ਪੰਚ ਪਰਵਾਣ ਪੰਚ ਪਰਧਾਨੁ ॥
ਪੰਚੇ ਪਾਵਹਿ ਦਰਗਹਿ ਮਾਨੁ ॥
ਪੰਚੇ ਸੋਹਹਿ ਦਰਿ ਰਾਜਾਨੁ ॥
ਪੰਚਾ ਕਾ ਗੁਰੁ ਏਕੁ ਧਿਆਨੁ ॥
ਜੇ ਕੋ ਕਹੈ ਕਰੈ ਵੀਚਾਰੁ ॥
ਕਰਤੇ ਕੈ ਕਰਣੈ ਨਾਹੀ ਸੁਮਾਰੁ ॥
ਧੌਲੁ ਧਰਮੁ ਦਇਆ ਕਾ ਪੂਤੁ ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥
ਜੇ ਕੋ ਬੁਝੈ ਹੋਵੈ ਸਚਿਆਰੁ ॥
ਧਵਲੈ ਉਪਰਿ ਕੇਤਾ ਭਾਰੁ ॥
ਧਰਤੀ ਹੋਰੁ ਪਰੈ ਹੋਰੁ ਹੋਰੁ ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥
ਜੀਅ ਜਾਤਿ ਰੰਗਾ ਕੇ ਨਾਵ ॥
ਸਭਨਾ ਲਿਖਿਆ ਵੁੜੀ ਕਲਾਮ ॥
ਏਹੁ ਲੇਖਾ ਲਿਖਿ ਜਾਣੈ ਕੋਇ ॥
ਲੇਖਾ ਲਿਖਿਆ ਕੇਤਾ ਹੋਇ ॥
ਕੇਤਾ ਤਾਣੁ ਸੁਆਲਿਹੁ ਰੂਪੁ ॥
ਕੇਤੀ ਦਾਤਿ ਜਾਣੈ ਕੌਣੁ ਕੂਤੁ ॥
ਕੀਤਾ ਪਸਾਉ ਏਕੋ ਕਵਾਉ ॥
ਤਿਸ ਤੇ ਹੋਏ ਲਖ ਦਰੀਆਉ ॥
ਕੁਦਰਤਿ ਕਵਣ ਕਹਾ ਵੀਚਾਰੁ ॥
ਵਾਰਿਆ ਨ ਜਾਵਾ ਏਕ ਵਾਰ ॥
ਜੋ ਤੁਧੁ ਭਾਵੈ ਸਾਈ ਭਲੀ ਕਾਰ ॥
ਤੂ ਸਦਾ ਸਲਾਮਤਿ ਨਿਰੰਕਾਰ ॥੧੬॥

Sahib Singh
ਪੰਚ = ਉਹ ਮਨੁੱਖ ਜਿਨ੍ਹਾਂ ਨਾਮ ਸੁਣਿਆ ਹੈ ਤੇ ਮੰਨਿਆ ਹੈ, ਉਹ ਮਨੁੱਖ ਜਿਨ੍ਹਾਂ ਦੀ ਸੁਰਤਿ ਨਾਮ ਵਿਚ ਜੁੜੀ ਹੈ ਤੇ ਜਿਨ੍ਹਾਂ ਦੇ ਅੰਦਰ ਪਰਤੀਤ ਆ ਗਈ ਹੈ।ਨੋਟ:- ਇਹ ਲਫ਼ਜ਼ ‘ਪੰਚ’ ਉਹਨਾਂ ਵਾਸਤੇ ਹੈ ਜਿਨ੍ਹਾਂ ਦਾ ਜ਼ਿਕਰ ਪਿਛਲੀਆਂ ੮ ਪਉੜੀਆਂ ਵਿਚ ਆਇਆ ਹੈ ।
