ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥
ਏਤੁ ਰਾਹਿ ਪਤਿ ਪਵੜੀਆ ਚੜੀਐ ਹੋਇ ਇਕੀਸ ॥
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥੩੨॥

Sahib Singh
ਇਕੁ ਦੂ = ਇੱਕ ਤੋਂ ।
ਇਕ ਦੂ ਜੀਭੌ = ਇਕ ਜੀਭ ਤੋਂ ।
ਹੋਹਿ = ਹੋ ਜਾਣ ।
ਲਖ = ਲੱਖ (ਜੀਭਾਂ) ।
ਲਖ ਹੋਵਹਿ = ਲੱਖ ਜੀਭਾਂ ਤੋਂ ਹੋ ਜਾਣ ।
ਲਖ ਵੀਸ = ਵੀਹ ਲੱਖ ।
ਗੇੜਾ = ਫੇਰੇ, ਚੱਕਰ ।
ਆਖੀਅਹਿ = ਆਖੇ ਜਾਣ ।
ਏਕੁ ਨਾਮੁ ਜਗਦੀਸ = ਜਗਦੀਸ ਦਾ ਇਕ ਨਾਮ ।
ਜਗਦੀਸ = ਜਗਤ ਦਾ ਈਸ਼, ਜਗਤ ਦਾ ਮਾਲਕ, ਅਕਾਲ ਪੁਰਖ ।
ਏਤੁ ਰਾਹਿ = ਇਸ ਰਸਤੇ ਵਿਚ, ਅਕਾਲ ਪੁਰਖ ਨੂੰ ਮਿਲਣ ਵਾਲੇ ਰਸਤੇ ਵਿਚ ।
ਪਤਿ ਪਵੜੀਆ = ਪਤੀ ਦੀਆਂ ਪਉੜੀਆਂ, ਪਤੀ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ ।
ਚੜੀਐ = ਚੜ੍ਹੀਦਾ ਹੈ, ਚੜ੍ਹ ਸਕੀਦਾ ਹੈ ।
ਹੋਇ ਇਕੀਸ = ਇਕ ਰੂਪ ਹੋ ਕੇ, ਆਪਾ-ਭਾਵ ਗਵਾ ਕੇ ।
ਸੁਣਿ = ਸੁਣਿ ਕੇ ।
ਕੀਟਾ = ਕੀੜਿਆਂ ਨੂੰ ।
    
Sahib Singh
ਜੇ ਇੱਕ ਜੀਭ ਤੋਂ ਲੱਖ ਜੀਭਾਂ ਹੋ ਜਾਣ, ਅਤੇ ਲੱਖ ਜੀਭਾਂ ਤੋਂ ਵੀਹ ਲੱਖ ਬਣ ਜਾਣ, (ਇਹਨਾਂ ਵੀਹ ਲੱਖ ਜੀਭਾਂ ਨਾਲ ਜੇ) ਅਕਾਲ ਪੁਰਖ ਦੇ ਇਕ ਨਾਮ ਨੂੰ ਇਕ ਇਕ ਲੱਖ ਵਾਰੀ ਆਖੀਏ (ਤਾਂ ਭੀ ਕੂੜੇ ਮਨੁੱਖ ਦੀ ਇਹ ਕੂੜੀ ਹੀ ਠੀਸ ਹੈ, ਭਾਵ, ਜੇ ਮਨੁੱਖ ਇਹ ਖਿ਼ਆਲ ਕਰੇ ਕਿ ਮੈਂ ਆਪਣੇ ਉੱਦਮ ਦੇ ਆਸਰੇ ਇਸ ਤ੍ਰਹਾਂ ਨਾਮ ਸਿਮਰ ਕੇ ਅਕਾਲ ਪੁਰਖ ਨੂੰ ਪਾ ਸਕਦਾ ਹਾਂ, ਤਾਂ ਇਹ ਝੂਠਾ ਅਹੰਕਾਰ ਹੈ) ।
ਇਸ ਰਸਤੇ ਵਿਚ (ਪਰਮਾਤਮਾ ਨਾਲੋਂ ਵਿੱਥ ਦੂਰ ਕਰਨ ਵਾਲੇ ਰਾਹ ਵਿਚ) ਅਕਾਲ ਪੁਰਖ ਨੂੰ ਮਿਲਣ ਵਾਸਤੇ ਜੋ ਪਉੜੀਆਂ ਹਨ, ਉਹਨਾਂ ਉੱਤੇ ਆਪਾ-ਭਾਵ ਗਵਾ ਕੇ ਹੀ ਚੜ੍ਹ ਸਕੀਦਾ ਹੈ ।
(ਲੱਖਾਂ ਜੀਭਾਂ ਨਾਲ ਭੀ ਗਿਣਤੀ ਦੇ ਸਿਮਰਨ ਨਾਲ ਕੁਝ ਨਹੀਂ ਬਣਦਾ ।
ਆਪਾ-ਭਾਵ ਦੂਰ ਕਰਨ ਤੋਂ ਬਿਨਾ ਇਹ ਗਿਣਤੀ ਦੇ ਪਾਠਾਂ ਵਾਲਾ ਉੱਦਮ ਇਉਂ ਹੈ, ਮਾਨੋ,) ਆਕਾਸ਼ ਦੀਆਂ ਗੱਲਾਂ ਸੁਣ ਕੇ ਕੀੜਿਆਂ ਨੂੰ ਭੀ ਇਹ ਰੀਸ ਆ ਗਈ ਹੈ (ਕਿ ਅਸੀਂ ਭੀ ਆਕਾਸ਼ ਤੇ ਅੱਪੜ ਜਾਈਏ) ।
Follow us on Twitter Facebook Tumblr Reddit Instagram Youtube