲੋਹਾ ਹੈ ।
    
Sahib Singh
ਬਖ਼ਸ਼ਸ਼ ਵਾਲੀ ਅਵਸਥਾ ਦੀ ਬਨਾਵਟ ਬਲ ਹੈ, (ਭਾਵ, ਜਦੋਂ ਮਨੁੱਖ ਉੱਤੇ ਅਕਾਲ ਪੁਰਖ ਦੀ ਮਿਹਰ ਦੀ ਨਜ਼ਰ ਹੁੰਦੀ ਹੈ, ਤਾਂ ਉਸ ਦੇ ਅੰਦਰ ਅਜਿਹਾ ਬਲ ਪੈਦਾ ਹੁੰਦਾ ਹੈ ਕਿ ਵਿਸ਼ੇ-ਵਿਕਾਰ ਉਸ ਉੱੰਤੇ ਆਪਣਾ ਪਰਭਾਵ ਨਹੀਂ ਪਾ ਸਕਦੇ), ਕਿਉਂਕਿ ਉਸ ਅਵਸਥਾ ਵਿਚ (ਮਨੁੱਖ ਦੇ ਅੰਦਰ) ਅਕਾਲ ਪੁਰਖ ਤੋਂ ਬਿਨਾ ਕੋਈ ਦੂਜਾ ਉੱਕਾ ਹੀ ਨਹੀਂ ਰਹਿੰਦਾ ।
ਉਸ ਅਵਸਥਾ ਵਿਚ(ਜੋ ਮਨੁੱਖ ਹਨ ਉਹ) ਜੋਧੇ, ਮਹਾਂਬਲੀ ਤੇ ਸੂਰਮੇ ਹਨ, ਉਹਨਾਂ ਦੇ ਰੋਮ ਰੋਮ ਵਿਚ ਅਕਾਲ ਪੁਰਖ ਵੱਸ ਰਿਹਾ ਹੈ ।
ਉਸ (ਬਖ਼ਸ਼ਸ਼) ਅਵਸਥਾ ਵਿਚ ਅੱਪੜੇ ਹੋਏ ਮਨੁੱਖਾਂ ਦਾ ਮਨ ਨਿਰੋਲ ਅਕਾਲ ਪੁਰਖ ਦੀ ਵਡਿਆਈ ਵਿਚ ਪਰੋਤਾ ਰਹਿੰਦਾ ਹੈ, (ਉਹਨਾਂ ਦੇ ਸਰੀਰ ਅਜਿਹੇ ਕੰਚਨ ਦੀ ਵੰਨੀ ਵਾਲੇ ਹੋ ਜਾਂਦੇ ਹਨ ਕਿ) ਉਹਨਾਂ ਦੇ ਸੋਹਣੇ ਰੂਪ ਵਰਣਨ ਨਹੀਂ ਕੀਤੇ ਜਾ ਸਕਦੇ (ਉਹਨਾਂ ਦੇ ਮੂੰਹ ਉੱਤੇ ਨੂਰ ਹੀ ਨੂਰ ਲਿਸ਼ਕਦਾ ਹੈ) ।
(ਇਸ ਅਵਸਥਾ ਵਿਚ) ਜਿਨ੍ਹਾਂ ਦੇ ਮਨ ਵਿਚ ਅਕਾਲ ਪੁਰਖ ਵੱਸਦਾ ਹੈ, ਉਹ ਆਤਮਕ ਮੌਤ ਨਹੀਂ ਮਰਦੇ ਤੇ ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ ।
ਉਸ ਅਵਸਥਾ ਵਿਚ ਕਈ ਭਵਣਾਂ ਦੇ ਭਗਤ ਜਨ ਵੱਸਦੇ ਹਨ, ਜੋ ਸਦਾ ਖਿੜੇ ਰਹਿੰਦੇ ਹਨ, (ਕਿਉਂਕਿ) ਉਹ ਸੱਚਾ ਅਕਾਲ ਪੁਰਖ ਉਹਨਾਂ ਦੇ ਮਨ ਵਿਚ (ਮੌਜੂਦ) ਹੈ ।
ਸੱਚ ਖੰਡ ਵਿਚ (ਭਾਵ,ਅਕਾਲ ਪੁਰਖ ਨਾਲ ਇੱਕ ਰੂਪ ਹੋਣ ਵਾਲੀ ਅਵਸਥਾ ਵਿਚ) ਮਨੁੱਖ ਦੇ ਅੰਦਰ ਉਹ ਅਕਾਲ ਪੁਰਖ ਆਪ ਹੀ ਵੱਸਦਾ ਹੈ, ਜੋ ਸਿ੍ਰਸ਼ਟੀ ਨੂੰ ਰਚ ਰਚ ਕੇ ਮਿਹਰ ਦੀ ਨਜ਼ਰ ਨਾਲ ਉਸ ਦੀ ਸੰਭਾਲ ਕਰਦਾ ਹੈ ।
