ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥
ਕੇਤੇ ਰਾਗ ਪਰੀ ਸਿਉ ਕਹੀਅਨਿ ਕੇਤੇ ਗਾਵਣਹਾਰੇ ॥
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥
ਸੇਈ ਤੁਧੁਨੋ ਗਾਵਹਿ ਜੋ ਤੁਧੁ ਭਾਵਨਿ ਰਤੇ ਤੇਰੇ ਭਗਤ ਰਸਾਲੇ ॥
ਹੋਰਿ ਕੇਤੇ ਗਾਵਨਿ ਸੇ ਮੈ ਚਿਤਿ ਨ ਆਵਨਿ ਨਾਨਕੁ ਕਿਆ ਵੀਚਾਰੇ ॥
ਸੋਈ ਸੋਈ ਸਦਾ ਸਚੁ ਸਾਹਿਬੁ ਸਾਚਾ ਸਾਚੀ ਨਾਈ ॥
ਹੈ ਭੀ ਹੋਸੀ ਜਾਇ ਨ ਜਾਸੀ ਰਚਨਾ ਜਿਨਿ ਰਚਾਈ ॥
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥
ਜੋ ਤਿਸੁ ਭਾਵੈ ਸੋਈ ਕਰਸੀ ਹੁਕਮੁ ਨ ਕਰਣਾ ਜਾਈ ॥
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥੨੭॥

Sahib Singh
ਕੇਹਾ = ਕਿਹੋ ਜਿਹਾ, ਬੜਾ ਅਸਚਰਜ ।
ਦਰੁ = ਦਰਵਾਜ਼ਾ ।
ਜਿਤੁ = ਜਿੱਥੇ ।
ਬਹਿ = ਬੈਠ ਕੇ ।
ਸਰਬ = ਸਾਰੇ ਜੀਵਾਂ ਨੂੰ ।
ਸਮਾਲੇ = ਤੂੰ ਸੰਭਾਲ ਕੀਤੀ ਹੈ ।
ਨਾਦ = ਆਵਾਜ਼, ਸ਼ਬਦ, ਰਾਗ ।
ਵਾਵਣਹਾਰੇ = ਵਜਾਉਣ ਵਾਲੇ ।
ਪਰੀ = ਰਾਗਣੀ ।
ਸਿਉ = ਸਮੇਤ, ਸਣੇ ।
ਪਰੀ ਸਿਉ = ਰਾਗਣੀਆਂ ਸਮੇਤ ।
ਕਹੀਅਨਿ = ਕਹੀਦੇ ਹਨ, ਆਖੇ ਜਾਂਦੇ ਹਨ ।
ਤੁਹਨੋ = ਤੈਨੂੰ (ਹੇ ਅਕਾਲ ਪੁਰਖ!) ।
ਰਾਜਾ ਧਰਮੁ = ਧਰਮ-ਰਾਜ ।
ਦੁਆਰੇ = ਤੇਰੇ ਦਰ ’ਤੇ (ਹੇ ਨਿਰੰਕਾਰ!) ਚਿਤੁ ਗੁਪਤੁ-ਉਹ ਵਿਅਕਤੀਆਂ ਜੋ ਜਮ-ਲੋਕ ਵਿਚ ਰਹਿ ਕੇ ਸੰਸਾਰ ਦੇ ਜੀਵਾਂ ਦੇ ਚੰਗੇ-ਮੰਦੇ ਕਰਮਾਂ ਦਾ ਲੇਖਾ ਲਿਖਦੇ ਹਨ ।