ਪਰਵਾਣੁ = ਕਬੂਲ, ਸੁਰਖ਼ਰੂ ।
ਪਰਧਾਨੁ = ਆਗੂ, ਵੱਡੇ ।
ਪੰਚੇ = ਪੰਚ ਹੀ, ਸੰਤ ਜਨ ਹੀ ।
ਦਰਗਹ = ਅਕਾਲ ਪੁਰਖ ਦੇ ਦਰਬਾਰ ਵਿਚ ।
ਮਾਨੁ = ਆਦਰ; ਵਡਿਆਈ ।
ਸੋਹਹਿ = ਸੋਭਦੇ ਹਨ, ਸੋਹਣੇ ਲੱਗਦੇ ਹਨ ।
ਦਰਿ = ਦਰ ’ਤੇ, ਦਰਬਾਰ ਵਿਚ ।
ਗੁਰੁ ਏਕੁ = ਕੇਵਲ ਗੁਰੂ ਹੀ ।
ਧਿਆਨੁ = ਸੁਰਤ ਦਾ ਨਿਸ਼ਾਨਾ ।
ਕਹੈ = ਬਿਆਨ ਕਰੇ, ਕਥਨ ਕਰੇ ।
ਵੀਚਾਰੁ = ਕੁਦਰਤ ਦੇ ਲੇਖੇ ਦੀ ਵੀਚਾਰ ।
ਕਰਤੇ ਕੈ ਕਰਣੈ = ਕਰਤਾਰ ਦੀ ਕੁਦਰਤ ਦਾ ।
ਸੁਮਾਰੁ = ਹਿਸਾਬ, ਲੇਖਾ ।
ਧੌਲੁ = ਬਲਦ ।
ਦਇਆ ਕਾ ਪੂਤੁ = ਦਇਆ ਦਾ ਪੁੱਤਰ, ਧਰਮ ਦਇਆ ਤੋਂ ਪੈਦਾ ਹੁੰਦਾ ਹੈ, ਭਾਵ, ਜਿਸ ਹਿਰਦੇ ਵਿਚ ਦਇਆ ਹੈ ਉੱਥੇ ਧਰਮ ਪਰਫੁਲਤ ਹੁੰਦਾ ਹੈ ।
ਸੰਤੋਖ = ਸੰਤੋਖ ਨੂੰ ।
ਥਾਪਿ ਰਖਿਆ = ਟਿਕਾ ਰੱਖਿਆ, ਹੋਂਦ ਵਿਚ ਲਿਆਂਦਾ ਹੈ, ਪੈਦਾ ਕੀਤਾ ਹੈ ।
ਜਿਨਿ = ਜਿਸ (ਧਰਮ) ਨੇ ।
ਧਰਮ = ਅਕਾਲ ਪੁਰਖ ਦਾ ਨਿਯਮ ।
ਸੂਤਿ = ਸੂਤਰ ਵਿਚ, ਮਰਯਾਦਾ ਵਿਚ ।
ਬੁਝੈ = ਸਮਝ ਲਏ ।
ਸਚਿਆਰੁ = ਸੱਚ ਦਾ ਪਰਕਾਸ਼ ਹੋਣ ਲਈ ਯੋਗ ।
ਕੇਤਾ ਭਾਰੁ = ਬੇਅੰਤ ਭਾਰ ।
ਧਰਤੀ ਹੋਰੁ = ਧਰਤੀ ਦੇ ਹੇਠਾਂ ਹੋਰ ਬਲਦ ।
ਪਰੈ = ਉਸ ਤੋਂ ਹੇਠਾਂ ।
