ਰਾਤੀ ਰੁਤੀ ਥਿਤੀ ਵਾਰ ॥
ਪਵਣ ਪਾਣੀ ਅਗਨੀ ਪਾਤਾਲ ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥
ਤਿਨ ਕੇ ਨਾਮ ਅਨੇਕ ਅਨੰਤ ॥
ਕਰਮੀ ਕਰਮੀ ਹੋਇ ਵੀਚਾਰੁ ॥
ਸਚਾ ਆਪਿ ਸਚਾ ਦਰਬਾਰੁ ॥
ਤਿਥੈ ਸੋਹਨਿ ਪੰਚ ਪਰਵਾਣੁ ॥
ਨਦਰੀ ਕਰਮਿ ਪਵੈ ਨੀਸਾਣੁ ॥
ਕਚ ਪਕਾਈ ਓਥੈ ਪਾਇ ॥
ਨਾਨਕ ਗਇਆ ਜਾਪੈ ਜਾਇ ॥੩੪॥

Sahib Singh
ਰਾਤੀ = ਰਾਤਾਂ ।
ਰੁਤੀ = ਰੁੱਤਾਂ ।
ਥਿਤੀ = ਥਿੱਤਾਂ ।
ਵਾਰ = ਦਿਹਾੜੇ, ਦਿਨ ।
ਪਵਣ = ਸਭ ਪ੍ਰਕਾਰ ਦੀ ਹਵਾ ।
ਪਾਤਾਲ = ਸਾਰੇ ਪਾਤਾਲ ।
ਤਿਸੁ ਵਿਚਿ = ਇਹਨਾਂ ਸਾਰਿਆਂ ਦੇ ਸਮੁਦਾਇ ਵਿਚ ।
    ਇੱਥੇ ‘ਤਿਸੁ’ ਵਲ ਖ਼ਾਸ ਧਿਆਨ ਦੇਣ ਦੀ ਲੋੜ ਹੈ ।
    ਪਹਿਲੀ ਤੁਕ ਦੇ ਸਾਰੇ ਸ਼ਬਦ ਬਹੁ-ਵਚਨ ਵਿਚ ਹਨ ।
‘ਤਿਸੁ’ ਇਕ = ਵਚਨ ਹੈ, ਜਿਸ ਦਾ ਅਰਥ ਹੈ: ‘ਸਾਰਿਆਂ ਦਾ ਇਕੱਠ’ ।
ਥਾਪਿ ਰਖੀ = ਥਾਪ ਕੇ ਰੱਖ ਦਿੱਤੀ ਹੈ, ਰਛ ਕੇ ਟਿਕਾ ਦਿੱਤੀ ਹੈ ।
ਧਰਮਸਾਲ = ਧਰਮ ਕਮਾਣ ਦਾ ਅਸਥਾਨ ।
ਤਿਸੁ ਵਿਚਿ = ਉਸ ਧਰਤੀ ਉੱਤੇ ।
ਜੀਅ = ਜੀਵ ਜੰਤ ।
ਜੀਅ ਜੁਗਤਿ = ਜੀਵਾਂ ਦੀ ਜੁਗਤੀ, ਜੀਵਾਂ ਦੇ ਰਹਿਣ ਦੀ ਜੁਗਤੀ (ਬਣਾ ਦਿੱਤੀ) ਹੈ ।
ਕੇ ਰੰਗ = ਇਸ ‘ਕੇ ਰੰਗ’ ਨੂੰ ਸਮਝਣ ਲਈ ਹੇਠ-ਲਿਖੀਆਂ ਤੁਕਾਂ ਨੂੰ ਗਹੁ ਨਾਲ ਵਿਚਾਰਨਾ ਜ਼ਰੂਰੀ ਹੈ:-
    (੧) ਜੀਅ ਜਾਤਿ ਰੰਗਾ ਕੇ ਨਾਵ ।
    ਸਭਨਾ ਲਿਖਿਆ ਵੁੜੀ ਕਲਾਮ ।
    (ਪਉੜੀ ੧੬
    (੨) ਤਿਥੈ ਭਗਤ ਵਸਹਿ ਕੇ ਲੋਅ ।
    (ਪਉੜੀ ੩੭
    (੩) ਜੇ ਤਿਸੁ ਨਦਰਿ ਨ ਆਵਈ, ਤ ਵਾਤ ਨ ਪੁਛੈ ਕੇ ।
    (ਪੳੇੁੜੀ ੭
    (੪) ਆਪੇ ਜਾਣੈ ਆਪੇ ਦੇਇ ।
    ਆਖਹਿ ਸਿ ਭਿ ਕੇਈ ਕੇਇ ।
    (ਪਉੜੀ ੨੫
    (੫) ਏਤੇ ਕੀਤੇ ਹੋਰਿ ਕਰੇਹਿ ।
    ਤਾ ਆਖਿ ਨ ਸਕਹਿ ਕੇਈ ਕੇਇ ।
    (ਪਉੜੀ ੨੬
    (੬) ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ।ਇਹਨਾਂ ਸਾਰੀਆਂ ਤੁਕਾਂ ਵਿਚ ‘ਕੇ’ ਦਾ ਅਰਥ ਹੈ ‘ਕਈ’; ‘ਨ ਕੇ’ ਅਰਥ ਹੈ ‘ਕੋਈ ਭੀ ਨਹੀਂ’ ।
