ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥
ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥੨੨॥

Sahib Singh
ਪਾਤਾਲਾ ਪਾਤਾਲ = ਪਾਤਾਲਾਂ ਦੇ ਹੇਠ ਹੋਰ ਪਾਤਾਲ ਹਨ ।
ਆਗਾਸਾ ਆਗਾਸ = ਆਕਾਸ਼ਾਂ ਦੇ ਉੱਤੇ ਹੋਰ ਆਕਾਸ਼ ਹਨ ।
ਓੜਕ = ਅਖ਼ੀਰ, ਅੰਤ, ਅਖ਼ੀਰਲੇ ਬੰਨੇ ।
ਭਾਲਿ ਥਕੇ = ਭਾਲ ਭਾਲ ਕੇ ਥੱਕ ਗਏ ਹਨ ।
ਕਹਨਿ = ਆਖਦੇ ਹਨ ।
ਇਕ ਵਾਤ = ਇਕ ਗੱਲ, ਇਕ-ਜ਼ਬਾਨ ਹੋ ਕੇ ।
ਸਹਸ ਅਠਾਰਹ = ਅਠਾਰਾਂ ਹਜ਼ਾਰ (ਆਲਮ) ।
ਕਹਨਿ ਕਤੇਬਾ = ਕਤੇਬਾਂ ਆਖਦੀਆਂ ਹਨ ।
ਕਤੇਬਾ = ਈਸਾਈ ਮਤ ਤੇ ਇਸਲਾਮ ਆਦਿਕ ਦੀਆਂ ਚਾਰ ਕਿਤਾਬਾਂ: ਕੁਰਾਨ, ਅੰਜੀਲ, ਤੌਰੇਤ ਤੇ ਜ਼ੰਬੂਰ ।
ਅਸੁਲੂ = ਮੁੱਢ।ਨੋਟ:- ਇਹ ਅਰਬੀ ਬੋਲੀ ਦਾ ਲਫ਼ਜ਼ ਹੈ ।
    ਅੱਖਰ ‘ਸ’ ਦਾ ਹੇਠਲਾ ( ੁ ) ਅਰਬੀ ਦਾ ਅੱਖ਼ਰ ‘ਸੁਆਦ’ ਦੱਸਣ ਵਾਸਤੇ ਹੈ ।
ਇਕ ਧਾਤੁ = ਇੱਕ ਅਕਾਲ ਪੁਰਖ, ਇਕ ਪੈਦਾ ਕਰਨ ਵਾਲਾ ।
ਲੇਖਾ ਹੋਇ = ਜੇ ਲੇਖਾ ਹੋ ਸਕੇ ।
ਲਿਖੀਐ = ਲਿਖ ਸਕੀਦਾ ਹੈ ।
ਲੇਖੈ ਵਿਣਾਸੁ = ਲੇਖੇ ਦਾ ਖ਼ਾਤਮਾ, ਲੇਖੇ ਦਾ ਅੰਤ ।
    
Sahib Singh
(ਸਾਰੇ) ਵੇਦ ਇੱਕ-ਜ਼ਬਾਨ ਹੋ ਕੇ ਆਖਦੇ ਹਨ, “ਪਾਤਾਲਾਂ ਦੇ ਹੇਠ ਹੋਰ ਲੱਖਾਂ ਪਾਤਾਲ ਹਨ ਅਤੇ ਆਕਾਸ਼ਾਂ ਦੇ ਉੱਤੇ ਹੋਰ ਲੱਖਾਂ ਆਕਾਸ਼ ਹਨ, (ਬੇਅੰਤ ਰਿਸ਼ੀ ਮੁਨੀ ਇਹਨਾਂ ਦੇ) ਅਖ਼ੀਰਲੇ ਬੰਨਿਆਂ ਦੀ ਭਾਲ ਕਰਕੇ ਥੱਕ ਗਏ ਹਨ, (ਪਰ ਲੱਭ ਨਹੀਂ ਸਕੇ)” ।
(ਮੁਸਲਮਾਨ ਤੇ ਈਸਾਈ ਆਦਿਕ ਦੀਆਂ ਚਾਰੇ) ਕਤੇਬਾਂ ਆਖਦੀਆਂ ਹਨ, “ਕੁੱਲ ਅਠਾਰਹ ਹਜ਼ਾਰ ਆਲਮ ਹਨ, ਜਿਨ੍ਹਾਂ ਦਾ ਮੁੱਢ ਇਕ ਅਕਾਲ ਪੁਰਖ ਹੈ” ।
(ਪਰ ਸੱਚੀ ਗੱਲ ਤਾਂ ਇਹ ਹੈ ਕਿ ਸ਼ਬਦ) ‘ਹਜ਼ਾਰਾਂ’ ਤੇ ‘ਲੱਖਾਂ’ ਭੀ ਕੁਦਰਤ ਦੀ ਗਿਣਤੀ ਵਿਚ ਵਰਤੇ ਨਹੀਂ ਜਾ ਸਕਦੇ, ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਤਦੋਂ ਹੀ ਲਿੱਖ ਸਕੀਦਾ ਹੈ, ਜੇ ਲੇਖਾ ਹੋ ਹੀ ਸਕੇ, (ਇਹ ਲੇਖਾ ਤਾਂ ਹੋ ਹੀ ਨਹੀਂ ਸਕਦਾ, ਲੇਖਾ ਕਰਦਿਆਂ ਕਰਦਿਆਂ) ਲੇਖੇ ਦਾ ਹੀ ਖ਼ਾਤਮਾ ਹੋ ਜਾਂਦਾ ਹੈ (ਗਿਣਤੀ ਦੇ ਹਿੰਦਸੇ ਹੀ ਮੁੱਕ ਜਾਂਦੇ ਹਨ) ।
Follow us on Twitter Facebook Tumblr Reddit Instagram Youtube