ਤਿਸ ਤੇ = ਉਸ ਬਲਦ ਤੋਂ ।
ਤਲੈ = ਉਸ ਬਲਦ ਦੇ ਹੇਠਾਂ ।
ਕਵਣੁ ਜੋਰੁ = ਕਿਹੜਾ ਸਹਾਰਾ ।
ਜੀਅ = ਜੀਵ ਜੰਤ ।
ਕੇ ਨਾਵ = ਕਈ ਨਾਵਾਂ ਦੇ ।
ਵੁੜੀ = ਵਗਦੀ, ਚਲਦੀ ।
ਕਲਾਮ = ਕਲਮ ।
ਵੁੜੀ ਕਲਾਮ = ਚਲਦੀ ਕਲਮ ਨਾਲ, ਭਾਵ, ਕਲਮ ਨੂੰ ਰੋਕਣ ਤੋਂ ਬਿਨਾ ਹੀ ਇਕ-ਤਾਰ ।
ਲਿਖਿ ਜਾਣੈ = ਲਿਖਦਾ ਜਾਣਦਾ ਹੈ, ਲਿਖਣ ਦੀ ਸਮਝ ਹੈ ।
ਕੋਇ = ਕੋਈ ਵਿਰਲਾ ।
ਲੇਖਾ ਲਿਖਿਆ = ਲਿਖਿਆ ਹੋਇਆ ਲੇਖਾ, ਜੇ ਇਹ ਲੇਖਾ ਲਿਖਿਆ ਜਾਏ ।
ਕੇਤਾ ਹੋਇ = ਕੇਡਾ ਵੱਡਾ ਹੋ ਜਾਏ, ਬੇਅੰਤ ਹੋ ਜਾਏ ।
ਪਸਾਉ = ਪਸਾਰਾ, ਸੰਸਾਰ ।
ਕਵਾਉ = ਬਚਨ, ਹੁਕਮ ।
ਤਿਸ ਤੇ = ਉਸ ਹੁਕਮ ਤੋਂ ।
ਹੋਏ = ਬਣ ਗਏ ।
ਲਖ ਦਰੀਆਉ = ਲੱਖਾਂ ਦਰਿਆ ।
ਸੁਆਲਿਹੁ = ਸੁੰਦਰ ।
ਕੂਤੁ = ਮਾਪ, ਅੰਦਾਜ਼ਾ ।
ਕੁਦਰਤਿ = ਤਾਕਤ, ਸਮਰਥਾ ।
ਕਵਣ = ਕਿਹੜੀ, ਕੀਹ ।
ਕੁਦਰਤਿ ਕਵਣ = ਕੀਹ ਸਮਰੱਥਾ ?
    (‘ਕੁਦਰਤਿ’ ਸ਼ਬਦ ਇਸਤ੍ਰੀ ਲਿੰਗ ਹੈ ।
    ਸੋ ਇਹ ‘ਕੁਦਰਤਿ’ ਦਾ ਵਿਸ਼ਸ਼ੇਣ ਹੈ।) ਕਹਾ-ਮੈਂ-ਆਖਾਂ ।
ਕਹਾ ਵਿਚਾਰੁ = ਮੈਂ ਵਿਚਾਰ ਕਰ ਸਕਾਂ ।
ਵਾਰਿਆ ਨਾ ਜਾਵਾ = ਸਦਕੇ ਨਹੀਂ ਹੋ ਸਕਦਾ, (ਭਾਵ, ਮੇਰੀ ਕੀਹ ਪਾਂਇਆਂ ਹੈ?) ਸਾਈ ਕਾਰ-ਉਹੋ ਕਾਰ, ਉਹੋ ਕੰਮ ।
ਸਲਾਮਤਿ = ਥਿਰ, ਅਟੱਲ ।
ਨਿਰੰਕਾਰ = ਹੇ ਹਰੀ !