    ਪੁਰਾਤਨ ਹਿੰਦੂ ਮਤ ਦੇ ਧਰਮ-ਪੁਸਤਕਾਂ ਵਿਚ ਇਹ ਖਿ਼ਆਲ ਤੁਰਿਆ ਆਉਂਦਾ ਹੈ ।
ਧਰਮੁ = ਧਰਮ-ਰਾਜ ।
ਲਿਖਿ ਲਿਖਿ = ਲਿਖ ਲਿਖ ਕੇ, ਭਾਵ, ਜੋ ਕੁਝ ਉਹ ਚਿੱਤਰਗੁਪਤ ਲਿਖਦੇ ਹਨ ।
ਬੈਸੰਤਰੁ = ਅੱਗ ।
ਈਸਰੁ = ਸ਼ਿਵ ।
ਬਰਮਾ = ਬ੍ਰਹਮਾ ।
ਦੇਵੀ = ਦੇਵੀਆਂ ।
ਸੋਹਨਿ = ਸੋਭਦੇ ਹਨ, ਸੋਹਣੇ ਲੱਗਦੇ ਹਨ ।
ਸਵਾਰੇ = ਤੇਰੇ ਸਵਾਰੇ ਹੋਏ ।
ਇੰਦ = ਇੰਦਰ ਦੇਵਤੇ ।
ਇਦਾਸਣਿ = (ਇਦ-ਆਸਣਿ), ਇੰਦਰ ਦੇ ਆਸਣ ਉੱਤੇ ।
ਦਰਿ = ਤੇਰੇ ਦਰਵਾਜ਼ੇ ਉੱਤੇ ।
ਦੇਵਤਿਆਂ ਨਾਲੇ = ਦੇਵਤਿਆਂ ਸਮੇਤ ।
ਸਮਾਧੀ ਅੰਦਰਿ = ਸਮਾਧੀ ਵਿਚ ਜੁੜ ਕੇ, ਸਮਾਧੀ ਲਾ ਕੇ ।
ਸਿਧ = ਪੁਰਾਤਨ ਸੰਸਕ੍ਰਿਤ ਪੁਸਤਕਾਂ ਵਿਚ ਸਿੱਧ ਉਹ ਵਿਅਕਤੀ ਮੰਨੇ ਗਏ ਹਨ ਜੋ ਮਨੁੱਖਾਂ ਦੀ ਸ਼੍ਰੇਣੀ ਤੋਂ ਉਤਾਂਹ ਸਨ ਤੇ ਦੇਵਤਿਆਂ ਤੋਂ ਹੇਠ !
    ਇਹ ਸਿੱਧ ਪਵਿੱਤਰਤਾ ਦਾ ਪੂੰਜ ਸਨ ਅਤੇ ਅੱਠਾਂ ਹੀ ਸਿੱਧੀਆਂ ਦੇ ਮਾਲਕ ਸਮਝੇ ਜਾਂਦੇ ਸਨ ।
ਵਿਚਾਰੇ = ਵਿਚਾਰ ਵਿਚਾਰ ਕੇ ।
ਸਤੀ = ਦਾਨੀ, ਦਾਨ ਕਰਨ ਵਾਲੇ ।
ਵੀਰ ਕਰਾਰੇ = ਤਕੜੇ ਸੂਰਮੇ ।
ਪੜਨਿ = ਪੜ੍ਹਦੇ ਹਨ ।
ਰਖੀਸਰ = (ਰਿਖੀ ਈਸਰ), ਵੱਡੇ ਵੱਡੇ ਰਿਖੀ, ਮਹਾਂ ਰਿਖੀ ।
ਜੁਗੁ ਜੁਗੁ = ਹਰੇਕ ਜੁਗ ਵਿਚ, ਸਦਾ ।
ਵੇਦਾ ਨਾਲੇ = ਵੇਦਾਂ ਸਣੇ ।
ਮੋਹਣੀਆ = ਸੁੰਦਰ ਇਸਤ੍ਰੀਆਂ ।
ਮਛ = ਮਾਤ ਲੋਕ ਵਿਚ ।
ਪਇਆਲੇ = ਪਤਾਲ ਵਿਚ ।
ਉਪਾਏ ਤੇਰੇ = ਤੇਰੇ ਪੈਦਾ ਕੀਤੇ ਹੋਏ ।
ਅਠ ਸਠਿ = ਅਠਾਹਠ ।
ਤੀਰਥ ਨਾਲੇ = ਤੀਰਥਾਂ ਸਮੇਤ ।
ਜੋਧ = ਜੋਧੇ ।
ਮਹਾ ਬਲ = ਵੱਡੇ ਬਲ ਵਾਲੇ ।