    ਪਉੜੀ ਨੰ: ੨੧ ਵਿਚ ‘ਕੇਈ ਕੇਇ’ ਵਰਤਿਆ ਗਿਆ ਹੈ, ਅੱਜ ਕੱਲ ਦੀ ਪੰਜਾਬੀ ਵਿਚ ਭੀ ਅਸੀਂ ‘ਕਈ ਕਈ’ ਆਖਦੇ ਹਾਂ ।
    ਜਿਵੇਂ ‘ਕੇ ਰੰਗ’ ਦਾ ਅਰਥ ਹੈ ‘ਕਈ ਰੰਗਾਂ ਦੇ’, ਤਿਵੇਂ ‘ਕੇ ਨਾਵ’ ਦਾ ਅਰਥ ਹੈ ‘ਕਈ ਨਾਵਾਂ ਵਾਲੇ’, ‘ਕੇ ਲੋਅ’ ਦਾ ਅਰਥ ‘ਕਈ ਲੋਕਾਂ ਦੇ, ਕਈ ਭਾਵਨਾਂ ਦੇ’ ।
ਕੇ ਰੰਗ = ਕਈ ਰੰਗਾਂ ਦੇ ।
ਤਿਨ ਕੇ = ਉਹਨਾਂ ਜੀਵਾਂ ਦੇ ।
ਅਨੰਤ = ਬੇਅੰਤ ।
ਪਦਅਰਥ : = ਕਰਮੀ ਕਰਮੀ-ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ।
ਤਿਥੈ = ਅਕਾਲ ਪੁਰਖ ਦੇ ਦਰਬਾਰ ਵਿਚ ।
ਸੋਹਨਿ = ਸੋਭਦੇ ਹਨ ।
ਪਰਵਾਣੁ = ਪਰਤੱਖ ਤੌਰ ’ਤੇ ।
ਨਦਰੀ = ਮਿਹਰ ਦੀ ਨਜ਼ਰ ਕਰਨ ਵਾਲਾ ਅਕਾਲ ਪੁਰਖ ।
ਕਰਮਿ = ਕਰਮ ਦੁਆਰਾ, ਬਖ਼ਸ਼ਸ਼ ਨਾਲ ।
ਨਦਰੀ ਕਰਮਿ = ਅਕਾਲ ਪੁਰਖ ਦੀ ਬਖ਼ਸ਼ਸ਼ ਨਾਲ ।
ਪਵੈ ਨੀਸਾਣੁ = ਨਿਸ਼ਾਨ ਪੈ ਜਾਂਦਾ ਹੈ,ਨਿਸ਼ਾਨ ਲੱਗ ਜਾਂਦਾ ਹੈ, ਵਡਿਆਈ ਦਾ ਚਿਹਨ (ਮੱਥੇ ’ਤੇ) ਚਮਕ ਪੈਂਦਾ ਹੈ ।
ਕਚ = ਕਚਿਆਈ ।
ਪਕਾਈ = ਪਕਿਆਈ ।
ਓਥੈ = ਅਕਾਲ ਪੁਰਖ ਦੀ ਦਰਗਾਹ ਵਿਚ ।
ਪਾਇ = ਪਾਈ ਜਾਂਦੀ ਹੇ, ਪਤਾ ਲਗਦੀ ਹੈ ।
ਗਇਆ = ਜਾ ਕੇ ਹੀ, ਅੱਪੜ ਕੇ ਹੀ ।
ਜਾਪੈ ਜਾਇ = ਜਾਣਿਆ ਜਾਂਦਾ ਹੈ, ਵੇਖਿਆ ਜਾਂਦਾ ਹੈ, ਖ਼ਬਰ ਪੈਂਦੀ ਹੈ ।
    
Sahib Singh
ਰਾਤਾਂ, ਰੁੱਤਾਂ, ਥਿਤਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ— ਇਹਨਾਂ ਸਾਰਿਆਂ ਦੇ ਇਕੱਠ ਵਿਚ (ਅਕਾਲ ਪੁਰਖ ਨੇ ) ਧਰਤੀ ਨੂੰ ਧਰਮ ਕਮਾਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ ।
ਇਸ ਧਰਤੀ ਉੱਤੇ ਕਈ ਜੁਗਤੀਆਂ ਅਤੇ ਰੰਗਾਂ ਦੇ ਜੀਵ (ਵੱਸਦੇ ਹਨ), ਜਿਨ੍ਹਾਂ ਦੇ ਅਨੇਕਾਂ ਤੇ ਅਨਗਿਣਤ ਹੀ ਨਾਮ ਹਨ ।