    
Sahib Singh
ਜਿਨ੍ਹਾਂ ਮਨੁੱਖਾਂ ਦੀ ਸੁਰਤ ਨਾਮ ਵਿਚ ਜੁੜੀ ਰਹਿੰਦੀ ਹੈ ਤੇ ਜਿਨ੍ਹਾਂ ਦੇ ਅੰਦਰ ਪ੍ਰਭੂ ਵਾਸਤੇ ਲਗਨ ਬਣ ਜਾਂਦੀ ਹੈ ਉਹੀ ਮਨੁੱਖ (ਇੱਥੇ ਜਗਤ ਵਿਚ) ਮੰਨੇ-ਪ੍ਰਮੰਨੇ ਰਹਿੰਦੇ ਹਨ ਅਤੇ ਸਭ ਦੇ ਆਗੂ ਹੁੰਦੇ ਹਨ, ਅਕਾਲ ਪੁਰਖ ਦੀ ਦਰਗਾਹ ਵਿਚ ਭੀ ਉਹ ਪੰਚ ਜਨ ਹੀ ਆਦਰ ਪਾਂਦੇ ਹਨ ।
ਰਾਜ-ਦਰਬਾਰਾਂ ਵਿਚ ਭੀ ਉਹ ਪਂਚ ਜਨ ਹੀ ਸੋਭਦੇ ਹਨ ।
ਇਹਨਾਂ ਪੰਚ ਜਨਾਂ ਦੀ ਸੁਰਤ ਦਾ ਨਿਸ਼ਾਨਾ ਕੇਵਲ ਇਕ ਗੁਰੂ ਹੀ ਹੈ (ਭਾਵ, ਇਹਨਾਂ ਦੀ ਸੁਰਤਿ ਗੁਰ-ਸ਼ਬਦ ਵਿਚ ਹੀ ਰਹਿਂਦੀ ਹੈ, ਗੁਰ-ਸ਼ਬਦ ਵਿਚ ਜੁੜੇ ਰਹਿੰਦਾ ਹੀ ਇਹਨਾਂ ਦਾ ਅਸਲ ਨਿਸ਼ਾਨਾ ਹੈ) ।
(ਪਰ ਗੁਰ-ਸ਼ਬਦ ਵਿਚ ਜੁੜੇ ਰਹਿਣ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿਸ਼੍ਰਟੀ ਦਾ ਅੰਤ ਪਾ ਸਕੇ) ਅਕਾਲ-ਪੁਰਖ ਦੀ ਕੁਦਰਤਿ ਦਾ ਕੋਈ ਲੇਖਾ ਹੀ ਨਹੀਂ (ਭਾਵ, ਅੰਤ ਨਹੀਂ ਪੈ ਸਕਦਾ), ਭਾਵੇਂ ਕੋਈ ਕਥਨ ਕਰ ਵੇਖੇ ਤੇ ਵਿਚਾਰ ਕਰ ਲਏ (ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਹੋ ਹੀ ਨਹੀਂ ਸਕਦਾ) ।

ਨੋਟ: ਢੇਰ ਪੁਰਾਣੇ ਸਮੇਂ ਵਿਚ ਕਈ ਰਿਸ਼ੀ ਮੁਨੀ ਜੰਗਲ ਵਿਚ ਤਪ ਕਰਦੇ ਰਹੇ, ਜਿਨ੍ਹਾਂ ਨੇ ਉਪਨਿਸ਼ਦਾਂ ਲਿਖੀਆਂ ।
ਇਹ ਬਹੁਤ ਪੁਰਾਣੀਆਂ ਧਰਮ-ਪੁਸਤਕਾਂ ਹਨ ।
ਕਈਆਂ ਵਿਚ ਇਹ ਵਿਚਾਰ ਕੀਤੀ ਗਈ ਹੈ ਕਿ ਜਗਤ ਕਦੋਂ ਬਣਿਆ, ਕਿਉਂ ਬਣਿਆ, ਕਿਵੇਂ ਬਣਿਆ, ਕਿਤਨਾ ਕੁ ਵੱਡਾ ਹੈ, ਇਤਿ ਆਦਿਕ ।
ਭਗਤੀ ਕਰਨ ਗਏ ਰਿਸ਼ੀ ਭਗਤੀ ਦੇ ਥਾਂ ਇਕ ਅਜਿਹੇ ਉੱਦਮ ਵਿਚ ਲੱਗ ਪਏ ਜੋ ਮਨੁੱਖ ਦੀ ਸਮਝ ਤੋਂ ਬਹੁਤ ਪਰੇ ਹੈ ।