ਸੂਰਾ = ਸੂਰਮੇ ।
ਖਾਣੀ ਚਾਰੇ = ਚਾਰੇ ਖਾਣੀਆਂ, ਅੰਡਜ, ਜੇਰਜ, ਸ੍ਵੇਤਜ, ਉਤਭੁਜ ।
ਖਾਣੀ = ਖਾਣ, ਜਿਸ ਨੂੰ ਪੁਟ ਕੇ ਵਿਚੋਂ ਧਾਤਾਂ ਜਾਂ ਰਤਨ ਆਦਿਕ ਪਦਾਰਥ ਕੱਢੇ ਜਾਣ ।
    ਇਹ ਸੰਸਕ੍ਰਿਤ ਦਾ ਸ਼ਬਦ ਹੈ ।
    ਧਾਤੂ ‘ਖਨ’ ਹੈ, ਜਿਸ ਦਾ ਅਰਥ ਹੈ ‘ਪੁਟਣਾ’ ।
    ਖਾਣੀ ਚਾਰੇ ਪੁਰਾਤਨ ਸਮੇਂ ਤੋਂ ਇਹ ਖਿ਼ਆਲ ਹਿੰਦੂ ਧਰਮ ਪੁਸਤਕਾਂ ਵਿਚ ਤੁਰਿਆ ਆ ਰਿਹਾ ਹੈ ਕਿ ਜਗਤ ਦੇ ਸਾਰੇ ਜੜ੍ਹ-ਚੇਤਨ ਪਦਾਰਥ ਦੇ ਬਣਨ ਦੀਆਂ ਚਾਰ ਖਾਣਾਂ ਹਨ ।
    ਅੰਡਾ, ਜਿਓਰ, ਮੁੜਕਾ ਅਤੇ ਆਪਣੇ ਆਪ ਉੱਗ ਪੈਣਾ ।
    ‘ਚਾਰੇ ਖਾਣੀ’ ਦਾ ਇੱਥੇ ਭਾਵ ਹੈ ਚੌਹਾਂ ਹੀ ਖਾਣਾਂ ਦੇ ਜੀਵ ਜੰਤ, ਸਾਰੀ ਰਚਨਾ ।
ਖੰਡ = ਟੋਟਾ, ਬ੍ਰਹਿਮੰਡ ਦਾ ਟੋਟਾ, (ਭਾਵ) ਹਰੇਕ ਧਰਤੀ ।
ਮੰਡਲ = ਚੱਕਰ, ਬ੍ਰਹਿਮੰਡ ਦਾ ਇਕ ਚੱਕਰ, ਜਿਸ ਵਿਚ ਇਕ ਸੂਰਜ ਇਕ ਚੰਦ੍ਰਮਾ ਤੇ ਧਰਤੀ ਆਦਿਕ ਗਿਣੇ ਜਾਂਦੇ ਹਨ ।
ਵਰਭੰਡਾ = ਸਾਰੀ ਸਿ੍ਰਸ਼ਟੀ ।
ਕਰਿ ਕਰਿ = ਬਣਾ ਕੇ, ਰਚ ਕੇ ।
ਧਾਰੇ = ਟਿਕਾਏ ਹੋਏ ।
ਸੇਈ = ਉਹੀ ਜੀਵ ।
ਤੁਧੁ ਭਾਵਨਿ = ਤੈਨੂੰ ਚੰਗੇ ਲੱਗਦੇ ਹਨ ।
ਰਤੇ = ਰੰਗੇ ਹੋਏ, ਪ੍ਰੇਮ ਵਿਚ ਮੱਤੇ ਹੋਏ ।
ਰਸਾਲੇ = (ਰਸ ਆਲਯ) ਰਸ ਦੇ ਘਰ, ਰਸੀਏ ।
ਹੋਰਿ ਕੇਤੇ = ਅਨੇਕਾਂ ਹੋਰ ਜੀਵ ।
ਮੈ ਚਿਤਿ = ਮੇਰੇ ਚਿੱਤ ਵਿਚ ।
ਮੈ ਚਿਤਿ ਨ ਆਵਨਿ = ਮੇਰੇ ਚਿੱਤ ਵਿਚ ਨਹੀਂ ਆਉਂਦੇ, ਮੈਥੋਂ ਗਿਣੇ ਨਹੀਂ ਜਾ ਸਕਦੇ, ਮੇਰੀ ਵਿਚਾਰ ਤੋਂ ਪਰੇ ਹਨ ।
ਕਿਆ ਵੀਚਾਰੇ = ਕੀਹ ਵਿਚਾਰ ਕਰੇ ?