(ਇਹਨਾਂ ਅਨੇਕਾਂ ਨਾਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਅਨੁਸਾਰ (ਅਕਾਲ ਪੁਰਖ ਦੇ ਦਰ ਤੇ) ਨਿਬੇੜਾ ਹੁੰਦਾ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸਦਾ ਦਰਬਾਰ ਭੀ ਸੱਚਾ ਹੈ ।
ਉਸ ਦਰਬਾਰ ਵਿਚ ਸੰਤ ਜਨ ਪਰਤੱਖ ਤੌਰ ’ਤੇ ਸੋਭਦੇ ਹਨ, ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਸ਼ ਨਾਲ (ਉਹਨਾਂ ਸੰਤ ਜਨਾਂ ਦੇ ਮੱਥੇ ਉਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ ।
(ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੈ ਅਰਥ ਨਹੀਂ, ਇਹਨਾਂ ਦੀ) ਕਚਿਆਈ ਪਕਿਆਈ ਅਕਾਲ ਪੁਰਖ ਦੇ ਦਰ ਤੇ ਜਾ ਕੇ ਮਲੂਮ ਹੁੰਦੀ ਹੈ ।
ਹੇ ਨਾਨਕ! ਅਕਾਲ ਪੁਰਖ ਦੇ ਦਰ ’ਤੇ ਗਿਆਂ ਹੀ ਸਮਝ ਅਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਹੈ ਤੇ ਕੌਣ ਕੱਚਾ) ।

ਭਾਵ:- ਜਿਸ ਮਨੁੱਖ ਉੱਤੇ ਪ੍ਰਭੂ ਦੀ ਬਖ਼ਸ਼ਸ਼ ਹੁੰਦੀ ਹੈ ਉਸ ਨੂੰ ਪਹਿਲਾਂ ਇਹ ਸਮਝ ਪੈਂਦੀ ਹੈ ਕਿ ਮਨੁੱਖ ਇਸ ਧਰਤੀ ’ਤੇ ਕੋਈ ਖ਼ਾਸ ਫ਼ਰਜ਼ ਨਿਬਾਹੁਣ ਆਇਆ ਹੈ ।
ਇੱਥੇ ਜੋ ਅਨੇਕਾਂ ਜੀਵ ਪੈਦਾ ਹੁੰਦੇ ਹਨ ਇਹਨਾਂ ਸਭਨਾਂ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਇਹ ਨਿਬੇੜਾ ਹੁੰਦਾ ਹੈ ਕਿ ਕਿਸ ਕਿਸ ਨੇ ਮਨੁੱਖਾ-ਜਨਮ ਦੇ ਮਨੋਰਥਨੂੰ ਪੂਰਾ ਕੀਤਾ ਹੈ ।
ਜਿਨ੍ਹਾਂ ਦੀ ਮਿਹਨਤ ਕਬੂਲ ਪੈਂਦੀ ਹੈ, ਉਹ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਪਾਂਦੇ ਹਨ ।
ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ ਛੋਟਾ ਅਖਵਾਣਾ ਕਿਸੇ ਅਰਥ ਨਹੀਂ ।

ਨੋਟ: ਉੱਪਰ ਦੱਸੀ ਵਿਚਾਰ ਆਤਮਕ ਰਸਤੇ ਵਿਚ ਜੀਵ ਦੀ ਪਹਿਲੀ ਅਵਸਥਾ, ਜਿੱਥੇ ਇਹ ਆਪਣੇ ਫ਼ਰਜ਼ ਨੂੰ ਪਛਾਣਦਾ ਹੈ ।
ਇਸ ਆਤਮਕ ਅਵਸਥਾ ਦਾ ਨਾਮ ‘ਧਰਮ ਖੰਡ’ ਹੈ ।
Follow us on Twitter Facebook Tumblr Reddit Instagram Youtube