ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥੨੩॥

Sahib Singh
ਸਾਲਾਹੀ = ਸਲਾਹੁਣ-ਜੋਗ ਪਰਮਾਤਮਾ ।
ਸਾਲਾਹਿ = ਸਿਫ਼ਤਿ-ਸਾਲਾਹ ਕਰ ਕੇ ।
ਏਤੀ ਸੁਰਤਿ = ਇਤਨੀ ਸਮਝ (ਕਿ ਅਕਾਲ ਪੁਰਖ ਕੇਡਾ ਵੱਡਾ ਹੈ) ।
ਨ ਪਾਈਆ = ਕਿਸੇ ਨੇ ਨਹੀਂ ਪਾਈ ।
ਅਤੈ = ਅਤੇ, ਤੇ ।
ਵਾਹ = ਵਹਿਣ, ਨਾਲੇ ।
ਪਵਹਿ = ਪੈਂਦੇ ਹਨ ।
ਸਮੁੰਦਿ = ਸਮੁੰਦਰ ਵਿਚ ।
ਨ ਜਾਣੀਅਹਿ = ਨਹੀਂ ਜਾਣੇ ਜਾਂਦੇ, ਉਹ ਨਦੀਆਂ ਤੇ ਨਾਲੇ (ਫਿਰ ਵੱਖਰੇ) ਪਛਾਣੇ ਨਹੀਂ ਜਾ ਸਕਦੇ, (ਵਿਚੇ ਵਿਚ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।
ਸਮੁੰਦ ਸਾਹ ਸੁਲਤਾਨ = ਸਮੁੰਦਰਾਂ ਦੇ ਪਾਤਿਸ਼ਾਹ ਤੇ ਸੁਲਤਾਨ ।
ਗਿਰਹਾ ਸੇਤੀ = ਪਹਾੜਾਂ ਜੇਡੇ ।
ਤੁਲਿ = ਬਰਾਬਰ ।
ਨ ਹੋਵਨੀ = ਨਹੀਂ ਹੁੰਦੇ ।
ਤਿਸੁ ਮਨਹੁ = ਉਹ ਕੀੜੀ ਦੇ ਮਨ ਵਿਚੋਂ ।
ਜੇ ਨ ਵੀਸਰਹਿ = ਜੇ ਤੂੰ ਨਾਹ ਵਿਸਰ ਜਾਏਂ, (ਹੇ ਹਰੀ!) ।
    
Sahib Singh
ਸਲਾਹੁਣ-ਜੋਗ ਅਕਾਲ ਪੁਰਖ ਦੀਆਂ ਵਡਿਆਈਆਂ ਆਖ ਆਖ ਕੇ ਕਿਸੇ ਮਨੁੱਖ ਨੇ ਇਤਨੀ ਸਮਝ ਨਹੀਂ ਪਾਈ ਕਿ ਅਕਾਲ ਪੁਰਖ ਕੇਡਾ ਵੱਡਾ ਹੈ, (ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਉਸ ਅਕਾਲ ਪੁਰਖ ਦੇ ਵਿਚੇ ਹੀ ਲੀਨ ਹੋ ਜਾਂਦੇ ਹਨ) ।
ਨਦੀਆਂ ਤੇ ਨਾਲੇ ਸਮੁੰਦਰ ਵਿਚ ਪੈਂਦੇ ਹਨ, (ਪਰ ਫਿਰ ਵੱਖਰੇ) ਉਹ ਪਛਾਣੇ ਨਹੀਂ ਜਾ ਸਕਦੇ (ਵਿਚੇ ਹੀ ਲੀਨ ਹੋ ਜਾਂਦੇ ਹਨ, ਤੇ ਸਮੁੰਦਰ ਦੀ ਥਾਹ ਨਹੀਂ ਪਾ ਸਕਦੇ) ।
ਸਮੁੰਦਰਾਂ ਦੇ ਪਾਤਸ਼ਾਹ ਤੇ ਸੁਲਤਾਨ (ਜਿਨ੍ਹਾਂ ਦੇ ਖ਼ਜ਼ਾਨਿਆਂ ਵਿੱਚ) ਪਹਾੜ ਜੇਡੇ ਧਨ ਪਦਾਰਥਾਂ (ਦੇ ਢੇਰ ਹੋਣ) (ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਦੀਆਂ ਨਜ਼ਰਾਂ ਵਿਚ) ਇਕ ਕੀੜੀ ਦੇ ਭੀ ਬਰਾਬਰ ਨਹੀਂ ਹੁੰਦੇ, ਜੇ (ਹੇ ਅਕਾਲ ਪੁਰਖ!) ਉਸ ਕੀੜੀ ਦੇ ਮਨ ਵਿਚੋਂ ਤੂੰ ਨਾਹ ਵਿਸਰ ਜਾਏਂ ।੨੩ ।

ਭਾਵ:- ਸੋ, ਬੰਦਗੀ ਕਰਨ ਨਾਲ ਪ੍ਰਭੂ ਦਾ ਅੰਤ ਨਹੀਂ ਪੈ ਸਕਦਾ ।
ਪਰ ਇਸ ਦਾ ਇਹ ਭਾਵ ਨਹੀਂ ਕਿ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਕੋਈ ਲਾਭ ਨਹੀਂ ਹੈ ।
ਪ੍ਰਭੂ ਦੀ ਭਗਤੀ ਦੀ ਬਰਕਤਿ ਨਾਲ ਮਨੁੱਖ ਸ਼ਾਹਾਂ ਪਾਤਿਸ਼ਾਹਾਂ ਦੀ ਭੀ ਪਰਵਾਹ ਨਹੀਂ ਕਰਦਾ, ਪ੍ਰਭੂ ਦੇ ਨਾਮ ਸਾਹਮਣੇ ਬੇਅੰਤ ਧਨ ਭੀ ਉਸ ਨੂੰ ਤੁੱਛ ਜਾਪਦਾ ਹੈ ।੨੩ ।
Follow us on Twitter Facebook Tumblr Reddit Instagram Youtube