ਸਚੁ = ਥਿਰ ਰਹਿਣ ਵਾਲਾ, ਅਟੱਲ ।
ਨਾਈ = ਵਡਿਆਈ ।
ਹੋਸੀ = ਹੋਵੇਗਾ, ਥਿਰ ਰਹੇਗਾ ।
ਜਾਇਨ = ਜੰਮਦਾ ਨਹੀਂ ।
ਨ ਜਾਸੀ = ਨਾਹ ਹੀ ਮਰੇਗਾ ।
ਜਿਨਿ = ਜਿਸ ਅਕਾਲ ਪੁਰਖ ਨੇ ।
ਰਚਾਈ = ਪੈਦਾ ਕੀਤੀ ਹੈ ।
ਰੰਗੀ ਰੰਗੀ = ਰੰਗਾਂ ਰੰਗਾਂ ਦੀ, ਕਈ ਰੰਗਾਂ ਦੀ ।
ਭਾਤੀ = ਕਈ ਕਿਸਮਾਂ ਦੀ ।
ਕਰਿ ਕਰਿ = ਪੈਦਾ ਕਰ ਕੇ ।
ਜਿਨਸੀ = ਕਈ ਜਿਨਸਾਂ ਦੀ ।
ਜਿਨਿ = ਜਿਸ ਅਕਾਲ ਪੁਰਖ ਨੇ ।
ਵੇਖੈ = ਸੰਭਾਲ ਕਰਦਾ ਹੈ ।
ਕੀਤਾ ਆਪਣਾ = ਆਪਣਾ ਰਚਿਆ ਹੋਇਆ ਜਗਤ ।
ਜਿਵ = ਜਿਵੇਂ ।
ਵਡਿਆਈ = ਰਜ਼ਾ ।
ਕਰਸੀ = ਕਰੇਗਾ ।
ਨ ਕਰਣਾ ਜਾਇ = ਨਹੀਂ ਕੀਤਾ ਜਾ ਸਕਦਾ ।
ਸਾਹਾ ਪਾਤਿ ਸਾਹਿਬੁ = ਸ਼ਾਹਾਂ ਦਾ ਪਾਤਿਸ਼ਾਹ ।
ਰਹਣੁ = ਰਹਿਣਾ (ਹੋ ਸਕਦਾ ਹੈ), ਰਹਿਣਾ ਫਬਦਾ ਹੈ ।
ਰਜਾਈ = ਅਕਾਲ ਪੁਰਖ ਦੀ ਰਜ਼ਾ ਵਿਚ ।
    
Sahib Singh
ਉਹ ਦਰ-ਘਰ ਬੜਾ ਹੀ ਅਸਚਰਜ ਹੈ ਜਿੱਥੇ ਬਹਿ ਕੇ, (ਹੇ ਨਿਰੰਕਾਰ!) ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ ।
(ਹੇ ਨਿਰੰਕਾਰ!) ਪਉਣ, ਪਾਣੀ, ਅਗਨੀ ਤੇਰੇ ਗੁਣ ਗਾ ਰਹੇ ਹਨ ।
ਧਰਮ-ਰਾਜ ਤੇਰੇ ਦਰ ’ਤੇ (ਖਲੋ ਕੇ) ਤੈਨੂੰ ਵਡਿਆਇ ਰਿਹਾ ਹੈ ।
ਉਹ ਚਿੱਤਰ-ਗੁਪਤ ਭੀ ਜੋ (ਜੀਵਾਂ ਦੇ ਚੰਗੇ-ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ, ਅਤੇ ਜਿਨ੍ਹਾਂ ਦੇ ਲਿਖੇ ਹੋਏ ਨੂੰ ਧਰਮ-ਰਾਜ ਵਿਚਾਰਦਾ ਹੈ, ਤੇਰੀਆਂ ਵਡਿਆਈਆਂ ਕਰ ਰਹੇ ਹਨ ।
(ਹੇ ਅਕਾਲ ਪੁਰਖ!) ਦੇਵੀਆਂ, ਸ਼ਿਵ ਤੇ ਬ੍ਰਹਮਾ, ਜੋ ਤੇਰੇ ਸਵਾਰੇ ਹੋਏ ਹਨ, ਤੈਨੂੰ ਗਾ ਰਹੇ ਹਨ ।
