ਆਸਣੁ ਲੋਇ ਲੋਇ ਭੰਡਾਰ ॥
ਜੋ ਕਿਛੁ ਪਾਇਆ ਸੁ ਏਕਾ ਵਾਰ ॥
ਕਰਿ ਕਰਿ ਵੇਖੈ ਸਿਰਜਣਹਾਰੁ ॥
ਨਾਨਕ ਸਚੇ ਕੀ ਸਾਚੀ ਕਾਰ ॥
ਆਦੇਸੁ ਤਿਸੈ ਆਦੇਸੁ ॥
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥੩੧॥

Sahib Singh
ਆਸਣੁ = ਟਿਕਾਣਾ ।
ਲੋਇ = ਲੋਕ ਵਿਚ ।
ਲੋਇ ਲੋਇ = ਹਰੇਕ ਭਵਨ ਵਿਚ ।
ਆਸਣੁ ਭੰਡਾਰ = ਭੰਡਾਰਿਆਂ ਦਾ ਟਿਕਾਣਾ ।
ਪਾਇਆ = ਤਉ ਅਕਾਲ ਪੁਰਖ ਨੇ ਪਾ ਦਿੱਤਾ ਹੈ ।
ਕਰਿ ਕਰਿ = (ਜੀਵਾਂ ਨੂੰ) ਪੈਦਾ ਕਰ ਕੇ ।
ਵੇਖੈ = ਸੰਭਾਲ ਕਰਦਾ ਹੈ ।
ਸਿਰਜਣਹਾਰੁ = ਸਿ੍ਰਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ।
ਸਾਚੀ = ਸਦਾ ਅਟੱਲ ਰਹਿਣ ਵਾਲੀ, ੳੇੁਕਾਈ ਤੋਂ ਖ਼ਾਲੀ ।
    
Sahib Singh
ਅਕਾਲ ਪੁਰਖ ਦੇ ਭੰਡਾਰਿਆਂ ਦਾ ਟਿਕਾਣਾ ਹਰੇਕ ਭਵਨ ਵਿਚ ਹੈ (ਭਾਵ, ਹਰੇਕ ਭਵਨ ਵਿਚ ਅਕਾਲ ਪੁਰਖ ਦੇ ਭੰਡਾਰੇ ਚੱਲ ਰਹੇ ਹਨ) ।
ਜੋ ਕੁਝ (ਅਕਾਲ ਪੁਰਖ ਨੇ ਉਹਨਾਂ ਭੰਡਾਰਿਆਂ ਵਿਚ) ਪਾਇਆ ਹੈ ਇਕੋ ਵਾਰੀ ਪਾ ਦਿੱਤਾ ਹੈ, (ਭਾਵ, ਉਸ ਦੇ ਭੰਡਾਰੇ ਸਦਾ ਅਖੁੱਟ ਹਨ) ।
ਸਿ੍ਰਸ਼ਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ (ਜੀਵਾਂ ਨੂੰ) ਪੈਦਾ ਕਰ ਕੇ (ਉਹਨਾਂ ਦੀ) ਸੰਭਾਲ ਕਰ ਰਿਹਾ ਹੈ ।
ਹੇ ਨਾਨਕ! ਸਦਾ-ਥਿਰ ਰਹਿਣ ਵਾਲੇ (ਅਕਾਲ ਪੁਰਖ) ਦੀ (ਸਿ੍ਰਸ਼ਟੀ ਦੀ ਸੰਭਾਂਲ ਵਾਲੀ) ਇਹ ਕਾਰ ਸਦਾ ਅਟੱਲ ਹੈ (ਉਕਾਈ ਤੋਂ ਖ਼ਾਲੀ ਹੈ) ।
(ਸੋ) ਕੇਵਲ ਉਸ (ਅਕਾਲ ਪੁਰਖ) ਨੂੰ ਪ੍ਰਣਾਮ ਕਰੋ ਜੋ (ਸਭ ਦਾ) ਮੁੱਢ ਹੈ, ਜੋ ਸੁੱਧ-ਸਰੂਪ ਹੈ, ਜਿਸ ਦਾ ਕੋਈ ਮੁੱਢ ਨਹੀਂ (ਲੱਭ ਸਕਦਾ), ਜੋ ਨਾਸ-ਰਹਿਤ ਹੈ ਅਤੇ ਜੋ ਸਦਾ ਹੀ ਇਕੋ ਜਿਹਾ ਰਹਿੰਦਾ ਹੈ (ਇਹੀ ਹੈ ਤਰੀਕਾ, ਜਿਸ ਨਾਲ ਉਸ ਪ੍ਰਭੂ ਨਾਲੋਂ ਵਿੱਥ ਮਿਟ ਸਕਦੀ ਹੈ)।੩੧ ।

ਭਾਵ:- ਬੰਦਗੀ ਦੀ ਬਰਕਤਿ ਨਾਲ ਹੀ ਇਹ ਸਮਝ ਪੈਂਦੀ ਹੈ ਕਿ ਭਾਵੇਂ ਕਰਤਾਰ ਦੀ ਪੈਦਾ ਕੀਤੀ ਹੋਈ ਸਿ੍ਰਸ਼ਟੀ ਬੇਅੰਤ ਹੈ, ਫਿਰ ਭੀ ਇਸ ਦੀ ਪਾਲਣਾ ਕਰਨ ਲਈ ਉਸ ਦੇ ਭੰਡਾਰੇ ਭੀ ਬੇਅੰਤ ਹਨ, ਕਦੀ ਮੁੱਕ ਨਹੀਂ ਸਕਦੇ ।
ਪਰਮਾਤਮਾ ਦੇ ਇਸ ਪਰਬੰਧ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ ।੩੧ ।
Follow us on Twitter Facebook Tumblr Reddit Instagram Youtube