ਇੱਥੇ ਸਤਿਗੁਰੂ ਜੀ ਇਸ ਉਕਾਈ ਵਲ ਇਸ਼ਾਰਾ ਕਰਦੇ ਹਨ ।
ਅਜਿਹੇ ਕੋਝੇ ਜਤਨਾਂ ਦਾ ਹੀ ਇਹ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬਲਦ ਨੇ ਚੁੱਕਿਆ ਹੋਇਆ ਹੈ ।
ਇਹ ਮਿਸਾਲ ਲੈ ਕੇ ਸਤਿਗੁਰੂ ਜੀ ਇਸ ਦੀ ਨਿਖੇਧੀ ਕਰ ਕੇ ਆਖਦੇ ਹਨ ਕਿ ਕੁਦਰਤਿ ਬੇਅੰਤ ਹੈ, ਤੇ ਇਸ ਦਾ ਰਚਨਹਾਰ ਭੀ ਬੇਅੰਤ ਹੈ ।
(ਅਕਾਲ ਪੁਰਖ ਦਾ) ਧਰਮ-ਰੂਪੀ ਬੱਝਵਾਂ ਨੀਯਮ ਹੀ ਬਲਦ ਹੈ (ਜੋ ਸਿ੍ਰਸ਼ਟੀ ਨੂੰ ਕਾਇਮ ਰੱਖ ਰਿਹਾ ਹੈ) ।
(ਇਹ ਧਰਮ) ਦਇਆ ਦਾ ਪੁੱਤਰ ਹੈ (ਭਾਵ, ਅਕਾਲ ਪੁਰਖ ਨੇ ਆਪਣੀ ਮਿਹਰ ਕਰ ਕੇ ਸਿ੍ਰਸ਼ਟੀ ਨੂੰ ਟਿਕਾ ਰੱਖਣ ਲਈ ‘ਧਰਮ’-ਰੂਪ ਨੀਯਮ ਬਣਾ ਦਿੱਤਾ ਹੈ) ।
ਇਸ ਧਰਮ ਨੇ ਆਪਣੀ ਮਰਯਾਦਾ ਅਨੁਸਾਰ ਸੰਤੋਖੁ ਨੂੰ ਜਨਮ ਦੇ ਦਿੱਤਾ ਹੈ ।
ਜੇ ਕੋਈ ਮਨੁੱਖ (ਇਸ ਉਪਰ-ਦੱਸੀ ਵਿਚਾਰ ਨੂੰ) ਸਮਝ ਲਏ, ਤਾਂ ਉਹ ਇਸ ਯੋਗ ਹੋ ਜਾਂਦਾ ਹੈ ਕਿ ਉਸ ਦੇ ਅੰਦਰ ਅਕਾਲ ਪੁਰਖ ਦਾ ਪਰਕਾਸ਼ ਹੋ ਜਾਏ ।
(ਨਹੀਂ ਤਾਂ, ਖਿ਼ਆਲ ਤਾਂ ਕਰੋ ਕਿ) ਬਲਦ ਉੱਤੇ ਧਰਤੀ ਦਾ ਕਿਤਨਾ ਕੁ ਬੇਅੰਤ ਭਾਰ ਹੈ (ਉਹ ਵਿਚਾਰਾ ਇਤਨੇ ਭਾਰ ਨੂੰ ਚੁੱਕ ਕਿਵੇਂ ਸਕਦਾ ਹੈ?), (ਦੂਜੀ ਵਿਚਾਰ ਹੋਰ ਹੈ ਕਿ ਜੇ ਧਰਤੀ ਦੇ ਹੇਠ ਬਲਦ ਹੈ, ਉਸ ਬਲਦ ਨੂੰ ਸਹਾਰਾ ਦੇਣ ਲਈ ਹੇਠ ਹੋਰ ਧਰਤੀ ਹੋਈ, ਉਸ) ਧਰਤੀ ਦੇ ਹੋਰ ਬਲਦ, ਉਸ ਤੋਂ ਹੇਠਾਂ (ਧਰਤੀ ਦੇ ਹੇਠ) ਹੋਰ ਬਲਦ, ਫੇਰ ਹੋਰ ਬਲਦ, (ਇਸੇ ਤ੍ਰਹਾਂ ਅਖ਼ੀਰਲੇ) ਬਲਦ ਤੋਂ ਭਾਰ (ਸਹਾਰਨ ਲਈ ਉਸ ਦੇ) ਹੇਠ ਕਿਹੜਾ ਆਸਰਾ ਹੋਵੇਗਾ ?