ਕਈ ਇੰਦਰ ਆਪਣੇ ਤਖ਼ਤ ’ਤੇ ਬੈਠੇ ਹੋਏ ਦੇਵਤਿਆਂ ਸਮੇਤ ਤੇਰੇ ਦਰ ’ਤੇ ਤੈਨੂੰ ਸਲਾਹ ਰਹੇ ਹਨ ।
ਸਿੱਧ ਲੋਕ ਸਮਾਧੀਆਂ ਲਾ ਕੇ ਤੈਨੂੰ ਗਾ ਰਹੇ ਹਨ, ਸਾਧ ਵਿਚਾਰ ਕਰ ਕਰ ਕੇ ਤੈਨੂੰ ਸਲਾਹ ਰਹੇ ਹਨ ।
ਜਤ-ਧਾਰੀ, ਦਾਨ ਕਰਨ ਵਾਲੇ ਤੇ ਸੰਤੋਖ ਵਾਲੇ ਪੁਰਸ਼ ਤੇਰੇ ਗੁਣ ਗਾ ਰਹੇ ਹਨ ਅਤੇ (ਬੇਅੰਤ) ਤਕੜੇ ਸੂਰਮੇ ਤੇਰੀਆਂ ਵਡਿਆਈਆਂ ਕਰ ਰਹੇ ਹਨ ।
(ਹੇ ਅਕਾਲ ਪੁਰਖ!) ਪੰਡਿਤ ਤੇ ਮਹਾਂਰਿਖੀ ਜੋ (ਵੇਦਾਂ ਨੂੰ) ਪੜ੍ਹਦੇ ਹਨ ।
ਵੇਦਾਂ ਸਣੇ ਤੈਨੂੰ ਗਾ ਰਹੇ ਹਨ ।
ਸੁੰਦਰ ਇਸਤ੍ਰੀਆਂ, ਜੋ ਸੁਰਗ, ਮਾਤ-ਲੋਕ ਤੇ ਪਾਤਾਲ ਵਿਚ (ਭਾਵ, ਹਰ ਥਾਂ) ਮਨੁੱਖ ਦੇ ਮਨ ਨੂੰ ਮੋਹ ਲੈਂਦੀਆਂ ਹਨ, ਤੈਨੂੰ ਗਾ ਰਹੀਆਂ ਹਨ ।
(ਹੇ ਨਿਰੰਕਾਰ!) ਤੇਰੇ ਪੈਦਾ ਕੀਤੇ ਹੋਏ ਰਤਨ ਅਠਾਹਠ ਤੀਰਥਾਂ ਸਮੇਤ ਤੈਨੂੰ ਗਾ ਰਹੇ ਹਨ ।
ਵੱਡੇ ਬਲ ਵਾਲੇ ਜੋਧੇ ਤੇ ਸੂਰਮੇ ਤੇਰੀ ਸਿਫ਼ਤ ਕਰ ਰਹੇ ਹਨ ।
ਚੌਹਾਂ ਹੀ ਖਾਣੀਆਂ ਦੇ ਜੀਅ ਜੰਤ ਤੈਨੂੰ ਗਾ ਰਹੇ ਹਨ ।
ਸਾਰੀ ਸਿ੍ਰਸ਼ਟੀ, ਸਿ੍ਰਸ਼ਟੀ ਦੇ ਸਾਰੇ ਖੰਡ ਅਤੇ ਚੱਕਰ, ਜੋ ਤੂੰ ਪੈਦਾ ਕਰ ਕੇ ਟਿਕਾ ਰਖੇ ਹਨ, ਤੈਨੂੰ ਗਾਉਂਦੇ ਹਨ ।
(ਹੇ ਅਕਾਲ ਪੁਰਖ!) (ਅਸਲ ਵਿਚ ਤਾਂ) ਉਹੋ ਤੇਰੇ ਪ੍ਰੇਮ ਵਿਚ ਰੱਤੇ ਰਸੀਏ ਭਗਤ ਜਨ ਤੈਨੂੰ ਗਾਉਂਦੇ ਹਨ (ਭਾਵ, ਉਹਨਾਂ ਦਾ ਹੀ ਗਾਉਣਾ ਸਫਲ ਹੈ) ਜੋ ਤੈਨੂੰ ਚੰਗੇ ਲੱਗਦੇ ਹਨ ।
ਅਨੇਕਾਂ ਹੋਰ ਜੀਵ ਤੈਨੂੰ ਗਾ ਰਹੇ ਹਨ, ਜਿਹੜੇ ਮੈਥੋਂ ਗਿਣੇ ਭੀ ਨਹੀਂ ਜਾ ਸਕਦੇ ।
(ਭਲਾ) ਨਾਨਕ (ਵਿਚਾਰਾ) ਕੀਹ ਵਿਚਾਰ ਕਰ ਸਕਦਾ ਹੈ ?