ਉਸ ਅਵਸਥਾ ਵਿਚ (ਭਾਵ, ਅਕਾਲ ਪੁਰਖ ਨਾਲ ਇੱਕ-ਰੂਪ ਹੋਣ ਵਾਲੀ ਅਵਸਥਾ ਵਿਚ)ਮਨੁੱਖ ਨੂੰ ਬੇਅੰਤ ਖੰਡ, ਮੰਡਲ ਤੇ ਬੇਅੰਤ ਬ੍ਰਹਿਮੰਡ (ਦਿੱਸਦੇ ਹਨ, ਇਤਨੇ ਬੇਅੰਤ ਕਿ) ਜੇ ਕੋਈ ਮਨੁੱਖ ਇਸ ਦਾ ਕਥਨ ਕਰਨ ਲੱਗੇ, ਤਾਂ ਉਹਨਾਂ ਦੇ ਓੜਕ ਨਹੀਂ ਪੈ ਸਕਦੇ ।
ਉਸ ਅਵਸਥਾ ਵਿਚ ਬੇਅੰਤ ਭਵਣ ਤੇ ਅਕਾਰ ਦਿੱਸਦੇ ਹਨ (ਜਿਨ´ਾਂ ਸਭਨਾਂ ਵਿਚ)ੇ ਉਸੇ ਤਰ´ਾਂ ਕਾਰ ਚੱਲ ਰਹੀ ਹੈ ਜਿਵੇਂ ਅਕਾਲ ਪੁਰਖ ਦਾ ਹੁਕਮ ਹੁੰਦਾ ਹੈ (ਭਾਵ, ਇਸ ਅਵਸਥਾ ਵਿਚ ਅੱਪੜ ਕੇ ਮਨੁੱਖ ਨੂੰ ਹਰ ਥਾਂ ਅਕਾਲ ਪੁਰਖ ਦੀ ਰਜ਼ਾ ਵਰਤਦੀ ਦਿੱਸਦੀ ਹੈ) ।
(ਉਸ ਨੂੰ ਪਰਤੱਖ ਦਿਸੱਦਾ ਹੈ ਕਿ) ਅਕਾਲ ਪੁਰਖ ਵੀਚਾਰ ਕਰਕੇ (ਸਭ ਜੀਵਾਂ ਦੀ ) ਸੰਭਾਲ ਕਰਦਾ ਹੈ ਤੇ ਖੁਸ਼ ਹੁੰਦਾ ਹੈ ।
ਹੇ ਨਾਨਕ! ਇਸ ਅਵਸਥਾ ਦਾ ਕਥਨ ਕਰਨਾ ਬਹੁਤ ਹੀ ਅੌਖਾ ਹੈ (ਭਾਵ, ਇਹ ਅਵਸਥਾ ਬਿਆਨ ਨਹੀਂ ਹੋ ਸਕਦੀ, ਅਨੁਭਵ ਹੀ ਕੀਤੀ ਜਾ ਸਕਦੀ ਹੈ)।੩੭ ।

ਭਾਵ:- ਪਰਮਾਤਮਾ ਨਾਲ ਇੱਕ-ਰੂਪ ਹੋ ਚੁਕਣ ਵਾਲੀ ਆਤਮਕ ਅਵਸਥਾ ਵਿਚ ਅਪੜੇ ਜੀਵ ਉੱਤੇ ਪਰਮਾਤਮਾ ਦੀ ਬਖ਼ਸ਼ਸ਼ ਦਾ ਦਰਵਾਜ਼ਾ ਖੁਲ੍ਹਦਾ ਹੈ, ਉਸ ਨੂੰ ਸਭ ਆਪਣੇ ਹੀ ਆਪਣੇ ਦਿੱਸਦੇ ਹਨ, ਹਰ ਪਾਸੇ ਪ੍ਰਭੂ ਹੀ ਨਜ਼ਰੀਂ ਆਉਂਦਾ ਹੈ ।
ਅਜਿਹੇ ਮਨੁੱਖ ਦੀ ਸੁਰਤ ਸਦਾ ਪ੍ਰਭੂ ਦੀ ਸਿਫ਼ਤਿ-ਸਾਲਾਹ ਜੁੜੀ ਰਹਿਂਦੀ ਹੈ, ਹੁਣ ਮਾਇਆ ਇਸ ਨੂੰ ਠੱਗ ਨਹੀਂ ਸਕਦੀ, ਆਤਮਾ ਬਲਵਾਨ ਹੋ ਜਾਂਦੀ ਹੈ, ਪ੍ਰਭੂ ਨਾਲੋਂ ਵਿੱਥ ਨਹੀਂ ਪੈ ਸਕਦੀ ।
ਹੁਣ ਉਸ ਨੂੰ ਪਰਤੱਖ ਜਾਪਦਾ ਹੈ ਕਿ ਬੇਅੰਤ ਕੁਦਰਤ ਰਚ ਕੇ ਪ੍ਰਭੂ ਸਭ ਨੂੰ ਆਪਣੀ ਰਜ਼ਾ ਵਿਚ ਤੋਰ ਰਿਹਾ ਹੈ, ਤੇ ਸਭ ਉਤੇ ਮਿਹਰ ਦੀ ਨਜ਼ਰ ਕਰ ਰਿਹਾ ਹੈ ।੩੭ ।
Follow us on Twitter Facebook Tumblr Reddit Instagram Youtube