(ਸਿ੍ਰਸ਼ਟੀ ਵਿਚ) ਕਈ ਜ਼ਾਤਾਂ ਦੇ, ਕਈ ਕਿਸਮਾਂ ਦੇ ਅਤੇ ਕਈ ਨਾਵਾਂ ਦੇ ਜੀਵ ਹਨ ।
ਇਹਨਾਂ ਸਭਨਾਂ ਨੇ ਇਕ-ਤਾਰ ਚਲਦੀ ਕਲਮ ਨਾਲ (ਅਕਾਲ ਪੁਰਖ ਦੀ ਕੁਦਰਤ ਦਾ) ਲੇਖਾ ਲਿਖਿਆ ਹੈ (ਪਰ) ਕੋਈ ਵਿਰਲਾ ਮਨੁੱਖ ਇਹ ਲੇਖਾ ਲਿਖਣਾ ਜਾਣਦਾ ਹੈ (ਭਾਵ, ਪਰਮਾਤਮਾ ਦੀ ਕੁਦਰਤ ਦਾ ਅੰਤ ਕੋਈ ਭੀ ਜੀਵ ਖਾ ਨਹੀਂ ਸਕਦਾ ।
(ਜੇ) ਲੇਖਾ ਲਿਖਿਆ (ਭੀ ਜਾਏ ਤਾਂ ਇਹ ਅੰਦਾਜ਼ਾ ਨਹੀਂ ਲੱਗ ਸਕਦਾ ਕਿ ਲੇਖਾ) ਕੇਡਾ ਵੱਡਾ ਹੋ ਜਾਏ ।
ਅਕਾਲ ਪੁਰਖ ਦਾ ਬੇਅੰਤ ਬਲ ਹੈ, ਬੇਅੰਤ ਸੁੰਦਰ ਰੂਪ ਹੈ, ਬੇਅੰਤ ਉਸ ਦੀ ਦਾਤ ਹੈ-ਇਸ ਦਾ ਕੌਣ ਅੰਦਾਜ਼ਾ ਲਾ ਸਕਦਾ ਹੈ ?
(ਅਕਾਲ ਪੁਰਖ ਨੇ) ਆਪਣੇ ਹੁਕਮ ਨਾਲ ਸਾਰਾ ਸੰਸਾਰ ਬਣਾ ਦਿੱਤਾ, ਉਸ ਹੁਕਮਨਾਲ (ਹੀ ਜ਼ਿੰਦਗੀ ਦੇ) ਲੱਖਾਂ ਦਰੀਆ ਬਣ ਗਏ ।
(ਸੋ) ਮੇਰੀ ਕੀਹ ਤਾਕਤ ਹੈ ਕਿ (ਕਰਤਾਰ ਦੀ ਕੁਦਰਤਿ ਦੀ) ਵਿਚਾਰ ਕਰ ਸਕਾਂ ?