ਜਿਸ ਅਕਾਲ ਪੁਰਖ ਨੇ ਇਹ ਸਿ੍ਰਸ਼ਟੀ ਪੈਦਾ ਕੀਤੀ ਹੈ, ਉਹ ਐਸ ਵੇਲੇ ਮੌਜੂਦ ਹੈ, ਸਦਾ ਰਹੇਗਾ, ਨਾਹ ਉਹ ਜੰਮਿਆ ਹੈ ਅਤੇ ਨਾਹ ਹੀ ਮਰੇਗਾ ।
ਉਹ ਅਕਾਲ ਪੁਰਖ ਸਦਾ-ਥਿਰ ਹੈ, ਉਹ ਮਾਲਕ ਸੱਚਾ ਹੈ, ਉਸ ਦੀ ਵਡਿਆਈ ਭੀ ਸਦਾ ਅਟੱਲ ਹੈ ।
ਜਿਸ ਅਕਾਲ ਪੁਰਖ ਨੇ ਕਈ ਰੰਗਾਂ, ਕਿਸਮਾਂ ਅਤੇ ਜਿਨਸਾਂ ਦੀ ਮਾਇਆ ਰਚ ਦਿੱਤੀ ਹੈ, ਉਹ ਜਿਵੇਂ ਉਸ ਦੀ ਰਜ਼ਾ ਹੈ, (ਭਾਵ, ਜੇਡਾ ਵੱਡਾ ਆਪ ਹੈ ਓਡੇ ਵੱਡੇ ਜਿਗਰੇ ਨਾਲ ਜਗਤ ਨੂੰ ਰਚ ਕੇ) ਆਪਣੇ ਪੈਦਾ ਕੀਤੇ ਹੋਏ ਦੀ ਸੰਭਾਲ ਭੀ ਕਰ ਰਿਹਾ ਹੈ ।
ਜੋ ਕੁਝ ਅਕਾਲ ਪੁਰਖ ਨੂੰ ਭਾਉਂਦਾ ਹੈ, ਉਹੋ ਹੀ ਕਰੇਗਾ, ਕਿਸੇ ਜੀਵ ਪਾਸੋਂ ਅਕਾਲ ਪੁਰਖ ਅੱਗੇ ਹੁਕਮ ਨਹੀਂ ਕੀਤਾ ਜਾ ਸਕਦਾ (ਉਸ ਨੂੰ ਇਹ ਨਹੀਂ ਆਖ ਸਕਦੇ-‘ਇਉਂ ਨ ਕਰੀਂ, ਇਉਂ ਕਰ’) ।
ਅਕਾਲ ਪੁਰਖ ਪਾਤਿਸ਼ਾਹ ਹੈ, ਪਾਤਿਸ਼ਾਹਾਂ ਦਾ ਭੀ ਪਾਤਿਸ਼ਾਹ ਹੈ ।
ਹੇ ਨਾਨਕ! (ਜੀਵਾਂ ਨੂੰ) ਉਸ ਦੀ ਰਜ਼ਾ ਵਿਚ ਰਹਿਣਾ (ਹੀ ਫਬਦਾ ਹੈ) ।੨੭ ।

ਨੋਟ: ਪਉਣ, ਪਾਣੀ ਬੈਸੰਤਰ, ਆਦਿਕ ਅਚੇਤਨ ਪਦਾਰਥ ਕਿਵੇਂ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਰਹੇ ਹਨ ?
ਇਸ ਦਾ ਭਾਵ ਇਹ ਹੈ ਕਿ ਉਸ ਦੇ ਪੈਦਾ ਕੀਤੇ ਸਾਰੇ ਤੱਤ ਭੀ ਉਸ ਦੀ ਰਜ਼ਾ ਵਿਚ ਤੁਰ ਰਹੇ ਹਨ ।
ਰਜ਼ਾ ਵਿਚ ਤੁਰਨਾ ਉਸ ਦੀ ਸਿਫ਼ਤਿ-ਸਾਲਾਹ ਕਰਨੀ ਹੈ ।

ਭਾਵ:- ਕਈ ਰੰਗਾਂ ਦੀ, ਕਈ ਕਿਸਮਾਂ ਦੀ, ਕਈ ਜਿਨਸਾਂ ਦੀ, ਬੇਅੰਤ ਰਚਨਾ ਕਰਤਾਰ ਨੇ ਰਚੀ ਹੈ ।
ਇਸ ਬੇਅੰਤ ਸਿ੍ਰਸ਼ਟੀ ਦੀ ਸੰਭਾਲ ਭੀ ਉਹ ਆਪ ਹੀ ਕਰ ਰਿਹਾ ਹੈ, ਕਿਉਂਕਿ ਉਹ ਆਪ ਹੀ ਇਕ ਐਸਾ ਹੈ ਜੋ ਸਦਾ ਕਾਇਮ ਰਹਿਣ ਵਾਲਾ ਹੈ ।
ਜਗਤ ਵਿਚ ਐਸਾ ਕੌਣ ਹੈ ਜੋ ਇਹ ਦਮ ਮਾਰ ਸਕੇ ਕਿ ਕਿਹੋ ਜਿਹੇ ਅਸਥਾਨ ’ਤੇ ਬੈਠ ਕੇ ਉਹ ਸਿਰਜਨਹਾਰ ਇਸ ਬੇਅੰਤ ਰਚਨਾ ਦੀ ਸੰਭਾਲ ਕਰਦਾ ਹੈ ?
ਕਿਸੇ ਮਨੁੱਖ ਦੀ ਐਸੀ ਪਾਂਇਆਂ ਹੀ ਨਹੀਂ ।
ਮਨੁੱਖ ਨੂੰ, ਬੱਸ! ਇਕੋ ਗੱਲ ਫਬਦੀ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਹੇ ।
ਇਹੀ ਹੈ ਵਸੀਲਾ ਪ੍ਰਭੂ ਨਾਲੋਂ ਵਿੱਥ ਮਿਟਾਣ ਦਾ, ਤੇ ਇਹੀ ਹੈ ਇਸ ਦੇ ਜੀਵਨ ਦਾ ਮਨੋਰਥ ।
ਵੇਖੋ! ਹਵਾ, ਪਾਣੀ ਆਦਿਕ ਤੱਤਾਂ ਤੋਂ ਲੈ ਕੇ ਉੱਚੇ ਜੀਵਨ ਵਾਲੇ ਮਹਾਂ ਪੁਰਖਾਂ ਤਕ ਸਭ ਆਪੋ ਆਪਣੀ ਹੋਂਦ ਦੇ ਮਨੋਰਥ ਨੂੰ ਸਫਲ ਕਰ ਰਹੇ ਹਨ, ਭਾਵ, ਉਸ ਦੇ ਹੁਕਮ ਵਿਚ ਮਿਲੀ ਕਾਰ ਕਰੀ ਜਾ ਰਹੇ ਹਨ ।੨੭ ।

ਨੋਟ: ਇਸ ਤੋਂ ਅਗਾਂਹ ਨੰ: ੨੮ ਤੋਂ ੩੧ ਤਕ ਚਾਰ ਪਉੜੀਆਂ ਦਾ ਸਮੁੱਚਾ ਭਾਵ ਇਹ ਹੈ ਕਿ ਸਾਰੇ ਸੰਸਾਰ ਦੇ ਪੈਦਾ ਕਰਨ ਵਾਲੇ ਤੇ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਸਿਮਰਨ ਹੀ ਰਜ਼ਾ ਵਿਚ ਟਿਕਾ ਕੇ ਪ੍ਰਭੂ ਨਾਲੋਂ ਜੀਵ ਦੀ ਵਿੱਥ ਮੇਟ ਸਕਦਾ ਹੈ ।
Follow us on Twitter Facebook Tumblr Reddit Instagram Youtube