(ਹੇ ਅਕਾਲ ਪੁਰਖ!) ਮੈਂ ਤਾਂ ਤੇਰੇ ਉੱਤੋਂ ਇਕ ਵਾਰੀ ਭੀ ਸਦਕੇ ਹੋਣ ਜੋਗਾ ਨਹੀਂ ਹਾਂ (ਭਾਵ, ਮੇਰੀ ਹਸਤੀ ਬਹੁਤ ਹੀ ਤੁੱਛ ਹੈ) ਹੇ ਨਿਰੰਕਾਰ! ਤੂੰ ਸਦਾ ਅਟੱਲ ਰਹਿਣ ਵਾਲਾ ਹੈਂ ।
ਜੋ ਤੈਨੂੰ ਚੰਗਾ ਲੱਗਦਾ ਹੈ, ਉਹ ਕੰਮ ਭਲਾ ਹੈ (ਭਾਵ, ਤੇਰੀ ਰਜ਼ਾ ਵਿਚ ਰਹਿਣਾ ਹੀ ਠੀਕ ਹੈ) ।੧੬ ।

ਭਾਵ:- ਭਾਗਾਂ ਵਾਲੇ ਹਨ ਉਹ ਮਨੁੱਖ ਜਿਨ੍ਹਾਂ ਨੇ ਗੁਰੂ ਦੇ ਦੱਸੇ ਹੋਏ ਰਾਹ ਨੂੰ ਆਪਣੇ ਜੀਵਨ ਦਾ ਮਨੋਰਥ ਬਣਾਇਆ ਹੈ, ਜਿਨ੍ਹਾਂ ਨੇ ਨਾਮ ਵਿਚ ਸੁਰਤ ਜੋੜੀ ਹੈ ਤੇ ਜਿਨ੍ਹਾਂ ਨੇ ਪਰਮਾਤਮਾ ਨਾਲ ਪਿਆਰ ਦਾ ਰਿਸ਼ਤਾ ਗੰਢਿਆ ਹੈ ।
ਇਸ ਰਾਹ ’ਤੇ ਤੁਰ ਕੇ ਪ੍ਰਭੂ ਦੀ ਰਜ਼ਾ ਵਿਚ ਰਹਿਣਾ ਹੀ ਉਹਨਾਂ ਨੂੰ ਭਾੳਂੁਦਾ ਹੈ ।
ਇਹ ਨਾਮ ਸਿਮਰਨ-ਰੂਪ ‘ਧਰਮ’ ਉਹਨਾਂ ਦੀ ਜ਼ਿੰਦਗੀ ਦਾ ਸਹਾਰਾ ਬਣਦਾ ਹੈ, ਜਿਸ ਕਰਕੇ ਉਹ ਸੰਤੋਖ ਵਾਲਾ ਜੀਵਨ ਬਿਤਾਂਦੇ ਹਨ ।
ਪਰ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਤੁਰਨ ਦਾ ਇਹ ਸਿੱਟਾ ਨਹੀਂ ਨਿਕਲ ਸਕਦਾ ਕਿ ਕੋਈ ਮਨੁੱਖ ਪ੍ਰਭੂ ਦੀ ਰਚੀ ਸਿ੍ਰਸ਼ਟੀ ਦਾ ਅੰਤ ਪਾ ਸਕੇ ।
ਇਧਰ ਤਾਂ ਜਿਉਂ ਜਿਉਂ ਵਧੀਕ ਡੂੰਘਾਈ ਵਿਚ ਜਾਉਗੇ, ਤਿਊਂ ਤਿਉਂ ਇਹ ਸਿ੍ਰਸ਼ਟੀ ਹੋਰ ਬੇਅੰਤ ਜਾਪੇਗੀ ।
ਅਸਲ ਵਿਚ ਅਜਿਹੇ ਕੋਝੇ ਜਤਨ ਦਾ ਹੀ ਨਤੀਜਾ ਸੀ ਕਿ ਆਮ ਲੋਕਾਂ ਨੇ ਇਹ ਮਿਥ ਲਿਆ ਕਿ ਅਸਾਡੀ ਧਰਤੀ ਨੂੰ ਇਕ ਬੌਲਦ ਨੇ ਚੁੱਕਿਆ ਹੋਇਆ ਹੈ ।
ਪਰਮਾਤਮਾ ਤੇ ਉਸ ਦੀ ਕੁਦਰਤਿ ਦਾ ਅੰਤ ਲੱਭਣਾ ਮਨੁੱਖ ਦੀ ਜ਼ਿੰਦਗੀ ਦਾ ਮਨੋਰਥ ਬਣ ਹੀ ਨਹੀਂ ਸਕਦਾ।੧੬ ।
Follow us on Twitter Facebook Tumblr Reddit Instagram Youtube